ਅੱਜ ਕੱਲ੍ਹ ਕਰੋਨਾਵਾਇਰਸ ਨੇ ਪੂਰੇ ਸੰਸਾਰ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ। ਇਸ ਦੇ ਇੰਨੇ ਖਤਰਨਾਕ ਪ੍ਰਭਾਵ ਪੈਣਗੇ, ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ। ਪਰ ਇਸ ਬਾਰੇ ਜਦੋਂ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ ) ਨੇ ਇਸਨੂੰ ਮਹਾਮਾਰੀ ਘੋਸ਼ਿਤ ਕੀਤਾ ਤਾਂ ਸਾਰੇ ਮੁਲਕ ਪੱਬਾਂ ਭਾਰ ਹੋ ਗਏ। ਜਿਸ ਕਰਕੇ ਹਰ ਕੋਈ ਇਤਿਹਾਦ ਲੈਣ ਲੱਗ ਪਿਆ ਹੈ। ਕਿਸੇ ਨੇ ‘ਲਾਕਡਾਊਨ’ ਕਰ ਦਿੱਤਾ, ਕਿਸੇ ਨੇ ਕਰਫਿਊ ਲਗਾ ਦਿੱਤਾ, ਕਿਸੇ ਨੇ ਸਖਤੀ ਕਰਕੇ ਟੈਸਟਾਂ ਨੂੰ ਤਰਜੀਹ ਦਿੱਤੀ ਹੈ। ਪਰ ਦਿਨ-ਬ-ਦਿਨ ਹਲਾਤ ਬਦਤਰ ਬਣੀ ਜਾ ਰਹੇ ਹਨ। ਜਿਸ ਕਰਕੇ ਹਰ ਕੋਈ ਸੋਚੀਂ ਪੈ ਗਿਆ ਹੈ। ਜਿਸ ਦਾ ਮੁੱਖ ਕਾਰਨ ਹੈ ਇਸ ਦਾ ਇਲਾਜ ਨਾ ਹੋਣਾ। ਭਾਵੇਂ ਸਮੁੱਚੇ ਸੰਸਾਰ ਦੇ ਸਿਹਤ ਵਿਗਿਆਨੀ ਇਸਦੀ ਦਵਾਈ ਲੱਭਣ ਤੇ ਲੱਗੇ ਹੋਏ ਹਨ। ਇੱਥੋਂ ਤੱਕ ਕਿ ਇਸ ਤੇ ਕਾਬੂ ਪਾਉਣ ਦੇ ਕਈ ਤਰ੍ਹਾਂ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।
ਅੱਜ ਦੇ ਸਮੇਂ ਵਿੱਚ ਇਸ ਵਾਇਰਸ ਦੇ ਪ੍ਰਕੋਪ ਹੇਠ ਲਗਭਗ ਸਾਰੇ ਮੁਲਕ ਆ ਚੁੱਕੇ ਹਨ। ਇਸ ਦਾ ਇੱਕੋ ਇੱਕ ਹੱਲ ਹੈ ਕਿ ਆਪਣੇ ਆਪ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ ਜਾਵੇ, ਮੇਲ ਜੋਲ ਬੰਦ ਕੀਤਾ ਜਾਵੇ, ਮੂੰਹ ਜੋੜ ਜੋੜ ਗੱਲਾਂ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਹੱਥਾਂ ਨੂੰ ਹਰ ਦੋ ਘੰਟੇ ਬਾਅਦ ਸਾਬਣ ਨਾਲ ਧੋਤਾ ਜਾਵੇ, ਘਰਾਂ ਤੋਂ ਬਾਹਰ ਜਾਣ ਲੱਗਿਆਂ ਮੂੰਹ ਤੇ ਮਾਸਕ ਤੇ ਹੱਥਾਂ ਤੇ ਦਸਤਾਨੇ ਪਹਿਨੇ ਜਾਣ। ਜੇਕਰ ਘੁੰਮ ਫਿਰ ਭਾਵ ਸੈਰ ਕਰਕੇ ਆਏ ਹੋ ਤਾਂ ਪੂਰੇ ਕੱਪੜਿਆਂ ਨੂੰ ਲਾਂਡਰੀ ਕਰੋ। ਨਾਲ ਦੀ ਨਾਲ ਇਸ਼ਨਾਨ ਕਰਕੇ ਫਿਰ ਹੀ ਘਰ ਵਿੱਚ ਕੋਈ ਕਾਰਜ ਕਰੋ।
ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਸ ਦੇ ਇਲਾਜ ਨਾਲੋਂ ਇਸਦੇ ਪ੍ਰਹੇਜ਼ ਦੀ ਜ਼ਿਆਦਾ ਜਰੂਰਤ ਹੈ। ਕੁਝ ਲੋਕ ਇਸਨੂੰ ਹਾਲੇ ਵੀ ਮਜ਼ਾਕ ਦੇ ਤੌਰ ‘ਤੇ ਲੈ ਰਹੇ ਹਨ ਅਤੇ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰ ਰਹੇ ਹਨ। ਜਿਹੜੇ ਵਿਅਕਤੀ ਇਸ ਬਿਮਾਰੀ ਦੀ ਚਪੇਟ ਵਿੱਚ ਆਏ ਹਨ ਤੇ ਘਰ ਠੀਕ ਹੋ ਕੇ ਵਾਪਸ ਆਏ ਹਨ, ਉਨ੍ਹਾਂ ਨੂੰ ਪੁੱਛ ਕੇ ਵੇਖੋ ਜਾਂ ਜਿਹੜੇ ਇਸ ਦੀ ਮਾਰ ਰਾਹੀਂ ਸੰਸਾਰ ਤੋਂ ਕੂਚ ਕਰ ਗਏ ਹਨ। ਉਨ੍ਹਾਂ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਰਕਾਰਾਂ ਦਾ ਸਾਥ ਦਿਉ। ਉਹਨਾਂ ਵਲੋਂ ਉਲੀਕੀਆਂ ਸਾਵਧਾਨੀਆਂ ਤੇ ਪਹਿਰਾ ਦਿਉ। ਕਿਉਂਕਿ ਸਰਕਾਰਾਂ ਨੂੰ ਤੁਹਾਡੀ ਲੋੜ ਹੈ। ਪਰਿਵਾਰਾਂ ਨੂੰ ਤੁਹਾਡੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਦਿਆਨਤਦਾਰੀ ਤੋਂ ਕੰਮ ਲਿਆ ਜਾਵੇ। ਇਕਜੁਟਤਾ ਤੇ ਪਹਿਰਾ ਦਿੱਤਾ ਜਾਵੇ ਤਾਂ ਜੋ ਇਸ ਪ੍ਰਕੋਪ ਤੇ ਕਾਬੂ ਪਾਇਆ ਜਾ ਸਕੇ।
ਹੱਥੋਂ ਖੁੰਝਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ। ਪਛਤਾਉਣ ਦੀ ਬਜਾਏ ਕੁਝ ਸਮਾਂ ਸਰਕਾਰ ਦੀਆਂ ਹਦਾਇਤਾਂ ਨੂੰ ਮੰਨ ਕੇ ਵਿਚਰਿਆ ਜਾਵੇ। ਜੋ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰਾਂ ਨਿੱਤ ਤੁਹਾਡੇ ਤਰਲੇ ਕੱਢ ਰਹੀਆਂ ਹਨ। ਸੋ ਸਾਨੂੰ ਸਾਰਿਆਂ ਨੂੰ ਸਿਹਤ ਕਰਮੀਆਂ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ, ਸਰਕਾਰੀ ਪ੍ਰਸਾਸ਼ਨ ਦਾ ਸਾਥ ਦੇਣਾ ਚਾਹੀਦਾ, ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ ਹੈ, ਤਦ ਹੀ ਅਸੀਂ ਕਾਮਯਾਬ ਨਤੀਜੇ ਤੇ ਪਹੁੰਚ ਸਕਾਂਗੇ। ਸੋ ਦ੍ਰਿੜਤਾ ਅਤੇ ਮਨ ਮਾਰਕੇ ਆਪਣੇ ਆਪ ਨੂੰ ਇਕਾਂਤਵਾਸ ਦੀ ਨੀਤੀ ਨੂੰ ਅਪਣਾ ਕੇ ਇਸ ਕਰੋਨਾ ਵਾਇਰਸ ਨੂੰ ਮਾਤ ਦੇਈਏ। ਇਹੀ ਸਾਡੀ ਸੱਚੀ ਸੁੱਚੀ ਸੋਚ ਤੇ ਦ੍ਰਿੜ ਪਹਿਰਾ ਹੋਵੇਗਾ। ਆਉ ਅਰਦਾਸ ਦੇ ਸਹਾਰੇ ਇਸ ਪ੍ਰਕੋਪ ਤੋਂ ਮੁਕਤੀ ਪਾਈਏ ਤੇ ਹਦਾਇਤਾਂ ਦਾ ਪਾਲਣ ਕਰੀਏ ਤੇ ਸਦਾ ਚੜ੍ਹਦੀ ਕਲਾ ਵਿੱਚ ਰਹੀਏ।