Automobile Articles

ਜ਼ਰਾ ਬਚਕੇ ਮੋੜ ਤੋਂ . . . ਭਾਗ – 3

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਹਮੇਸ਼ਾ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਸਖਤ ਲੋੜ ।

ਕੁੱਜ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੇਰੀ ਕਾਰ ਦੀ ਬੈਟਰੀ ਫ਼ਲੈਟ ਹੋ ਗਈ, ਕਈ ਸਟੋਰਾਂ ‘ਤੇ ਪਤਾ ਕੀਤਾ ਪਰ ਚੰਗੀ ਬੈਟਰੀ £200.00 ਕੁ ਘੱਟ ਨਾ ਮਿਲੇ, ਸੋਚਿਆ ਆਨਲਾਈਨ ਟਰਾਈ ਕਰਦੇ ਹਾਂ, ਆਨਲਾਈਨ ਸਰਚ ਕੀਤੀ ਤਾਂ ਇਕ ਮੋਟਰ-ਕਾਰਾਂ ਦਾ ਸਮਾਨ ਵੇਚਣ ਵਾਲੇ ਸਟੋਰ ਨੇ ਦੋ ਸਾਲ ਦੀ ਗਰੰਟੀ ਸਮੇਤ ਮੇਰੀ ਕਾਰ ਵਾਸਤੇ ਲੋੜੀਂਦੀ ਬੈਟਰੀ £85.00 ਵਿੱਚ 50% ਛੋਟ ਦੇ ਕੇ ਸੇਲ ‘ਤੇ ਲਗਾਈ ਹੋਈ ਸੀ । ਬੈਟਰੀ ਖਰੀਦਣ ਤੋਂ ਪਹਿਲਾਂ ਉਕਤ ਸਟੋਰ ਨੂੰ ਫ਼ੋਨ ਕੀਤਾ ਤਾਂ ਕਿ ਇਹ ਯਕੀਨੀ ਬਣਾਇਆਂ ਜਾ ਸਕੇ ਕਿ ਸੇਲ ‘ਤੇ ਲਗਾਈ ਹੋਈ ਬੈਟਰੀ ਮੇਰੀ ਕਾਰ ਵਾਸਤੇ ਬਿਲਕੁਲ ਸਹੀ ਹੈ । ਸਟੋਰ ਦੀ ਕਸਟਮਰ ਸਰਵਿਸ ਉੱਤੇ ਜੌਹਨ ਨਾਲ ਗੱਲ ਹੋਈ ਤੇ ਉਸ ਨੇ ਪੂਰੀ ਤਸੱਲੀ ਦੁਆਈ ਕਿ ਸੇਲ ‘ਤੇ ਲੱਗੀ ਬੈਟਰੀ ਮੇਰੀ ਕਾਰ ਵਾਸਤੇ ਬਿਲਕੁਲ ਸਹੀ ਹੈ ਤੇ ਇਸ ਦੇ ਨਾਲ ਹੀ ਉਸ ਨੇ ਦੋ ਸਾਲ ਦੀ ਗਰੰਟੀ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਦੋ ਸਾਲ ਚ ਬੈਟਰੀ ਚ ਕੋਈ ਖ਼ਰਾਬੀ ਆਵੇ ਤਾਂ ਅਸੀਂ ਬਿਨਾ ਕਿਸੇ ਕੌਸਟ ਫ੍ਰੀ ਆਫ ਚਾਰਜ ਦੂਜੀ ਨਵੀਂ ਬੈਟਰੀ ਮੁਹੱਈਆ ਕਰਾਂਗੇ । ਮੈਂ ਉਸੇ ਵੇਲੇ ਫ਼ੋਨ ਉੱਤੇ ਹੀ ਬੈਟਰੀ ਆਰਡਰ ਕੀਤੀ ਤੇ £85.00 ਅਦਾ ਕਰ ਦਿੱਤੇ । ਅਗਲੇ ਦਿਨ ਸਟੋਰ ਨੇ ਬੈਟਰੀ ਡਿਲਵਰ ਕਰ ਦਿੱਤੀ ਤੇ ਮੈਂ ਖ਼ੁਦ ਆਪ ਹੀ ਆਪਣੀ ਕਾਰ ਵਿੱਚੋਂ ਪੁਰਾਣੀ ਦੀ ਜਗਾ ਨਵੀਂ ਬੈਟਰੀ ਫਿੱਟ ਕਰ ਦਿੱਤੀ ।

ਨਵੀਂ ਬੈਟਰੀ ਨਾਲ ਇਕ ਹਫ਼ਤਾ ਤਾਂ ਮੇਰੀ ਕਾਰ ਅੱਧੀ ਸੈਲਫ ‘ਤੇ ਸਟਾਰਟ ਹੁੰਦੀ ਰਹੀ, ਪਰ ਇਕ ਹਫ਼ਤੇ ਬਾਦ ਕਾਰ ਨੂੰ ਸਟਾਰਟ ਕਰਨ ਸਮੇਂ ਫਿਰ ਤੋਂ ਪੁਰਾਣੀ ਬੈਟਰੀ ਵਾਲੀ ਹੀ ਮੁਸ਼ਕਲ ਪੇਸ਼ ਆਉਣੀ ਸ਼ੁਰੂ ਹੋ ਗਈ । ਕਈ ਵਾਰ ਜੰਪ ਸਟਾਰਟ ਕਰਕੇ ਵੀ ਕੰਮ ਸਾਰਨਾ ਪਿਆ । ਮਨ ਚ ਵਾਰ ਵਾਰ ਆਵੇ ਕਿ ਬੈਟਰੀ ਤਾਂ ਨਵੀਂ ਹੈ, ਇਸ ਕਰਕੇ ਬੈਟਰੀ ਦੀ ਨਹੀਂ ਸਗੋਂ ਕਾਰ ਵਿੱਚ ਕੋਈ ਹੋਰ ਇਲੈਕਟਰਾਨਿਕ ਫੌਲਟ ਹੋ ਸਕਦਾ ਹੈ । ਸੋ ਮੈਂ ਕਾਰ ਇਕ ਚੰਗੇ ਮਾਹਿਰ ਮਕੈਨਿਕ ਦੇ ਗੈਰੇਜ ਲੈ ਗਿਆ । ਉਸ ਨੇ ਪੁਰੀ ਤਰਾਂ ਚੈੱਕ ਕਰਨ ਬਾਦ ਮੈਨੂੰ ਦੱਸਿਆ ਕਿ ਕਾਰ ਦੀ ਬੈਟਰੀ ਬਦਲਣ ਵਾਲੀ ਹੈ ਤੇ ਮੈਂ ਉਸ ਨੂੰ ਦੱਸਿਆ ਕਿ ਬੈਟਰੀ ਤਾਂ ਅਜੇ ਦੋ ਕੁ ਹਫ਼ਤੇ ਪਹਿਲਾਂ ਹੀ ਬਦਲੀ ਹੈ । ਉਹ ਮਕੈਨਿਕ ਮੈਨੂੰ ਗੈਰੇਜ ਦੇ ਅੰਦਰ ਲੈ ਗਿਆ ਤੇ ਉਸ ਨੇ ਮੈਨੂੰ ਜਦ ਮੇਰੀ ਕਾਰ ਦੀ ਬੈਟਰੀ ਦਿਖਾਈ ਤਾਂ ਉਸ ਨੂੰ ਦੇਖ ਕੇ ਮੇਰਾ ਇਕ ਵਾਰ ਕਾਂ ਤ੍ਰਾਹ ਹੀ ਨਿਕਲ ਗਿਆ ਕਿਉਂਕਿ ਬੈਟਰੀ ਫੁੱਲਕੇ ਚੌਰਸ ਦੀ ਬਜਾਏ ਗੋਲ ਅਕਾਰ ਦੀ ਹੋ ਚੁੱਕੀ ਸੀ ਤੇ ਇਸ ਤਰਾਂ ਲੱਗ ਰਿਹਾ ਸੀ ਕਿ ਉਹ ਕਦੇ ਵੀ ਫਟ ਸਕਦੀ ਹੈ ।

ਮੈਂ ਗੈਰੇਜ ਦੇ ਮਕੈਨਿਕ ਨੂੰ ਨਵੀਂ ਬੈਟਰੀ ਦਾ ਭਾਅ ਭੱਤਾ ਪੁਛਿਆ ਤਾਂ ਉਸ ਨੇ ਕੁੱਲ ਕੀਮਤ £230.00 ਦੱਸੀ ਤੇ ਨਾਲ ਪੰਜ ਸਾਲ ਦੀ ਗਰੰਟੀ ਦੇਣ ਦੀ ਗੱਲ ਵੀ ਕੀਤੀ । ਮੈਂ ਉਸ ਨੂੰ ਨਵੀਂ ਬੈਟਰੀ ਪਾਉਣ ਦੀ ਹਾਂ ਕਰਦਿਆਂ ਨਾਲ ਹੀ ਇਹ ਵੀ ਕਿਹਾ ਕਿ ਪਹਿਲੀ ਬੈਟਰੀ ਮੈਂ ਆਪਣੇ ਘਰ ਲੈ ਕੇ ਜਾਵਾਂਗਾ । ਚਲੋ ! ਗੈਰੇਜ ਨੇ ਨਵੀਂ ਬੈਟਰੀ ਪਾ ਦਿੱਤੀ, ਬਿੱਲ ਦਾ ਭੁਗਤਾਨ ਕਰ, ਪੁਰਾਣੀ ਬੈਟਰੀ ਲੈ ਕੇ ਮੈਂ ਵਾਪਸ ਘਰ ਆ ਗਿਆ ।

ਇਕ ਦੋ ਦਿਨ ਹੋਰਨਾਂ ਕੰਮਾਂ ਚ ਰੁਝਾ ਰਿਹਾ ਤੇ ਉਹ ਕੰਮ ਭੁਗਤਾ ਕੇ ਹੁਣ ਵਾਰੀ ਸੀ ਆਨਲਾਈਨ ਬੈਟਰੀ ਵੇਚਣ ਵਾਲੇ ਸਟੋਰ ਨਾਲ ਗੱਲ ਕਰਨ ਦੀ । ਉਹਨਾਂ ਨੂੰ ਫ਼ੋਨ ਲਗਾਇਆ, ਅੱਗੋਂ ਫਿਰ ਜੌਹਨ ਹੀ ਬੋਲਿਆ, ਉਸ ਨੂੰ ਸਾਰੀ ਗੱਲ ਦੱਸੀ ਤੇ ਦੋ ਸਾਲ ਦੀ ਗਰੰਟੀ ਵੀ ਯਾਦ ਕਰਾਈ । ਸਾਰੀ ਗੱਲ ਸੁਣਕੇ ਜੌਹਨ ਕਹਿੰਦਾ ਕਿ ਅਸੀਂ ਤਾਂ ਤੁਹਾਨੂੰ ਸਹੀ ਬੈਟਰੀ ਮੁਹੱਈਆ ਕੀਤੀ ਸੀ ਤੇ ਤੁਸੀ ਉਹ ਬੈਟਰੀ ਇਨਸਟਾਲ ਕਿੱਥੋਂ ਕਰਾਈ ਸੀ ਜਿਸ ਦੇ ਉਤਰ ਵਜੋਂ ਮੈਂ ਉਸ ਨੂੰ ਦੱਸਿਆ ਕਿ ਇਨਸਟਾਲ ਤਾਂ ਮੈਂ ਆਪ ਹੀ ਕੀਤੀ ਸੀ । ਬੱਸ ਉਸਨੇ ਇਹ ਨੁਕਤਾ ਫੜ ਲਿਆ ਤੇ ਕਹਿੰਦਾ ਤੂੰ ਇਸ ਕੰਮ ਚ ਕੁਆਵੀਫਾਈਡ ਨਹੀਂ, ਹੋ ਸਕਦਾ ਬੈਟਰੀ ਦੀਆ ਤਾਰਾਂ ਪੁੱਠੀਆਂ ਸਿੱਧੀਆਂ ਲਗਾ ਦਿੱਤੀਆਂ ਹੋਣਗੀਆਂ । ਮੈਂ ਉਸ ਨੂੰ ਬੜਾ ਸਮਝਾਇਆ ਕਿ ਇਸ ਤਰਾਂ ਨਹੀਂ ਹੋਇਆ, ਕਾਰ ਦੋ ਹਫ਼ਤੇ ਚੰਗੀ ਚਲਦੀ ਰਹੀ ਹੈ ਤੇ ਫਿਰ ਜੇਕਰ ਤਾਰਾਂ ਪੁੱਠੀਆਂ ਲਗਾਈਆਂ ਹੁੰਦੀਆਂ ਤਾਂ ਬੈਟਰੀ ਦੇ ਨਾਲ ਨਾਲ ਕਾਰ ਦੇ ਇਲੈਕਟਰਾਨਿਕ ਸਿਸਟਮ ਦਾ ਵੀ ਭੱਠਾ ਬੈਠਣਾ ਸੀ, ਪਰ ਉਹ ਗੋਰਾ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਤੇ ਆਖਿਰ ਚ ਕਹਿੰਦਾ ਕਿ ਤੂੰ ਸਾਨੂੰ ਬੈਟਰੀ ਵਾਪਸ ਭੇਜ, ਅਸੀਂ ਚੈੱਕ ਕਰਾਂਗੇ, ਜੇਕਰ ਬੈਟਰੀ ਚ ਮੈਨੂਫੈਕਚਰਿੰਗ ਫੌਲਟ ਹੋਇਆ ਤਾਂ ਨਵੀਂ ਬਦਲ ਦਿਆਂਗੇ । ਮੈਂ ਉਸ ਨੂੰ ਕਿਹਾ ਕਿ ਉਹ ਬੈਟਰੀ ਮੇਰੇ ਕੋਲੋਂ ਆਪਣੇ ਖ਼ਰਚੇ ‘ਤੇ ਇੰਤਜ਼ਾਮ ਕਰਕੇ ਲਿਜਾ ਸਕਦੇ ਹਨ ਤੇ ਅਗਲੇ ਹੀ ਦਿਨ ਉਸ ਸਟੋਰ ਵਾਲਿਆਂ ਨੇ ਬੈਟਰੀ ਮੇਰੇ ਘਰੋਂ ਕੁਲੈਕਟ ਕਰ ਲਈ ।

ਬੈਟਰੀ ਵਾਪਸ ਭੇਜਣ ਤੋਂ ਪਹਿਲਾ ਮੈਂ ਉਸ ਬੈਟਰੀ ਦੀਆ ਫੋਟੋਆ ਲਈਆ, ਪੈਕੇਜ ਦੀਆ ਫੋਟੋਆ ਲਈਆਂ, ਜੋ ਵਿਅਕਤੀ ਬੈਟਰੀ ਲੈਣ ਵਾਸਤੇ ਆਇਆ, ਉਸ ਦੀ ਆਈ ਡੀ ਚੈੱਕ ਕਰਕੇ ਉਸ ਦੀ ਫੋਟੋ ਖਿੱਚੀ, ਬੈਟਰੀ ਕੁਲੈਕਟ ਕਰਨ ਵਾਲੇ ਵਹੀਕਲ ਦੀ ਫੋਟੋ ਤੇ ਉਸ ਦੀ ਨੰਬਰ ਪਲੇਟ ਦੀ ਫੋਟੋ ਸਮੇਤ ਬੈਟਰੀ ਕੁਲੈਕਟ ਕਰਨ ਵਾਲੇ ਤੋਂ ਹਲਫੀਆ ਬਿਆਨ ਤੇ ਦਸਤਖ਼ਤ ਕਰਵਾਏ ਕਿ ਉਹ ਫਲਾਂ ਤਰੀਕ ਤੇ ਸਮੇਂ ‘ਤੇ ਫਲਾਂ ਸਟੋਰ ਵਾਸਤੇ ਬੈਟਰੀ ਕੁਲੈਕਟ ਕਰਕੇ ਲਿਜਾ ਰਿਹਾ ਹੈ ।

ਬੈਟਰੀ ਕੁਲੈਕਟ ਕਰਨ ਤੋਂ ਅਗਲੇ ਦਿਨ ਆਨਲਾਈਨ ਸਟੋਰ ਵਾਲੇ ਜੌਹਨ ਦਾ ਫ਼ੋਨ ਆਇਆ ਤੇ ਉਸ ਨੇ ਦੱਸਿਆ ਕਿ ਮੁਹੱਈਆ ਕੀਤੀ ਬੈਟਰੀ ਚ ਕੋਈ ਨੁਕਸ ਨਹੀਂ ਸੀ, ਇਹ ਬਿਲਕੁਲ ਠੀਕ ਸੀ, ਤੁਹਾਡੀ ਗਲਤੀ ਨਾਲ ਖ਼ਰਾਬ ਹੋਈ ਹੈ, ਇਸ ਕਰਕੇ ਨਾ ਹੀ ਨਵੀਂ ਬੈਟਰੀ ਦਿੱਤੀ ਜਾ ਸਕਦੀ ਬੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਸਕਦੇ ਹਨ । ਮੇਰੇ ਵਾਰ ਵਾਰ ਇਹ ਕਹਿਣ ਦੇ ਬਾਵਜੂਦ ਕਿ £85.00 ਵਾਪਸ ਕਰ ਦਿੱਤੇ ਜਾਣ ਤਾਂ ਕਿ ਝਗੜਾ ਸਮਾਪਤ ਕੀਤਾ ਜਾਵੇ, ਉਸ ਦਾ ਮੋੜਵਾਂ ਜਵਾਬ ਸੀ ਕਿ ਤੁਸੀਂ ਜੋ ਵੀ ਕਰਨਾ ਹੈ ਕਰ ਲ਼ਓ, ਅਸੀਂ ਤੁਹਾਨੂੰ ਕੁੱਜ ਵੀ ਨਹੀਂ ਦੇਣਾ । ਜਦ ਮੈਂ ਮਸਲਾ ਕੋਰਟ ਚ ਲਿਜਾਣ ਦੀ ਗੱਲ ਕੀਤੀ ਤਾਂ ਜੌਹਨ ਨੇ ਕਿਹਾ ਕਿ ਇਸ ਤਰਾਂ ਦੀਆ ਧਮਕੀਆਂ ਦੇਣ ਵਾਲੇ ਤਾਂ ਸਾਨੂੰ ਹਰ ਰੋਜ਼ ਬਹੁਤ ਸਾਰੇ ਮਿਲਦੇ ਹਨ, ਉਸ ਦੀ ਇਹ ਗੱਲ ਸੁਣਕੇ ਮੈਂ ਇਸ ਕਰਕੇ ਫ਼ੋਨ ਬੰਦ ਕਰ ਦਿੱਤਾ ਤਾਂ ਕਿ ਵਾਧੂ ਦੇ ਕਲੇਸ਼ ਤੋਂ ਬਚਿਆ ਜਾ ਸਕੇ ।

ਕੌਂਟੀ ਕੌਰਟ ਵਿੱਚ ਕੇਸ ਕਰਨ ਵਾਸਤੇ ਸਾਰੇ ਸਬੂਤ ਇਕੱਠੇ ਕਰਕੇ ਤਰਤੀਬ ਕੀਤੇ, ਐਪਲੀਕੇਸ਼ਨ ਤਿਆਰ ਕਰਕੇ ਤਿੰਨ ਕੁ ਦਿਨ ਚ ਜੌਹਨ ਦੇ ਆਨਲਾਈਨ ਸਟੋਰ ਉੱਤੇ ਮੁਕੱਦਮਾ ਠੋਕ ਦਿੱਤਾ । ਕੋਰਟ ਵੱਲੋਂ ਸਟੋਰ ਨੂੰ ਨੋਟਿਸ ਭੇਜਿਆ ਗਿਆ ਤੇ ਸਟੋਰ ਨੇ ਆਪਣੀ ਡੀਫੈਂਸ ਚ ਇਹ ਕਿਹਾ ਕਿ ਕਲੇਮ ਝੂਠਾ ਹੈ ਤੇ ਸਬੂਤ ਵਜੋਂ ਉਹਨਾਂ ਨੇ ਕਿਸੇ ਹੋਰ ਨਵੀਂ ਬੈਟਰੀ ਦੀਆ ਫੋਟੋ ਭੇਜ ਕੇ ਕੋਰਟ ਨੂੰ ਦੱਸਿਆ ਕਿ ਇਹ ਬੈਟਰੀ ਵੇਚੀ ਗਈ ਸੀ ਜੋ ਕਲੇਮ ਕਰਤਾ ਦੀ ਗਲਤੀ ਕਾਰਨ ਖ਼ਰਾਬ ਹੋਈ ਹੈ ਜਿਸ ਕਰਕੇ ਗਰੰਟੀ ਵੌਇਡ ਹੋ ਗਈ ਤੇ ਨ ਹੀ ਪੈਸੇ ਵਾਪਸ ਕੀਤੇ ਜਾ ਸਕਦੇ ਹਨ ਤੇ ਨਾ ਹੀ ਨਵੀਂ ਬੈਟਰੀ ਮੁਹੱਈਆ ਕੀਤੀ ਜਾ ਸਕਦੀ ਹੈ, ਜਿਸ ਦੇ ਜਵਾਬ ਵਿੱਚ ਮੇਰੇ ਵੱਲੋਂ ਸਾਰੇ ਸਬੂਤ ਜਮਾਂ ਕਰਾ ਦਿੱਤੇ ਗਏ ।
ਦੋ ਕੁ ਮਹੀਨੇ ਬਾਦ ਕੇਸ ਦੀ ਸੁਣਵਾਈ ਦੀ ਤਰੀਕ ਪੈ ਗਈ ਜਿਸ ਬਾਰੇ ਇਹ ਸੋਚ ਕੇ ਸੁਣਵਾਈ ‘ਤੇ ਹਾਜ਼ਰ ਨਾ ਹੋਣ ਦਾ ਮਨ ਬਣਾਇਆਂ ਕਿ ਮਸਲਾ ਤਾਂ ਸਿਰਫ £85.00 ਵਾਪਸ ਲੈਣ ਦਾ ਹੈ । ਜੇਕਰ ਨਾ ਮਿਲੇ ਤਾਂ ਨਾ ਸਹੀ ਪਰ ਆਨਲਾਈਨ ਬੈਟਰੀ ਸਟੋਰ ਵਾਲਾ ਡੇਢ ਕੁ ਸੌ ਮੀਲ ਤੋਂ ਤਰੀਕ ਭੁਗਤਣ ਆਵੇਗਾ ਤਾਂ ਇਕ ਤਾਂ ਉਸ ਦੀ ਪੂਰੀ ਦਿਹਾੜੀ ਖ਼ਰਾਬ ਹੋਵੇਗੀ ਦੂਸਰਾ £85.00 ਦੇ ਕੇਸ ‘ਤੇ ਉਸ ਦੇ ਦੋ ਢਾਈ ਸੌ ਪੌਂਡ ਖਰਚ ਹੋ ਜਾਣਗੇ । ਸੋ ਇਹ ਸੋਚ ਕੇ ਮੈਂ ਕੋਰਟ ਨੂੰ ਸੂਚਿਤ ਕਰ ਦਿੱਤਾ ਕਿ ਮੈਂ ਸੁਣਵਾਈ ਤੇ ਹਾਜ਼ਰ ਨਹੀਂ ਹੋ ਸਕਾਂਗਾ, ਮਾਣਯੋਗ ਕੋਰਟ ਜੋ ਵੀ ਫੈਸਲਾ ਕਰੇਗੀ ਮੈਂ ਮੰਨਣ ਦਾ ਪਾਬੰਦ ਹੋਵਾਂਗਾ ।

ਸੁਣਵਾਈ ਦੀ ਤਾਰੀਕ ਤੋਂ ਅਗਲੇ ਦਿਨ ਮੈਂ ਕੋਰਟ ਚ ਫ਼ੋਨ ਕਰਕੇ ਜਦ ਆਪਣੇ ਕੇਸ ਦੀ ਸੁਣਵਾਈ ਬਾਰੇ ਪਤਾ ਕੀਤਾ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਫੈਸਲਾ ਮੇਰੇ ਹੱਕ ਵਿੱਚ ਹੋ ਚੁੱਕਾ ਸੀ । ਖ਼ਰਾਬ ਬੈਟਰੀ ਵੇਚਣ ਵਾਲੇ ਆਨਲਾਈਨ ਸਟੋਰ ਨੂੰ ਜੱਜ ਨੇ ਆਪਣੇ ਹੁਕਮ ਵਿੱਚ £85.00 ਦੀ ਬਜਾਏ £345.00 ਪੰਦਰਾਂ ਦਿਨਾਂ ਦੇ ਅੰਦਰ ਅੰਦਰ ਮੈਨੂੰ ਅਦਾ ਕਰਨ ਦਾ ਹੁਕਮ ਦਿੱਤਾ । ਇਹ ਡੀਫਾਲਟ ਜਜਮੈਂਟ ਸੀ ਕਿਉਂਕਿ ਖ਼ਰਾਬ ਬੈਟਰੀ ਵੇਚਣ ਵਾਲੇ ਸਟੋਰ ਵੱਲੋਂ ਨਾ ਹੀ ਕੋਰਟ ਨੂੰ ਗ਼ੈਰ ਹਾਜ਼ਰ ਰਹਿਣ ਦੀ ਅਗਾਊਂ ਸੂਚਨਾ ਦਿੱਤੀ ਗਈ ਤੇ ਨਾ ਹੀ ਸੁਣਵਾਈ ਮੌਕੇ ਉਹਨਾਂ ਦਾ ਕੋਈ ਨੁਮਾਇੰਦਾ ਜਾਂ ਵਕੀਲ ਕੋਰਟ ਤ ਪੇਸ਼ ਹੋਇਆ ।

ਹਫ਼ਤੇ ਕੁ ਬਾਦ ਆਨਲਾਈਨ ਬੈਟਰੀ ਸਟੋਰ ਤੋਂ ਉਸੇ ਜੌਹਨ ਦਾ ਦਾ ਫ਼ੋਨ ਆਇਆ, ਜੋ ਕਹਿੰਦਾ ਸੀ ਕਿ ਜੋ ਉਖਾੜਨਾ ਹੈ ਉਖਾੜ ਲੈ, ਨਾ ਪੈਸੇ ਵਾਪਸ ਕਰਨੇ ਹਨ ਕੇ ਨਾ ਹੀ ਬੈਟਰੀ ਬਦਲਕੇ ਦੇਣੀ ਹੈ, ਕਿ ਉਹ £345.00 ਮੈਨੂੰ ਅਦਾ ਕਰਨੇ ਚਾਹੁੰਦਾ ਹੈ । ਮੈਂ ਉਸ ਨੂੰ ਕਰੇਡਿਟ ਕਾਰਡ ਦਾ ਨੰਬਰ ਦਿੱਤਾ ਤੇ ਉਸ ਨੇ ਕੋਰਟ ਦੇ ਹੁਕਮ ਮੁਤਾਬਿਕ ਉਕਤ ਰਕਮ ਮੇਰੇ ਅਕਾਊਂਟ ਚ ਜਮਾਂ ਕਰਾ ਦਿੱਤੀ ਤੇ ਇਸ ਤਰਾਂ ਮਸਲਾ ਹੱਲ ਹੋ ਗਿਆ । ਕਹਿਣ ਦਾ ਭਾਵ ਕੁੱਜ ਕੁ ਕਾਨੂੰਨੀ ਦਾਅ ਪੇਚਾਂ ਨਾਲ ਕਾਰ ਦੀ ਨਵੀਂ ਬੈਟਰੀ ਮੁਫ਼ਤ ਚ ਇਨਸਟਾਲ ਕਰਾਈ ਤੇ ਉਹ ਵੀ ਪੰਜ ਸਾਲ ਗਰੰਟੀ ਨਾਲ ।

ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੇ ਅਧਿਕਾਰਾਂ ਤੋਂ ਜਾਣੂ ਹਾਂ ਤਾਂ ਚੋਰ ਹੋਵੇ ਜਾਂ ਡਾਕੂ, ਕਿਸੇ ਨੂੰ ਵੀ ਗਲਤ ਕੰਮਾਂ ਤੋਂ ਨੱਥਿਆ ਦਾ ਸਕਦਾ ਹੈ । ਉਸ ਆਨਲਾਈਨ ਸਟੋਰ ਨੇ ਖ਼ਰਾਬ ਬੈਟਰੀਆਂ ਵੇਚ ਕੇ ਕਿੰਨੇ ਕੁ ਲੋਕਾਂ ਨਾਲ ਠੱਗੀ ਮਾਰੀ ਹੋਵੇਗੀ, ਇਸ ਗੱਲ ਦਾ ਅੰਦਾਜ਼ਾ ਤਾਂ ਮੈਨੂੰ ਸਟੋਰ ਦੇ ਮਾਲਕ ਜੌਹਨ ਦੀ ਗੱਲ-ਬਾਤ ਤੋਂ ਹੀ ਲੱਗ ਗਿਆ ਸੀ । ਸੋ ਉਸ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ ਤਾਂ ਕਿ ਹੋਰਨਾਂ ਦਾ ਬਚਾਅ ਹੋ ਸਕੇ ਤੇ ਥੋਹੜੀ ਜਿਹੀ ਕੋਸ਼ਿਸ਼ ਨਾਲ ਹੀ ਆਪਣੇ ਪੈਸੇ ਵੀ ਜੁਰਮਾਨੇ ਸਮੇਤ ਵਾਪਸ ਲਏ ਤੇ ਉਸ ਨੂੰ ਸਬਕ ਵੀ ਸਿਖਾਇਆ ।

. . . (ਚੱਲਦਾ)

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin