Magazine Articles

ਅਮਰੀਕਾ ‘ਚ ਦੰਗੇ: ਹਾਲੇ ਵੀ ਅਮਰੀਕਨ ਗੋਰਿਆ ਦੇ ਮਨਾਂ ‘ਚ ਹੈ ਬਸਤੀਵਾਦੀ ਮਾਨਸਿਕਤਾ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

25 ਮਈ 2020 ਨੂੰ ਇੱਕ ਗੋਰੇ ਪੁਲਿਸ ਅਫਸਰ ਡੈਰੇਕ ਚੌਵੇਨ ਦੁਆਰਾ ਗ੍ਰਿਫਤਾਰੀ ਵੇਲੇ ਜਿਆਦਾ ਸਖਤੀ ਵਰਤਣ ਕਾਰਨ ਇੱਕ ਕਾਲੇ ਵਿਅਕਤੀ ਜਾਰਜ ਫਲੋਇਡ ਦੀ ਮੌਤ ਹੋ ਗਈ ਸੀ। ਜਾਰਜ ਫਲਾਇਡ ਦਾ ਜ਼ੁਰਮ ਸਿਰਫ ਐਨਾ ਸੀ ਕਿ ਉਹ ਇੱਕ ਸਟੋਰ ਵਿੱਚ ਵੀਹ ਡਾਲਰ ਦਾ ਨਕਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੀਨੀਆਪੌਲਿਸ (ਮਿਨੀਸੌਟਾ ਸਟੇਟ) ਵਿੱਚ ਹੋਈ ਇਸ ਮੌਤ ਦੇ ਖਿਲਾਫ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਜਬਰਦਸਤ ਪ੍ਰਦਰਸ਼ਨ ਹੋਏ ਤੇ ਅਮਰੀਕਾ ਵਿੱਚ ਸਾੜ ਫੂਕ, ਲੁੱਟ ਮਾਰ ਅਤੇ ਦੰਗੇ ਭੜਕ ਉੱਠੇ ਜੋ ਕਈ ਸ਼ਹਿਰਾਂ ਵਿੱਚ ਅਜੇ ਵੀ ਚੱਲ ਰਹੇ ਹਨ। ਅਰਬਾਂ ਡਾਲਰ ਦੀ ਜਾਇਦਾਦ ਲੁੱਟ ਕੇ ਸਾੜ ਦਿੱਤੀ ਗਈ। ਅਮਰੀਕਾ ਵਿੱਚ ਸਦੀਆਂ ਤੋਂ ਕਾਲਿਆਂ ਨਾਲ ਰੱਜ ਕੇ ਵਿਤਕਰਾ ਕੀਤਾ ਜਾ ਰਿਹਾ ਹੈ। ਪਰ ਐਨੇ ਵੱਡੇ ਪੱਧਰ ‘ਤੇ ਸੰਗਠਿਤ ਵਿਰੋਧ ਪਹਿਲੀ ਵਾਰ ਹੋਇਆ ਹੈ। ਅਮਰੀਕਾ ਵਿੱਚ ਕਾਲਿਆਂ ਨਾਲ ਹੋਣ ਵਾਲੇ ਵਿਤਕਰੇ ਅਤੇ ਜ਼ੁਲਮਾਂ ਦਾ ਸਭ ਤੋਂ ਵੱਡਾ ਕਾਰਨ ਇਥੇ ਪ੍ਰਚੱਲਿਤ ਰਹੀ ਗੁਲਾਮ ਵਿਵਸਥਾ ਹੈ। ਉਹ ਬਸਤੀਵਾਦੀ ਮਾਨਸਿਕਤਾ ਅਜੇ ਵੀ ਜਿਆਦਾਤਰ ਅਮਰੀਕਨ ਗੋਰਿਆ ਦੇ ਮਨਾਂ ਵਿੱਚ ਗਹਿਰੀ ਵੱਸੀ ਹੋਈ ਹੈ। ਅਮਰੀਕਾ ਮਹਾਂਦੀਪ ਦੀ ਖੋਜ ਕ੍ਰਿਸਟੋਫਰ ਕੋਲੰਬਸ ਨੇ 1493 ਈਸਵੀ ਵਿੱਚ ਕੀਤੀ ਸੀ। ਅਮਰੀਕਾ (ਯੂ.ਐਸ.ਏ.) ਪਹੁੰਚਣ ਵਾਲਾ ਸਭ ਤੋਂ ਪਹਿਲਾ ਯੂਰਪੀਅਨ ਸਪੇਨ ਦਾ ਜਨਰਲ ਜੁਆਨ ਪੌਂਸੇ ਲੀਅਨ ਸੀ (1513 ਈਸਵੀ)। ਹੌਲੀ ਹੌਲੀ ਸਪੇਨ ਦਾ ਗਲਬਾ ਖਤਮ ਕਰ ਕੇ ਅਮਰੀਕਾ ‘ਤੇ ਇੰਗਲੈਂਡ ਨੇ ਕਬਜ਼ਾ ਜਮਾ ਲਿਆ। ਪਰ ਇੰਗਲੈਂਡ ਦੇ ਭਾਰੀ ਟੈਕਸਾਂ ਤੋਂ ਦੁਖੀ ਹੋ ਕੇ ਅਮਰੀਕਨਾਂ ਨੇ ਬਗਾਵਤ ਕਰ ਦਿੱਤੀ ਤੇ 1776 ਵਿੱਚ ਅਜ਼ਾਦੀ ਪ੍ਰਾਪਤ ਕਰ ਲਈ। ਅਮਰੀਕਾ ਦਾ ਕੁੱਲ ਰਕਬਾ 3796742 ਸੁਕੇਅਰ ਕਿ.ਮੀ. ਹੈ। ਐਨੇ ਵੱਡੇ ਰਕਬੇ ਦੇ ਹਿਸਾਬ ਨਾਲ ਅਮਰੀਕਾ ਦੀ ਅਬਾਦੀ ਬਹੁਤ ਹੀ ਘੱਟ ਸੀ ਤੇ ਖੇਤਾਂ ਅਤੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਲੋੜੀਂਦੇ ਮਜ਼ਦੂਰ ਨਾ ਦੇ ਬਰਾਬਰ ਸਨ। ਮਜ਼ਦੂਰਾਂ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਸਪੇਨੀ ਅਤੇ ਪੁਰਤਗਾਲੀ ਵਪਾਰੀਆਂ ਵੱਲੋਂ ਧੜਾ ਧੜ ਅਫਰੀਕਨ ਦੇਸ਼ਾਂ ਤੋਂ ਗੁਲਾਮ ਖਰੀਦ ਕੇ ਅਮਰੀਕਾ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ ਗਏ। ਗੁਲਾਮਾਂ ਨੂੰ ਜਨਵਰਾਂ ਵਾਂਗ ਵੇਚਿਆ ਤੇ ਖਰੀਦਿਆ ਜਾਂਦਾ ਸੀ ਤੇ ਇਹਨਾਂ ਦੀਆਂ ਬਕਾਇਦਾ ਮੰਡੀਆਂ ਬਣੀਆਂ ਹੋਈਆਂ ਸਨ। ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਗੁਲਾਮ ਨੂੰ ਕਤਲ ਕਰਨ ਦਾ ਮਾਲਕ ਕੋਲ ਕਾਨੂੰਨੀ ਅਧਿਕਾਰ ਹੁੰਦਾ ਸੀ।
ਇਹ ਸਿਲਸਿਲਾ ਸੰਨ 1863 ਤੱਕ ਚੱਲਿਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਇੱਕ ਕਾਨੂੰਨ ਰਾਹੀਂ ਗੁਲਾਮ ਪ੍ਰਥਾ ਖਤਮ ਕਰ ਦਿੱਤੀ ਤੇ ਸਾਰੇ ਗੁਲਾਮਾਂ ਨੂੰ ਅਜ਼ਾਦ ਕਰ ਕੇ ਬਰਾਬਰੀ ਦੇ ਅਧਿਕਾਰ ਦੇ ਦਿੱਤੇ। ਇਸ ਵਿਸ਼ੇ ‘ਤੇ ਅਮਰੀਕਾ ਵਿੱਚ ਖਾਨਾਜੰਗੀ ਭੜਕ ਉੱਠੀ ਜੋ 1865 ਵਿੱਚ ਖਤਮ ਹੋਈ। ਅਮਰੀਕਾ ਦੇ ਦੱਖਣੀ ਸੂਬੇ (ਕੈਰੋਲੀਨਾ, ਮਿਸੀਸਿਪੀ, ਫਲੋਰੀਡਾ, ਟੈਕਸਾਸ, ਵਿਰਜ਼ੀਨੀਆਂ, ਟੈਨੇਸੀ, ਨਿਊ ਮੈਕਸੀਕੋ, ਲੂਈਸੀਆਨਾ ਅਤੇ ਜਾਰਜੀਆ ਆਦਿ) ਖੇਤੀ ਪ੍ਰਧਾਨ ਇਲਾਕੇ ਹਨ। ਇਹਨਾਂ ਨੇ ਗੁਲਾਮ ਪ੍ਰਥਾ ਜਾਰੀ ਰੱਖਣ ਦੀ ਮੰਗ ਹੇਠ ਬਗਾਵਤ ਕਰ ਦਿੱਤੀ। ਇਸ ਭਿਆਨਕ ਜੰਗ ਵਿੱਚ ਦੋਵਾਂ ਧਿਰਾਂ ਦੇ ਕਰੀਬ ਦਸ ਲੱਖ ਵਿਅਕਤੀ ਮਾਰੇ ਗਏ ਪਰ ਆਖਰ ਅਬਰਾਹਮ ਲਿੰਕਨ ਨੂੰ ਜਿੱਤ ਪ੍ਰਾਪਤ ਹੋਈ। ਪਰ ਇਸ ਨਾਲ ਵੀ ਕਾਲਿਆਂ ਦੀਆਂ ਮੁਸੀਬਤਾਂ ਖਤਮ ਨਾ ਹੋਈਆਂ। ਉਹਨਾਂ ਨੂੰ ਨਾ ਤਾਂ ਚੰਗੀਆਂ ਨੌਕਰੀਆਂ ਮਿਲਦੀਆਂ ਸਨ ਤੇ ਨਾ ਹੀ ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹ ਸਕਦੇ ਸਨ। ਵੋਟ ਦਾ ਅਧਿਕਾਰ ਵੀ ਕਈ ਸ਼ਰਤਾਂ ਅਧੀਨ 1875 ਵਿੱਚ ਪ੍ਰਾਪਤ ਹੋਇਆ। ਪਹਿਲੀ ਤੇ ਦੂਸਰੀ ਸੰਸਾਰ ਜੰਗ ਵੇਲੇ ਅਮਰੀਕਨ ਫੌਜ ਵਿੱਚ  ਇੱਕ ਵੀ ਕਾਲਾ ਅਫਸਰ ਨਹੀਂ ਸੀ। ਉਹ ਸਿਰਫ ਸਧਾਰਨ ਸਿਪਾਹੀ ਸਨ ਜਾਂ ਹੋਰ ਛੋਟੇ ਮੋਟੇ ਕੰਮਾਂ ਜਿਵੇਂ ਬਾਵਰਚੀ, ਵਾਲ ਕੱਟਣ ਅਤੇ ਸਫਾਈ ਆਦਿ ਕਰਦੇ ਸਨ।
ਸਮਾਂ ਬਦਲਣ ਨਾਲ ਹੌਲੀ ਹੌਲੀ ਅਮਰੀਕਾ ਵਿੱਚ ਕਾਲੇ ਬਹੁਤ ਤਰੱਕੀ ਕਰ ਗਏ ਹਨ। ਇਸ ਵੇਲੇ ਅਮਰੀਕਾ ਦੀ 33 ਕਰੋੜ ਅਬਾਦੀ ਵਿੱਚ ਕਾਲਿਆਂ ਦੀ ਗਿਣਤੀ ਕਰੀਬ 4 ਕਰੋੜ ਹੈ। ਉੱਚਤਮ ਸਰਕਾਰੀ ਪਦਵੀਆਂ ‘ਤੇ ਪਹੁੰਚਣ ਸਮੇਤ ਬਰਾਕ ਉਬਾਮਾ ਵਰਗੇ ਬੁੱਧੀਜੀਵੀ ਰਾਸ਼ਟਰਪਤੀ ਵੀ ਬਣ ਚੁੱਕੇ ਹਨ। ਕੁਦਰਤੀ ਤੌਰ ‘ਤੇ ਸਰੀਰੋਂ ਤਕੜੇ ਹੋਣ ਕਾਰਨ ਅਮਰੀਕਾ ਦੀਆਂ ਮੁੱਕੇਬਾਜੀ, ਬਾਸਕਟਬਾਲ, ਐਥਲੈਟਿਕਸ ਅਤੇ ਵਾਲੀਬਾਲ ਵਰਗੀਆਂ ਕਈ ਉਲੰਪਿਕ ਟੀਮਾਂ ‘ਤੇ ਕਾਲਿਆਂ ਦਾ ਏਕਾਧਿਕਾਰ ਹੈ। ਉਹ ਸੰਗੀਤ ਅਤੇ ਫਿਲਮਾਂ ਵਿੱਚ ਵੀ ਰਾਜ ਕਰ ਰਹੇ ਹਨ। ਪਰ ਜਿਆਦਾਤਰ ਗੋਰੇ ਅਮਰੀਕਨਾਂ ਕੋਲੋਂ ਅਜੇ ਵੀ ਉਹਨਾਂ ਦੀ ਬਰਾਬਰੀ ਅਤੇ ਤਰੱਕੀ ਹਜ਼ਮ ਨਹੀਂ ਹੋ ਰਹੀ। ਅਜਿਹੇ ਲੋਕਾਂ ਦੀ ਘਟੀਆ ਮਾਨਸਿਕਤਾ ਇਹ ਹੈ ਕਿ ਕਲ੍ਹ ਤੱਕ ਸਾਡੇ ਗੁਲਾਮ ਰਹੇ ਇਹ ਲੋਕ ਸਾਡੇ ਬਰਾਬਰ ਕਿਵੇਂ ਹੋ ਸਕਦੇ ਹਨ? ਅਮਰੀਕਾ ਦੀ ਪੁਲਿਸ ਵਿੱਚ ਵੀ ਗੋਰਿਆਂ ਦੀ ਬਹੁਗਿਣਤੀ ਹੈ। ਇਹ ਠੀਕ ਹੈ ਕਿ ਅਮਰੀਕਾ ਦੇ ਜ਼ੁਰਮ ਦੀ ਦੁਨੀਆਂ ‘ਤੇ ਵੀ ਕਾਲਿਆਂ ਦਾ ਰਾਜ ਹੈ ਤੇ ਸਭ ਤੋਂ ਵੱਧ ਨਸ਼ਿਆਂ ਦੀ ਵਰਤੋਂ, ਸਮੱਗਲਿੰਗ, ਮਾਰ ਕੁੱਟ ਅਤੇ ਲੁੱਟਾਂ ਖੋਹਾਂ ਕਾਲੇ ਹੀ ਕਰਦੇ ਹਨ। ਭਾਵੇਂ ਗੋਰੇ ਵੀ ਜ਼ੁਰਮ ਕਰਦੇ ਹਨ, ਪਰ ਕਾਲਿਆਂ ਦੇ ਖਿਲਾਫ ਪੁਲਿਸ ਵੱਧ ਸਖਤੀ ਕਰਦੀ ਹੈ। ਜਾਰਜ ਫਲਾਇਡ ਵਾਲੇ ਕੇਸ ਤੋਂ ਬਾਅਦ ਹੋਏ ਦੰਗਿਆਂ ਅਤੇ ਲੁੱਟ ਮਾਰ ਦੀਆਂ ਘਟਨਾਵਾਂ ਦੀਆਂ ਵੀਡੀਉ ਅਤੇ ਫੋਟੋਆਂ ਵੇਖ ਕੇ ਪਤਾ ਚੱਲਦਾ ਹੈ ਕਾਲਿਆਂ ਨਾਲੋਂ ਜਿਆਦਾ ਲੁੱਟ ਮਾਰ ਗੋਰੇ ਕਰ ਰਹੇ ਹਨ, ਪਰ ਸਾਰਾ ਇਲਜ਼ਾਮ ਕਾਲਿਆਂ ਦੇ ਸਿਰ ਮੜ੍ਹਿਆ ਜਾ ਰਿਹਾ ਹੈ।
ਕਾਲਿਆਂ ਦੇ ਖਿਲਾਫ ਹਿੰਸਾ ਅੱਜ ਅਮਰੀਕਨ ਪੁਲਿਸ ਦੇ ਵਿਹਾਰ ਦਾ ਇੱਕ ਅਨਿੱਖੜਵਾਂ ਵਰਤਾਰਾ ਬਣ ਚੁੱਕਾ ਹੈ। ਪੁਲਿਸ ਵੱਲੋਂ ਕਾਲਿਆਂ ਨੂੰ ਗ੍ਰਿਫਤਾਰ ਕਰਨ ਸਮੇਂ ਗੈਰ ਜਰੂਰੀ ਬਲ ਪ੍ਰਯੋਗ ਕੀਤਾ ਜਾਂਦਾ ਹੈ। 2014 ਵਿੱਚ ਇੱਕ ਕਾਲੇ ਵਿਅਕਤੀ ਫਰੇਡੀ ਗਰੇ ਨੂੰ ਮਿਵਾਕੀ ਸ਼ਹਿਰ ਵਿਖੇ ਗ੍ਰਿਫਤਾਰੀ ਸਮੇਂ ਇੱਕ ਗੋਰੇ ਪੁਲਿਸ ਅਫਸਰ ਬਰਾਇਨ ਰਾਈਸ ਵੱਲੋਂ ਲੱਕ ਤੋੜ ਕੇ ਮਾਰ ਦਿੱਤਾ ਗਿਆ ਸੀ। ਜਦੋਂ ਉਸ ਨੂੰ ਜੱਜ ਨੇ ਬਰੀ ਕਰ ਦਿੱਤਾ ਤਾਂ ਸ਼ਹਿਰ ਦੇ ਗੋਰੇ ਸ਼ੈਰਿਫ ਨੇ ਅਦਾਲਤ ਵਿੱਚ ਤਾੜੀਆਂ ਮਾਰ ਕੇ ਫੈਸਲੇ ਦਾ ਸਵਾਗਤ ਕੀਤਾ। ਬਾਅਦ ਵਿੱਚ ਮੀਡੀਆ ਵਿੱਚ ਥੂਹ ਥੂਹ ਹੋਣ ‘ਤੇ ਉਸ ਨੂੰ ਮਾਫੀ ਮੰਗਣੀ ਪਈ। ਇਸ ਤੋਂ ਬਾਅਦ 9 ਅਗਸਤ 2014 ਨੂੰ ਗ੍ਰਿਫਤਾਰੀ ਦਾ ਵਿਰੋਧ ਕਰਨ ‘ਤੇ ਇੱਕ 18 ਸਾਲਾ ਕਾਲੇ ਨੌਜਵਾਨ ਮਾਈਕਲ ਬਰਾਊਨ ਨੂੰ ਮਿਸੂਰੀ ਸੂਬੇ ਦੇ ਫਰਗੂਸਨ ਸ਼ਹਿਰ ਵਿੱਚ ਇੱਕ ਗੋਰੇ ਪੁਲਿਸ ਅਫਸਰ ਡਾਰੇਨ ਵਿਲਸਨ ਨੇ 12 ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਸ ਘਟਨਾ ਤੋਂ ਪਹਿਲਾਂ ਮੀਡੀਆ ਕਾਲਿਆਂ ਦੀ ਮੌਤ ਦਾ ਕੋਈ ਖਾਸ ਨੋਟਿਸ ਨਹੀਂ ਸੀ ਲੈਂਦਾ।  ਪਰ ਇਸ ਕੇਸ ਵਿੱਚ ਵੀ ਭਾਵੇਂ ਡਾਰੇਨ ਵਿਲਸਨ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਗਿਆ, ਪਰ ਪਹਿਲੀ ਵਾਰ ਭਾਰੀ ਪੱਧਰ ‘ਤੇ ਵਿਖਾਵੇ ਹੋਏ ਜੋ ਦੰਗਿਆਂ ਵਿੱਚ ਬਦਲ ਗਏ ਤੇ ਕਈ ਦਿਨਾਂ ਤੱਕ ਚੱਲਦੇ ਰਹੇ। ਪਰ ਇਸ ਤੋਂ ਬਾਅਦ ਵੀ ਪੁਲਿਸ ਦੇ ਵਿਹਾਰ ਵਿੱਚ ਕੋਈ ਬਦਲਾਉ ਨਾ ਆਇਆ ਤੇ ਥੋੜ੍ਹੇ ਥੋੜ੍ਹੇ ਸਮੇਂ ਦੇ ਅੰਤਰਾਲ ‘ਤੇ ਐਰਿਕ ਗਾਰਨਰ, ਰੋਡਨੀ ਕਿੰਗ, ਬਰਾਉਨੀ ਟੇਲਰ, ਤਾਮਿਰ ਰਾਇਸ, ਫਰੈਡੀ ਗਰੇਅ, ਸਾਂਦਰਾ ਬਲਾਂਡ, ਫਿਲਾਡੀਉ ਕੈਸਲ ਆਦਿ ਕਾਲੇ ਮਾਰ ਦਿੱਤੇ ਗਏ। ਇਹਨਾਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਕਾਲਿਆਂ ਦੀ ਸੁਰੱਖਿਆ ਲਈ ਰਾਸ਼ਟਰਪਤੀ ਉਬਾਮਾ ਨੇ ਕਈ ਕਾਨੂੰਨ ਪਾਸ ਕੀਤੇ ਤੇ ਲੋਕਲ ਪੁਲਿਸ ਵਾਸਤੇ ਮਿਲਟਰੀ ਗਰੇਡ ਹਥਿਆਰ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ।
ਅਮਰੀਕਾ ਵਿੱਚ ਐਫ.ਬੀ.ਆਈ., ਹੋਮ ਲੈਂਡ ਸਕਿਊਰਿਟੀ, ਸਟੇਟ ਪੁਲਿਸ ਅਤੇ ਮਿਊਂਸੀਪਲ ਪੁਲਿਸ ਨੂੰ ਮਿਲਾ ਕੇ 18000 ਵੱਖ ਵੱਖ ਪੁਲਿਸ ਵਿਭਾਗ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਆਪੋ ਆਪਣੇ ਕਾਨੂੰਨ ਅਤੇ ਗ੍ਰਿਫਤਾਰੀ ਵੇਲੇ ਤਾਕਤ ਵਰਤਣ ਦੇ ਮਾਪਦੰਡ ਹਨ। ਮੌਜੂਦਾ ਰਾਸ਼ਟਰਪਤੀ ਟਰੰਪ ਬਹੁਤ ਹੀ ਕੱਟੜ ਸੱਜੇ ਪੱਖੀ ਵਿਅਕਤੀ ਹੈ। ਰਾਸ਼ਟਰਪਤੀ ਬਣਦੇ ਸਾਰ ਉਸ ਨੇ ਉਬਾਮਾ ਵੱਲੋਂ ਕਾਲਿਆਂ ਦੀ ਭਲਾਈ ਲਈ ਬਣਾਏ ਅਨੇਕਾਂ ਕਾਨੂੰਨ ਰੱਦ ਕਰ ਦਿੱਤੇ ਹਨ ਤੇ ਮਿਊਂਸੀਪਲ ਪੁਲਿਸ ਨੂੰ ਦੁਬਾਰਾ ਮਿਲਟਰੀ ਗਰੇਡ ਦੇ ਹਥਿਆਰ ਵਰਤਣ ਦੀ ਖੁਲ੍ਹ ਦੇ ਦਿੱਤੀ ਹੈ। ਉਸ ਨੇ ਹੁਣ ਹੋਏ ਦੰਗਿਆਂ ਨੂੰ ਦਬਾਉਣ ਲਈ ਵੀ ਖੁਲ੍ਹ ਕੇ ਪੁਲਿਸ ਅਤੇ ਨੈਸ਼ਨਲ ਮਾਰਸ਼ਲਾਂ ਦੀ ਵਰਤੋਂ ਕੀਤੀ ਹੈ। ਟਰੰਪ ਵੱਲੋਂ ਵਾਗਾਂ ਢਿੱਲੀਆਂ ਛੱਡ ਦੇਣ ਕਾਰਨ ਪੁਲਿਸ ਹੋਰ ਜਿਆਦਾ ਬੇਮੁਹਾਰੀ ਹੋ ਗਈ ਹੈ। 22 ਮਾਰਚ 2019 ਨੂੰ ਨਸ਼ੇ ਨਾਲ ਧੁੱਤ ਹੋ ਕੇ ਕਾਰ ਵਿੱਚ ਸੁੱਤੇ ਪਏ ਇੱਕ ਕਾਲੇ ਗਾਇਕ ਵਿਲੀ ਮੈਕਾਏ ਨੂੰ ਮਾਰਨ ਲਈ ਇੱਕ ਗੋਰੇ ਪੁਲਿਸ ਵਾਲੇ ਨੇ 55 ਗੋਲੀਆਂ ਮਾਰੀਆਂ ਸਨ। ਪੁਲਿਸ ਕਾਰ ਵਿੱਚ ਲੱਗੇ ਕੈਮਰੇ ਵਿੱਚ ਦੀ ਰਿਕਾਡਿੰਗ ਤੋਂ ਇਸ ਤਰਾਂ ਲੱਗਦਾ ਹੈ ਜਿਵੇਂ ਉਹ ਆਪਣੀ ਇਸ ਕਰਤੂਤ ਦਾ ਮਜ਼ਾ ਲੈ ਰਿਹਾ ਹੋਵੇ।  ਇਸ ਤਰਾਂ ਦੇ ਜਿਆਦਾਤਰ ਕੇਸਾਂ ਵਿੱਚ ਪੁਲਿਸ ਅਫਸਰ ਆਤਮ ਰੱਖਿਆ ਵਿੱਚ ਗੋਲੀ ਚਲਾਉਣ ਦੀ ਅਧਿਕਾਰ ਦੀ ਆੜ ਹੇਠ ਬਚ ਜਾਂਦੇ ਹਨ। 2010 ਤੋਂ 2020 ਤੱਕ ਕਾਲਿਆਂ ਨੂੰ ਗੋਲੀ ਮਾਰਨ ਵਾਲੇ 99% ਅਫਸਰ ਸਾਫ ਬਰੀ ਹੋਏ ਹਨ। ਪਰ ਹੁਣ ਫਲਾਇਡ ਵਾਲੇ ਕੇਸ ਵਿੱਚ ਪੁਲਿਸ ਅਫਸਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।
ਕਾਲਿਆਂ ਦੇ ਜ਼ੁਰਮ ਦੀ ਦਲਦਲ ਵਿੱਚ ਫਸਣ ਦਾ ਸਭ ਤੋਂ ਵੱਡਾ ਕਾਰਨ ਕਾਰਨ ਗਰੀਬੀ ਹੈ। ਕਾਲਿਆਂ ਦੀ ਬਹੁਗਿਣਤੀ ਸ਼ਹਿਰਾਂ ਦੇ ਗਰੀਬ ਤੇ ਗੰਦੇ ਝੌਂਪੜ ਪੱਟੀ ਵਰਗਿਆਂ ਇਲਾਕਿਆਂ ਵਿੱਚ ਰਹਿੰਦੀ ਹੈ। ਗਰੀਬੀ ਕਾਰਨ ਬੱਚੇ ਆਪਣਾ ਖਰਚਾ ਚਲਾਉਣ ਲਈ ਬਚਪਨ ਤੋਂ ਹੀ ਜ਼ੁਰਮ ਅਤੇ ਨਸ਼ੇ ਵੇਚਣ ਵੱਲ ਆਕਰਸ਼ਿਤ ਹੋ ਜਾਂਦੇ ਹਨ। ਭਾਰਤ ਵਾਂਗ ਅਮਰੀਕਨ ਪੁਲਿਸ ਵੀ ਨਸ਼ਿਆਂ ਦੀ ਰੋਕਥਾਮ ਲਈ ਗਰੀਬ ਇਲਾਕਿਆਂ ਵਿੱਚ ਸਖਤੀ ਰੱਖਦੀ ਹੈ ਤੇ ਗੋਰਿਆਂ ਦੇ ਅਮੀਰ ਇਲਾਕਿਆਂ ਅਤੇ ਮਹਿੰਗੀਆਂ ਯੂਨੀਵਰਸਿਟੀਆਂ – ਕਾਲਜ ਜਿੱਥੇ ਨਸ਼ੇ ਵਰਤੇ ਜਾਂਦੇ ਹਨ, ਵੱਲ ਵੇਖਦੇ ਵੀ ਨਹੀਂ। ਫਲਾਇਡ ਦੀ ਮੌਤ ਤੋਂ ਬਾਅਦ ਹੁਣ ਅਮਰੀਕਾ ਦੇ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਪੁਲਿਸ ਸੁਧਾਰਾਂ ਅਤੇ ਗ੍ਰਿਫਤਾਰੀ ਸਮੇਂ ਘੱਟ ਤਾਕਤ ਵਰਤਣ ਵਾਲੇ ਤਰੀਕੇ ਅਪਨਾਉਣ ਦੀ ਜ਼ੋਰਦਾਰ ਮੰਗ ਉਠਾਈ ਜਾ ਰਹੀ ਹੈ। ਧੌਣ ‘ਤੇ ਗੋਡਾ ਰੱਖਣ ਅਤੇ ਗਰਦਣ ਤੋਂ ਦਬੋਚਣ ‘ਤੇ ਰੋਕ ਲਗਾਉਣ, ਗੋਲੀ ਚਲਾਉਣ ਤੋਂ ਪਹਿਲਾਂ ਚੇਤਾਵਨੀ ਦੇਣ, ਚਲਦੀ ਗੱਡੀ ‘ਤੇ ਗੋਲੀ ਨਾ ਚਲਾਉਣ ਅਤੇ ਇੱਕ ਪੁਲਿਸ ਸੁਧਾਰ ਕਮਿਸ਼ਨ ਬਣਾਉਣ ਆਦਿ ਵਾਸਤੇ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਪਰ ਜਿਹੋ ਜਿਹੀਆਂ ਧਮਕੀਆਂ ਰਾਸ਼ਟਰਪਤੀ ਟਰੰਪ ਵਿਖਾਵਾਕਾਰੀਆਂ ਨੂੰ ਦੇ ਰਿਹਾ ਹੈ, ਉਸ ਤੋਂ ਤਾਂ ਲੱਗਦਾ ਨਹੀਂ ਕਿ ਇਹ ਸੁਧਾਰ ਇਸ ਦੇ ਸੇਵਾ ਕਾਲ ਵਿੱਚ ਲਾਗੂ ਹੋਣਗੇ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin