ਰਾਤ ਦੇ ਕੋਈ ਸਾਢੇ ਕੁ ਦਸ ਵਜੇ ਦਾ ਸਮਾਂ, ਕਿਸੇ ਨੇੜਲੇ ਰਿਸ਼ਤੇਦਾਰ ਦੇ ਲੜਕੇ ਦੇ ਵਿਆਹ ਦੀ ਪਾਰਟੀ ਚ ਹਾਜ਼ਰੀ ਲੁਆ ਕੇ ਵਾਪਸ ਪਰਤਦਿਆਂ ਇੰਗਲੈਂਡ ਦੇ ਇਕ ਛੋਟੇ ਜਿਹੇ ਪਿੰਡ ਚੋ ਗੁਜ਼ਰਕੇ ਆਪਣੀ ਮੰਜਿਲ ਵੱਲ ਵੱਧ ਰਿਹਾ ਸੀ । ਅਗਲੇ ਦਿਨ ਸਵੇਰੇ ਕੰਮ ‘ਤੇ ਜਾਣ ਕਾਰਨ ਮਨ ਵਿੱਚ ਘਰ ਪਹੁੰਚਕੇ ਥੋੜਾ ਅਰਾਮ ਕਰ ਲੈਣ ਦੀ ਕਾਹਲ ਕਾਰਨ ਉਸ ਪਿੰਡ ਚੋਂ ਲੰਘਦੀ ਸੜਕ ਉੱਤੇ ਮਿਥੀ ਤੀਹ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ਼ੋਂ ਕਾਰ ਦਸ ਕੁ ਮੀਲ ਹੋਰ ਤੇਜ਼ੀ ਨਾਲ ਚਲਾ ਰਿਹਾ ਸਾਂ ਕਿ ਅਚਾਨਕ ਇਕ ਪਾਸੇ ਵਾਲੀ ਸੜਕ ‘ਤੇ ਲੁਕ ਕੇ ਖੜੇ ਪੁਲਸੀਆਂ ਦੀ ਕਾਰ ਨੇ ਨੀਲੀਆਂ ਬੱਤੀਆਂ ਜਗਾ ਤੇ ਲੰਬਾ ਹੂਟਰ ਮਾਰ ਕੇ ਆਪਣੀ ਕਾਰ ਮੇਰੀ ਕਾਰ ਦੇ ਠਾਹ ਅੱਗੇ ਲਿਆ ਖੜੀ ਕੀਤੀ । ਉਹਨਾਂ ਦਾ ਪਹਿਲਾ ਸਵਾਲ ਦਾਰੂ ਪੀਤੀ ਜਾਂ ਨਾ ਪੀਤੀ ਹੋਣ ਬਾਰੇ ਸੀ ਤੇ ਮੈਂ ਆਪਣਾ ਜਵਾਬ ਉਹਨਾਂ ਨੂੰ ਨਾਂਹ ਵਿੱਚ ਸਿਰ ਫੇਰ ਕੇ ਦੇ ਦਿੱਤਾ । ਲੇਡੀ ਪੁਲਿਸ ਅਫਸਰ ਗੋਰੀ ਨੇ ਡਿਜੀਟਲ ਡੀਵਾਈਸ ਮੇਰੇ ਮੂੰਹ ਨੇੜੇ ਕਰਦਿਆਂ ਉਸ ਵਿੱਚ ਫੂਕ ਮਾਰਨ ਲਈ ਕਿਹਾ ਤਾਂ ਮੈਂ ਬਿਨਾ ਕਿਸੇ ਹਿਚਕਚਾਹਟ ਉਸ ਵਿੱਚ ਫੂਕ ਮਾਰ ਦਿੱਤੀ, ਪੁਲਿਸ ਅਫਸਰ ਨੇ ਚੈੱਕ ਕੀਤਾ ਤੇ ਮੇਰਾ ਦਾਰੂ ਨਾ ਪੀਤੀ ਹੋਣ ਵਾਲਾ ਜਵਾਬ ਸਹੀ ਪਾਇਆ ਗਿਆ । ਹੁਣ ਗੋਰੇ ਪੁਲਿਸ ਅਫਸਰ ਨੇ ਬਹੁਤ ਹੀ ਸਤਿਕਾਰ ਨਾਲ ਮੈਨੂੰ ਉਸ ਪਿੰਡ ਚੋਂ ਗੁਜ਼ਰਦੀ ਸੜਕ ‘ਤੇ ਮਿਥੀ ਹੋਈ ਵੱਧ ਤੋਂ ਵੱਧ ਰਫ਼ਤਾਰ ਬਾਰੇ ਜਾਣਕਾਰੀ ਦੇਣ ਵਾਸਤੇ ਕਿਹਾ ਤਾਂ ਮੈਂ ਫਟਾਫਟ ਤੀਹ ਮੀਲ ਫੀ ਘੰਟਾ ਕਹਿ ਦਿੱਤਾ । ਉਸ ਦਾ ਅਗਲਾ ਸਵਾਲ ਮੈਨੂੰ ਇਹ ਸੀ ਕਿ, “ਸ਼੍ਰੀਮਾਨ ਜੀ ਤੁਸੀਂ ਆਪਣੀ ਕਾਰ ਕਿੰਨੀ ਸਪੀਡ ‘ਤੇ ਚਲਾ ਰਹੇ ਸੀ ?” ਲਗ-ਪਗ ਚਾਲੀ ਮੀਲ ਫੀ ਘੰਟੇ ਦੀ ਸਪੀਡ ਨਾਲ, ਮੈਂ ਜਵਾਬ ਦਿੱਤਾ । ਪੁਲਿਸ ਅਫਸਰ ਨੇ ਓਵਰ ਸਪੀਡ ਡਰਾਇਵ ਕਰਨ ‘ਤੇ ਉਸ ਸੰਬੰਧੀ ਜੁਰਮਾਨੇ ਬਾਰੇ ਜਾਣਕਾਰੀ ਦੇਂਦਿਆਂ ਮਿਥੀ ਰਫ਼ਤਾਰ ਤੋਂ ਵੱਧ ਰਫ਼ਤਾਰ ‘ਤੇ ਕਾਰ ਚਲਾਉਂਣ ਦਾ ਕਾਰਨ ਪੁਛਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਦੇਰ ਰਾਤ ਹੈ, ਸੜਕ ‘ਤੇ ਕਿਸੇ ਤਰਾਂ ਦਾ ਖਤਰਾ ਘਟ ਹੈ ਤੇ ਦੂਸਰਾ ਸਵੇਰੇ ਕੰਮ ‘ਤੇ ਜਾਣਾ ਹੋਣ ਕਾਰਨ ਘਰ ਪਹੁੰਚ ਕੇ ਥੋੜਾ ਅਰਾਮ ਕਰਨ ਦੀ ਕਾਹਲੀ । ਇਸ ਤੋਂ ਇਲਾਵਾ ਉਹਨਾਂ ਕੁੱਜ ਹੋਰ ਸਵਾਲ ਜਿਹਨਾ ਚ ਕਿੱਥੋਂ ਤੇ ਕੀ ਕਰਕੇ ਆ ਰਹੇ ਹੋ ਵਗੈਰਾ ਵਗੈਰਾ ਵੀ ਪੁੱਛੇ ਤੇ ਮੈਂ ਉਹਨਾਂ ਦੁਆਰਾ ਪੁੱਛੇ ਹਰ ਸਵਾਲ ਦਾ ਉੱਤਰ ਪੂਰੀ ਇਮਾਨਦਾਰੀ ਨਾਲ ਦਿੱਤਾ । ਫਿਰ ਦੋਵੇਂ ਪੁਲਿਸ ਅਫਸਰਾ ਨੇ ਆਪਸ ਵਿੱਚ ਕੁੱਜ ਗੁਪਚੁਪ ਕੀਤੀ ਜਿਸ ਤੋਂ ਇਹ ਸਾਫ਼ ਲੱਗ ਰਿਹਾ ਸੀ ਕਿ ਗੋਰਾ ਪੁਲਿਸ ਅਫਸਰ ਮੈਨੂੰ ਚਾਰਜ ਕਰਨਾ ਚਾਹੁੰਦਾ ਸੀ, ਪਰ ਗੋਰੀ ਪੁਲਿਸ ਅਫਸਰ ਮੇਰੇ ਸੱਚ ਬੋਲਣ ਤੋਂ ਪ੍ਰਭਾਵਿਤ ਸੀ ਤੇ ਉਹ ਮੈਨੂੰ ਚੇਤਾਵਨੀ ਦੇ ਕੇ ਛੱਡਣ ਦੀ ਵਜ਼ਾਹਤ ਕਰ ਰਹੀ ਸੀ ਜਿਸ ਨਾਲ ਗੋਰਾ ਪੁਲਿਸ ਅਫਸਰ ਸਹਿਮਤ ਹੋ ਗਿਆ ਤੇ ਉਸ ਨੇ ਮੈਨੂੰ ਇਹ ਕਹਿੰਦਿਆਂ ਚਲੇ ਜਾਣ ਲਈ ਕਿਹਾ ਕਿ, “ ਸ਼੍ਰੀਮਾਨ ਜੀ, “ਤੁਸੀਂ ਮੰਨਦੇ ਹੋ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਦੇ ਦੋਸ਼ੀ ਹੋ, ਪਰ ਤੁਹਾਡੇ ਵੱਲੋਂ ਸੱਚ ਬੋਲੇ ਜਾਣ ਕਰਕੇ ਅਸੀਂ ਤੁਹਾਨੂੰ ਵਰਬਲ ਵਾਰਨਿੰਗ ਦੇ ਕੇ ਇਸ ਵਾਰ ਛੱਡ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਦੁਬਾਰਾ ਅਜਿਹੀ ਗਲਤੀ ਨਹੀਂ ਦੁਹਰਾਓਗੇ ।” ਮੈਂ ਵੀ ਪੁਲਿਸ ਅਫਸਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਇਹ ਸੋਚਦਾ ਹੋਇਆ ਆਪਣੀ ਮੰਜਿਲ ਵੱਲ ਵਧ ਪਿਆ ਕਿ ਰਾਤਾਂ ਜ਼ਾਗਕੇ ਕਾਨੂੰਨ ਲਾਗੂ ਕਰਨ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਚਿੰਤਤ ਇਹ ਲੋਕ ਆਪਣੇ ਕਿੱਤੇ ਪ੍ਰਤੀ ਕਿੰਨੇ ਇਮਾਨਦਾਰ ਤੇ ਕੋਮਲ ਹਿਰਦੇ ਦੇ ਮਾਲਕ ਹਨ ।
. . . (ਚੱਲਦਾ)