
ਮੈਂ ਇਕ ਕਿਰਸਾਨ ਆਪਣੇ ਪੂਰੇ ਹੋਸ਼-ਹਵਾਸ ਨਾਲ ਆਪਣੀ ਆਤਮ-ਹੱਤਿਆ ਸਬੰਧੀ ਖੁਦਕੁਸ਼ੀ ਨੋਟ ਲਿਖਕੇ ਇਸ ਦੁਨੀਆਂ ਤੋ ਰੁਖਸਤ ਹੋ ਰਿਹਾ ਹਾਂ। ਹਾਲਾਂਕਿ ਸਮਾਜ ਇਸ ਨੂੰ ਬੁਜ਼ਦਿਲੀ ਸਮਝਦੈ ਤੇ ਕਾਨੂੰਨ ਦੀ ਨਜ਼ਰ ਵਿਚ ਵੀ ਇਹ ਇਕ ਜੁਰਮ ਹੈ। ਮੈਂ ਘੱਟ ਜ਼ਮੀਨਾ ਨਿਮਨ ਕਿਰਸਾਨ ਸੱਚੋ ਸੱਚ ਬਿਆਨ ਕਰਦਾ ਹਾਂ ਕਿ ਮੇਰੀ ਇਕ ਸਿੱਧੀ ਸਾਦੀ ਤੇ ਸੁਘੜ ਸਿਆਣੀ ਪਤਨੀ ਹੈ ਤੇ ਇਕ ਚੰਗੀ ਖਾਸੀ ਪੜ੍ਹੀ ਲਿਖੀ ਧੀ ਵੀ। ਬੁੱਢੀ ਤੇ ਬੀਮਾਰ ਮਾਂ ਦੀ ਜਿੰæਮੇਵਾਰੀ ਵੀ ਮੇਰੇ ਹੀ ਸਿਰ ‘ਤੇ ਹੈ।
ਮੇਰੇ ਕੋਲ ਖੇਤੀ ਲਈ ਅਜਿਹਾ ਕੋਈ ਵੀ ਸੰਦ ਨਹੀਂ ਜਿਸ ਨੂੰ ਸਾਡਾ ਬਾਜ਼ਾਰ ਆਧੁਨਿਕ ਤਕਨੀਕ ਦਾ ਨਾਂ ਦੇ ਸਕੇ। ਆਪਣੀ ਬੇਟੀ ਦਾ ਮੈਂ ਇਕ ਚੰਗੀ ਥਾਂ ਦੇਖਕੇ ਰਿਸ਼ਤਾ ਵੀ ਕਰ ਦਿੱਤਾ ਹੈ। ਬਿਲਕੁਲ ਸਾਦਾ ਵਿਆਹ ਤੇ ਉਹ ਵੀ ਦਾਜ-ਦਹੇਜ ਤੋ ਬਿਨਾਂ। ਇਹ ਵੀ ਦੱਸ ਦੇਣ ਦਾ ਇਛੁਕ ਹਾਂ ਕਿ ਮੈ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸ਼ੌਕ ਨਹੀ ਰੱਖਦਾ, ਐਬ ਦੀ ਗੱਲ ਤਾਂ ਦੂਰ। ਪ੍ਰੰਤੂ ਇਸ ਦੇ ਬਵਜੂਦ ਮੈ ਖੁਦਕੁਸ਼ੀ ਲਈ ਮਜਬੂਰ ਹਾਂ। ਮੇਰੀ ਓਪਰੀ ਜਿਹੀ ਬੇਵਸੀ, ਨੀਰਸਤਾ ਵਿਚੋ ਹੀ ਇਸ ਖੁਦਕੁਸ਼ੀ ਸੋਚ ਨੇ ਜਨਮ ਲਿਐ। ਮੈ ਇਸ ਲਈ ਕਿਸੇ ਵੀ ਵਿਸ਼ੇਸ਼ ਧਿਰ ਨੂੰ ਇਸ ਦਾ ਦੋਸ਼ੀ ਨਹੀ ਮੰਨਦਾ, ਚੂੰਕਿ ਮੈਂ ਤਾਂ æ æ æ। ਇਕਦਮ ਰੁਪਿੰਦਰ ਬੌਖਲਾ ਗਿਆ ਤੇ ਉਠਕੇ ਬੈਠ ਗਿਆ। ਕਿੰਨਾ ਭਿਆਨਕ ਸੀ ਇਹ ਸੁਪਨਾ?
ਰੁਪਿੰਦਰ ਸਿੰਘ ਬੈਡ ਤੋ ਉਠਿਆ। ਸੁੱਤੀ ਪਈ ਸ਼ਾਂਤ ਚਿੱਤ ਆਪਣੀ ਪਤਨੀ ਨੂੰ ਨਿਹਾਰਿਆ ਤੇ ਫਿਰ ਆਪਣੀ ਮਾਂ ਦੇ ਮੰਜੇ ਕੋਲ ਗਿਆ। ਉਸਦੀ ਗੋਡਿਆਂ ਤੱਕ ਸਰਕ ਆਈ ਚਾਦਰ ਸੂਤ ਕਰਕੇ ਉਸ ਦੇ ਪੂਰੇ ਸਰੀਰ ‘ਤੇ ਤਾਣ ਦਿੱਤੀ। ਹੁਣ ਉਹ ਆਪਣੇ ਬੈੱਡ ਵੱਲ ਪਰਤਦਿਆਂ ਚਾਣਚਕ ਹੀ ਸਿਰ ਮਾਰਕੇ ਹੱਸ ਪਿਆ। ਉਸਦੇ ਅੰਦਰੋਂ ਆਪ-ਮੁਹਾਰੇ ਹੀ ਬੋਲ ਨਿੱਕਲ ਆਏ, ਖੁਦਕੁਸ਼ੀ? ਕਿਉਂ? ਮੈਂ ਕਿਸੇ ਦਾ ਕੁੱਛ ਦੇਣੈ?