ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀਆ ਵੱਖ ਵੱਖ ਰਾਣੀਆ ਦੀ ਕੁੱਖੋਂ ਜਨਮੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਜਨਮੇ ਦਲੀਪ ਸਿੰਘ ਦਾ ਜਨਮ 4 ਸਤੰਬਰ 1838 ਨੂੰ ਹੋਇਆ।
ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦ ਉਸ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ। ਮਹਾਰਾਣੀ ਜਿੰਦ ਕੌਰ ਵਿਆਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ । ਜਦ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਤਖ਼ਤ ‘ਤੇ ਬੈਠਾ ਉਸ ਨੂੰ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਨੇ ਗੋਲੀਆ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਤਾ ਕੇ ਨਵੇਂ ਬਣਨ ਵਾਲੇ ਰਾਜੇ ਦਾ ਵਜ਼ੀਰ ਨਾ ਬਣ ਜਾਵੇ। ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ‘ਤੇ ਬਿਠਾ ਦਿੱਤਾ ਉਸ ਟਾਇਮ ਮਹਾਰਾਜਾ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ‘ਤੇ ਲਾ ਕੇ ਰਾਜਾ ਹੋਣ ਦੀ ਰਸਮ ਨਿਭਾਈ। ਮਹਾਰਾਣੀ ਜਿੰਦ ਕੌਰ ਨੂੰ ਰਾਜ ਦੀ ਸਰਪ੍ਰਸਤ ਲਗਾ ਦਿੱਤਾ। ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ।
ਹੀਰਾ ਸਿੰਘ ਨੇ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦਾ ਬਦਲਾ ਲੈਣ ਲਈ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਗੋਲੀਆ ਮਾਰ ਕੇ ਮਾਰ ਦਿੱਤਾ ਫਿਰ ਹੀਰਾ ਸਿੰਘ ਨੇ ਲਹਿਣਾ ਸਿੰਘ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ‘ਤੇ ਲਗਾ ਕੇ ਰਾਜਾ ਹੋਣ ਦੀ ਰਸਮ ਨਿਭਾਈ ਤੇ ਆਪ ਵਜ਼ੀਰ ਬਣ ਗਿਆ। ਮਹਾਰਾਣੀ ਜਿੰਦ ਕੌਰ ਨੂੰ ਰਾਜ ਦੀ ਸਰਪ੍ਰਸਤ ਲਗਾਇਆ ਗਿਆ । ਮਹਾਰਾਣੀ ਆਪਣੇ ਪੁੱਤਰ ਦੇ ਮੱਥੇ ‘ਤੇ ਖੂਨ ਦੇ ਵਾਰ ਵਾਰ ਲਗਦੇ ਟਿੱਕਿਆ ਤੋਂ ਚਿੰਤਤ ਸੀ।
10 ਫ਼ਰਵਰੀ 1846 ਨੂੰ ਸਤਲੁਜ ਦਰਿਆ ਦੇ ਕੰਢੇ ਹੋਈ ਸਭਰਾਵਾਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੀ ਆਖਰੀ ਲੜਾਈ ਸੀ। ਇਹ ਲੜਾਈ ਡੋਗਰਿਆ ਦੀਆ ਬਦਨੀਤ ਚਾਲਾਂ ਨਾਲ ਸਿੱਖ ਹਾਰ ਗਏ ਅਤੇ ਸਿੱਖ ਰਾਜ ਦਾ ਸੂਰਜ ਸਦਾ ਲਈ ਅਸਤ ਹੋ ਗਿਆ ਸੀ। 12 ਦਸੰਬਰ 1846 ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕੰਮਾ ਕਾਰਾਂ ਵਿੱਚੋਂ ਦਖਲ ਅੰਦਾਜ਼ੀ ਬੰਦ ਕਰ ਦਿੱਤੀ। ਮਹਾਰਾਣੀ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜਰਬੰਦ ਕਰ ਦਿੱਤਾ 19 ਅਗਸਤ 1847 ਨੂੰ ਸੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿੱਤਾ। 16 ਮਈ 1848 ਨੂੰ ਕੈਦੀ ਦੇ ਤੌਰ ‘ਤੇ ਪੰਜਾਬ ਤੋਂ ਬਨਾਰਸ ਭੇਜ ਦਿੱਤਾ। 4 ਅਪ੍ਰੈਲ 1849 ਨੂੰ ਚਿਨਾਰ ਕਿਲ੍ਹੇ (ਉਤਰ ਪ੍ਰਦੇਸ਼) ਵਿੱਚ ਭੇਜ ਦਿੱਤਾ।
ਦੂਜਾ ਐਂਗਲੋ ਸਿੱਖ ਯੁੱਧ 1848-49 ਵਿਚ ਹੋਇਆ। 10 ਮਾਰਚ 1849 ਨੂੰ ਸਿੱਖਾਂ ਨੇ ਹਥਿਆਰ ਸੁੱਟ ਦਿੱਤੇ। ਅੰਗਰੇਜ਼ਾ ਨੇ ਪੰਜਾਬ ਉਪਰ ਪੂਰਾ ਕਬਜ਼ਾ ਕਰ ਲਿਆ। 12 ਸਾਲਾਂ ਦੇ ਦਲੀਪ ਸਿੰਘ ਤੋਂ ਸੰਧੀਆ ‘ਤੇ ਦਸਤਖ਼ਤ ਕਰਵਾ ਕੇ ਰਾਜ ਗੱਦੀ ਤੋਂ ਹਟਾ ਦਿੱਤਾ। ਲਾਰਡ ਡਲਹੌਜ਼ੀ ਜਿਸ ਨੇ ਗਵਰਨਰ ਜਰਨਲ ਬਣਕੇ ਅੱਠ ਸਾਲ ਰਾਜ ਕੀਤਾ ਉਸ ਨੇ ਮਹਾਰਾਜਾ ਦਲੀਪ ਸਿੰਘ ਤੋਂ ਕੋਹਿਨੂਰ ਹੀਰਾ, ਗਹਿਣੇ ਅਤੇ ਤੋਸ਼ੇਖਾਨੇ ਦਾ ਹੋਰ ਕੀਮਤੀ ਸਮਾਨ ਆਪਣੇ ਕਬਜੇ ਵਿਚ ਕਰ ਲਏ ਸਨ।
1950 ਵਿਚ ਕੋਹਿਨੂਰ ਹੀਰਾ ਮਹਾਰਾਣੀ ਮਲਕਾ ਵਿਕਟੋਰੀਆ ਦੇ ਹਵਾਲੇ ਕਰ ਕੇ ਉਸ ਦੇ ਤਾਜ ਵਿਚ ਜੜ੍ਹ ਦਿੱਤਾ ਗਿਆ। ਜਿਸ ਨੂੰ ਮਹਾਰਾਣੀ ਪਹਿਨਦੀ ਸੀ। ਹੁਣ ਇਹ ਕੋਹਿਨੂਰ ਹੀਰਾ ਲੰਡਨ ਦੇ ਟਾਵਰ ਆਫ਼ ਲੰਡਨ ਅਜਾਇਬ ਘਰ ਵਿੱਚ ਪਿਆ ਹੈ।
29 ਮਾਰਚ 1849 ਨੂੰ ਪੰਜਾਬ ਉਪਰ ਸਿੱਖ ਰਾਜ ਖਤਮ ਕਰਕੇ ਅੰਗਰੇਜ਼ਾਂ ਨੇ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਸੀ। 19 ਫ਼ਰਵਰੀ 1850 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਡਾ.ਜਾਨ ਲੋਗਨ ਦੀ ਨਿਗਰਾਨੀ ਵਿਚ ਫਰੂਖਾਬਾਦ ਜਿਲ੍ਹੇ ਦੇ ਫ਼ਤਿਹਗ੍ਹੜ (ਉਤਰ ਪ੍ਰਦੇਸ਼) ਵਿਚ ਭੇਜ ਦਿੱਤਾ ਗਿਆ। ਮਾਂ ਪੁੱਤ ਨੂੰ ਲਾਹੌਰ ਤੋਂ ਕੱਢਣ ਦਾ ਮਤਲਬ ਲੋਕਾਂ ਨਾਲੋ ਸਬੰਧ ਤੋੜਨਾਂ ਸੀ।
ਫ਼ਤਿਹਗ੍ਹੜ ਰੱਖ ਕੇ ਦਲੀਪ ਸਿੰਘ ਨੂੰ ਧਰਮ ਪਰੀਵਰਨ ‘ਤੇ ਜ਼ੋਰ ਦਿੱਤਾ ਜਾਣ ਲੱਗਾ। ਭਜਨ ਲਾਲ ਫਰੂਖਾਬਾਦ ਵਿਚ ਅਮੀਰ ਘਰ ਦਾ ਬ੍ਰਹਮਣ ਸੀ ਉਹ ਇਸਾਈ ਧਰਮ ਬਾਰੇ ਬਹੁਤ ਗਿਆਨ ਰੱਖਦਾ ਸੀ। ਉਸ ਨੇ ਦਲੀਪ ਸਿੰਘ ਨੂੰ ਬਈਬਲ ਪੜ੍ਹ ਕੇ ਸਣਾਉਣੀ ਸ਼ੁਰੂ ਕੀਤੀ। ਜਦ ਦਲੀਪ ਸਿੰਘ ਦਾ ਵਿਸ਼ਵਾਸ਼ ਇਸਾਈ ਧਰਮ ਵਿਚ ਬਣ ਗਿਆ ਫਿਰ ਧਰਮ ਪਰਿਵਰਤਨ ਤੋਂ ਕੁਝ ਕੁ ਦਿਨ ਪਹਿਲਾਂ ਦਲੀਪ ਸਿੰਘ ਨੇ ਆਪਣੇ ਕੇਸ ਕਤਲ ਕਰ ਕੇ ਡਾ. ਲੋਗਨ ਦੀ ਪਤਨੀ ਨੂੰ ਭੇਟ ਕੀਤੇ। 8 ਮਾਰਚ 1853 ਨੂੰ ਰੈਵਰੰਡ ਵਿਲੀਅਮ ਨੇ ਫ਼ਤਿਹਗ੍ਹੜ ਚਰਚ ਵਿਚ ਦਲੀਪ ਸਿੰਘ ਨੂੰ ਇਸਾਈ ਧਰਮ ਗ੍ਰਹਿਣ ਕਰਵਾ ਦਿੱਤਾ।
1854 ਦੇ ਸ਼ੁਰੂ ਵਿਚ ਦਲੀਪ ਸਿੰਘ ਨੂੰ ਇਗਲੈਂਡ ਜਾਣ ਦੀ ਮਨਜੂਰੀ ਦਿੱਤੀ ਗਈ। ਇਥੇ ਚਾਰ ਸਾਲ ਰਹਿਣ ਮਗਰੋਂ ਅਪਰੈਲ 1854 ਵਿਚ ਦਲੀਪ ਸਿੰਘ ਕਲਕੱਤੇ ਜਾਣ ਲਈ ਰਵਾਨਾ ਹੋਇਆ ਰਸਤੇ ਵਿਚ ਲਖਨਊ ਅਤੇ ਬਨਾਰਸ ਰੁਕਿਆ ਉਥੇ ਦਲੀਪ ਸਿੰਘ ਨਾਲ ਪੰਡਤ ਨੀਲਕੰਠ ਦਾ ਮੇਲ ਕਰਵਾਇਆ। ਪੰਡਤ ਨੀਲਕੰਠ ਪਹਿਲਾ ਬ੍ਰਾਹਮਣ ਸੀ ਬਾਅਦ ਵਿਚ ਉਸ ਨੇ ਇਸਾਈ ਧਰਮ ਗ੍ਰਹਿਣ ਕਰ ਲਿਆ ਉਸ ਨੂੰ ਦਲੀਪ ਸਿੰਘ ਦੇ ਨਾਲ ਭੇਜਿਆ ਗਿਆ। ਕੱਲਕੱਤੇ ਤੋਂ ਇਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਡਲਹੌਜ਼ੀ ਆਪ ਜਾ ਕੇ ਦਲੀਪ ਸਿੰਘ ਨੂੰ ਮਿਲਿਆ ਅਤੇ ਵਦਾਇਗੀ ਵੇਲੇ ਬਾਈਬਲ ਭੇਟ ਕਰਦਿਆ ਕਿਹਾ ਇਹ ਤੈਨੂੰ ਦੇਣ ਲਈ ਸਭ ਤੋਂ ਉਤਮ ਤੋਹਫਾ ਹੈ, ਇਹ ਤੈਨੂੰ ਇਸ ਜਨਮ ਲਈ ਅਤੇ ਅਗਲੇ ਜਨਮ ਲਈ ਸਾਥ ਦੇਵੇਗੀ।
19 ਅਪਰੈਲ 1854 ਨੂੰ ਦਲੀਪ ਸਿੰਘ ਸਮੁੰਦਰੀ ਜਹਾਜ ਵਿਚ ਬੈਠ ਗਿਆ ਉਸ ਟਾਇਮ ਉਸ ਦੀ ਉਮਰ 17 ਸਾਲ ਸੀ। ਉਹ ਜੂਨ ਮਹੀਨੇ ਇਗਲੈਂਡ ਵਿਚ ਸਾਊਥ ਹੈਂਪਟਨ ਪਹੁੰਚ ਗਿਆ ਉਥੇ ਉਸ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਫਿਰ ਉਥੋਂ ਸਿੱਧੇ ਹੀ ਉਸ ਨੂੰ ਲੰਡਨ ਲੈ ਗਏ। ਉਥੇ ਉਸਨੂੰ ਬਰੁਕ ਸਟ੍ਰੀਟ ਤੇ ਕੇਰਿਜ ਹੋਟਲ ‘ਦ ਮਿਵਾਰਟ ਵਿਚ ਠਹਿਰਾਇਆ ਗਿਆ ।
ਡਲਹੌਜ਼ੀ ਨੇ ਇਧਰੋਂ ਇਗਲੈਂਡ ਨੂੰ ਖ਼ਤ ਪਾਇਆ ਕੇ ਦਲੀਪ ਸਿੰਘ ਦੇ ਸਿਰ ਤੇ ਬੰਨੀ ਪਗੜੀ ਉਤਾਰ ਦਿੱਤੀ ਜਾਵੇ ਇਹ ਸਿੱਖਾਂ ਦੀ ਕੌਮੀਅਤ ਦਾ ਬਹੁਤ ਸ਼ਕਤੀਸ਼ਾਲੀ ਚ੍ਹਿੰਨ ਹੈ ਇਹ ਪਗੜੀ ਇਹਨਾਂ ਦੇ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਾਂ ਨੂੰ ਸ਼ਾਨੋ ਸ਼ਕਤ ਨਾਲ ਜਿਉਣ ਅਤੇ ਤਾਕਤਵਰ ਬਣਨ ਦਾ ਸੰਕੇਤ ਦਿੰਦੀ ਹੈ। ਪਗੜੀ ਤੋਂ ਬਾਅਦ ਉਸ ਕੋਲ ਸਿੱਖੀ ਦਾ ਕੋਈ ਬਾਹਰੀ ਚ੍ਹਿੰਨ ਨਹੀ ਰਹਿ ਜਾਵੇਗਾ।
35 ਸਾਲਾ ਦੀ ਮਹਾਰਾਣੀ ਮਲਕਾ ਵਿਕਟੋਰੀਆ ਦਲੀਪ ਸਿੰਘ ਨੂੰ 1 ਜੁਲਾਈ 1854 ਨੂੰ ਮਿਲੀ ਉਸ ਟਾਇਮ ਦਲੀਪ ਸਿੰਘ ਦੇ ਬਹੁਤ ਸੋਹਣੀ ਪੁਸ਼ਾਕ ਪਾਈ ਹੋਈ ਸੀ ਅਤੇ ਹੀਰਿਆ ਨਾਲ ਲੱਦਿਆ ਪਿਆ ਸੀ। ਇਸ ਸੋਹਣੇ ਸੁਨੱਖੇ ਉਚੇ ਲੰਬੇ ਦਲੀਪ ਸਿੰਘ ਨੂੰ ਵੇਖ ਕੇ ਮਹਾਰਾਣੀ ਵਿਕਟੋਰੀਆ ਨੂੰ ਮਨ ਵਿਚ ਤਰਸ ਆਇਆ ਕੇ ਇਸ ਦਾ ਰਾਜ ਭਾਗ ਅਸੀਂ ਅਤੇ ਸਾਡੀਆ ਫੌਜ਼ਾ ਨੇ ਧੱਕੇ ਨਾਲ ਖੋਹ ਲਿਆ। ਇਸ ਗੱਲ ਦਾ ਜਿਕਰ ਮਹਾਰਾਣੀ ਵਿਕਟੋਰੀਆ ਨੇ ਲਾਰਡ ਡਲਹੌਜ਼ੀ ਕੋਲ ਕੀਤਾ ਸੀ।
ਇਕ ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਮਹਾਰਾਣੀ ਜਿੰਦ ਕੌਰ ਦੀ ਮੌਤ ਹੋ ਗਈ। ਇਸ ਨੂੰ ਕੇਨਸਲ ਰਕੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ‘ਤੇ ਰੱਖਿਆ ਗਿਆ । ਦਲੀਪ ਸਿੰਘ ਨੂੰ ਆਪਣੀ ਮਾਤਾ ਦਾ ਸਰੀਰ ਭਾਰਤ ਲਿਆਉਣ ਲਈ ਛੇ ਮਹੀਨੇ ਬਾਅਦ ਮਨਜੂਰੀ ਇਸ ਸ਼ਰਤ ‘ਤੇ ਮਿਲੀ ਕੇ ਤੂੰ ਇਸ ਦਾ ਸਸਕਾਰ ਭਾਰਤ ਵਿਚ ਤਾਂ ਕਰ ਸਕਦਾ ਏ ਪਰ ਪੰਜਾਬ ਵਿਚ ਨਹੀਂ ਕਰ ਸਕਦਾ। ਦਲੀਪ ਸਿੰਘ ਆਪਣੀ ਮਾਤਾ ਦੀ ਮਿਰਤਕ ਦੇਹ ਲੈ ਕੈ ਮੁਬੰਈ ਪਹੁੰਚ ਗਿਆ ਨਾਸਿਕ ਵਿਚ ਨਰਬਦਾ ਦਰਿਆ ਦੇ ਕੰਢੇ ‘ਤੇ ਉਸ ਦਾ ਸਸਕਾਰ ਕਰ ਦਿੱਤਾ।
ਵਾਪਸੀ ‘ਤੇ ਰਸਤੇ ਵਿਚ ਮਿਸਰ ਦੇ ਸ਼ਹਿਰ ਕਇਰੋ ਵਿਖੇ ਰੁਕਿਆ ਅਤੇ ਇਕ ਖੂਬਸੁਰਤ ਜਰਮਨ ਮੂਲ ਦੀ ਲੜਕੀ ਬੰਬਾ ਮੂਲਰ ਨਾਲ ਇਸਾਈ ਧਰਮ ਦੀਆ ਰਸਮਾਂ ਮੁਤਾਬਕ 7 ਜੂਨ 1864 ਨੂੰ ਸ਼ਾਦੀ ਕਰਵਾ ਲਈ। ਉਸ ਨੂੰ ਨਾਲ ਲੈ ਕੇ ਇਗਲੈਂਡ ਚੱਲਿਆ ਗਿਆ। ਬੰਬਾ ਮੂਲਰ ਦੀ ਕੁੱਖੋਂ ਦਲੀਪ ਸਿਘ ਦੇ ਘਰ ਤਿੰਨ ਪੁੱਤਰਾਂ ਅਤੇ ਤਿੰਨ ਧੀਆ ਨੇ ਜਨਮ ਲਿਆ। ਬੰਬਾ ਮੂਲਰ 1890 ਵਿਚ ਸਰੀਰ ਛੱਡ ਰੱਬ ਨੂੰ ਪਿਆਰੀ ਹੋ ਗਈ।
1863 ਵਿਚ ਦਲੀਪ ਸਿੰਘ ਨੇ ਲੰਡਨ ਦੇ ਕੈਂਬਰਿਜ ਦੇ ਨੇੜੇ ਐਲਡਿਨ ਅਸਟੇਟ ਖਰੀਦ ਲਈ ਸੀ। ਜੋ 17000 ਏਕੜ ਵਿਚ ਫੈਲੀ ਹੋਈ ਸੀ। ਉਸ ਵਿਚ ਦਲੀਪ ਸਿੰਘ ਨੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾ ਦੇ ਨਮੂਨੇ ਉਪਰ ਆਪਣਾ ਮਹਿਲ ਤਿਆਰ ਕਰਵਾਇਆ। ਇਥੇ ਉਹ ਮਹਾਰਾਣੀ ਬੰਬਾ ਮੂਲਰ ਦੇ ਨਾਲ ਰਹਿੰਦਾ ਰਿਹਾ ਨਾਲ ਹੀ ਆਪਣੇ ਜੀਵਨ ਦੇ ਸ਼ੌਕ ਪਾਲਦਾ ਰਿਹਾ ਅਤੇ ਸ਼ਿਕਾਰ ਖੇਡਦਾ ਰਿਹਾ।
23 ਫ਼ਰਵਰੀ 1889 ਨੂੰ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਨੂੰ ਇਕ ਖ਼ਤ ਭੇਜਿਆ ਤੁਸੀਂ ਮੇਰੇ ਕੋਲੋਂ ਸਿੱਖ ਰਾਜ ਧੋਖੇ ਨਾਲ ਖੋਹ ਲਿਆ ਸੀ ਜੋ ਮੈਨੂੰ ਨਾ ਤੁਸੀਂ ਵਾਪਸ ਕੀਤਾ ਹੈ ਨਾ ਕਰਨਾਂ ਹੈ। ਪਰ ਮੈਥੋਂ ਧੋਖੇ ਨਾਲ ਖੋਹਿਆ ਕੋਹੀਨੂਰ ਹੀਰਾ ਵਾਪਸ ਕੀਤਾ ਜਾਵੇ ਤੁਸੀਂ ਇਸਾਈ ਧਰਮ ਨੂੰ ਮੰਨਦੇ ਹੋ ਇਸ ਧਰਮ ਦੀਆ ਧਾਰਮਿਕ ਰਵਾਇਤਾ ਨੂੰ ਮੰਨਦੇ ਹੋਏ ਕੋਹੀਨੂਰ ਹੀਰਾ ਮੈਨੂੰ ਵਾਪਸ ਕਰਕੇ ਆਪਣੇ ਮਨ ਉਤੋਂ ਬੋਝ ਹਲਕਾ ਕਰ ਲਵੋਂ। ਤੁਸੀਂ ਦੁਨੀਆ ਤੋਂ ਸੁਖਾਲੇ ਚਲੇ ਜਾਵੋਗੇ। ਜਦ ਇਸ ਖ਼ਤ ਦਾ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਨੁਮਾਇਦੀਆ ਂ ਨੂੰ ਪਤਾ ਲੱਗਿਆ ਤਾਂ ਉਹਨਾਂ ਮਹਾਰਾਣੀ ਵਿਕਟੋਰੀਆ ਨੂੰ ਇਸ ਖ਼ਤ ਤੇ ਅਮਲ ਕਰਨੋ ਰੋਕ ਦਿੱਤਾ।
21 ਮਈ 1889 ਨੂੰ ਦਲੀਪ ਸਿੰਘ ਨੇ ਚਾਰ ਮਹੀਨੇ ਦੀ ਗਰਭਵਤੀ ਅਦਾ ਡਗਲਸ ਵੇਦਰਿਲ ਨਾਲ ਵਿਆਹ ਕਰਵਾ ਲਿਆ। ਵੇਦਰਿਲ ਨੇ 25 ਅਕਤੂਬਰ 1889 ਨੂੰ ਇਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਰਾਜਕੁਮਾਰੀ ਅਦਾਇ ਰੀਨ ਹੈਲਨ ਬੇਰਲ ਦਲੀਪ ਸਿੰਘ ਰੱਖਿਆ । ਇਸ ਦੀ ਕੁੱਖੋਂ ਤਿੰਨ ਬੱਚਿਆ ਨੇ ਜਨਮ ਲਿਆ। ਇਹ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਕਾਫੀ ਸਮੇਂ ਤੱਕ ਜਿਊਂਦੀ ਰਹੀ।
ਦਲੀਪ ਸਿੰਘ ਦੇ ਦੋ ਵਿਆਹ ਸਨ। ਉਸ ਦੇ ਘਰ ਨੌ ਬੱਚਿਆ ਨੇ ਜਨਮ ਲਿਆ। ਉਸ ਦੇ ਚਾਰ ਬੇਟੇ ਸਨ ਜਿਨਾਂ ਵਿਚੋਂ ਦੋ ਬਚਪਨ ਵਿਚ ਹੀ ਮਰ ਗਏ ਸਨ। ਪੰਜ ਲੜਕੀਆ ਸਨ ਜਿੰਨਾਂ ਵਿਚੋਂ ਚਾਰ ਵਿਆਹੀਆ ਹੋਈਆ ਸਨ। ਪਰ ਰੱਬ ਦੀ ਕਿਸਮਤ ਦਲੀਪ ਸਿੰਘ ਦੀ ਔਲਾਦ ਵਿਚ ਕਿਸੇ ਦੇ ਘਰ ਬੱਚੇ ਨੇ ਜਨਮ ਨਾ ਲਿਆ। ਸਾਰੇ ਹੀ ਬੇ-ਔਲਾਦ ਸਨ ਅਤੇ ਇਸਾਈ ਧਰਮ ਨਾਲ ਸਬੰਧਤ ਸਨ। ਉਹਨਾਂ ਦੇ ਇਸ ਦੁਨੀਆ ਤੋਂ ਜਾਣ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਦਾ ਅੰਤ ਹੋ ਗਿਆ ਸੀ।
ਮਹਾਰਾਜਾ ਦਲੀਪ ਸਿੰਘ ਨੂੰ ਪੈਰਿਸ ਵਿਚ 1890 ਦੇ ਸ਼ੁਰੂ ਵਿਚ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦਾ ਖੱਬਾ ਪਾਸਾ ਮਾਰਿਆ ਗਿਆ। ਉਸ ਦਾ ਬੇਟਾ ਪ੍ਰਿੰਸ ਵਿਕਟਰ ਦਲੀਪ ਸਿੰਘ ਇਗਲੈਂਡ ਤੋਂ ਉਸ ਨੂੰ ਦੋ ਵਾਰ ਮਿਲਣ ਆਇਆ ਸੀ। ਦਲੀਪ ਸਿੰਘ ਨਮੋਸ਼ੀ ਦੀ ਹਾਲਤ ਵਿਚ ਪਿਆ ਬੀਤੇ ਵੇਲੇ ਨੂੰ ਸੋਚਦਾ ਰਹਿੰਦਾ ਇਸ ਦੀ ਮਾਲੀ ਹਾਲਤ ਵੀ ਬਹੁਤ ਜਿਆਦਾ ਵਿਗੜ ਚੁੱਕੀ ਸੀ। ਅਖੀਰ ਜਨਮ ਭੂਮੀ ਦੀ ਮਿੱਟੀ ਨੂੰ ਤਰਸਦਾ ਮੌਤ ਨਾਲ ਸੰਘਰਸ਼ ਕਰਦਾ ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿਚ ਪਚਵੰਜਾ ਸਾਲ ਦੀ ਉਮਰ ਵਿਚ ਦਮ ਤੋੜ ਗਿਆ ਅਤੇ29 ਅਕਤੂਬਰ 1893 ਨੂੰ ਇਸਾਈ ਰਸਮਾਂ ਅਨਸਾਰ ਪੈਰਿਸ ਵਿਚ ਹੀ ਦਫ਼ਨਾ ਦਿੱਤਾ ਗਿਆ।