Articles

ਉਚੇਰੀ ਸਿੱਖਿਆ ਗਰੀਬ ਵਿਦਿਆਰਥੀ ਅਤੇ ਅਧਿਆਪਕ

ਕਰੋਨਾ ਦੇ ਕਹਿਰ ਨੇ ਜਿਥੇ ਦੇਸ਼ ਦੀ ਆਰਥਿਕਤਾ ਨੂੰ ਕੰਮਜੋਰ ਕਰ ਦਿੱਤਾ ਹੈ ਉੱਥੇ ਬਹੁਤ ਸਾਰੇ ਨਿੱਜੀ ਕਾਰਖਾਨੇ,ਫੈਕਟਰੀਆਂ,ਯੂਨੀਵਰਸਿਟੀਆਂ ,ਕਾਲਜਾਂ ,ਸਕੂਲ ਆਦਿ ਦੇ ਬੰਦ ਹੋਣ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਵੀ ਖਤਮ ਹੋ ਗਿਆ  ਹੈ। ਪੰਜਾਬ ਦੇ ਬਹੁਤ ਸਾਰੇ ਸਰਕਾਰੀ  ਸਕੂਲ, ਕਾਲਜ ਅਜਿਹੇ ਵੀ ਹਨ ਜਿੰਨ੍ਹਾਂ ਵਿੱਚ ਅਧਿਆਪਕ ਤੇ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਹੋਣ ਤੇ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਭਰ ਲਿਆ ਜਾਂਦਾ ਹੈ। ਪਰ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਪ੍ਰੋਫੈਸਰਾਂ  ਤੇ ਅਧਿਆਪਕਾਂ ਨੂੰ ਵੀ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਰਿਹਾ ਹੈ।ਪਿਛਲੇ ਦਿਨੀਂ ਹੀ ਵਿਵਾਦਾਂ ‘ਚ ਰਹੇ ਕੁਝ ਸਰਕਾਰੀ  ਕਾਲਜ ਜੋ ਕਿ ਪੰਜਾਬ ਸਰਕਾਰ ਦੇ ਅਧੀਨ ਹਨ’ ਦੇ ਪ੍ਰੋਫੈਸਰਾਂ  ਨੂੰ ਘਰਾਂ ਦੇ ਰਸਤੇ ਦਿਖਾ ਦਿਤੇ ਗਏ ਹਨ।ਰੈਗੂਲਰ ਤੇ ਪਾਰਟ ਟਾਈਮ ਨੌਕਰੀ ਕਰਦੇ ਪ੍ਰੋਫੈਸਰਾਂ ਨੂੰ ਤਨਖਾਹਾਂ ਸਰਕਾਰੀ ਖਜ਼ਾਨੇ ਵਿਚੋਂ ਦਿੱਤੀਆਂ ਜਾਂਦੀਆਂ ਹਨ।ਰੈਗੂਲਰ ਤੇ ਪਾਰਟ ਟਾਈਮ ਦੀ ਭਰਤੀ ਨੂੰ ਤਕਰੀਬਨ 20 ਸਾਲ ਹੋ ਗਏ ਹਨ।ਅਜਿਹੇ ਵਿੱਚ ਖਾਲੀ ਪੋਸਟਾਂ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਗੈਸਟ ਫਕੈਲਟੀ ਤੇ ਐੱਚ ਈਆਈ ਐੱਸ਼ ਤਹਿਤ  ਇੰਟਰਵਿਊ ਰੱਖ ਕੇ ਪ੍ਰੋਫੈਸਰਾਂ ਨੂੰ ਕੁਝ  ਕੁ ਤਨਖਾਹਾਂ  ਤੇ ਨਿਯੁਕਤ ਕੀਤਾ ਜਾਂਦਾ ਹੈ ।ਗੈਸਟ ਫੈਕਲਟੀ ਦੇ ਅਧਾਰ ਤੇ ਰੱਖੇ ਪ੍ਰੋਫੈਸਰਾਂ ਨੂੰ ਤਨਖਾਹ ਪੀਟੀਏ ਫੰਡ ਤੇ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਜਦਕਿ ਐੱਚ ਈ ਆਈ ਐੱਸ ਤਹਿਤ ਰੱਖੇ ਅਧਿਆਪਕਾਂ ਨੂੰ ਤਨਖਾਹਾਂ ਕੇਵਲ ਪੀ ਟੀ ਏ ਫੰਡ ਵਿਚੋਂ ਹੀ ਦਿੱਤੀਆਂ ਜਾਂਦੀਆਂ ਹਨ। ਸਰਕਾਰੀ ਖਜ਼ਾਨੇ ਵਿਚੋਂ ਨਹੀਂ।ਪੰਜਾਬ ਸਰਕਾਰ  ਦੇ ਅਧੀਨ ਆਉਂਦੇ ਕੁਝ ਸਰਕਾਰੀ ਕਾਲਜ ਜੋ ਕਿ ਸਰਕਾਰੀ ਰਜਿੰਦਰਾ ਕਾਲਜ (ਬਠਿੰਡਾ)ਦੇ ਮੁਖੀ  ਦੀ ਦੇਖ ਰੇਖ ਹੇਠ ਹਨ।ਇਨ੍ਹਾਂ  ਕਾਲਜਾਂ ਵਿੱਚ ਜਿਹੜੇ ਪ੍ਰੋਫੈਸਰ ਐੱਚ ਈਆਈ ਐੱਸ਼  ਦੇ ਤਹਿਤ ਰੱਖੇ ਸਨ ਉਨ੍ਹਾਂ ਨੂੰ ਘਰਾਂ ਦਾ ਰਸਤਾ ਦਿਖਾ ਦਿੱਤਾ ਗਿਆ ਹੈ।ਜਦਕਿ ਬਾਕੀ ਸਾਰੇ ਪੰਜਾਬ ਦੇ ਕਾਲਜਾਂ ਵਿੱਚ ਅਧਿਆਪਕਾਂ ਨੂੰ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਹਾਜ਼ਰ ਕਰਵਾ ਲਿਆ ਗਿਆ ਸੀ।ਇਹ ਪ੍ਰੋਫੈਸਰ ਵੱਖ ਵੱਖ ਵਿਭਾਗਾਂ  ਨਾਲ ਸੰਬੰਧਤ ਹਨ।ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਸਾਰੇ ਕਾਲਜਾਂ ਵਲੋਂ ਲਈ ਜਾਂਦੀ ਫੀਸ ਦਾ ਜੇਕਰ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਅਧਿਆਪਕਾਂ ਨੂੰ ਤਨਖਾਹਾਂ ਦੇਣ ਤੋਂ ਬਾਅਦ ਵੀ ਬਹੁਤ ਸਾਰੀ ਰਕਮ ਕਾਲਜਾਂ  ਕੋਲ ਬਚ ਜਾਂਦੀ ਹੈ।
ਇਕ  ਪਾਸੇ ਤਾਂ ਸੂਬਾ ਸਰਕਾਰ ਕਹਿ ਰਹੀ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ ਦੂਜੇ ਪਾਸੇ ਕਰੋਨਾ ਸੰਕਟ ਦੌਰਾਨ ਅਧਿਆਪਕਾਂ ਨੂੰ ਨੌਕਰੀ ਤੋਂ ਵਿਦਾ ਕੀਤਾ ਜਾ ਰਿਹਾ ਹੈ।ਸਾਰੇ ਅਧਿਆਪਕ ਨੈੱਟ ਪਾਸ ਤੇ ਪੀ ਐਚ ਡੀ ਕਰ ਚੁੱਕੇ ਹਨ।ਸਰਕਾਰੀ ਕਾਲਜ ਜੇਕਰ ਇਸ ਤਰ੍ਹਾਂ ਦਾ ਵਿਵਹਾਰ ਕਰਨਗੇ ਤਾਂ ਨਿਜੀ ਅਦਾਰਿਆਂ ਨੇ ਤਾਂ ਕਰਨਾ ਹੀ ਹੈ।ਜੇਕਰ ਇਸੇ ਤਰ੍ਹਾਂ ਹੀ ਵਿਦਿਆਰਥੀਆਂ ਨੂੰ ਦਾਖਲ ਕਰਕੇ  ਅਧਿਆਪਕਾਂ ਨੂੰ ਸਕੂਲਾਂ ਕਾਲਜਾਂ ‘ਚੋਂ ਚਲਦਾ ਕੀਤਾ  ਜਾਂਦਾ ਰਿਹਾ ਤਾਂ ਵਿਦਿਆਰਥੀ ਸਿੱਖਿਆ ਕਿਸ ਪਾਸੋਂ ਪ੍ਰਾਪਤ ਕਰਨਗੇ?
ਅਜੋਕੇ ਸਮੇਂ ਵਿੱਚ ਨੌਕਰੀ ਲੈਣ ਲਈ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ। ਵਿਦਿਆਰਥੀ ਟੈਸਟ ਤਾਂ ਹੀ ਪਾਸ ਕਰ ਸਕਣਗੇ ਜੇ ਉਹਨਾਂ ਕੋਲ ਗਿਆਨ ਹੋਵੇਗਾ ‘ਉਥੇ ਇਕੱਲੇ ਸਰਟੀਫਿਕੇਟ ਕੰਮ ਨਹੀਂ ਆਉਂਦੇ।
ਕਦੇ ਸਮਾਂ ਸੀ ਵਿੱਦਿਆ ਦੇਣ ਨੂੰ ਇਕ ਪਰਉਪਕਾਰ ਸਮਝਿਆ ਜਾਂਦਾ ਸੀ ਤੇ ਵਿੱਦਿਆਦਾਤਾ ਨੂੰ ‘ਗੁਰੂ’ ਵਰਗੇ ਪਵਿੱਤਰ ਸ਼ਬਦ ਨਾਲ ਨਿਵਾਜਿਆ ਜਾਂਦਾ ਸੀ ।ਪਰ ਅੱਜ ਵਿੱਦਿਆ ਪਰਉਪਕਾਰ ਨਹੀਂ ਰਹੀ ,ਸਗੋਂ ਮੰਡੀ ਤੇ ਮੁਨਾਫਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ।ਹਰ ਰੋਜ਼ ਅਖਬਾਰਾਂ ਦੇ ਪੰਨਿਆਂ ਤੇ ਅਧਿਆਪਕਾਂ ਨਾਲ ਹੁੰਦਾ ਸ਼ੋਸ਼ਣ ਪੜ੍ਹਨ ਨੂੰ ਮਿਲਦਾ ਹੈ।ਅਜਿਹਾ ਕਿਉਂ ? ਬਹੁਤ ਸਾਰੇ ਕਾਲਾਜਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਘੱਟਣ ਦਾ ਕਾਰਨ ਅਧਿਆਪਕਾਂ ਦਾ ਹੋ ਰਿਹਾ ਸ਼ੋਸ਼ਣ ਤੇ ਵੱਧ ਰਹੀਆਂ ਫੀਸਾਂ ਹਨ।
ਐੱਚ ਈਆਈ ਐੱਸ਼ ਦੇ ਵਿਦਿਆਰਥੀਆਂ ਕੋਲੋ ਸਲਾਨਾ ਫੀਸ  ਤਕਰੀਬਨ  25000 ਦੇ ਹਿਸਾਬ ਨਾਲ ਵਸੂਲ ਕੀਤੀ  ਜਾਂਦੀ ਹੈ।ਅਨੁਸੂਚਿਤ ਜਾਤੀ ਤੇ ਗਰੀਬ ਕਿਸਾਨਾਂ ਦੇ  ਲਈ ਇਹ ਫੀਸ ਲੱਖਾਂ ਰੁਪਏ ਬਰਾਬਰ ਹੈ। ਅਜਿਹੇ ਵਿੱਚ ਵਿਦਿਆਰਥੀ ਕੀ ਕਰਨ?ਅੱਜ ਦੇ ਸਕੂਲ ,ਕਾਲਜ ਤੇ ਯੂਨੀਵਰਸਿਟੀਆਂ ਵਿੱਦਿਆ  ਨੂੰ ਇਕ ਵਸਤੂ ਬਣਾ ਕੇ ਵੇਚ ਰਹੀਆਂ ਹਨ ਅਤੇ ਖਰੀਦਦਾਰ ਨੌਕਰੀ ਅਤੇ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਸਮਝਦੇ ਹੋਏ ਇਸ ਨੂੰ ਖਰੀਦ ਰਹੇ ਹਨ।
ਗਰੀਬ ਵਿਦਿਆਰਥੀ ਦੀਆਂ ਇਛਾਵਾਂ  ਦੱਬੀਆਂ ਰਹਿ ਜਾਂਦੀਆਂ ਹਨ ਤੇ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ।
ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਅਨਪੜ੍ਹਤਾ ਦੀ ਦਰ ਏਨੀ ਜਿਆਦਾ ਵੱਧ ਜਾਵੇਗੀ ਕਿ ਵਿਦਿਆਰਥੀ ਲੱਭਿਆਂ ਵੀ ਨਹੀਂ ਥਿਆਉਣੇ।

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin