Articles Automobile Magazine

ਜ਼ਰਾ ਬਚਕੇ ਮੋੜ ਤੋਂ . . . ਭਾਗ – 2

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪਿਛਲੇ ਲੇਖ ਦੇ ਵਿੱਚ ਮੈਂ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਕਾਰਾਂ ਦੀ ਮੁਰੰਮਤ ਸਮੇਂ ਗੈਰੇਜਾਂ ਵਾਲਿਆਂ ਵੱਲੋਂ ਕਿਵੇਂ ਕੁੱਝ ਕੁ ਪੈਸਿਆ ਦੇ ਕੰਮ ਵਾਸਤੇ ਇਹ ਮਕੈਨਿਕ ਰੂਪੀ ਦੁਕਾਨਦਾਰ ਕਾਰ ਮਾਲਕਾਂ ਨਾਲ ਸੈਂਕੜਿਆ ਨਹੀਂ ਬਲਕਿ ਹਜ਼ਾਰਾਂ ਦੀ ਠੱਗੀ ਮਾਰਦੇ ਹਨ । ਪਿਛਲੇ ਲੇਖ ਨੂੰ ਪੜ੍ਹਕੇ ਬਹੁਤ ਸਾਰੇ ਪਾਠਕ ਮਿੱਤਰਾਂ ਦੇ ਸੁਨੇਹੇ ਮਿਲੇ ਜਿਹਨਾਂ ਚ ਭਰਵੀਂ ਤਾਰੀਫ਼ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਤਰਾਂ ਦੇ ਹੋਰ ਲੇਖ ਵੀ ਲਿਖੇ ਜਾਣ, ਸੋ ਉਹਨਾ ਸਮੂਹ ਮਿੱਤਰਾਂ ਦੀਆ ਭਾਵਨਾਵਾਂ ਦਾ ਦਿਲੀ ਸਤਿਕਾਰ ਕਰਦਿਆਂ, ਹਥਲੇ ਲੇਖ ਵਿੱਚ ਇਕ ਹੋਰ ਹੱਡ ਬੀਤੀ ਬਿਆਨ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ ।

ਇਹ ਘਟਨਾ ਪਿਛਲੇ ਸਾਲ ਦੇ ਸ਼ੁਰੂ ਦੀ ਹੈ, ਜਦੋਂ ਮੈਂ ਆਪਣੀ ਕਾਰ ਸਲਾਨਾ ਸਰਵਿਸ ਤੇ MOT ਵਾਸਤੇ ਆਨਲਾਈਨ ਸਰਚ ਕਰਕੇ ਇਕ ਗੈਰੇਜ ਕੋਲ ਉੱਕੇ ਪੁੱਕੇ £245.00 ‘ਚ ਬੁੱਕ ਕਰਾ ਦਿੱਤੀ । ਮਿੱਥੇ ਦਿਨ ਤੇ ਸਮੇਂ ਮੁਤਾਬਿਕ ਗੈਰੇਜ ਤੋਂ ਇਕ ਮਕੈਨਿਕ ਘਰ ਆਇਆ ਜੋ ਆਪਣੀ ਕਾਰ ਮੇਰੇ ਘਰ ਛੱਡ ਗਿਆ ਤੇ ਮੇਰੀ ਕਾਰ ਸਰਵਿਸ ਅਤੇ MOT ਕਰਨ ਵਾਸਤੇ ਸਵੇਰੇ ਸੁਵਖਤੇ ਲੈ ਗਿਆ । ਬਾਦ ਦੁਪਹਿਰ ਗੈਰੇਜ ਤੋਂ ਇਕ ਈਮੇਲ ਪ੍ਰਾਪਤ ਹੋਇਆ ਜਿਸ ਦੇ ਨਾਲ ਕਾਰ ਦੀ ਸਰਵਿਸ ਕੀਤੇ ਜਾਣ ਦੀ ਰਿਪੋਰਟ ਨੱਥੀ ਸੀ । ਸਰਵਿਸ ਰਿਪੋਰਟ ਖੋਹਲਕੇ ਪੜ੍ਹੀ ਤਾਂ ਬੜੀ ਰਾਹਤ ਮਹਿਸੂਸ ਕੀਤੀ ਕਿ ਕਾਰ ਦੀ ਸਰਵਿਸ ਬਿਲਕੁਲ ਠੀਕ ਠਾਕ ਹੋ ਗਈ, ਕੋਈ ਵੀ ਵਾਧੂ ਖ਼ਰਚਾ ਸਿਰ ਨਹੀਂ ਪਿਆ । ਉਕਤ ਈਮੇਲ ਤੋਂ ਘੰਟਾ ਕੁ ਬਾਅਦ ਗੈਰੇਜ ਤੋਂ ਫ਼ੋਨ ਆਇਆ ਕਿ ਕਾਰ MOT ਵਿੱਚ ਫ਼ੇਲ੍ਹ ਹੋ ਗਈ ਹੈ, ਜਦੋਂ ਕਾਰਨ ਪੁਛਿਆ ਤਾਂ ਇਹ ਦੱਸਿਆ ਗਿਆ ਕਿ ਅਗਲੇ ਪਹੀਆਂ ਦੇ ਦੋਵੇਂ ਪਾਸੇ ਦੇ ਬਰੇਕ ਪੈਡ ਘਸੇ ਹੋਏ ਹਨ ਤੇ ਪੈਸੰਜਰ ਸਾਇਡ ਦੀ ਹੈੱਡ ਲਾਈਟ ਡੈਨਸਿਟੀ ਡਿਮ ਹੈ, ਫ਼ੋਨ ਕਰਨ ਵਾਲੇ ਇਹ ਵੀ ਦੱਸਿਆ ਕਿ ਇਹ ਦੋਵੇਂ ਨੁਕਸ ਦੂਰ ਕੀਤੇ ਬਿਨਾ ਕਾਰ MOT ਚ ਪਾਸ ਨਹੀਂ ਹੋਵੇਗੀ ਤੇ ਨਾਲ ਹੀ ਉਸ ਨੇ ਮੈਨੂੰ ਇਹ ਵੀ ਪੁੱਛਿਆ ਕਿ ਕੀ ਤੁਸੀ ਇਹ ਦੋਵੇਂ ਨੁਕਸ ਸਾਡੀ ਗੈਰੇਜ ਤੋਂ ਠੀਕ ਕਰਾਉਣ ਵਾਸਤੇ ਸਹਿਮਤ ਹੋ ?

ਫ਼ੋਨ ਕਰਤਾ ਮਕੈਨਿਕ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਮੈਂ ਉਸ ਨੂੰ ਨੁਕਸ ਦੂਰ ਕਰਨ ਵਾਸਤੇ ਕੁਲ ਖ਼ਰਚੇ ਦੇ ਵੇਰਵੇ ਬਾਰੇ ਪੁਛਿਆ ਤਾਂ ਉਸ ਨੇ £220.00 ਹੋਰ ਦੱਸੇ ਜੋ ਪਹਿਲੇ £245.00 ਨਾਲ਼ੋਂ ਵੱਖਰੇ ਸਨ, ਕਹਿਣ ਦਾ ਭਾਵ ਇਹ ਕਿ £245.00 ਤਾਂ ਪਹਿਲਾ ਹੀ ਦਿੱਤੇ ਜਾ ਚੁੱਕੇ ਸਨ ਤੇ ਹੁਣ ਜੇਕਰ ਉਕਤ ਨੁਕਸ ਦੂਰ ਕਰਨ ਦੀ ਸਹਿਮਤੀ ਦੇਂਦਾ ਤਾਂ £220.00 ਹੋਰ ਦੇਣੇ ਪੈਣੇ ਸਨ, ਜੋ ਕੁਲ ਜੋੜ £465.00 ਬਣ ਜਾਂਦਾ ਸੀ ।

ਮੈਂ ਫ਼ੋਨ ਕਰਤਾ ਮਕੈਨਿਕ ਨੂੰ ਕਿਹਾ ਕਿ ਕਾਰ ਦੇ ਦੋਵੇਂ ਨੁਕਸ ਦੂਰ ਕਰਨ ਦੀ ਸਹਿਮਤੀ ਤੋਂ ਪਹਿਲਾ ਮੈਨੂੰ ਇਹ ਦੱਸੋ ਕਿ ਤੁਸੀ ਘੰਟਾ ਕੁ ਪਹਿਲਾਂ ਭੇਜੀ ਸਰਵਿਸ ਰਿਪੋਰਟ ਵਿੱਚ ਕਾਰ ਨੂੰ ਇਹਨਾਂ ਦੋਵੇਂ ਨੁਕਸਾਂ ਤੋਂ ਰਹਿਤ ਕਿਵੇਂ ਦਰਸਾ ਦਿੱਤਾ ਤਾਂ ਉਸ ਨੇ ਮੇਰੇ ਇਸ ਸਵਾਲ ਦਾ ਉਤਰ ਦੇਣ ਦੀ ਬਜਾਏ ਮੈਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਫ਼ੋਨ ਸਿਰਫ ਇਹ ਪਤਾ ਕਰਨ ਵਾਸਤੇ ਕੀਤਾ ਹੈ ਕਿ ਤੁਸੀ ਇਹ ਨੁਕਸ ਸਾਡੇ ਕੋਲੋਂ ਠੀਕ ਕਰਵਾਉਣੇ ਹਨ ਜਾਂ ਕਿਸੇ ਹੋਰ ਕੋਲੋਂ ?

ਮੈਂ ਉਸ ਮਕੈਨਿਕ ਦਾ ਉਕਤ ਉਤਰ ਸੁਣਨ ਉਪਰੰਤ ਉਸ ਨੂੰ ਇਹ ਕਿਹਾ ਕਿ ਮੇਰੀ ਕਾਰ ਜਿਸ ਵੀ ਹਾਲਤ ਚ ਹੈ, ਮੇਰੇ ਘਰ ਛੱਡ ਦਿੱਤੀ ਜਾਵੇ, ਤੁਹਾਨੂੰ £245.00 ਅਦਾ ਕੀਤੇ ਜਾ ਚੁੱਕੇ ਹਨ, ਮੈਂ ਤੁਹਾਡੇ ਕੋਲੋਂ ਨਾ ਹੀ ਇਸ ਦੀ ਲਾਈਟ ਠੀਕ ਕਰਾਉਣੀ ਚਾਹੁੰਦੀ ਹਾਂ ਤੇ ਨਾ ਹੀ ਨਵੇਂ ਬਰੇਕ ਪੈਡ ਪੁਵਾਉਣੇ ਹਨ । ਮੇਰੀ ਇਹ ਗੱਲ ਸੁਣਕੇ ਫ਼ੋਨ ਕਰਤਾ ਮਕੈਨਿਕ ਦਾ ਜਵਾਬ ਸੀ ਕਿ ਤੁਹਾਡੀ ਕਾਰ ਸੜਕ ‘ਤੇ ਚਲਾਉਣੀ ਸੁਰੱਖਿਅਤ ਨਹੀਂ ਹੈ, ਤੁਸੀ ਖਤਰਾ ਮੁੱਲ ਲੈ ਰਹੇ ਹੋ ਤਾਂ ਮੈਂ ਉਸ ਨੂੰ ਕਿਹਾ ਕਿ ਕੀ ਸਵੇਰੇ ਤੁਹਾਡਾ ਭੇਜਿਆ ਹੋਇਆ ਜੋ ਵਿਅਕਤੀ ਮੇਰੇ ਘਰੋਂ ਕਾਰ ਲੈ ਕੇ ਗਿਆ ਸੀ, ਉਸ ਵਾਸਤੇ ਸੁਰੱਖਿਅਤ ਸੀ, ਜੇਕਰ ਇਸ ਤਰਾਂ ਸੀ ਤਾਂ ਫਿਰ ਬਰਾਇ ਮਿਹਰਬਾਨੀ ਉਸੇ ਰਾਹੀਂ ਹੀ ਮੇਰੀ ਕਾਰ ਵਾਪਸ ਘਰ ਪਹੁੰਚਾ ਦਿੱਤੀ ਜਾਵੇ । ਚਲੋ ! ਉਹਨਾ ਗੈਰੇਜ ਵਾਲਿਆਂ ਨੇ ਕਾਰ ਦੇਰ ਸ਼ਾਮ ਵਾਪਸ ਭੇਜ ਦਿੱਤੀ ।

ਅਗਲੇ ਦਿਨ ਫ਼ਾਰਮੂਲਾ ਵੰਨ ਤੋਂ £70.00 ਦੇ ਅਗਲੇ ਬਰੇਕ ਪੈਡ ਤੇ £5.00 ਦੀ ਪੈਸੰਜਰ ਸਾਈਡ ਵਾਲੀ ਹੈਡ ਲਾਈਟ ਦਾ ਬਲਬ ਨਵਾਂ ਪੁਆ ਕੇ ਤੇ £35.00 ਚ MOT ਕਰਵਾਉਣ ਸਮੇਤ ਸਾਰਾ ਕੰਮ £110.00 ਚ ਭੁਗਤਾ ਲਿਆ, ਜਿਹਦੇ ਵਾਸਤੇ ਪਹਿਲੀ ਗੈਰੇਜ ਵਾਲਾ £220.00 ਮੰਗ ਰਿਹਾ ਸੀ । ਇਸ ਉਕਤ ਕੰਮ ਨੂੰ ਭੁਗਤਾਉਣ ਵਾਸਤੇ ਮੇਰਾ ਕੋਈ ਤਿੰਨ ਕੁ ਘੰਟੇ ਦਾ ਸਮਾਂ ਲੱਗਾ ।

ਹੁਣ ਮੇਰਾ ਅਗਲਾ ਕੰਮ ਪਹਿਲੀ ਗੈਰੇਜ ਵਾਲਿਆਂ ਨੂੰ ਰਸਤੇ ਪਾਉਣਾ ਬਾਕੀ ਰਹਿ ਗਿਆ ਸੀ, ਸੋ ਘਰ ਆ ਕੇ ਸ਼ਾਮ ਨੂੰ ਕੁੱਜ ਸਮਾਂ ਅਰਾਮ ਕਰਨ ਤੋਂ ਬਾਅਦ ਉਹਨਾਂ ਵਾਸਤੇ ਇਕ ਚਾਰ ਕੁ ਸਫ਼ੇ ਦਾ ਲੀਗਲ ਨੋਟਿਸ ਤਿਆਰ ਕੀਤਾ, ਜੋ ਈਮੇਲ ਰਾਹੀਂ ਭੇਜਦਿਆ ਉਹਨਾਂ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਜਵਾਬ ਦੇਣ ਦੀ ਤਾਕੀਦ ਕੀਤੀ ਗਈ ਤੇ ਨਾਲ ਹੀ ਇਹ ਵੀ ਦੱਸ ਦਿੱਤਾ ਗਿਆ ਕਿ ਅਗਰ ਦੋ ਹਫ਼ਤੇ ਕੋਈ ਸ਼ਪੱਸ਼ਟੀਕਰਨ ਨਾ ਮਿਲਿਆ ਤਾਂ ਮਾਮਲਾ ਸਿੱਧਾ ਸਿਵਿਲ ਕੋਰਟ ਵਿੱਚ ਪਾ ਦਿੱਤਾ ਜਾਏਗਾ । ਇਸ ਲੀਗਲ ਨੋਟਿਸ ਵਿੱਚ ਕੰਜਿਊਮਰ ਐਕਟ 1974 ਤਹਿਤ ਗਰਾਹਕ ਸੇਵਾ ਵਿੱਚ ਕੀਤੀ ਗਈ ਭੁੱਲ ਅਤੇ ਸਰਵਿਸ ਦੇਣ ਸਮੇਂ ਕੀਤੀ ਗਈ ਉਲੰਘਣਾ ਦਾ ਵਿਸਥਾਰਤ ਵੇਰਵਾ ਦੇ ਕੇ ਗੱਲ ਸਮਝਾਈ ਗਈ ਸੀ ।

ਭੇਜੇ ਗਏ ਲੀਗਲ ਨੋਟਿਸ ਦਾ 12 ਕੁ ਦਿਨ ਤੱਕ ਕੋਈ ਸੁਰ ਜਵਾਬ ਨਾ ਆਇਆ ਤਾਂ ਮੈਂ ਮਾਮਲਾ ਕੋਰਟ ਵਿੱਚ ਪਾਉਣ ਦੀ ਤਿਆਰੀ ਕਰਨ ਲੱਗ ਪਿਆ ਕਿ 13ਵੇਂ ਦਿਨ ਮੇਰੇ ਨੋਟਿਸ ਦੇ ਜਵਾਬ ਵਿੱਚ ਗੈਰੇਜ ਵਾਲਿਆਂ ਦਾ ਇਕ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਉਹਨਾਂ ਸਰਵਿਸ ਮੁਹੱਈਆ ਕਰਨ ਸਮੇ ਹੋਈ ਉਹਨਾ ਆਪਣੀ ਭੁੱਲ ਵਾਸਤੇ ਮੁਆਫੀ ਮੰਗ ਲਈ ਸੀ ਤੇ ਨਾਲ ਹੀ ਹੋਈ ਭੁੱਲ ਨੂੰ ਉਹਨਾ ਦੇ ਧਿਆਨ ‘ਚ ਲਿਆਉਣ ਵਾਸਤੇ ਮੇਰਾ ਧੰਨਵਾਦ ਕੀਤਾ ਸੀ ਤੇ ਇਸ ਦੇ ਨਾਲ ਹੀ £245.00 ਵਾਪਸ ਕਰਨ ਦੇ ਨਾਲ ਨਾਲ £50.00 ਖਾਤਿਰਦਾਰੀ ਇਨਾਮ (gesture of good well) ਵਜੋਂ ਵੀ ਅਦਾ ਕੀਤੇ ਜਾਣ ਦਾ ਜਿਕਰ ਦਰਜ ਕੀਤਾ ਗਿਆ ਸੀ ਤੇ ਅਗੋ ਤੋਂ ਕਦੇ ਵੀ ਅਜਿਹੀ ਭੁੱਲ ਨਾ ਕਰਨ ਤੋਂ ਤੋਬਾ ਕਰਦਿਆ ਇਹ ਭਰੋਸਾ ਦੁਆਇਆ ਗਿਆ ਸੀ ਕਿ ਉਹ ਗੈਰੇਜ ਹਰ ਸੰਭਵ ਕੋਸ਼ਿਸ਼ ਕਰਕੇ ਆਪਣੇ ਗ੍ਰਹਕਾਂ ਨੂੰ ਭਵਿੱਖ ਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰੇਗੀ ।

ਸੋ ਕੁਲ ਮਿਲਾਕੇ ਕਾਰ ਦੀ ਸਰਵਿਸ ਮੁਫ਼ਤ ਚ ਹੋ ਗਈ, £50.00 ਵਾਧੂ ਮਿਲ ਗਏ ਤੇ ਬਰੇਕ ਪੈਡ, ਬੱਲਬ ਤੇ MOT ਵਾਸਤੇ ਕੁਲ ਮਿਲਾ ਕੇ £110.00 – £50.00 = £60.00 ਅਦਾ ਕਰਕੇ ਕਾਰ ਦਾ ਸਾਰਾ ਕੰਮ ਭੁਗਤਾ ਲਿਆ ਗਿਆ ਤੇ ਇਸ ਦੇ ਨਾਲ ਹੀ ਹੇਰਾ-ਫੇਰੀ ਕਰਨ ਵਾਲੇ ਗੈਰੇਜ ਨੂੰ ਨਸੀਹਤ ਵੀ ਵਧੀਆ ਦੇ ਦਿੱਤੀ ।

ਇਹ ਸਾਰੀ ਹੱਡਬੀਤੀ ਦੱਸਣ ਦਾ ਮਕਸਦ ਇਹ ਹੈ ਕਿ ਇਕ ਗ੍ਰਾਹਕ ਨੂੰ ਜੇਕਰ ਆਪਣੇ ਅਧਿਕਾਰਾਂ ਦੀ ਸਹੀ ਤੇ ਚੰਗੀ ਜਾਣਕਾਰੀ ਹੈ ਤਾਂ ਉਹ ਹੇਰਾ-ਫੇਰੀ ਕਰਨ ਵਾਲੇ ਵਪਾਰੀ ਲੋਕਾਂ ਦੇ ਚੁੰਗਲ ‘ਚ ਫਸ ਜਾਣ ਦੇ ਬਾਵਜੂਦ ਵੀ ਬਿਨਾ ਛਿੱਲ ਲੁਹਾਏ ਜਾਂ ਢੂਹਾ ਭੰਨਵਾਏ ਆਪਣੀ ਅਕਲ ਨਾਲ ਸਹੀ ਸਲਾਮਤ ਉਥੋਂ ਬਾਹਰ ਨਿਕਲ ਵੀ ਸਕਦਾ ਹੈ ਤੇ ਉਹਨਾ ਨੂੰ ਅਕਲਦਾਨ ਵਜੋਂ ਨਸੀਹਤ ਵੀ ਦੇ ਸਕਦਾ ਹੈ । . . .(ਚੱਲਦਾ)

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin