ਗ਼ਜ਼ਲ
ਦਿਲ ਚ’ ਵਜਦੇ ਸਾਂਝ ਵਾਲੇ, ਸਾਜ ਨੂੰ ਸਜਦਾ ਕਰਾਂ ਮੈਂ।
ਲੋਕ-ਹਿਤ ਵਿਚ ਉਠ ਰਹੀ, ਆਵਾਜ ਨੂੰ ਸਜਦਾ ਕਰਾਂ ਮੈਂ।
ਭਰਮ ਹੈ ਇਹ ਸਿਤਮਗਰ ਨੂੰ, ਡੱਕ ਨਾ ਹੋਵੇ ਕਦੀ ਇਹ,
ਅੰਬਰਾਂ ਨੂੰ ਛੋਹ ਰਹੀ, ਪਰਵਾਜ਼ ਨੂੰ ਸਜਦਾ ਕਰਾਂ ਮੈਂ ।
ਜੋਸ਼ ਰੱਖਾਂ ਤੇਜ ਐਪਰ, ਹੋਸ਼ ਨਾ ਛੱਡਾਂ ਕਦੀ ਵੀ,
ਹੱਕ ਖਾਤਰ ਲੜਨ ਦੇ ਇਸ ਕਾਜ ਨੂੰ ਸਜਦਾ ਕਰਾਂ ਮੈਂ।
ਅਤਿ ਦਾ ਹੈ ਅੰਤ ਹੋਣਾ, ਜਿੱਤਣਾ ਮਜ਼ਲੂਮ ਆਖਰ,
ਇਸ ਅਗੰਮੀ ਸੱਚ ਵਾਲੇ ਰਾਜ਼ ਨੂੰ ਸਜਦਾ ਕਰਾਂ ਮੈਂ।
ਉੱਚਿਆਂ ਮਹਲਾਂ ਨੇ ਡਿੱਗਣਾ, ਮੁੜ ਉਸਰਨਾ ਢਾਰਿਆਂ ਨੇ,
ਵਕਤ-ਤਬਦੀਲੀ ਦੇ ਐਸੇ ਨਾਜ਼ ਨੂੰ ਸਜਦਾ ਕਰਾਂ ਮੈਂ।
ਖ਼ਾਕ ਜੋ ਹੈ ਕਰਮ-ਭੋਂ ਦੀ, ਤਖ਼ਤ ਹੈ ਇਹ ਕਾਮਿਆਂ ਦਾ,
ਕਿਰਤ-ਮੁੜ੍ਹਕੇ ਨੇ ਬਣਾਇਆ, ਤਾਜ ਨੂੰ ਸਜਦਾ ਕਰਾਂ ਮੈਂ।
ਖੰਭ ਤੋੜੇ, ਚੁੰਝ ਭੰਨੇ, ਜਿੰਦਗੀ ਨੂੰ ਜੀਣ ਖਾਤਰ
ਊਰਜਾ ਨਵਿਆਉਣ ਵਾਲੇ, ਬਾਜ ਨੂੰ ਸਜਦਾ ਕਰਾਂ ਮੈਂ।
ਮਿਟ ਰਿਹਾ ਹੈ ਨ੍ਹੇਰ ਸਾਰਾ, ਨੈਣ-ਸੂਰਜ ਖੁੱਲ੍ਹ ਰਹੇ ਨੇ,
ਇਕ-ਸੁਬਹ ਦੇ ਹੋ ਰਹੇ ਆਗਾਜ਼ ਨੂੰ ਸਜਦਾ ਕਰਾਂ ਮੈਂ।
—————-00000——————