ਮੈਂਨੂੰ ਕਵਿਤਾ ਲਿਖਣੀ ਨੀ ਆਉਂਦੀ
ਪਰ ਕਵਿਤਾ ਤਾਂ ਮੈਨੂੰ
ਕਿਸੇ ਨੁੱਕਰ ਚੌਰਾਹੇ ਤੇ ਆਵਾਜ਼ ਦਿੰਦੀ ਹੈ
ਜਦ ਮੈਂ ਦੇਖਦਾਂ ਲੇਬਰ ਚੌਂਕ ਉਦਾਸ ਬੈਠੇ
ਉਸ ਮਜਦੂਰ ਦੀ ਪਾਟੀ ਜੁੱਤੀ ਚੋਂ
ਨਿਕਲੀਆਂ ਦੋ ਉਂਗਲਾਂ
ਜੋ ਪੂਰੀ ਦੀ ਪੂਰੀ ਕਵਿਤਾ ਹੁੰਦੀ ਹੈ
ਜਾਂ ਫਿਰ ਉਸ ਕਿਸਾਨ ਦਾ ਚਿਹਰਾ
ਖੁਦ ਕਵਿਤਾ ਬਣ ਜਾਂਦਾ ਹੈ
ਜਦੋਂ ਉਸ ਦੀ ਵਿਆਜੜੂ ਪੈਸੇ
ਮੰਗਣ ਦੀ ਗਰਜ
ਉਸ ਖੰਘਲੂੁ ਆੜਤੀਏ
ਦੀਆਂ ਬੇਸੁਆਦੀ ਗੱਲਾਂ ਦੀ
ਉਹ ਜੋਰ ਨਾਲ ਹਾਮੀ ਭਰਦਾ ਹੈ
ਉਹ ਧੀ ਵੀ ਕਵਿਤਾ ਤੋਂ ਘੱਟ ਨਹੀਂ
ਜੋ ਛੁਪਾ ਲੈਂਦੀ ਹੈ
ਦਿਲ ਦੀਆਂ ਸਧਰਾਂ ਨੂੰ
ਮਾਂ ਬਾਪ ਦੀਆਂ ਪਾਟੀਆਂ ਬਿਆਈਆਂ ਚ
ਤੇ ਤੁਰ ਜਾਂਦੀ ਹੈ ਕਿਸੇ ਦਹਾਜੂ ਨਾਲ
ਛੋਟੇ ਵੀਰ ਦਾ ਘਰ ਰੱਖਣ ਲਈ
ਉਸ ਚੋਂਦੇ ਕੱਚੇ ਕੋਠੇ ਦੀ ਛੱਤ ਤੇ
ਵਿਛਾਏ ਕਾਲੇ ਕਾਗਜ਼ ਦੇ ਟੁਕੜੇ ਥੱਲੇਓ
ਉਗੇ ਘਾਹ ਚ ਵੀ
ਜਨਮ ਲੈਂਦੀ ਹੈ ਕਵਿਤਾ
ਤੇ ਉਪਰੋਂ ਹੀ ਬਿਆਨ ਕਰ ਦਿੰਦੀ ਹੈ
ਘਰ ਚ ਰਹਿ ਰਹੇ ਲੋਕਾਂ ਦੇ ਹਾਲਾਤ
ਹੁਣ ਤਾਂ ਘਰਾਂ ਚ ਲੱਗੇ
ਜੰਗਾਲ ਖਾਦੇ ਜਿੰਦਰੇ
ਜਾਂ ਘਰ ਚ ਕੱਲੀ ਬੈਠੀ
ਉਮਰੋਂ ਪਹਿਲਾਂ
ਬੁੱਢੀ ਹੋਈ ਮਾਂ ਦੇ ਮੱਥੇ ਦੀਆਂ ਝੁਰੜੀਆਂ ਚ
ਉਕਰੀ ਹੁੰਦੀ ਹੈ ਪੂਰੀ ਦੀ ਪੂਰੀ ਕਵਿਤਾ
ਜੋ ਹਟਕੋਰੇ ਲੈ ਲੈ ਦੱਸ ਦਿੰਦੀ ਹੈ
ਸਮੇਂ ਦੀ ਹਨੇਰੀ ਚ
ਘਰੋਂ ਗਏ ਪੁੱਤਾਂ ਨੇ ਵਾਪਸ ਨੀ ਮੁੜਨਾ
ਹੁਣ ਤਾਂ ਅਕਸਰ ਮਿਲ ਜਾਂਦੀ ਹੈ
ਨਿਲਾਮ ਹੋਈ ਕਵਿਤਾ
ਜਿਸ ਨੂੰ ਸਰੇਆਮ ਵੇਚਿਆ ਗਿਆ
ਚੰਦ ਰੁਪਇਆ ਦੀ ਖਾਤਰ
ਫਿਰ ਲਗਾਈ ਜਾਂਦੀ ਹੈ
ਉਸ ਦੇ ਅੰਗਾਂ ਦੀ ਨੁਮਾਇਸ਼
ਦੁਨੀਆਂ ਦੇ ਇਸ ਮਹਿਖਾਨੇ ਵਿੱਚ
ਫਿਰ ਕਵਿਤਾ ਅੰਦਰੋ ਰੋਂਦੀ
ਤੇ ਉੱਤੇ ਉਤੋਂ ਹੱਸਦੀ ਤੇ ਨੱਚਦੀ ਹੈ
ਮੈਂਨੂੰ ਕਵਿਤਾ ਲਿਖਣੀ ਨੀ ਆਉਂਦੀ
‘ਢੀਂਡਸੇ’ ਬਸ ਮਿਲ ਹੀ ਜਾਂਦੀ ਹੈ ਕਵਿਤਾ
ਤੁਰਦਿਆ ਤੁਰਦਿਆ ਰਾਹਾਂ ਵਿੱਚ
– ਲੇਖਕ: ਸੁਖਜਿੰਦਰ ਸਿੰਘ, ਢੀਂਡਸਾ ਐਡਵੋਕੇਟ, ਸੰਗਰੂਰ