ਗੁਰੂ ਨਾਨਕ ਸਾਹਿਬ ਜੀ ਦੀ ‘ਧੁਰ ਕੀ ਬਾਣੀ’ ਅੰਦਰ ਵਿਗਿਆਨਕ ਸੋਚ ਦੀ ਝਲਕ ਸਪੱਸ਼ਟ ਦਿਸਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਬ੍ਰਹਿਮੰਡੀ ਭੇਦਾਂ ਦੀ ਸਮਝ ਪੈਂਦੀ ਹੈ। ‘ਜਪੁ ਜੀ ਬਾਣੀ’ ਅੰਦਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ,” ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।” ਇਸ ਨੂੰ ਪੜ੍ਹ,ਸੁਣ ਕੇ ਸਮਝ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਦਿਬ ਦ੍ਰਿਸ਼ਟੀ ਵਿੱਚ ਅਣਗਿਣਤ ਧਰਤੀਆਂ ਤੇ ਆਕਾਸ਼ਾਂ ਦੀ ਸੋਝੀ ਸਮਾਈ ਹੋਈ ਹੈ। ਇੱਥੇ ‘ਲੱਖ’ ਤੋਂ ਭਾਵ ‘ਅਣਗਿਣਤ’ਹੈ, ਗੁਰੂ ਸਾਹਿਬ ਜੀ ਆਖਦੇ ਹਨ “ਲੇਖਾ ਹੋਇ ਤਾ ਲਿਖੀਐ ਹੈ ਲੇਖੈ ਹੋਇ ਵਿਣਾਸੁ।।” ਆਕਾਸ਼ਾਂ/ਪਤਾਲਾਂ ਦੀ ਗਿਣਤੀ ਏਨੀ ਜ਼ਿਆਦਾ ਵਿਸ਼ਾਲ ਹੈ ਕਿ ਉਸ ਨੂੰ ਲੇਖੇ ਦੁਆਰਾ ਪ੍ਰਗਟ ਨਹੀਂ ਕੀਤਾ ਜਾ ਸਕਦਾ ਭਾਵ ਇਹ ਕਿ ਮਨੁੱਖ ਦੁਆਰਾ ਮਿੱਥੀਆਂ ਇਕਾਈਆਂ ਲੱਖ,ਕਰੋੜ,ਅਰਬ,ਅਸੰਖ ਆਦਿ ਵੀ ਇਸ ਲੇਖੇ ਨੂੰ ਪ੍ਰਗਟਾਉਣ ਵਿੱਚ ਅਸਮਰੱਥ ਹਨ।ਇਸ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ,ਜਿੰਨਾ ਇਸ ਸ੍ਰਿਸ਼ਟੀ/ ਬ੍ਰਹਿਮੰਡ ਨੂੰ ਖੋਜੀਏ ਇਹ ਓਨੀ ਹੀ ਡੂੰਘੀ ਉਤਰਦੀ ਜਾਂਦੀ ਹੈ,ਹੋਰ ਵਿਸ਼ਾਲ ਰੂਪ ਧਾਰਦੀ ਹੈ।ਇਸ ਸਮੁੱਚੀ ਸਥਿਤੀ ਦਾ ਅਹਿਸਾਸ ਵਿਗਿਆਨ ਨੂੰ ਹੁਣ ਹੋਇਆ ਹੈ।ਇਹ ਸਮੁੱਚੀ ਸ੍ਰਿਸ਼ਟੀ ਦੇ ਅੰਤ ਨੂੰ ਕੋਈ ਵੀ ਨਹੀਂ ਜਾਣ ਸਕਿਆ ਹੈ।ਅਕਾਲ ਪੁਰਖ ਦੀ ਪੈਦਾ ਕੀਤੀ ਕਾਇਨਾਤ/ਕੁਦਰਤ/ਸ੍ਰਿਸ਼ਟੀ ਦੇ ਗੁਣਾਂ ਅਤੇ ਵਿਸ਼ਾਲਤਾ ਦਾ ਅੰਤ ਕੋਈ ਨਹੀਂ ਬਿਆਨ ਕਰ ਸਕਦਾ ਗੁਰੂ ਸਾਹਿਬ ਜੀ ਫਰਮਾਉਂਦੇ ਹਨ ,”ਏਹੁ ਅੰਤੁ ਨ ਜਾਣੈ ਕੋਇ।।ਬਹੁਤਾ ਕਹੀਐ ਬਹੁਤਾ ਹੋਇ।। “ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਿਆਂ ਧਰਤੀਆਂ ਗ੍ਰਹਿਆਂ ਆਦਿ ਦੀ ਸਮਝ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ।ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹਨ ,”ਕੇਤੀਆ ਕਰਮਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ।। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।। ਭਾਵ ਇਹ ਹੈ ਕਿ ਬੇਅੰਤ ਹੀ ਅਕਾਲ ਪੁਰਖ਼ ਦੀ ਕੁਦਰਤ ਵਿੱਚ ਧਰਤੀਆਂ ਹਨ,ਬੇਅੰਤ ਮੇਰੂ ਪਰਬਤ,ਬੇਅੰਤ ਧਰੂ ਭਗਤ ਭਾਵ ਧਰੂ ਤਾਰੇ ਤੇ ਉਨ੍ਹਾਂ ਦੇ ਉਪਦੇਸ਼ ਹਨ।ਬੇਅੰਤ ਹੀ ਇੰਦਰ ਦੇਵ ਤੇ ਚੰਦਰਮਾ,ਬੇਅੰਤ ਸੂਰਜ ਅਤੇ ਬੇਅੰਤ ਸੂਰਜ ਹਨ।ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ (1283)ਉੱਤੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਵਿੱਚ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਕਿਹਾ ਗਿਆ ਹੈ,”ਖੰਡ ਪਤਾਲ ਅਸੰਖ ਮੈ ਗਣਤ ਨ ਕੋਈ।।”ਜਦੋਂ ਬ੍ਰਹਿਮੰਡ ਉਪਜਿਆ ਸੀ ਤਾਂ ਤਾਰਾ ਵਿਗਿਆਨੀਆਂ ਦੀ ਸੋਚ ਅਨੁਸਾਰ ਉਦੋਂ ਬ੍ਰਹਿਮੰਡ ਸੁੰਨ ਅਵਸਥਾ ਵਿੱਚ ਸੀ,ਸਮਾਂ ਅਜੇ ਸ਼ੁਰੂ ਨਹੀਂ ਸੀ ਹੋਇਆ ਤੇ ਪਦਾਰਥ ਇੱਕ ਬਿੰਦੂ ਗੋਲੇ ਵਿੱਚ ਇਕੱਠਾ ਸਨ ਨਾ ਹੀ ਧਰਤੀ ਸੀ, ਨਾ ਹੀ ਉਦੋਂ ਅਜੇ ਦਿਨ-ਰਾਤ ਬਣੇ ਸਨ, ਕੋਈ ਚੰਨ ਨਹੀਂ ਸੀ ਅਤੇ ਨਾ ਹੀ ਅੱਜ ਵਾਂਗ ਕੋਈ ਸੂਰਜ ਸੀ।ਬਿਲਕੁਲ ਸੁੰਨ ਸੀ।ਉਹ ਗੋਲਾ ਫਟਿਆ,ਗੈਸਾਂ ਦਾ ਅੰਬਾਰ ਉਪਜਿਆ ਜਿਵੇਂ ਗੁਰੂ ਜੀ ਨੇ ਆਪਣੀ ਧੁਰ ਕੀ ਬਾਣੀ ਵਿੱਚ ਲਿਖਿਆ ਹੈ (ਜੋ ਕਿ ਵਿਗਿਆਨੀਆਂ ਦੀ ਸੋਚ ਤੋਂ ਬਹੁਤ ਸਾਲ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ) ਕਿ ,”ਅਰਬਦ ਨਰਬਦ ਧੁੰਧੂਕਾਰਾ ਸੁੰਨ ਸਮਾਧ ਲਗਾਇਦਾ।।ਧਰਣਿ ਨ ਗਗਨਾ ਹੁਕਮੁ ਅਪਾਰਾ।।ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧ ਲਗਾਇਦਾ।।”ਅਤੇ ਇੱਕ ਥਾਂ ਤੇ ਹੋਰ ਗੁਰੂ ਸਾਹਿਬ ਜੀ ਲਿਖਦੇ ਹਨ,”ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰੁ ਵਹਾਇਦਾ।।”ਪਹਿਲਾਂ ਵਾਲੀ ਵਿਚਾਰਧਾਰਾ ਅਨੁਸਾਰ ਇਹ ਕਿਹਾ ਜਾਂਦਾ ਸੀ ਕਿ ਧਰਤੀ ਬਲਦ ਦੇ ਸਿੰਙਾਂ ਉੱਤੇ ਟਿਕੀ ਹੋਈ ਹੈ,ਪਰ ਇਸ ਬਾਰੇ ਵੀ ਗੁਰੂ ਸਾਹਿਬ ਜੀ ਨੇ ਚਾਨਣਾ ਪਾਇਆ ਤੇ ਕਿਹਾ ਹੈ ਕਿ, “ਜੇ ਕੋ ਬੁਝੈ ਹੋਵੈ ਸਚਿਆਰੁ।। ਧਵਲੈ ਉਪਰਿ ਕੇਤਾ ਭਾਰੁ।।ਧਰਤੀ ਹੋਰੁ ਪਰੇ ਹੋਰੁ ਹੋਰੁ।।ਤਿਸ ਤੇ ਭਾਰੁ ਤਲੈ ਕਵਣੁ ਜੋਰੁ।।”ਭਾਵ ਇਹ ਕਿ ਜੇ ਕੋਈ ਸੱਚ ਜਾਣਨਾ ਚਾਹੇ ਤਾਂ ਪਹਿਲਾਂ ਹੀ ਇਹ ਸਮਝੇ ਕਿ ਧਰਤੀ ਕਿੰਨੀ ਕੁ ਭਾਰੀ ਹੈ? ਤੇ ਕਿੰਨੀ ਕੁ ਵਿਸ਼ਾਲ ਹੈ?ਵਿਚਾਰਾ ਬਲਦ ਇਸ ਭਾਰ ਨੂੰ ਕਿਵੇਂ ਚੁੱਕਦਾ ਹੋਵੇਗਾ?ਇਹ ਵੀ ਕੋਈ ਸੋਚੇ ਕਿ ਮੰਨ ਲਓ ਧਰਤੀ ਬਲਦ ਦੇ ਸਿੰਙਾਂ ਦੇ ਸਹਾਰੇ ‘ਤੇ ਖੜ੍ਹੀ ਹੈ ਤਾਂ ਫਿਰ ਬਲਦ ਅੱਗੋਂ ਕਿਸ ਦੇ ਸਹਾਰੇ ਖੜ੍ਹਾ ਹੈ?ਇਸ ਲਈ ਉਨ੍ਹਾਂ ਇਹ ਕਹਿਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਵਾਸਤਵ ਵਿੱਚ,”ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤੁ।। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਰਚੀ ਅਤੇ ਕਿਹਾ,”ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰਿਆਉ।।”ਭਾਵ ਇਹ ਜਦੋਂ ਧਰਤੀ ਬਣ ਗਈ,ਫਿਰ ਠੰਢੀ ਹੋਈ, ਇਸ ਉਤੇ ਬੜੇ ਮੀਂਹ ਵਰ੍ਹੇ,ਵੱਡੇ ਹੜ੍ਹ ਆਏ ਜਦੋਂ ਕੁਝ ਆਰਾਮ ਮਿਲਿਆ ਲੱਖਾਂ ਦਰਿਆ ਵੱਗ ਪਏ।ਇਸ ਸ੍ਰਿਸ਼ਟੀ ਵਿੱਚ ਸਭ ਕੁਝ ਕਿਸੇ ਤਰਤੀਬ ਵਿੱਚ ਕਿਸੇ ਹੁਕਮ ਵਿੱਚ ਭਾਵ ਕੁਦਰਤ ਦੇ ਅਸੂਲਾਂ ਮੁਤਾਬਕ ਹੀ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ‘ਜਪੁ ਬਾਣੀ’ ਵਿੱਚ ਦੱਸਦੇ ਹਨ, “ਹੁਕਮੈ ਅੰਦਰੁ ਸਭ ਕੋ ਬਾਹਰਿ ਹੁਕਮ ਨ ਕੋਇ।।” ਬਹੁਤੀਆਂ ਪੁੱਛਿਆ ਕਿ ਜੇਕਰ ਸਭ ਕੁਝ ਪ੍ਰਮਾਤਮਾ ਦੇ ਹੁਕਮ ਅੰਦਰ ਹੈ ਤਾਂ ਫਿਰ ਇਹ ਸਭ ਕਦੋਂ ਬਣਿਆ ਫਿਰ ਗੁਰੂ ਸਾਹਿਬ ਜੀ ਬਾਣੀ ਰਾਹੀਂ ਹੀ ਸਵਾਲ ਜਵਾਬ ਕਰਦੇ ਹਨ ਅਤੇ ‘ਜਪੁ ਜੀ ਬਾਣੀ’ ਰਾਹੀਂ ਹੀ ਫੁਰਮਾਨ ਕਰਦੇ ਹਨ,”ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ।। ਕਵਣੁ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।। …ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। ।”ਗੁਰੂ ਨਾਨਕ ਸਾਹਿਬ ਜੀ ਕੁਦਰਤ ਦੇ ਵੀ ਕਵੀ (ਸ਼ਾਇਰ) ਹਨ ਉਨ੍ਹਾਂ ਨੇ ਆਰਤੀ ਨੂੰ ਵੀ ਬ੍ਰਹਿਮੰਡੀ ਰੂਪ ਦੇ ਕੇ ਸਾਰੀ ਸ੍ਰਿਸ਼ਟੀ ਦੀ ਆਰਤੀ ਉਚਾਰੀ ਹੈ,”ਗਗਨ ਮੈ ਥਾਲੁ ਰਵਿ ਚੰਦ ਦੀਪਕ ਬੜੇ ਤਾਰਿਕਾ ਮੰਡਲ ਜਨਕ ਮੋਤੀ।।ਧੂਪੁ ਮਲਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਫੂਲੰਤ ਜੋਤੀ।। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ।।ਅਨਹਤਾ ਸਬਦ ਵਾਜੰਤ ਭੇਰੀ।।ਰਹਾਉ।।…” ਧੁਰ ਕੀ ਬਾਣੀ ਦੀ ਵਿਗਿਆਨਕ ਵਿਚਾਰਧਾਰਾ ਅਨੁਸਾਰ ਉਹ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚੀ ਜਾਤ ਵਾਲਿਆਂ ਦੇ ਬਰਾਬਰ ਮੰਨਦੇ, ਕਿਸੇ ਨੂੰ ਵੀ ਨੀਚ ਜਾਤ,ਨੀਚ ਕਹਿਣ ਦੇ ਹੱਕ ਵਿੱਚ ਨਹੀਂ ਸਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ,”ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।” ਜਪੁ ਬਾਣੀ ਅੰਦਰ ਗੁਰੂ ਸਾਹਿਬ ਜੀ ਲਿਖਦੇ ਹਨ ਕਿ ,”ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ।।” ਇਉਂ ਸਾਰੀ ਗੁਰਬਾਣੀ ਵਿੱਚ ਵਿਗਿਆਨਕ ਸੋਚ ਸ਼ਮਲੇ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸਰੂਪ ਗੁਰੂ ਸਾਹਿਬਾਨਾਂ ਵੱਲੋਂ ਲਿਖੀ ਬਾਣੀ ਵਿੱਚ ਵੀ ਵਿਗਿਆਨਕ ਸੋਚ ਦ੍ਰਿਸ਼ਟੀਗੋਚਰ ਹੁੰਦੀ ਹੈ ਇਉਂ ਸਮੁੱਚੀ ਗੁਰਬਾਣੀ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਬ੍ਰਹਿਮੰਡੀ ਭੇਦਾਂ ਦੀ ਖੂਬ ਜਾਣਕਾਰੀ ਮਿਲਦੀ ਹੈ,ਜਿਸ ਬਾਰੇ ਵਿਗਿਆਨ ਹੁਣ ਖੋਜਾਂ ਕਰ ਰਿਹਾ ਹੈ ਅਤੇ ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਕਿੰਨੇ ਸਾਲ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ।
ਲੇਖਕ: ਜਗਜੀਤ ਸਿੰਘ ਦਿਲਾ ਰਾਮ, ਫਿਰੋਜ਼ਪੁਰ