ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਕਨੀਕੀ ਤਰੱਕੀ ਨੇ ਦੇਸ਼ ਅਤੇ ਦੁਨੀਆਂ ਦਾ ਨਕਸ਼ਾ ਬਦਲ ਦਿੱਤਾ ਹੈ। ਬਹੁਤ ਸਾਰੇ ਕੰਮ ਇੰਨੇ ਸੌਖੇ ਅਤੇ ਤੇਜ਼ ਹੋ ਗਏ ਹਨ ਜਿਨ੍ਹਾਂ ਦੀ ਕਲਪਨਾ ਵੀ ਕਰਨੀ ਔਖੀ ਸੀ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਸਾਇੰਸ ਦੀ ਹਰ ਖੋਜ ਦੇ ਅਨੇਕਾਂ ਫਾਇਦਿਆਂ ਦੇ ਨਾਲ ਨਾਲ ਕੁੱਝ ਨੁਕਸਾਨ ਵੀ ਜਰੂਰ ਹੁੰਦੇ ਹਨ। ਤਕਨਾਲੋਜੀ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਵਰਦਾਨ ਸਾਬਤ ਹੋ ਸਕਦੀ ਹੈ ਪਰ ਇਸਦੀ ਗਲਤ ਵਰਤੋਂ ਕਿਸੇ ਸਰਾਪ ਤੋਂ ਘੱਟ ਨਹੀਂ। ਅਸਲ ਵਿੱਚ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਬਾਰੇ ਪੂਰਨ ਜਾਣਕਾਰੀ ਅਤੇ ਸਮਝ ਹੋਣੀ ਲਾਜ਼ਮੀ ਹੈ। ਸਾਡੇ ਦੇਸ਼ ਵਿੱਚ ਸਮਾਰਟ ਫੋਨਾ ਦਾ ਚਲਣ ਇੱਕ ਦਮ ਵਧਿਆ ਹੈ। ਜੀਓ ਨੈਟਵਰਕ ਦੇ ਆਗਮਨ ਨਾਲ ਸਸਤੀ ਇੰਟਰਨੈੱਟ ਸੇਵਾ ਨੇ ਹਰ ਇੱਕ ਨੂੰ ਸਮਾਰਟ ਫੋਨ ਦੀ ਵਰਤੋਂ ਵੱਲ ਖਿੱਚਿਆ ਹੈ। ਖਾਸ ਕਰ ਬੱਚਿਆਂ ਅਤੇ ਨੌਜਵਾਨਾਂ ਵਿੱਚ ਇਸ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।
ਲਾਕਡਾਉਨ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿੱਚ ਵਿਹਲੇ ਹਨ ਇਸ ਕਰਕੇ ਮਾਂ ਬਾਪ ਵੀ ਮੋਬਾਈਲ ਫੋਨ ਦੀ ਵਰਤੋਂ ਤੋਂ ਜਿਆਦਾ ਨਹੀਂ ਰੋਕਦੇ । ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਹੋਰ ਵਿਚਾਰੇ ਕਰਨ ਵੀ ਕੀ! ਦੂਸਰਾ ਸਕੂਲਾਂ ਦੀ ਆਨਲਾਈਨ ਸਿੱਖਿਆ ਸ਼ੁਰੂ ਹੋਣ ਕਰਕੇ ਮਾਪਿਆਂ ਨੂੰ ਨਾ ਚਾਹੁੰਦੇ ਵੀ ਮੋਬਾਈਲ ਫੋਨ ਬੱਚਿਆਂ ਦੇ ਹੱਥ ਫੜਾਉਣੇ ਪਏ। ਇਸ ਨਾਲ ਬੱਚੇ ਕੁਝ ਸਮਾਂ ਪੜਨ ਤੋਂ ਬਾਅਦ ਆਪਣੀਆਂ ਮਨ ਪਸੰਦ ਗੇਮਾਂ ਅਤੇ ਵੀਡੀਓ ਦੇਖਣਾ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਬੱਚੇ ਸਮਾਰਟ ਫੋਨ ਦੇ ਆਦੀ ਬਣ ਗਏ ਹਨ। ਦੂਸਰੇ ਪਾਸੇ ਬੈਂਕਾਂ ਵੀ ਖਾਤਿਆਂ ਨਾਲ ਮੋਬਾਈਲ ਨੰਬਰ ਜ਼ਰੂਰ ਜੋੜਦਿਆਂ ਹਨ ਕਈ ਵਾਰ ਤਾਂ ਇੰਟਰਨੈੱਟ ਬੈਕਿੰਗ ਵੀ ਐਕਟੀਵੇਟ ਕਰ ਦਿੰਦੀਆਂ ਹਨ। ਜਿਸ ਨਾਲ ਸਮਾਰਟ ਫੋਨ ਦੀ ਮਦਦ ਨਾਲ ਪੇਮੈਂਟ ਕੀਤੀ ਜਾ ਸਕਦੀ ਹੈ। ਇੰਟਰਨੈੱਟ ਦੀ ਵਰਤੋਂ ਵਧਣ ਨਾਲ ਮਾਰਕੀਟ ਵਿੱਚ ਬਹੁਤ ਸਾਰੀਆਂ ਆਨਲਾਈਨ ਅਤੇ ਆਫਲਾਈਨ ਗੇਮਾਂ ਦੀ ਭਰਮਾਰ ਹੈ। ਜਿਨ੍ਹਾਂ ਗੇਮਾਂ ਨੂੰ ਅਕਸਰ ਹੀ ਬੱਚਿਆਂ ਵੱਲੋਂ ਖੇਡਿਆ ਜਾਂਦਾ ਹੈ। ਇਹ ਮੋਬਾਇਲ ਗੇਮਾਂ ਬੱਚਿਆਂ ਦੇ ਦਿਮਾਗ ਉੱਤੇ ਬੁਰਾ ਅਸਰ ਪਾਉਣ ਦੇ ਨਾਲ-ਨਾਲ ਜਾਨਲੇਵਾ ਅਤੇ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣ ਰਹੀਆਂ ਹਨ।
ਹੁਣ ਗੱਲ ਕਰੀਏ ਪਿਛਲੇ ਦਿਨੀਂ ਮਿਲੀਆਂ ਖਬਰਾਂ ਦੀ ਜਿਨ੍ਹਾਂ ਅਨੁਸਾਰ ਪੰਜਾਬ ਵਿੱਚ ਹੀ ਦੋ ਬੱਚਿਆਂ ਨੇ ਘਰਦਿਆਂ ਦੀ ਮਿਹਨਤ ਦੀ ਕਮਾਈ ਪਬਜੀ ਗੇਮ ਲੇਖੇ ਲਾ ਦਿੱਤੀ। ਇੱਕ ਬੱਚੇ ਨੇ 2 ਲੱਖ ਅਤੇ ਦੂਜੇ ਨੇ 16 ਲੱਖ ਰੁਪਏ ਗੇਮਾਂ ਵਿੱਚ ਵਰਚੁਅਲ ਹਥਿਆਰਾਂ ਵਗੈਰਾ ਦੀ ਖਰੀਦਦਾਰੀ ਤੇ ਖਰਚ ਕਰ ਦਿੱਤੇ। ਪੈਸੇ ਸਿੱਧੇ ਖਾਤੇ ਵਿੱਚੋਂ ਕੱਟਣ ਕਾਰਨ ਘਰ ਵਾਲਿਆਂ ਨੂੰ ਭਿਣਕ ਵੀ ਨਹੀਂ ਪਈ ਅਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਕਤ ਘਟਨਾਵਾਂ ਤੋਂ ਸਾਨੂੰ ਸਾਰਿਆਂ ਨੂੰ ਸਬਕ ਸਿੱਖਣ ਦੀ ਲੋੜ ਹੈ।
ਅਕਸਰ ਹੀ ਬੱਚੇ ਮਾਂ,ਬਾਪ ਜਾਂ ਕਿਸੇ ਰਿਸ਼ਤੇਦਾਰ ਦਾ ਸਮਾਰਟ ਫੋਨ ਫੜ ਕੇ ਗੇਮ ਖੇਡਦੇ ਹਨ। ਬੱਚੇ ਅਣਜਾਣ ਹੁੰਦੇ ਹਨ ਕਈ ਵਾਰ ਉਹ ਗੇਮ ਨੂੰ ਹੋਰ ਵਧੀਆ ਬਣਾਉਣ ਲਈ ਵਰਚੁਅਲ ਹਥਿਆਰ ਜਾਂ ਐਨੀਮੇਸ਼ਨ ਖਰੀਦਣ ਦਾ ਵਿਕਲਪ ਚੁਣ ਲੈਂਦੇ ਹਨ ਖਾਤਾ ਬੈਂਕ ਨਾਲ ਜੁੜਿਆ ਹੋਣ ਤੇ ਅਦਾਇਗੀ ਬੈਂਕ ਖਾਤੇ ਵਿੱਚੋਂ ਹੋ ਸਕਦੀ ਹੈ। ਇਸ ਲਈ ਇਸ ਸਬੰਧੀ ਮਾਪਿਆਂ ਅਤੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਮਾਪਿਆਂ ਨੂੰ ਅਕਸਰ ਆਪਣੇ ਬੱਚਿਆਂ ਦੇ ਸਮਾਰਟ ਫੋਨਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਬੱਚਾ ਮੋਬਾਇਲ ਫੋਨ ਵਿਚ ਕੀ ਵੇਖ ਰਿਹਾ ਹੈ ਅਤੇ ਕੀ ਖੇਡ ਰਿਹਾ ਹੈ। ਬੱਚਿਆ ਉੱਤੇ ਸਖ਼ਤੀ ਕਰਨ ਦੀ ਬਜਾਏ ਉਨ੍ਹਾਂ ਉੱਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਤੁਸੀਂ ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਕਿੰਗ ਐਕਟੀਵੇਟ ਕਰਵਾਈ ਹੈ ਤਾਂ ਆਪਣੇ ਸਮਾਰਟ ਫੋਨ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ। ਜੇਕਰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਬੈਂਕ ਤੋਂ ਇਹ ਸੇਵਾਵਾਂ ਤੁਰੰਤ ਬੰਦ ਕਰਵਾ ਦੇਣੀਆਂ ਚਾਹੀਦੀਆਂ ਹਨ। ਸਭ ਤੋਂ ਵੱਡੀ ਗੱਲ ਬੱਚਿਆਂ ਨੂੰ ਬਾਹਰੀ ਖੇਡਾਂ ਖੇਡਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।