
ਇਸ ਵੇਲੇ ਵਿਸ਼ਵ ਭਰ ਵਿੱਚ ਨਵੀਂ ਪੀੜ੍ਹੀ ਜੰਕ ਫੂਡ ਅਤੇ ਆਨਲਾਈਨ ਗੇਮਾਂ ਦੀ ਦਲਦਲ ਵਿੱਚ ਅਫੀਮ ਦੇ ਨਸ਼ੇ ਨਾਲੋਂ ਵੀ ਜਿਆਦਾ ਬੁਰੀ ਤਰਾਂ ਜਕੜੀ ਜਾ ਚੁੱਕੀ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਇੱਕ ਲੜਕੇ ਨੇ ਪਬਜ਼ੀ ਗੇਮ ਵਿੱਚ ਆਪਣੇ ਮਾਪਿਆਂ ਦੇ ਸੋਲਾਂ ਲੱਖ ਰੁਪਏ ਉਡਾ ਦਿੱਤੇ। ਪਿਛਲੇ ਸਾਲ ਆਨਲਾਈਨ ਗੇਮ ਖੇਡਣ ਤੋਂ ਵਰਜਣ ‘ਤੇ ਇੱਕ ਲੜਕੇ ਨੇ ਆਪਣੀ ਮਾਂ ਨੂੰ ਚਾਕੂ ਮਾਰ ਦਿੱਤਾ ਸੀ। ਜੇ ਇੱਕ ਘਰ ਵਿੱਚ ਪਰਿਵਾਰ ਦੇ ਚਾਰ ਮੈਂਬਰ ਹਨ ਤਾਂ ਚਾਰੇ ਆਪਸ ਵਿੱਚ ਗੱਲ ਕਰਨ ਦੀ ਬਜਾਏ ਆਪੋ ਆਪਣੇ ਮੋਬਾਇਲ, ਲੈਪਟਾਪ ਅਤੇ ਆਈਪੈਡ ‘ਤੇ ਉਂਗਲਾਂ ਮਾਰਨ ਵਿੱਚ ਰੁੱਝੇ ਹੁੰਦੇ ਹਨ। ਘਰ ਦੇ ਰਾਸ਼ਨ ਜਿੰਨਾ ਖਰਚਾ ਮਹੀਨੇ ਦੇ ਇੰਟਰਨੈੱਟ ਦਾ ਆਉਂਦਾ ਹੈ ਕਿਉਂਕਿ ਬੱਚੇ ਹੌਲੀ ਸਪੀਡ ਚੱਲਣ ਵਾਲਾ ਇੰਟਰਨੈੱਟ ਪਸੰਦ ਨਹੀਂ ਕਰਦੇ। ਤੇਜ਼ ਇੰਟਰਨੈੱਟ ਲੈਣ ਲਈ ਬਹਾਨਾ ਇਹ ਮਾਰਿਆ ਜਾਂਦਾ ਹੈ ਕਿ ਅਸੀਂ ਸਕੂਲ – ਕਾਲਜ ਦਾ ਕੰਮ ਕਰਨਾ ਹੈ, ਪਰ ਬਾਅਦ ਵਿੱਚ ਇਸ ਦੀ ਵਰਤੋਂ ਸਿਰਫ ਸੋਸ਼ਲ ਮੀਡੀਆ ਚਲਾਉਣ ਅਤੇ ਗੇਮਾਂ ਖੇਡਣ ਲਈ ਹੀ ਕੀਤੀ ਜਾਂਦੀ ਹੈ। ਮਾਪਿਆਂ ਦੇ ਗਲ ‘ਚ ਅੰਗੂਠਾ ਦੇ ਕੇ ਗੇਮਾਂ ਖੇਡਣ ਅਤੇ ਦੋਸਤਾਂ ‘ਤੇ ਪ੍ਰਭਾਵ ਪਾਉਣ ਲਈ ਲੇਟੈਸਟ ਮਾਡਲ ਦੇ ਮਹਿੰਗੇ ਤੋਂ ਮਹਿੰਗੇ ਮੋਬਾਇਲ, ਲੈਪਟਾਪ ਅਤੇ ਕੰਪਿਊਟਰ ਖਰੀਦੇ ਜਾਂਦੇ ਹਨ। ਇਨਕਾਰ ਹੋਣ ‘ਤੇ ਆਤਮਹੱਤਿਆ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਕਈ ਥਾਵਾਂ ‘ਤੇ ਕਰ ਵੀ ਲਈ ਗਈ ਹੈ।
ਆਨਲਾਈਨ ਗੇਮ ਉਸ ਡਿਜ਼ੀਟਲ ਗੇਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਖੇਡਣ ਲਈ ਪੂਰੇ ਜਾਂ ਅੰਸ਼ਕ ਤੌਰ ‘ਤੇ ਇੰਟਰਨੈੱਟ ਦੀ ਜਰੂਰਤ ਪੈਂਦੀ ਹੈ। ਸਾਫਟਵੇਅਰ ਕੰਪਨੀਆਂ ਲਈ ਅੱਜ ਇਹ ਇੱਕ ਬਹੁਤ ਹੀ ਵੱਡਾ ਅਤੇ ਲਾਭਕਾਰੀ ਬਜ਼ਾਰ ਬਣ ਚੁੱਕਾ ਹੈ। ਸਿਰਫ 2019 ਵਿੱਚ ਆਨਲਾਈਨ ਗੇਮਾਂ ਬਣਾਉਣ ਵਾਲੀਆਂ ਕੰਪਨੀਆਂ ਨੇ 170 ਕਰੋੜ ਡਾਲਰ (12800 ਕਰੋੜ ਰੁਪਿਆ) ਦੀ ਕਮਾਈ ਕੀਤੀ ਸੀ ਜਿਸ ਵਿੱਚੋਂ 42 ਕਰੋੜ ਡਾਲਰ (3150 ਕਰੋੜ ਰੁਪਿਆ) ਚੀਨ ਅਤੇ 35 ਕਰੋੜ ਡਾਲਰ (2625 ਕਰੋੜ ਰੁਪਿਆ) ਅਮਰੀਕੀ ਕੰਪਨੀਆਂ ਦੇ ਹਿੱਸੇ ਆਏ। ਆਨਲਾਈਨ ਗੇਮਾਂ ਇੱਕ ਸਧਾਰਨ ਸ਼ਬਦ ਬੁਝਾਰਤ ਤੋਂ ਲੈ ਕੇ ਖੂਨੀ ਲੜਾਈਆਂ ਤੱਕ ਹੋ ਸਕਦੀਆਂ ਹਨ ਜੋ ਇੱਕੋ ਸਮੇਂ ਅਨੇਕਾਂ ਪਲੇਅਰਾਂ ਨਾਲ ਖੇਡੀਆਂ ਜਾਂਦੀਆਂ ਹਨ। ਪਲੇਅਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਵਿਰੋਧੀ ਖਿਡਾਰੀ ਕੌਣ ਹੈ ਤੇ ਕਿਸ ਦੇਸ਼ ਤੋਂ ਹੈ। ਖੇਡਦੇ ਦੇ ਸਮੇਂ ਇੱਕ ਦੂਸਰੇ ਨੂੰ ਉੱਚੀ ਉੱਚੀ ਗੰਦੀਆਂ ਗਾਲ੍ਹਾਂ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਗੇਮਾਂ ਮੰਨੋਰੰਜਨ ਤੋਂ ਹਟ ਕੇ ਗਰੈਂਡ ਆਟੋ ਥੀਫ ਵਰਗੀਆਂ ਗੇਮਾਂ ਤੱਕ ਪਹੁੰਚ ਗਈਆਂ ਹਨ ਜਿੰਨ੍ਹਾਂ ਵਿੱਚ ਪਲੇਅਰ ਨੇ ਵੱਧ ਤੋਂ ਵੱਧ ਪੁਲਿਸ ਵਾਲਿਆਂ ਅਤੇ ਬੇਕਸੂਰ ਲੋਕਾਂ ਨੂੰ ਸਿਰ ਫੇਹ ਕੇ ਤੇ ਗੋਲੀਆਂ ਮਾਰ ਕੇ ਮਾਰਨਾ ਹੁੰਦਾ ਹੈ। ਵੱਧ ਲੋਕਾਂ ਨੂੰ ਮਾਰਨ ਵਾਲਾ ਜੇਤੂ ਮੰਨਿਆਂ ਜਾਂਦਾ ਹੈ। ਪਲੇਅਰ ਅਸਲੀ ਦੁਨੀਆਂ ਨੂੰ ਭੁੱਲ ਕੇ ਹਿੰਸਾ ਅਤੇ ਖੂਨ ਖਰਾਬੇ ਦੀ ਕਾਲਪਨਿਕ ਦੁਨੀਆਂ ਵਿੱਚ ਪਹੁੰਚ ਜਾਂਦੇ ਹਨ। ਗੇਮਾਂ ਖੇਡਦੇ ਸਮੇਂ ਘੰਟਿਆਂ ਬੱਧੀ ਬੈਠੇ ਰਹਿਣ ਕਾਰਨ ਨਾਲ ਬੱਚਿਆਂ ਵਿੱਚ ਮੋਟਾਪਾ, ਬਲੱਡ ਪ੍ਰੈਸ਼ਰ, ਡਿਪਰੈਸ਼ਨ, ਹਿੰਸਾ ਅਤੇ ਮਾਨਸਿਕ ਰੋਗਾਂ ਦਾ ਬੇਹੱਦ ਵਾਧਾ ਹੋ ਰਿਹਾ ਹੈ। ਹੁਣ ਤੱਕ ਦੀ ਸਭ ਤੋਂ ਖਤਰਨਾਕ ਗੇਮ, ਪਬਜ਼ੀ ਕਾਰਨ ਸਿਰਫ ਭਾਰਤ ਵਿੱਚ ਹੀ ਦਰਜ਼ਨਾਂ ਨੌਜਵਾਨ ਆਤਮ ਹੱਤਿਆ ਕਰ ਚੁੱਕੇ ਹਨ। ਗੇਮ ਖੇਡਦੇ ਹੋਏ ਅਗਲੇ ਲੈਵਲ ਵਿੱਚ ਪਹੁੰਚਣ ਅਤੇ ਕਾਲਪਨਿਕ ਦੁਸ਼ਮਣ ਨੂੰ ਮਾਰਨ ਲਈ ਸੈਂਕੜੇ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੇ ਹਥਿਆਰ ਖਰੀਦਣੇ ਪੈਂਦੇ ਹਨ।
ਆਨਲਾਈਨ ਗੇਮਾਂ ਦੀ ਸ਼ੁਰੂਆਤ 1970 ਵਿੱਚ ਇੱਕ ਸਧਾਰਨ ਐਮ.ਡੀ.ਯੂ. ਗੇਮ ਨਾਲ ਸ਼ੁਰੂ ਹੋਈ ਸੀ ਜੋ ਹੁਣ ਅਰਬਾਂ ਖਰਬਾਂ ਦਾ ਕਾਰੋਬਾਰ ਬਣ ਚੁੱਕਾ ਹੈ। ਸੰਸਾਰ ਦੀਆਂ ਸਭ ਤੋਂ ਵੱਧ ਖੇਡੀਆਂ ਜਾਣ ਵਾਲੀਆਂ ਗੇਮਾਂ ਵਿੱਚ ਪਬਜ਼ੀ, ਫੌਰਨਾਈਟ ਬੈਟਲ, ਐਪਕਸ ਲੀਜ਼ੈਂਡਜ਼, ਲੀਗ ਆਫ ਲੀਜ਼ੈਂਡਜ਼, ਕਾਊਂਟਰ ਸਟਰਾਈਕ ਗਲੋਬਲ ਔਫੈਂਸਿਵ, ਹਰਥਸਟੋਨ, ਮਾਈਨਕਰਾਫਟ, ਡੋਟਾ ਟੂ, ਦੀ ਡਵੀਜ਼ਨ ਟੂ ਅਤੇ ਦੀ ਸਪਲਟੂਨ ਹਨ। ਨੌਜਵਾਨਾਂ ਦਾ ਆਨਲਾਈਨ ਗੇਮਾਂ ਪ੍ਰਤੀ ਖਬਤ ਬਾਰੇ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਪਬਜ਼ੀ ਹੁਣ ਤੱਕ ਸੱਠ ਕਰੋੜ ਅਤੇ ਬੈਟਲ ਗਰਾਊਂਡ ਸੱਤ ਕਰੋੜ ਵਾਰ ਡਾਊਨਲੋਡ ਹੋ ਚੁੱਕੀ ਹੈ। ਬਾਕੀ ਗੇਮਾਂ ਦਾ ਵੀ ਇਹ ਹੀ ਹਾਲ ਹੈ। ਪਹਿਲਾਂ ਬੱਚੇ ਘਰ ਵਿੱਚ ਖਾਂਦੇ ਸਨ ਤੇ ਬਾਹਰ ਜਾ ਕੇ ਖੇਡਦੇ ਸਨ, ਪਰ ਹੁਣ ਬਾਹਰ ਜਾ ਕੇ ਖਾਂਦੇ ਹਨ ਤੇ ਘਰ ਦੇ ਅੰਦਰ ਖੇਡਦੇ ਹਨ। ਸਕੂਲਾਂ ਕਾਲਜਾਂ ਦੇ ਖੇਡ ਮੈਦਾਨ ਖਾਲੀ ਪਏ ਭਾਂ ਭਾ ਕਰ ਰਹੇ ਹਨ। ਜੇ ਕਿਸੇ ਬੱਚੇ ਨੂੰ ਮਾਪੇ ਧੱਕੇ ਮਾਰ ਕੇ ਬਾਹਰ ਸੈਰ ਜਾਂ ਦੌੜ ਲਾਉਣ ਲਈ ਭੇਜ ਵੀ ਦਿੰਦੇ ਹਨ ਤਾਂ ਉਹ ਗਰਾਉੂਂਡ ਦੇ ਬਾਹਰ ਬੈਠਾ ਮੋਬਾਇਲ ‘ਤੇ ਗੇਮ ਖੇਡਦਾ ਦਿਖਾਈ ਦਿੰਦਾ ਹੈ।
ਜੰਕ ਫੂਡ ਜਾਂ ਕਬਾੜ ਖੁਰਾਕ ਦੂਸਰੀ ਵੱਡੀ ਅਲਾਮਤ ਹੈ ਜੋ ਨਵੀਂ ਪੀੜੀ ਨੂੰ ਘੁਣ ਵਾਂਗ ਖਾ ਰਹੀ ਹੈ। ਜੰਕ ਫੂਡ ਉਸ ਖਾਣੇ ਨੂੰ ਕਿਹਾ ਜਾਂਦਾ ਹੈ ਜੋ ਘਰ ਨਾ ਬਣਿਆ ਹੋਵੇ ਤੇ ਜਿਸ ਵਿੱਚ ਨਮਕ, ਖੰਡ ਅਤੇ ਚਰਬੀ (ਜਾਨਵਰ ਜਾਂ ਵਨਸਪਤੀ) ਦੀ ਬਹੁਤਾਤ ਹੋਵੇ ਅਤੇ ਪ੍ਰੋਟੀਨ, ਵਿਟਾਮਿਨ, ਮਿਨਰਲ ਅਤੇ ਫਾਈਬਰ ਆਦਿ ਸਿਹਤ ਵਧਾਊ ਪਦਾਰਥਾਂ ਦੀ ਮਾਤਰਾ ਨਾਂਹ ਦੇ ਬਰਾਬਰ ਹੋਵੇ। ਇਸ ਵਿੱਚ ਪੀਜ਼ਾ, ਬਰਗਰ, ਨੂਡਲਜ਼, ਆਈਸ ਕਰੀਮ, ਕੇਕ, ਪੇਸਟਰੀ, ਚਿਪਸ, ਕੋਲਡ ਡਰਿੰਕ, ਸਮੋਸੇ, ਪਕੌੜੇ, ਟਿੱਕੀ ਆਦਿ ਸ਼ਾਮਲ ਹਨ। ਇਸ ਖਾਣੇ ਨੂੰ ਤਿਆਰ ਕਰਨ ਵਿੱਚ ਮੁੱਖ ਤੌਰ ‘ਤੇ ਮੈਦਾ, ਨਮਕ, ਖੰਡ, ਤੇਲ, ਆਲੂ ਅਤੇ ਪਨੀਰ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਸਿਹਤ ਵਧਾਊ ਖਾਣੇ ਦਾ ਭੁਲੇਖਾ ਪਾਉਣ ਲਈ ਇਸ ਵਿੱਚ ਕੁਝ ਸਬਜ਼ੀਆਂ ਆਦਿ ਵੀ ਮਿਲਾ ਦਿੱਤੀਆਂ ਜਾਂਦੀਆਂ ਹਨ। ਇਸ ਖਾਣੇ ਦੇ ਸਿਹਤ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਕਾਰਨ ਅਨੇਕਾਂ ਦੇਸ਼ਾਂ ਵਿੱਚ ਇਸ ਦੀ ਇਸ਼ਤਿਹਾਰਬਾਜ਼ੀ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਜੰਕ ਫੂਡ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1950 ਵਿੱਚ ਵਿਗਿਆਨੀ ਮਾਈਕਲ ਜੈਕਬਸੰਨ ਨੇ ਕੀਤੀ ਸੀ। ਦੁਨੀਆਂ ਵਿੱਚ ਜੰਕ ਫੂਡ ਨੂੰ ਹਰਮਨ ਪਿਆਰਾ ਬਣਾ ਕੇ ਕਰੋੜਾਂ ਲੋਕਾਂ ਦੀ ਸਿਹਤ ਨਾਲ ਖੇਡਣ ਦਾ ਸਿਹਰਾ ਅਮਰੀਕਨ ਕੰਪਨੀਆਂ ਦੇ ਸਿਰ ਬੱਝਦਾ ਹੈ। ਪੀਜ਼ਾ ਹੱਟ, ਮੈਕਡਾਨਲਡ, ਡੋਮੀਨੋ, ਕੈਂਟਕੀ ਫਰਾਈਡ ਚਿਕਨ, ਸਬਵੇ, ਕੋਕ, ਪੈਪਸੀ ਆਦਿ ਸੰਸਾਰ ਦੀਆਂ 90% ਪ੍ਰਸਿੱਧ ਜੰਕ ਫੂਡ ਕੰਪਨੀਆਂ ਅਮਰੀਕਾ ਦੀਆਂ ਹੀ ਹਨ। ਅਮਰੀਕਨ ਜੰਕ ਫੂਡ ਕੰਪਨੀਆਂ ਦੀ 2019 ਦੀ ਕਮਾਈ 70 ਅਰਬ ਡਾਲਰ (5250 ਅਰਬ ਰੁਪਿਆ) ਹੈ ਜੋ ਕਈ ਵਿਕਾਸਸ਼ੀਲ ਦੇਸ਼ਾਂ ਦੇ ਕੁੱਲ ਬਜ਼ਟ ਤੋਂ ਵੱਧ ਬਣਦੀ ਹੈ। ਇਸ ਵਿੱਚ ਸਿਰਫ ਮੈਕਡਾਨਲਡ ਦੀ ਕਮਾਈ 22 ਅਰਬ ਡਾਲਰ (1695 ਅਰਬ ਰੁਪਿਆ) ਹੈ ਤੇ ਇਹ ਸੰਸਾਰ ਦੀ ਸਭ ਤੋਂ ਵੱਡੀ ਜੰਕ ਫੂਡ ਕੰਪਨੀ ਹੈ। ਇਨ੍ਹਾਂ ਕੰਪਨੀਆਂ ਕਾਰਨ ਅਮਰੀਕਾ ਵਿੱਚ ਮੋਟਾਪੇ ਦੀ ਸਮੱਸਿਆ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ।
ਦੁਨੀਆਂ ਦਾ ਸਭ ਤੋਂ ਪਹਿਲਾ ਜੰਕ ਫੂਡ, ਜੋ ਕਿ ਖੰਡ ਵਾਲਾ ਪੌਪਕੌਰਨ ਸੀ, 1896 ਦੌਰਾਨ ਅਮਰੀਕਾ ਵਿੱਚ ਬਣਾਇਆ ਗਿਆ ਸੀ। ਇਸ ਦੇ ਸਿਰਫ 10 ਸਾਲ ਦੇ ਅੰਦਰ ਸੰਸਾਰ ਦੀ ਸਭ ਤੋਂ ਵੱਧ ਵਿਕਣ ਵਾਲੀ ਪੌਪਕੌਰਨ ਬਣਦੇ ਸਾਰ ਹੀ ਅਮਰੀਕਾ ਵਿੱਚ ਜੰਕ ਫੁਡ ਕੰਪਨੀਆਂ ਦਾ ਹੜ੍ਹ ਆ ਗਿਆ। ਕੀ ਕਾਰਨ ਹੈ ਕਿ ਜੰਕ ਫੂਡ ਇਨਸਾਨ ਨੂੰ ਨਸ਼ੇ ਦੀ ਆਦਤ ਵਾਂਗ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ? ਅਸਲ ਵਿੱਚ ਜੰਕ ਫੂਡ ਵਿੱਚ ਮਿਲਾਏ ਜਾਣ ਵਾਲੇ ਰਸਾਇਣ ਇਨਸਾਨੀ ਦਿਮਾਗ ਦੇ ਉਨ੍ਹਾਂ ਹਿੱਸਿਆਂ ਤੇ ਅਸਰ ਕਰਦੇ ਹਨ ਜਿਨ੍ਹਾਂ ਨੂੰ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੇ ਪ੍ਰਭਾਵਿਤ ਕਰਦੇ ਹਨ। ਜੰਕ ਫੂਡ ਕੰਪਨੀਆਂ ਹਰ ਸਾਲ ਅਰਬਾਂ ਡਾਲਰ ਸਿਰਫ ਇਸ ਰਿਸਰਚ ‘ਤੇ ਖਰਚ ਕਰਦੀਆਂ ਹਨ ਕਿ ਲੂਣ, ਤੇਲ, ਚਰਬੀ ਅਤੇ ਮਸਾਲਿਆ ਦੇ ਮਿਸ਼ਰਣ ਕਿਸ ਅਨੁਪਾਤ ਨਾਲ ਖਾਣੇ ਵਿੱਚ ਮਿਲਾਏ ਜਾਣ ਤਾਂ ਜੋ ਮਨੁੱਖੀ ਦਿਮਾਗ ਨੂੰ ਵੱਧ ਤੋਂ ਵੱਧ ਗੁਲਾਮ ਬਣਾਉਣ। ਇਸ ਕਾਰਨ ਦਿਮਾਗ ਨੂੰ ਜੰਕ ਫੂਡ ਖਾਣ ਤੋਂ ਬਾਅਦ ਨਸ਼ੇ ਕਰਨ ਵਾਂਗ ਸੰਤੁਸ਼ਟੀ ਹਾਸਲ ਹੁੰਦੀ ਹੈ।
ਜੰਕ ਫੂਡ ਦਾ ਸਭ ਤੋਂ ਬੁਰਾ ਪ੍ਰਭਾਵ ਦਿਲ ‘ਤੇ ਪੈਂਦਾ ਹੈ। ਮੋਟਾਪਾ ਵਧ ਜਾਣ ਕਾਰਨ ਖੂਨ ਵਾਲੀਆਂ ਨਾੜੀਆਂ ਜਾਮ ਹੋਣ ਲੱਗ ਪੈਂਦੀਆਂ ਹਨ ਤੇ 30 ਸਾਲ ਦੀ ਉਮਰ ਵਿੱਚ ਹੀ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਸਿਹਤਮੰਦ ਖਾਣਾ ਖਾਣ ਵਾਲਿਆਂ ਨਾਲੋਂ 200 ਗੁਣਾ ਵਧ ਜਾਂਦੀ ਹੈ। ਜੰਕ ਫੂਡ ਦਾ ਦਿਮਾਗ ‘ਤੇ ਪ੍ਰਭਾਵ ਵੇਖਣ ਲਈ ਅਮਰੀਕਾ ਦੀ ਸਕਰਿਪਸ ਰਿਸਰਚ ਇੰਸਟੀਚਿਊਟ (ਨਿਊ ਯਾਰਕ) ਵਿੱਚ ਚੂਹਿਆਂ ‘ਤੇ ਇੱਕ ਪ੍ਰੀਖਣ ਕੀਤਾ ਗਿਆ ਜਿਸ ਦੌਰਾਨ ਚੂਹਿਆਂ ਨੂੰ ਦੋ ਮਹੀਨੇ ਤੱਕ ਲਗਾਤਾਰ ਜੰਕ ਫੂਡ ਦਿੱਤਾ ਗਿਆ। ਜਦੋਂ ਦੋ ਮਹੀਨੇ ਬਾਅਦ ਚੂਹਿਆਂ ਨੂੰ ਜੰਕ ਫੂਡ ਦੀ ਬਜਾਏ ਸਹੀ ਖੁਰਾਕ ਦਿੱਤੀ ਗਈ ਤਾਂ ਉਨ੍ਹਾਂ ਨੇ ਉਸ ਵੱਲ ਵੇਖਿਆ ਵੀ ਨਾ। ਦੋ ਹਫਤੇ ਭੁੱਖੇ ਰਹਿਣ ਤੋਂ ਬਾਅਦ ਕਿਤੇ ਜਾ ਕੇ ਉਨ੍ਹਾਂ ਨੇ ਸਹੀ ਖੁਰਾਕ ਨੂੰ ਮੂੰਹ ਲਗਾਇਆ। ਇਨਸਾਨੀ ਦਿਮਾਗ ‘ਤੇ ਵੀ ਇਹ ਇਹ ਇਸੇ ਤਰਾਂ ਅਸਰ ਕਰਦਾ ਹੈ। ਜੰਕ ਫੂਡ ਖਾਣ ਵਾਲੇ ਬੱਚਿਆਂ ਨੂੰ ਫਲ, ਸਬਜ਼ੀਆਂ ਅਤੇ ਦੁੱਧ ਦਹੀਂ ਜ਼ਹਿਰ ਵਰਗਾ ਲੱਗਦਾ ਹੈ। ਬੱਚਿਆਂ ਨੂੰ ਇਹ ਸਮਝ ਨਹੀਂ ਹੈ ਕਿ ਕੰਪਨੀਆਂ ਨੇ ਤਾਂ ਜੰਕ ਫੂਡ ਵੇਚਣ ਲਈ ਸਿਰਫ ਉਸ ਦੇ ਸਵਾਦ ‘ਤੇ ਧਿਆਨ ਦੇਣਾ ਹੈ, ਪੌਸ਼ਟਿਕਤਾ ‘ਤੇ ਨਹੀਂ। ਪੱਛਮੀ ਲੋਕਾਂ ਕੋਲ ਤਾਂ ਟਾਈਮ ਦੀ ਕਮੀ ਹੋਣ ਕਾਰਨ ਜੰਕ ਫੂਡ ਖਾਣਾ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਪਰ ਭਾਰਤ ਵਰਗੇ ਪਰਿਵਾਰਵਾਦੀ ਦੇਸ਼ ਵਿੱਚ ਵੀ ਇਹ ਜ਼ਹਿਰ ਬਣ ਕੇ ਡੂੰਘੀਆਂ ਜੜ੍ਹਾਂ ਜਮਾ ਚੁੱਕਾ ਹੈ। ਇਸ ਲਈ ਮਾਪਿਆਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣਾ ਪਵੇਗਾ ਤੇ ਸਖਤ ਮਿਹਨਤ ਕਰਨੀ ਪਵੇਗੀ ਕਿ ਬੱਚੇ ਜੰਕ ਫੂਡ ਵੱਲ ਰੁੱਚਿਤ ਨਾ ਹੋਣ। ਖਾਣਾ ਪਕਾਉਣ ਦੇ ਕਸ਼ਟ ਤੋਂ ਬਚਣ ਲਈ ਬਚਪਨ ਵਿੱਚ ਹੀ ਬੱਚਿਆਂ ਨੂੰ ਮੈਗੀ ਨੂਡਲਜ਼ ਖਵਾਉਣ ਵਾਲੀਆਂ ਮਾਵਾਂ ਨੂੰ ਇਸ ਗੱਲ ਵੱਲ ਜਿਆਦਾ ਧਿਆਨ ਦੇਣ ਦੀ ਜਰੂਰਤ ਹੈ।