ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਆਪਣਿਆਂ ਦਾ ਖੂਨ ਸਫ਼ੈਦ ਹੋ ਚੁੱਕਾ ਹੋਵੇ ਭਰਾ ਭਰਾਵਾਂ ਦੇ ਖ਼ੂਨ ਦੇ ਪਿਆਸੇ ਹੋਣ ਮਨੁੱਖੀ ਰਿਸ਼ਤੇ ਸਵਾਰਥਾਂ ਅਤੇ ਗਰਜ਼ਾਂ ਦੀ ਤੱਕੜੀ ਵਿੱਚ ਤੁੱਲ ਰਹੇ ਹੋਣ, ਲੋਕਾਂ ਦੇ ਆਪਣਿਆਂ ਦਾ ਸੰਸਕਾਰ ਕਰਨ ਤੋਂ ਵੀ ਇਨਕਾਰੀ ਹੋਣ ਤੇ ਜਿੱਥੇ ਮੋਇਆਂ ਦੀ ਵੀ ਮਿੱਟੀ ਰੁਲ਼ ਰਹੀ ਹੋਵੇ ਓਥੇ ਹੀ ਅੱਜ ਕਾਮਰੇਡ ਭੀਮ ਸਿੰਘ ਦਿੜ੍ਹਬਾ ਵਰਗਾ ਸ਼ਖ਼ਸ ਬੜੀ ਸ਼ਿੱਦਤ ਨਾਲ਼ ਯਾਦ ਆ ਰਿਹਾ ਹੈ ਜੋ ਅੱਜ ਭਾਵੇਂ ਸਾਡੇ ਵਿੱਚ ਨਹੀਂ ਹੈ ਪ੍ਰੰਤੂ ਉਸ ਦੁਆਰਾ ਮਾਨਵਤਾ ਦੀ ਭਲਾਈ ਲਈ ਕੀਤੇ ਨਿਸ਼ਕਾਮ ਕੰਮਾਂ ਕਰਕੇ ਉਹ ਕੁੱਲ ਲੋਕਾਈ ਦੇ ਦਿਲਾਂ ਵਿੱਚ ਸਦੀਵੀ ਜ਼ਿੰਦਾ ਰਹੇਗਾ।
ਕਾਮਰੇਡ ਭੀਮ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਦਿੜ੍ਹਬਾ ਵਿਖੇ ਉੱਨੀ ਮਈ ਉੱਨੀ ਸੌ ਛਪੰਜਾ ਨੂੰ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਉਸ ਨੇ ਆਪਣੀ ਮੁਢਲੀ ਪੜਾਈ ਦਿੜ੍ਹਬਾ ਦੇ ਸਰਕਾਰੀ ਸਕੂਲ ਤੋਂ ਪੂਰੀ ਕਰਨ ਮਗਰੋਂ ਵੱਖ-ਵੱਖ ਸੰਸਥਾਵਾਂ ਤੋਂ ਐੱਮ. ਏ. ਐੱਮ. ਐਡ ਤੱਕ ਦੀ ਉਚੇਰੀ ਵਿਦਿਆ ਪ੍ਰਾਪਤ ਕੀਤੀ। ਉਸਦੀ ਸ਼ਾਂਤ ਚਲਦੀ ਜ਼ਿੰਦਗੀ ਵਿੱਚ ਉਦੋਂ ਤੂਫ਼ਾਨ ਆ ਗਿਆ ਜਦੋਂ ਪੋਲੀਓ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸਦੇ ਨਤੀਜੇ ਵਜੋਂ ਉਹ ਦੋਵਾਂ ਲੱਤਾਂ ਤੋਂ ਅਪਾਹਜ਼ ਹੋ ਗਿਆ ,ਜ਼ਿੰਦਗੀ ਜਿਵੇਂ ਬੋਝ ਬਣ ਗਈ ਹੁਣ ਵਹੀਲਚੇਅਰ ਹੀ ਉਸ ਦੀ ਪੱਕੀ ਸਾਥਣ ਬਣ ਗਈ। ਏਨਾ ਹੋਣ ਤੇ ਵੀ ਉਸ ਨੇ ਹਿੰਮਤ ਨਹੀਂ ਹਾਰੀ। ਇਸ ਸਮੇਂ ਉਸ ਦਾ ਮੇਲ ਚੋਟੀ ਦੇ ਲੋਕ ਪੱਖੀ ਕਮਿਊਨਿਸਟ ਆਗੂਆਂ ਨਾਲ਼ ਹੋਇਆ। ਉਸ ਨੇ ਮਾਰਕਸਵਾਦ ਅਤੇ ਹੋਰ ਵਿਸ਼ਵ ਪੱਧਰੀ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ। ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਤੇ ਅਧਿਆਤਮਕ ਪੁਸਤਕਾਂ ਵੀ ਉਸਦੇ ਅਧਿਐਨ ਦਾ ਕੇਂਦਰ ਬਿੰਦੂ ਰਹੀਆਂ ਜਿਸਦੇ ਨਤੀਜੇ ਵਜੋਂ ਉਸਦਾ ਜੀਵਨ ਪ੍ਰਤੀ ਨਜ਼ਰੀਆ ਹੀ ਬਦਲ ਗਿਆ।ਉਸ ਨੇ ਆਪਣਾ ਜੀਵਨ ਪੂਰੀ ਤਰਾਂ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਇਸ ਸਮੇਂ ਦੌਰਾਨ ਉਸ ਨੇ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ਕਲਰਕ ਨੌਕਰੀ ਵੀ ਕੀਤੀ ਪਰ ਸ਼ਾਇਦ ਕੁਦਰਤ ਨੇ ਉਸ ਨੂੰ ਕਿਸੇ ਹੋਰ ਵਡੇਰੇ ਕਾਰਜ ਲਈ ਬਣਾਇਆ ਸੀ। ਉਸ ਨੇ ਸਮੇਂ ਤੋਂ ਪਹਿਲਾਂ ਹੀ ਨੌਕਰੀ ਤੋਂ ਸੇਵਾਮੁਕਤੀ ਲੈ ਕੇ ਕੁਲਵਕਤੀ ਸਿਪਾਹੀ ਵਜੋਂ ਸਮਾਜ ਸੇਵਾ ਦੇ ਖੇਤਰ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਆਪਣੀ ਸਰੀਰਕ ਕਮੀ ਨੂੰ ਭੁੱਲ ਕੇ ਉਸ ਨੇ ਆਪਣੇ ਵਰਗੇ ਕੁਝ ਹੋਰ ਬੰਦਿਆਂ ਨੂੰ ਨਾਲ਼ ਲੈ ਕੇ ਉਸ ਨੇ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਟਰਸਟ ਦੀ ਸਥਾਪਨਾ ਕੀਤੀ। ਉਸ ਦਿਨ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਪਣੀ ਤਿਪਹੀਆ ਸਕੂਟਰੀ ਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਘੁੰਮਿਆ ਦਰ ਦਰ ਤੇ ਜਾ ਕੇ ਝੋਲ਼ੀ ਅੱਡੀ ਤੇ ਲੱਖਾਂ ਰੁਪਏ ਦਾਨ ਇਕੱਠਾ ਕਰਕੇ ਟਰੱਸਟ ਦੇ ਨਾਂ ਥੱਲੇ ਇਕ ਵਿਸ਼ਾਲ ਚੈਰੀਟੇਬਲ ਹਸਪਤਾਲ ਦੀ ਉਸਾਰੀ ਕਰ ਦਿੱਤੀ। ਇਹ ਹਸਪਤਾਲ ਅੱਜ ਗਰੀਬਾਂ, ਲੋੜਵੰਦਾਂ ਤੇ ਨਿਆਸਰਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਿਹਾ ਹੈ। ਇਥੇ ਹੀ ਬਸ ਨਹੀਂ ਇਸ ਕਰਮਯੋਗੀ ਇਨਸਾਨ ਨੇ ਅਗਲਾ ਬੀੜਾ ਸਕੂਲ ਦੀ ਸੇਵਾ ਦਾ ਚੁੱਕਿਆ। ਇਸ ਕਾਰਜ ਲਈ ਉਸ ਨੇ ਆਪਣੇ ਹਿੱਸੇ ਆਈ ਪਰਿਵਾਰਕ ਜੱਦੀ ਜਾਇਦਾਦ ਇਥੋਂ ਤੱਕ ਕਿ ਆਪਣਾ ਮਕਾਨ ਵੀ ਵੇਚ ਦਿੱਤਾ ਅਤੇ ਲਗਭਗ ਸੱਠ ਲੱਖ ਰੁਪਏ ਦੀ ਲਾਗਤ ਨਾਲ ਅੱਠ ਕਲਾਸਰੂਮ ਅਤੇ ਇੱਕ ਵਿਸ਼ਾਲ ਕਾਨਫਰੰਸ ਹਾਲ ਦੀ ਉਸਾਰੀ ਕਰਵਾ ਦਿੱਤੀ। ਇਮਾਰਤ ਦੇ ਉਦਘਾਟਨੀ ਸਮਾਗਮ ਤੇ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿਚ ਸਮੁੱਚੇ ਪੰਜਾਬ ਤੋਂ ਸਮਾਜਿਕ, ਧਾਰਮਿਕ, ਰਾਜਨੀਤਕ, ਸਾਹਿਤਕ ਹਸਤੀਆਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਬੋਲਦਿਆਂ ਕਾਮਰੇਡ ਭੀਮ ਸਿੰਘ ਨੇ ਭਾਵਕ ਹੁੰਦਿਆਂ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਇਸੇ ਸਕੂਲ ਦੀ ਬਦੌਲਤ ਹਾਂ ਜੇਕਰ ਮੈਂ ਏਥੋਂ ਸਿੱਖਿਆ ਗ੍ਰਹਿਣ ਨਾ ਕੀਤੀ ਹੁੰਦੀ ਤਾਂ ਅਪਾਹਜ ਹੋਣ ਕਰਕੇ ਅੱਜ ਸ਼ਾਇਦ ਕਿਸੇ ਪੁਲ਼ ਜਾਂ ਸੜਕ ਦੇ ਕੰਢੇ ਭੀਖ ਮੰਗ ਰਿਹਾ ਹੁੰਦਾ। ਉਹ ਪਲ ਬਹੁਤ ਹੀ ਭਾਵਕੁਤਾ ਵਾਲ਼ੇ ਸਨ ਜਦੋਂ ਉਸ ਨੇ ਆਪਣੀ ਉਂਗਲੀ ਵਿਚੋਂ ਸੋਨੇ ਦੀ ਮੁੰਦਰੀ ਲਾਹ ਕੇ ਪ੍ਰਿੰਸੀਪਲ ਸਾਹਿਬ ਨੂੰ ਫੜਾਉਂਦਿਆ ਕਿਹਾ “ਸਰ ਇਹ ਲਵੋ ਮੇਰੇ ਕੋਲ ਇਹ ਆਖ਼ਰੀ ਚੀਜ਼ ਹੀ ਬਚੀ ਏ ਇਸ ਨੂੰ ਵੀ ਵੇਚ ਕੇ ਸਕੂਲ ਤੇ ਖਰਚ ਕਰ ਦਿਓ, ਸਕੂਲ਼ ਲਈ ਜੇ ਮੇਰੇ ਲਹੂ ਦਾ ਆਖਰੀ ਕਤਰਾ ਵੀ ਲੇਖੇ ਲੱਗ ਜਾਵੇ ਤਾਂ ਆਪਣੇ ਆਪ ਨੂੰ ਭਾਗਾ ਵਾਲ਼ਾ ਸਮਝਾਂਗਾ।” ਉਸ ਨੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਅਤੇ ਇਸਦੇ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ। ਉਸ ਦਾ ਸਮੁੱਚੇ ਇਲਾਕੇ ਵਿੱਚ ਏਨਾ ਸਤਿਕਾਰ ਸੀ ਕਿ ਲੋਕ ਉਸਦੇ ਹੁਕਮ ਨੂੰ ਇਲਾਹੀ ਹੁਕਮ ਵਾਂਗ ਮੰਨਦੇ ਸਨ।ਉਸਦੀ ਇਕ ਆਵਾਜ਼ ਤੇ ਕਿਸੇ ਵੀ ਕੰਮ ਲਈ ਰੁਪਏ ਢੇਰੀ ਕਰ ਦਿੰਦੇ ਸਨ।
ਪਰ ਸ਼ਾਇਦ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਿਛਲੇ ਸਾਲ ਅਪ੍ਰੈਲ ਮਹੀਨੇ ਦੀ। ਉੱਨੀ ਤਰੀਕ ਦੀ ਇਕ ਮਨਹੂਸ ਘੜੀ ਨੂੰ ਇਕ ਭਿਆਨਕ ਸੜਕ ਹਾਦਸੇ ਨੇ ਇਸ ਲੋਕ ਦਰਦੀ ਨੂੰ ਹਮੇਸ਼ਾ ਲਈ ਸਾਡੇ ਤੋਂ ਖੋਹ ਲਿਆ ਅਤੇ ਸਮਾਜ ਸੇਵਾ ਦੇ ਖੇਤਰ ਦਾ ਇਹ ਚੌਮੁਖੀਆ ਚਿਰਾਗ ਸਦਾ ਲਈ ਬੁਝ ਗਿਆ। ਆਪਣਾ ਆਖਰੀ ਸਾਹ ਲੈਣ ਤੋਂ ਪਹਿਲਾਂ ਇਹ ਫ਼ਕੀਰ ਆਪਣੇ ਤਨ ਦੇ ਕੱਪੜਿਆਂ ਤੋਂ ਬਿਨਾਂ ਆਪਣਾ ਸਭ ਕੁੱਝ ਸਮਾਜ ਸੇਵਾ ਦੇ ਲੇਖੇ ਲਗਾ ਚੁੱਕਾ ਸੀ। ਉਸਦੇ ਸੰਸਕਾਰ ਉੱਤੇ ਉਮੜੇ ਵਿਸ਼ਾਲ ਜਨ ਸੈਲਾਬ ਦੀਆਂ ਅੱਖਾਂ ਵਿਚੋਂ ਵਗਦੇ ਹੰਝੂਆਂ ਤੋਂ ਹੀ ਪਤਾ ਲੱਗਦਾ ਸੀ ਕਿ ਕਾਮਰੇਡ ਕਿਸ ਕਦਰ ਲੋਕ ਮਨਾਂ ਵਿੱਚ ਵਸਿਆ ਹੋਇਆ ਸੀ। ਉਸਦੇ ਕੰਮਾਂ ਦੀ ਫਹਿਰਿਸਤ ਬਹੁਤ ਲੰਬੀ ਹੈ। ਉਸ ਨੇ ਅਨੇਕਾਂ ਸੰਸਥਾਵਾਂ ਨੂੰ ਗੁਪਤ ਦਾਨ ਦਿੱਤੇ। ਸ਼ਹਿਰ ਦੀ ਸਾਹਿਤ ਸਭਾ ਦਾ ਸਰਪ੍ਰਸਤ ਰਿਹਾ। ਸਭ ਤੋਂ ਵੱਧ ਉਹ ਲੋਕ ਘੋਲ਼ਾਂ ਦਾ ਅਜ਼ਮਾਇਆ ਯੋਧਾ ਸੀ। ਉਹ ਕਿਸਾਨਾਂ,ਮਜ਼ਦੂਰਾਂ, ਮੁਲਾਜ਼ਮਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਹਮੇਸ਼ਾ ਮੋਹਰੀ ਸਫ਼ਾਂ ਵਿੱਚ ਰਹਿ ਕੇ ਜੂਝਦਾ ਰਿਹਾ। ਅੰਤਾਂ ਦਾ ਮਿੱਠ ਬੋਲੜਾ, ਕੱਟੜਤਾ ਤੋਂ ਕੋਹਾਂ ਦੂਰ ਤੇ ਭਾਈ ਘਨੱਈਆ ਦਾ ਸੱਚਾ ਵਾਰਿਸ ਸੀ ਕਾਮਰੇਡ ਭੀਮ ਸਿੰਘ। ਉਸ ਦੇ ਸਰਧਾਂਜਲੀ ਸਮਾਗਮ ਦੌਰਾਨ ਬੋਲਦਿਆਂ ਉਸਦੇ ਦੋਸਤ ਕਾਮਰੇਡ ਮੰਗਤ ਰਾਮ ਪਾਸਲਾ ਨੇ ਗ਼ਰੀਬ, ਦੱਬੇ ਕੁਚਲੇ ਅਤੇ ਕਿਰਤੀ ਲੋਕਾਂ ਦੇ ਹੱਕ ਚ ਖਲੋਣ ਕਰਕੇ ਉਸ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦਾ ਸੱਚਾ ਵਾਰਿਸ ਗਰਦਾਨਿਆ। ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਾਮਰੇਡ ਭੀਮ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਪਿੰਡ ਦਿੜ੍ਹਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਬਦਲ ਕੇ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਰੱਖਿਆ ਗਿਆ ਹੈ। ਅੱਜ ਭਾਵੇਂ ਕਾਮਰੇਡ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਆਪਣੇ ਕੀਤੇ ਕੰਮਾਂ ਦੇ ਜ਼ਰੀਏ ਇਹ ਯੁੱਗ ਪੁਰਸ਼ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦਾ ਰਹੇਗਾ।
ਲੇਖਕ: ਜਸਵੀਰ ਸਿੰਘ ਢੀਂਡਸਾ।