Articles

ਮੁੜ ਚਰਚਾ ‘ਚ ਹੈ ਸ਼੍ਰੋਮਣੀ ਅਕਾਲੀ ਦਲ ਬਨਾਮ ਅਨੰਦਪੁਰ ਸਾਹਿਬ ਦਾ ਮਤਾ

ਲੇਖਕ: ਜਸਵੰਤ ਸਿੰਘ ‘ਅਜੀਤ’

ਬੀਤੇ ਕਾਫੀ ਸਮੇਂ ਤੋਂ ਵਿਰੋਧੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਗੂਆਂ ਨੂੰ ‘ਅਨੰਦਪੁਰ ਸਾਹਿਬ ਦੇ ਮਤੇ’ ਦੀ ਬਾਰ-ਬਾਰ ਯਾਦ ਕਰਵਾ ਕੇ, ਪੁਛਿਆ ਜਾਂਦਾ ਚਲਿਆ ਆ ਰਿਹਾ ਹੈ ਕਿ ਉਨ੍ਹਾਂ ਦੀ ਉਸ ਵਚਨਬੱਤਾ ਕੀ ਬਣਿਐ, ਜੋ ਉਨ੍ਹਾਂ ਅਨੰਦਪੁਰ ਸਾਹਿਬ ਦੀ ਪਵਿਤ੍ਰ ਧਰਤੀ ਪੁਰ ਬੈਠ, ਪੰਜਾਬ-ਵਾਸੀਆਂ ਨਾਲ ਕੀਤੀ ਸੀ। ਪਰ ਬਾਰ-ਬਾਰ ਪੁਛੇ ਜਾਂਦੇ ਚਲੇ ਆ ਰਹੇ ਇਸ ਸੁਆਲ ਦਾ ਕੋਈ ਵੀ ਜਵਾਬ ਬਾਦਲ ਅਕਾਲੀ ਦਲ ਦੇ ਆਗੂਆਂ ਵਲੋਂ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਕਈ ਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਤਮਾਨ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਹ ਕਹਿ, ਆਪਣਾ ਪਿਛਾ ਛੁਡਾ ਚੁਕੇ ਹਨ ਕਿ ਉਨ੍ਹਾਂ ਨੂੰ ਤਾਂ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਕੁਝ ਵੀ ਪਤਾ ਨਹੀਂ, ਜਦਕਿ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇੱਕ ਵਾਰ ਇਹ ਦਾਅਵਾ ਵੀ ਕਰ ਦਿੱਤਾ ਸੀ ਕਿ ਉਹ ਭਾਜਪਾ ਪਾਸੋਂ ਇਸ (ਅਨੰਦਪੁਰ ਸਾਹਿਬ ਦੇ) ਮਤੇ ਦਾ ਉਹ ਹਿੱਸਾ, ਕੌਮੀ ਏਜੰਡੇ ਵਿੱਚ ਸ਼ਾਮਲ ਕਰਵਾਣਗੇ, ਜਿਸ ਵਿੱਚ ਰਾਜਾਂ ਲਈ ਵਧੇਰੇ ਅਧਿਕਾਰਾਂ ਦੀ ਪ੍ਰਾਪਤੀ ਪ੍ਰਤੀ ਵਚਨਬੱਧਤਾ ਪ੍ਰਗਟਾਈ ਗਈ ਹੈ। ਜਾਣਕਾਰ ਹਲਕਿਆਂ ਅਨੁਸਾਰ ਅੱਜੇ ਤਕ ਨਾ ਤਾਂ ਸ. ਸੁਖਬੀਰ ਸਿੰਘ ਬਾਦਲ ਨੇ ਇਸ ਮਤੇ ਦੀ ਹੋਂਦ ਬਾਰੇ ਜਾਣਕਾਰੀ ਹੋਣ ਦੀ ਗਲ ਸਵੀਕਾਰ ਕਰ ਰਹੇ ਹਨ ਅਤੇ ਨਾ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੀ ਇਹ ਦਸ ਪਾ ਰਹੇ ਹਨ, ਕਿ ਉਨ੍ਹਾਂ ਨੇ ਭਾਜਪਾ ਪਾਸੋਂ ਕੌਮੀ ਏਜੰਡੇ ਵਿੱਚ ‘ਅਨੰਦਪੁਰ ਸਾਹਿਬ ਦੇ ਮਤੇ’ ਦਾ ਜੋ ਹਿਸਾ ਸ਼ਾਮਲ ਕਰਵਾਉਣ ਦਾ ਦਾਅਵਾ ਕੀਤਾ ਸੀ, ਉਸਦਾ ਕੀ ਬਣਿਆ ਹੈ?

ਪੰਜਾਬੀਆਂ ਦੀ ਅੱਜ ਦੀ ਪੀੜੀ ਨੂੰ ਤਾਂ ਸ਼ਾਇਦ ਇਸ ਗਲ ਦਾ ਪਤਾ ਵੀ ਨਹੀਂ ਕਿ ‘ਅਨੰਦਪੁਰ ਸਾਹਿਬ ਦਾ ਮਤਾ ਕਿਸ ਬਲਾ ਦਾ ਨਾਂ ਹੈ? ਇਸਲਈ ਉਹ ਜ਼ਰੂਰ ਇਹ ਜਾਣਨਾ ਚਾਹੁੰਦੀ ਹੋਵੇਗੀ ਕਿ ਆਖਿਰ ਇਹ ‘ਅਨੰਦਪੁਰ ਸਾਹਿਬ ਦਾ ਮਤਾ’ ਹੈ ਕੀ? ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਤਾਂ ਗਲ ਕਰਦੇ ਹਨ, ਪਰ ਬਾਦਲ ਅਕਾਲੀ ਦਲ ਦੇ ਉਹ ਆਗੂ, ਚੁਪ ਧਾਰੀ ਬੈਠੇ ਹਨ, ਜਿਨ੍ਹਾਂ ਨੇ ਇਸ ਮਤੇ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ ਸੀ। ਅੱਜ ਦੀ ਪੀੜੀ ਦੀ ਇਸ ਉਤਸੁਕਤਾ ਨੂੰ ਮੁੱਖ ਰਖਦਿਆਂ ਹੀ ਪੇਸ਼ ਹੈ ‘ਅਨੰਦਪੁਰ ਸਾਹਿਬ ਦੇ ਮਤੇ’ ਦੇ ਕੁਝ ਜ਼ਰੂਰੀ ਹਿਸੇ।

ਗਲ ਅੱਸੀਵੀਆਂ (80ਵੀਆਂ) ਦੇ ਦਹਾਕੇ ਦੀ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਵਲੋਂ ਅਕਾਲੀ ਦਲ ਦੇ ਸਿਧਾਂਤਾਂ, ਮਨੋਰਥਾਂ ਤੇ ਨਿਸ਼ਾਨਿਆਂ ਪੁਰ ਅਧਾਰਤ ਇੱਕ ਇਤਿਹਾਸਕ ਦਸਤਾਵੇਜ਼ ‘ਅਨੰਦਪੁਰ ਸਾਹਿਬ ਦਾ ਮਤਾ’ ਦੇ ਨਾਂ ‘ਤੇ ਤਿਆਰ ਅਤੇ ਪਾਸ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਹ ਇੱਕ ਅਜਿਹਾ ਦਸਤਾਵੇਜ਼ ਹੈ, ਜੋ ਨਾ ਤਾਂ ਤੁਰਤ-ਫੁਰਤ ਤਿਆਰ ਕਰ, ਜ਼ਬਾਨੀ-ਕਲਾਮੀ ਪਾਸ ਕੀਤਾ ਗਿਆ ਸੀ ਅਤੇ ਨਾ ਹੀ ਇਹ ਅਜਿਹੇ ਮਤਿਆਂ ਵਾਂਗ ਹੈ, ਜੋ ਕੇਵਲ ਰਸਮੀ ਤੌਰ ਤੇ ਪੇਸ਼ ਅਤੇ ਪਾਸ ਕਰ ਦਿੱਤੇ ਜਾਂਦੇ ਹਨ। ਇਹ ਮਤਾ ਬਹੁਤ ਹੀ ਗੰਭੀਰ ਵਿਚਾਰ-ਵਟਾਂਦਰੇ ਅਤੇ ਲੰਬੀ ਸੋਚ-ਵਿਚਾਰ ਤੋਂ ਬਾਅਦ ਤਿਆਰ ਅਤੇ ਪਾਸ ਕੀਤਾ ਗਿਆ ਸੀ। ਇਹ ਇੱਕ ਲਿਖਤੀ ਦਸਤਾਵੇਜ਼ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਇੱਕ ਅਧਿਆਇ ਬਣ ਚੁਕਾ ਹੋਇਆ ਹੈ। ਇਸ ਕਰਕੇ ਇਸਨੂੰ ਨਾ ਤਾਂ ਭੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਛੁਪਾਇਆ ਜਾਂ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਜਾ ਸਕਦਾ ਹੈ। ਸਿੱਖ ਇਤਿਹਾਸਕਾਰਾਂ ਅਨੁਸਾਰ, ਜਦੋਂ ਵੀ ‘ਅਨੰਦਪੁਰ ਸਾਹਿਬ ਦੇ ਮਤੇ’ ਦੀ ਗਲ ਆਇਗੀ, ਉਸ ਸਮੇਂ ਕੇਵਲ ਰਾਜਾਂ ਲਈ ਵੱਧ ਅਧਿਕਾਰਾਂ ਦੀ ਗਲ ਹੀ ਨਹੀਂ ਹੋਵੇਗੀ, ਸਗੋਂ ਸ਼੍ਰੋਮਣੀ ਅਕਾਲੀ ਦਲ ਲਈ ਨਿਸ਼ਚਿਤ ਕੀਤੇ ਗਏ ਸਿਧਾਂਤਾਂ, ਮਨੋਰਥਾਂ ਦੇ ਨਾਲ ਹੀ, ਉਸਦੇ ਲਈ ਮਿਥੇ ਗਏ ਨਿਸ਼ਾਨਿਆਂ ਦੀ ਪ੍ਰਾਪਤੀ ਦੀ ਗਲ ਵੀ ਹੋਵੇਗੀ। ਜਿਸਦਾ ਜਵਾਬ ਸਮੇਂ ਦੇ ਅਕਾਲੀ ਅਖਵਾਂਦੇ ਆਗੂਆਂ ਨੂੰ ਦੇਣਾ ਹੀ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ : ਸ਼੍ਰੋਮਣੀ ਅਕਾਲੀ ਦਲ, ਸਿੱਖ ਪੰਥ ਦੀ ਸਮੁਚੀ ਮਰਜ਼ੀ ਦਾ ਇਕੋ-ਇੱਕ ਪ੍ਰਗਟਾਉ ਹੈ ਤੇ ਉਹ ਪੰਥ ਦੀ ਪ੍ਰਤੀਨਿਧਤਾ ਕਰਨ ਦਾ ਪੂਰਾ ਅਧਿਕਾਰ ਰਖਦਾ ਹੈ। ਇਸ ਜੱਥੇਬੰਦੀ ਦੀ ਬੁਨਿਆਦ ਮਨੁੱਖਾਂ ਦੇ ਆਪਸੀ ਸੰਬੰਧ, ਮਨੁੱਖੀ ਗਤੀ ਅਤੇ ਮਨੁੱਖ ਦੇ ਧਰਮ-ਤੱਤ ਨਾਲ ਸੰਬੰਧਾਂ ਉਤੇ ਰੱਖੀ ਗਈ ਹੈ ਅਤੇ ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਤ੍ਰੀ-ਉਪਦੇਸ਼ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਦੀਆਂ ਲੀਹਾਂ ਉਤੇ ਅਧਾਰਤ ਹਨ।

ਮਨੋਰਥ : ਸ਼੍ਰੋਮਣੀ ਅਕਾਲੀ ਦਲ ਅਗੇ ਦਿੱਤੇ ਮੰਤਵਾਂ ਦੀ ਪੂਰਤੀ ਲਈ ਸਦਾ ਤੱਤਪਰ ਰਹੇਗਾ : ਗੁਰਮਤਿ ਅਤੇ ਰਹਿਤ ਮਰਿਯਾਦਾ ਦਾ ਪ੍ਰਚਾਰ, ਸਿੱਖਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼-ਕਾਲ ਘੜਨਾ, ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਦਾ ਪ੍ਰਗਟਾਉ ਪੂਰਨ ਤੌਰ ਤੇ ਮੂਰਤੀਮਾਨ ਤੇ ਪ੍ਰਜਵਲਤ ਹੋ ਸਕੇ, ਕੰਗਾਲੀ, ਭੁਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਅਤੇ ਮੌਜੂਦਾ ਕਾਣੀ-ਵੰਡ ਤੇ ਲੁਟ-ਖਸੁਟ (ਐਕਸ-ਪਲਾਇਟੇਸ਼ਨ) ਨੂੰ ਖਤਮ ਕਰਨਾ, ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ ਛੂਤ-ਛਾਤ ਤੇ ਜਾਤ-ਪਾਤ ਦੇ ਵਿਤਕਰੇ ਨੂੰ ਹਟਾਣਾ, ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਅ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਅਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸਕੇ।

ਪੰਥਕ ਰਾਜਸੀ ਨਿਸ਼ਾਨਾ: ਜੋ ਨਿਸਚੇ ਤੌਰ ਤੇ ਦਸਮ ਪਾਤਿਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ ‘ਮਨ ਮੰਦਰ’ ਵਿੱਚ ਉਕਰਿਆ ਚਲਿਆ ਆ ਰਿਹਾ ਹੈ, ਦਾ ਮਕਸਦ ‘ਖਾਲਸਾ ਜੀ ਦੇ ਬੋਲ ਬਾਲੇ’ ਹੈ। ਖਾਲਸਾ ਜੀ ਦੇ ਇਸ ਜਨਮ-ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੌੜੀਂਦੇ ਦੇਸ਼-ਕਾਲ ਤੇ ਰਾਜਸੀ ਵਿਧਾਨ ਦੀ ਸਿਰਜਣਾ-ਪ੍ਰਾਪਤੀ, ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ, ਜਿਸਦੀ ਪੂਰਤੀ ਲਈ ਸ਼੍ਰੋਮਣੀ ਅਕਾਲੀ ਦਲ ਹਰ ਸੰਭਵ ਯਤਨ ਅਤੇ ਜਦੋਜਹਿਦ ਕਰੇਗਾ।

ਧਾਰਮਕ ਮਨੋਰਥ ਅਤੇ ਨਿਸ਼ਾਨਾ: ਅਕਾਲੀ ਦਲ, ਸਿੱਖਾਂ ਵਿੱਚ ਧਾਰਮਕ-ਭਾਵ ਨੂੰ ਪੈਦਾ ਕਰਨਾ ਅਤੇ ਉਨ੍ਹਾਂ ਵਿੱਚ ਸਿੱਖ ਹੋਣ ਤੇ ਮਾਣ ਪੈਦਾ ਕਰਨਾ, ਆਪਣਾ ਮੁੱਖ ਮਨੋਰਥ ਸਮਝਦਾ ਹੈ, ਜਿਸਦੀ ਪੂਰਤੀ ਲਈ ਉਹ ਇਨ੍ਹਾਂ ਪ੍ਰੋਗਰਾਮਾਂ ਨੂੰ ਅਮਲ ਵਿੱਚ ਲਿਆਇਗਾ:

1. ਵਾਹਿਗੁਰੂ ਦੀ ਵਾਹਿਦ ਹਸਤੀ ਦਾ ਪ੍ਰਚਾਰ ਕਰਨਾ, ਨਾਮ ਸਿਮਰਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਣਾ, ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਰ ਦ੍ਰਿੜ੍ਹ ਨਿਸ਼ਚਾ ਦ੍ਰਿੜ੍ਹ ਕਰਾਣਾ, ਉਹਨਾਂ ਦੇ ਉਪਦੇਸ਼ਾਂ ਦੀ ਜਾਣਕਾਰੀ ਦੇਣੀ ਅਤੇ ਉਨ੍ਹਾਂ ਉਤੇ ਅਮਲ ਕਰਾਣ ਲਈ ਯਤਨ ਕਰਨਾ।

2. ਗੁਰਮਤਿ, ਸਿੱਖ ਫਲਸਫਾ, ਰਹਿਤ ਮਰਿਆਦਾ ਅਤੇ ਕੀਰਤਨ ਆਦਿ ਦੇ ਪ੍ਰਚਾਰ ਨੂੰ ਕਾਮਯਾਬੀ ਨਾਲ ਚਲਾਣ ਲਈ ਸਿੱਖ ਮਿਸ਼ਨਰੀ ਕਾਲਜ ਵਿਚੋਂ ਪ੍ਰਚਾਰਕ ਤੇ ਚੰਗੇ ਰਾਗੀ, ਢਾਡੀ, ਕਵੀਸ਼ਰ ਤਿਆਰ ਕਰਨੇ, ਤਾਂ ਜੋ ਦੇਸ ਤੇ ਪ੍ਰਦੇਸ ਵਿੱਚਲੇ ਕਾਲਜਾਂ ਤੇ ਸਕੂਲਾਂ ਵਿੱਚ, ਪਿੰਡਾਂ ਤੇ ਸ਼ਹਿਰਾਂ ਵਿੱਚ, ਗੋਇਆ ਕਿ ਹਰ ਥਾਂ ਲਈ ਪ੍ਰਚਾਰ ਦੀ ਯੋਗਤਾ ਰੱਖਣ ਵਾਲੇ ਪਚਾਰਕ ਤਿਆਰ ਕੀਤੇ ਜਾ ਸਕਣ।

3. ਵੱਡੇ ਪੈਮਾਨੇ ਤੇ ਅੰਮ੍ਰਿਤ ਪ੍ਰਚਾਰ ਦਾ ਪ੍ਰਬੰਧ ਕਰਨਾ, ਕਾਲਜਾਂ ਅਤੇ ਸਕੂਲਾਂ ਵਿੱਖੇ ਇਸ ਸੰਬੰਧ ਵਿੱਚ ਪੂਰਾ ਤਾਣ ਲਾਣਾ ਅਤੇ ਇਸ ਮਨੋਰਥ ਨੂੰ ਸਾਹਮਣੇ ਰੱਖ ਕੇ ਕਾਲਜਾਂ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਬਾਕਾਇਦਾ ਸਟੱਡੀ-ਸਰਕਲ ਲਾਣ ਦਾ ਪ੍ਰਬੰਧ ਕਰਨਾ।

4. ਸਿੱਖਾਂ ਵਿੱਚ ਦਸਵੰਧ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ।

5. ਸਿੱਖ ਧਰਮ ਅਤੇ ਇਤਿਹਾਸ ਦੇ ਵਿਦਵਾਨ ਲਿਖਾਰੀਆਂ, ਪ੍ਰਚਾਰਕਾਂ, ਗ੍ਰੰਥੀਆਂ ਆਦਿ ਦਾ ਕੌਮ ਵਲੋਂ ਵੱਧ ਤੋਂ ਵੱਧ ਆਦਰ ਕਰਨ ਲਈ ਪ੍ਰਚਾਰ ਕਰਨਾ ਅਤੇ ਉਨ੍ਹਾਂ ਦੇ ਰੁਤਬੇ, ਸਿਖਲਾਈ ਅਤੇ ਰਹਿਣੀ ਦਾ ਮਿਆਰ ਉੱਚਾ ਕਰਨ ਲਈ ਯਤਨ ਕਰਨਾ।

6. ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਪ੍ਰਭਾਵਸ਼ਾਲੀ ਬਨਾਉਣ ਲਈ ਯਤਨ ਕਰਨਾ ਤੇ ਗੁਰਦੁਆਰਾ ਕਰਮਚਾਰੀਆਂ ਦੀ ਸਿਖਲਾਈ ਲਈ ਪ੍ਰਬੰਧ ਕਰਨਾ। ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸੰਭਾਲ ਕਰਵਾਣੀ। ਇਸ ਸੰਬੰਧ ਵਿੱਚ ਸਮੇਂ-ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਕ ਕਮੇਟੀਆਂ ਵਿੱਚਲੇ ਆਪਣੇ ਪ੍ਰਤੀਨਿਧਾਂ ਨੂੰ ਯੋਗ ਹਿਦਾਇਤਾਂ ਭੇਜਦਿਆਂ ਰਹਿਣਾ।

7. ਗੁਰਬਾਣੀ ਦੀ ਸ਼ੁੱਧ ਛਪਾਈ, ਪੁਰਾਣੇ ਅਤੇ ਨਵੇਂ ਸਿੱਖ ਇਤਿਹਾਸ ਦੀ ਖੋਜ ਅਤੇ ਸੰਭਾਲ ਤੇ ਪ੍ਰਕਾਸ਼ਨਾਂ, ਗੁਰਬਾਣੀ ਦਾ ਹੋਰ ਬੋਲੀਆਂ ਵਿੱਚ ਉਲਥਾ, ਸਿੱਖ ਸਿਧਾਂਤਾਂ ਬਾਰੇ ਵਧੀਆ ਸਾਹਿਤ ਤਿਆਰ ਕਰਨ ਲਈ ਪ੍ਰਬੰਧ ਕਰਨਾ।

8. ਇੱਕ ਨਵਾਂ ਸਰਬ ਹਿੰਦ ਗੁਰਦੁਆਰਾ ਕਾਨੂੰਨ ਬਣਵਾਉਣ ਦੇ ਬਾਨ੍ਹਣੂ ਬੰਨਣਾ, ਜਿਸ ਨਾਲ ਦੇਸ਼ ਭਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਵਧੇਰੇ ਸੁਚੱਜਾ ਤੇ ਸ਼ੋਭਾ-ਜਨਕ ਹੋ ਸਕੇ ਅਤੇ ਜਿਸ ਨਾਲ ਸਿੱਖ ਪੰਥ ਪ੍ਰਾਚੀਨ ਪ੍ਰਚਾਰ ਕਰਨ ਵਾਲੀਆਂ ਸੰਪ੍ਰਦਾਵਾਂ, ਜਿਹਾ ਕਿ ਉਦਾਸੀ, ਨਿਰਮਲੇ ਆਦਿ, ਮੁੜ ਸਮੁੱਚੇ ਸਿੱਖ ਸਮਾਜ ਦਾ ਅਨਿਖੜਵਾਂ ਅੰਗ ਬਣ ਜਾਣ, ਪ੍ਰੰਤੂ ਡੇਰਿਆਂ ਦੀਆਂ ਜਾਇਦਾਦਾਂ, ਇਨ੍ਹਾਂ ਸੰਪ੍ਰਦਾਵਾਂ ਦੇ ਹੱਥਾਂ ਵਿੱਚ ਹੀ ਸੁਰਖਿਅਤ ਰਹਿਣ।

9. ਸੰਸਾਰ ਦੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇਕ ਲੜੀ ਵਿੱਚ ਪ੍ਰੋ ਕੇ ਸਾਰੇ ਖਾਲਸਾ ਪੰਥ ਦੇ ਧਰਮ ਅਸਥਾਨਾਂ ਦੀ ਰਹੁ-ਰੀਤ ਨੂੰ ਇਕਸਾਰ ਕਰਨ ਤੇ ਪ੍ਰਚਾਰ ਦੇ ਸਾਧਨਾਂ ਨੂੰ ਜੁੜਵਾਂ ਤੇ ਅਸਰ ਭਰਪੂਰ ਬਨਾਉਣ ਦਾ ਪ੍ਰਬੰਧ ਕਰਨਾ।

10. ਸ੍ਰੀ ਨਨਕਾਣਾ ਸਾਹਿਬ ਅਤੇ ਉਨ੍ਹਾਂ ਹੋਰ ਸਮੂਹ ਗੁਰਦੁਆਰਿਆਂ ਤੇ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦਾ ਪ੍ਰਬੰਧ ਸਮੂਹ ਸਿੱਖਾਂ ਲਈ ਹਾਸਲ ਕਰਨ ਦੇ ਯਤਨ ਕਰਨੇ।

…ਅਤੇ ਅੰਤ ਵਿੱਚ: ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਇਸ ਜ਼ਿਮੇਂਦਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਸਿਰ ਲਿਆਂ ਅਧੀ ਸਦੀ ਤੋਂ ਵੱਧ ਦਾ ਸਮਾਂ ਬੀਤਣ ਨੂੰ ਆ ਰਿਹਾ ਹੈ, ਪ੍ਰੰਤੂ ਸਮੇਂ ਦੌਰਾਨ ਦੀ ਸ਼੍ਰੋਮਣੀ ਅਕਾਲੀ ਦਲ (ਵਰਤਮਾਨ ਸ਼੍ਰੋਮਣੀ ਅਕਾਲੀ ਦਲ –ਬਾਦਲ) ਅਤੇ ਉਸਦੇ ਪ੍ਰਬੰਧ-ਅਧੀਨ ਧਾਰਮਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰ-ਗੁਜ਼ਾਰੀ ਦੀ ਘੋਖ ਕੀਤੀ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਇਸ ਸਮੇਂ ਦੌਰਾਨ ਆਪਣੇ ਧਾਰਮਕ ਏਜੰਡੇ ਪੁਰ ਅਮਲ ਕਰਨ ਵਲ ਘੱਟ ਅਤੇ ਰਾਜਸੀ ਉਦੇਸ਼ਾਂ ਤੇ ਸ਼ੁਆਰਥ ਪੂਰਤੀ ਦੇ ਏਜੰਡੇ ਵਲ ਵਧੇਰੇ ਧਿਆਨ ਦਿੱਤਾ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin