Automobile Articles

ਜ਼ਰਾ ਬਚਕੇ ਮੋੜ ਤੋਂ . . . ਭਾਗ – 9

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਕਈ ਵਾਰ ਨਹੀਂ ਬਲਕਿ ਬਹੁਤੀ ਵਾਰ ਅਸੀਂ ਆਪਣੀਆਂ ਮੋਟਰ-ਕਾਰਾਂ ਪ੍ਰਤੀ ਏਨੇ ਲਾਪਰਵਾਹ ਹੋ ਜਾਂਦੇ ਹਾਂ ਕਿ ਛੋਟੇ ਮੋਟੇ ਕਈ ਅਜਿਹੇ ਮੁਰੰਮਤੀ ਕੰਮ ਜੋ ਅਸੀਂ ਖ਼ੁਦ ਆਪ ਵੀ ਬਹੁਤ ਅਸਾਨੀ ਨਾਲ ਕਰ ਸਕਦੇ ਹਾਂ, ਉਹ ਵੀ ਆਪ ਕਰਨ ਦੀ ਬਜਾਏ ਸਮੇਂ ਅਤੇ ਪੈਸੇ ਦਾ ਫ਼ਜ਼ੂਲ ਚ ਹਰਜਾ ਕਰ ਜਾਂਦੇ ਹਾਂ । ਮਿਸਾਲ ਵਜੋਂ ਹੈੱਡ ਲਾਈਟ ਜਾਂ ਬਰੇਕ ਲਾਈਟਾਂ ਸਮੇਤ ਨੰਬਰ ਪਲੇਟ ਦੇ ਫ਼ਿਊਜ਼ ਹੋਏ ਬਲਬ ਬਦਲਣੇ ਕੋਈ ਵੱਡਾ ਕਾਰਜ ਨਹੀਂ, ਪਰ ਜਦ ਅਸੀਂ ਇਹਨਾਂ ਕੰਮਾਂ ਵਾਸਤੇ ਵੀ ਕਾਰਾ ਗੈਰੇਜਾਂ ਚ ਲੈ ਜਾਂਦੇ ਹਾਂ ਤਾਂ ਇਹ ਛੋਟੇ ਕੰਮ ਵੀ ਖ਼ਰਚੀਲੇ ਤੇ ਵੱਡੇ ਬਣ ਜਾਂਦੇ ਹਨ, ਭਾਵ ਦੋ ਤੋਂ ਪੰਜ ਪੌਂਡ ਦਾ ਬਲਬ ਵੀਹ ਪੌਂਡ ਦਾ ਬਣ ਜਾਂਦਾ ਹੈ, ਪਰ ਜੇਕਰ ਉਕਤ ਕੰਮ ਹੱਥੀ ਕਰ ਲਿਆ ਜਾਵੇ ਤਾਂ ਬੱਚਤ ਸਮੇਤ ਕਾਰ ਗੈਰੇਜ ਨਾਲ ਅਪੁਆਇੰਟਮੈਂਟ ਦੇ ਸਮੇਂ ਦੀ ਖ਼ਰਾਬੀ ਦੇ ਨਾਲ ਨਾਲ ਪੈਸੇ ਵੀ ਬਚਾਅ ਸਕਦੇ ਹਾਂ । ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਸ ਤਰਾਂ ਦੇ ਛੋਟੇ ਕੰਮ ਸਭਨਾ ਕਾਰਾਂ ਦੇ ਹੀ ਅਸਾਨ ਨਹੀਂ ਹੁੰਦੇ ਕਿਉਂਕਿ ਕੁੱਜ ਕੁ ਕਾਰਾਂ ਦੀ ਬਣਤਰ ਦੇ ਹਿਸਾਬ ਨਾਲ ਇਹ ਕੰਮ ਵੀ ਗੈਰੇਜ ਤੇ ਹੀ ਕਰਾਉਣੇ ਪੈਂਦੇ ਹਨ, ਪਰ ਇੱਥੇ ਵੀ ਇਹ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਇਕ ਗਰਾਹਕ ਵਜੋਂ ਅੱਖਾਂ ਬੰਦ ਕਰਕੇ ਇਕ ਹੀ ਗੈਰੇਜ ਕੋਲ ਕਾਰ ਲੈ ਕੇ ਜਾਣ ਦੀ ਬਜਾਏ ਵੱਖ ਵੱਖ ਗੈਰੇਜਾਂ ਨਾਲ ਸੰਪਰਕ ਕਰਕੇ ਠੋਕ ਵਜਾ ਕੇ ਦੇਖ ਲਿਆ ਜਾਵੇ ਤਾਂ ਬਹੁਤ ਚੰਗਾ ਹੈ । ਇਸ ਤਰਾਂ ਕਰਨ ਨਾਲ ਵੱਖ ਵੱਖ ਗੈਰੇਜਾਂ ਵੱਲੋਂ ਇਕ ਹੀ ਕੰਮ ਵਾਸਤੇ ਕੀਤੇ ਜਾ ਰਹੇ ਵੱਖ-ਵੱਖ ਰੇਟਾਂ ਦੀ ਜਾਣਕਾਰੀ ਵੀ ਮਿਲੇਗੀ ਤੇ ਚੰਗੀ ਅਤੇ ਕਿਫ਼ਾਇਤੀ ਗੈਰੇਜ ਦੀ ਚੋਣ ਕਰਨ ਵਾਸਤੇ ਮੌਕਾ ਵੀ ਮਿਲੇਗਾ, ਜਦ ਕਿ ਇਕ ਹੀ ਗੈਰੇਜ ਵਿੱਚ ਜਾਣ ਨਾਲ ਅਸੀ ਸੰਬੰਧਿਤ ਗੈਰੇਜ ਵਾਲੇ ਦੇ ਭਰੋਸੇ ‘ਤੇ ਪੂਰੀ ਤਰਾਂ ਨਿਰਭਰ ਹੋ ਕੇ ਰਹਿ ਜਾਂਦੇ ਹਾਂ ਤੇ ਇਹ ਫਿਰ ਉਸਦੀ ਇਮਾਨਦਾਰੀ ਹੈ ਕਿ ਉਹ ਸਾਨੂੰ ਲੁੱਟ ਲਵੇ ਜਾਂ ਫਿਰ ਰਹਿਮ ਕਰਕੇ ਠੀਕ ਠੀਕ ਬਣਦਾ ਖ਼ਰਚਾ ਚਾਰਜ ਕਰੇ ।
ਪਿਛਲੀ ਇਕ ਲੜੀ ਚ ਇਕ ਆਮ ਲਾਈਨ ਬੈਟਰੀ ਵੇਚਣ ਵਾਲੇ ਸਟੋਰ ਨਾਲ ਹੋਈ ਬੀਤੀ ਦਾ ਜ਼ਿਕਰ ਕੀਤਾ ਸੀ । ਇੱਥੇ ਦੁਬਾਰਾ ਕਾਰ ਬੈਟਰੀ ਦਾ ਜਿਕਰ ਕਰਨਾ ਫਿਰ ਜ਼ਰੂਰੀ ਜਾਪਦਾ ਹੈ । ਅਸੀਂ ਸਾਰੇ ਜਾਣਦੇ ਹਾਂ ਬੈਟਰੀ ਕਿਸੇ ਵੀ ਕਾਰ ਜਾਂ ਵਾਹਨ ਦਾ ਬਹੁਤ ਹੀ ਮਹੱਤਵਪੂਰਨ ਪਾਰਟ ਹੁੰਦਾ ਹੈ, ਜੇਕਰ ਇਸ ਦੀ ਥੋੜ੍ਹੀ ਜਿਹੀ ਸੰਭਾਲ਼ ਕਰ ਲਈ ਜਾਵੇ ਤਾਂ ਇਸ ਪਾਰਟ ਦੀ ਹੰਢਸਾਰਤਾ ਦੇ ਸਮੇਂ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਤੇ ਇਸ ਦੇ ਅਚਾਨਕ ਡਾਊਨ ਹੋ ਜਾਣ ਕਾਰਨ ਸਫਰ ਦੌਰਾਨ ਰਸਤੇ ਕਿਸੇ ਤਰਾਂ ਦੀ ਖਾਹਮੁਖਾਹ ਪੇਸ਼ ਆਉਣ ਵਾਲੀ ਪਰੇਸ਼ਾਨੀ ਤੋਂ ਵੀ ਬਚਿਆ ਜਾ ਸਕਦਾ ਹੈ । ਬੇਸ਼ੱਕ ਅੱਜ-ਕੱਲ੍ਹ ਦੇ ਵਾਹਨਾਂ ਚ ਨਵੀਂ ਪ੍ਰਕਾਰ ਦੀਆ ਅਜਿਹੀਆਂ ਬੈਟਰੀਆਂ ਫਿੱਟ ਕਰ ਦਿੱਤੀਆਂ ਗਈਆਂ ਹਨ, ਜਿਹਨਾ ਚ ਵਾਰ ਵਾਰ ਇਕ ਦੋ ਹਫ਼ਤੇ ਬਾਅਦ ਡਿਸਟਿਲਡ ਜਾਂ ਆਇਓਡੀਨ ਵਾਟਰ ਟੌਪ ਅੱਪ ਕਰਨ ਦੀ ਲੋੜ ਨਹੀਂ, ਪਰ ਤਾਂ ਵੀ ਕਈ ਕਾਰਾਂ ਚ ਅਜੇ ਵੀ ਅਜਿਹੀਆਂ ਬੈਟਰੀਆਂ ਫਿੱਟ ਹਨ ਤੇ ਕੀਤੀਆ ਵੀ ਜਾ ਰਹੀਆ ਹਨ ਜਿਹਨਾ ਚ ਸਮੇਂ ਸਮੇਂ ਪਾਣੀ ਟੌਪ ਅੱਪ ਕਰਨਾ ਜ਼ਰੂਰੀ ਹੁੰਦਾ ਹੈ । ਇਸ ਕਰਕੇ ਕਾਰ ਦੇ ਮੈਨੂਅਲ ਜਾਂ ਉਸ ਸੰਬੰਧੀ ਮੁਰੰਮਤ ਪੁਸਤਕ ਨੂੰ ਪੜ੍ਹਕੇ ਇਹ ਨਿਸਚਤ ਕਰ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਹਾਡੀ ਕਾਰ ਚ ਕਿਹੜੀ ਬੈਟਰੀ ਫਿੱਟ ਕੀਤੀ ਹੋਈ ਹੈ ਤੇ ਫਿਰ ਉਸੇ ਹਿਸਾਬ ਨਾਲ ਅਮਲ ਕਰਨਾ ਜ਼ਰੂਰੀ ਹੁੰਦਾ ਹੈ । ਕੁੱਜ ਸਮਾਂ ਪਾ ਕੇ ਵਾਹਨ ਦੀ ਬੈਟਰੀ ਦੇ ਨੈਗੇਟਿਵ ਤੇ ਪੌਜੇਟਿਵ ਦੋਹਾਂ ਟਰਮੀਨਲਾਂ ਉੱਤੇ ਇਕ ਉੱਲੀ ਵਰਗੀ ਕਾਰਬਨ ਜਮਾਂ ਹੋ ਜਾਂਦੀ ਹੈ ਜਿਸ ਨੂੰ ਸਮੇਂ ਸਮੇਂ ਸਾਫ ਕਰਕੇ ਟਰਮੀਨਲਾਂ ‘ਤੇ ਹਲਕੀ ਜਿਹੀ ਗਰੀਸ ਜ਼ਰੂਰ ਲਗਾ ਦੇਣੀ ਚਾਹੀਦੀ ਹੈ । ਇਸ ਤਰਾਂ ਕਰਨ ਨਾਲ ਬੈਟਰੀ ਲੰਮਾ ਸਮਾਂ ਬਿਨਾ ਕਿਸੇ ਵਿਘਨ ਜਾਂ ਖ਼ਰਾਬੀ ਚੱਲੇਗੀ ।
ਇਕ ਗੱਲ ਹੋਰ ਇਹ ਵੀ ਹੈ ਕਿ ਬੈਟਰੀ ਬਦਲੀ ਕਰਨਾ ਵੀ ਕੋਈ ਵੱਡਾ ਕਾਰਜ ਨਹੀਂ ਹੈ । ਜੇਕਰ ਤੁਹਾਨੂੰ ਕਾਰ ਬੈਟਰੀ ਬਦਲਣ ਦੀ ਲੋੜ ਹੈ ਤਾਂ ਸਭ ਤੋਂ ਪਹਿਲਾ ਕੋਈ ਅਜਿਹੀ ਚੰਗੀ ਤੇ ਕਿਫ਼ਾਇਤੀ ਬੈਟਰੀ ਖਰੀਦ ਲਓ ਜੋ ਤੁਹਾਡੀ ਕਾਰ/ਵਾਹਨ ਦੇ ਵਾਸਤੇ ਉਸ ਦੀ ਹੌਰਸ ਪਾਵਰ ਅਨੁਸਾਰ ਸਹੀ ਹੋਵੇ । ਫਿਰ ਰਬੜ ਦੇ ਦਸਤਾਨੇ ਪਾ ਕੇ ਕਾਰ ਚ ਪਹਿਲਾਂ ਫਿੱਟ ਰਾਤੀਂ ਬੈਟਰੀ ਦੀ ਲੌੜੀਂਦੇ ਸਪਾਨੇ ਨਾਲ ਖੋਹਲਕੇ ਨੈਗੇਟਿਵ ਕੇਬਲ ਅਲੱਗ ਕਰੋ ਤੇ ਉਸ ਨੂੰ ਇਕ ਪਾਸੇ ਅਜਿਹੀ ਜਗਾ ‘ਤੇ ਕਰ ਦਿਓ ਕਿ ਉਹ ਕਾਰ ਦੀ ਬੌਡੀ ਨਾਲ ਟੱਚ ਨਾ ਕਰ ਸਕੇ ਤੇ ਫਿਰ ਪੌਜੇਟਿਵ ਵਾਲੀ ਤਾਰ ਅਲੱਗ ਕਰੋ ਤੇ ਉਸ ਨੂੰ ਵੀ ਬਹੁਤ ਧਿਆਨ ਨਾਲ ਪਾਸੇ ਕਰ ਦਿਓ । ਬਹੁਤ ਚੰਗਾ ਹੋਵੇਗਾ ਜੇਕਰ ਨੈਗੇਟਿਵ ਤੇ ਪੌਜੇਟਿਵ ਵਾਲੀਆਂ ਦੋਵੇਂ ਬੈਟਰੀ ਤਾਰਾਂ ਦੇ ਟਰਮੀਨਲਾਂ ਪੁਆਂਇਟ ਕੱਪੜੇ ਜਾਂ ਪਲਾਸਟਿਕ ਦੇ ਨਾਲ ਉਨਾ ਚਿਰ ਚੰਗੀ ਤਰਾਂ ਕਵਰ ਕਰ ਦਿੱਤੇ ਜਾਣ ਜਿਨਾ ਚਿਰ ਪੁਰਾਣੀ ਦੀ ਜਗਾ ਨਵੀ ਬੈਟਰੀ ਕਾਰ ਚ ਬੈਟਰੀ ਪਲੇਟਫ਼ਾਰਮ ਉੱਤੇ ਫਿੱਟ ਨਹੀਂ ਕਰ ਲਈ ਜਾਂਦੀ । ਪੁਰਾਣੀ ਬੈਟਰੀ ਦੀ ਜਗਾ ਨਵੀਂ ਬੈਟਰੀ ਕਾਰ ਚ ਫਿੱਟ ਕਰ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਪੌਜੇਟਿਵ ਵਾਲੀ ਤਾਰ ਦੇ ਟਰਮੀਨਲ ਨੂੰ ਬੈਟਰੀ ਦੇ ਟਰਮੀਨਲ ਨਾਲ ਬਹੁਤ ਹੀ ਸਾਵਧਾਨੀ ਨਾਲ ਫਿੱਟ ਕਰੋ ਤੇ ਬਾਅਦ ਚ ਨੈਗੇਟਿਵ ਵਾਲਾ ਫਿੱਟ ਕਰ ਲਓ । ਇਹ ਯਕੀਨੀ ਬਣਾਓ ਕਿ ਦੋਵੇਂ ਟਰਮੀਨਲ ਬੈਟਰੀ ਨਾਲ ਪੂਰੀ ਤਰਾਂ ਕੱਸ ਕੇ ਲਗਾਏ ਜਾਣ ਤਾਂ ਕਿ ਕਿਸੇ ਤਰਾਂ ਲੂਸ ਸਪਾਰਕ ਨਾ ਕਰਨ ਤੇ ਕਰੰਟ ਦਾ ਹਰਜਾ ਨਾ ਹੋਵੇ । ਨਵੀਂ ਬੈਟਰੀ ਦੀ ਖਰੀਦ ਪਰਚੀ ਸੰਭਾਲ਼ ਲਈ ਜਾਵੇ ਕਿਉਂਕਿ ਉਸ ਉੱਤੇ ਗਰੰਟੀ ਦਰਜ ਕੀਤੀ ਹੁੰਦੀ ਹੈ ਤੇ ਗਰੰਟੀ ਸਮੇਂ ਦੌਰਾਨ ਅਗਰ ਬੈਟਰੀ ਚ ਕਿਸੇ ਵੀ ਤਰਾਂ ਦਾ ਕੋਈ ਨੁਕਸ ਪੈਂਦਾ ਹੈ ਤਾਂ ਖਰੀਦ ਨਾਲ ਸੰਬੰਧਿਤ ਸਟੋਰ ਨੂੰ ਉਹ ਰਸੀਦ ਦਿਖਾ ਕੇ ਬੈਟਰੀ ਰਿਪਲੇਸ ਕੀਤੀ ਜਾ ਸਕਦੀ ਹੈ ।
ਇਸੇ ਤਰਾਂ ਕਾਰਾਂ ਦੀ ਧੌ ਧੁਆਈ ਤੇ ਸਾਫ ਸਫਾਈ ਦਾ ਕੰਮ ਵੀ ਹੱਥੀ ਬਹੁਤ ਹੀ ਵਧੀਆ ਤੇ ਤਸੱਲੀਬਖਸ਼ ਕੀਤਾ ਜਾ ਸਕਦਾ ਹੈ ਤੇ ਹਵਾ ਵਾਲਾ ਫ਼ਿਲਟਰ ਵੀ ਲੋੜ ਮੁਤਾਬਿਕ ਬਦਲੀ ਕਰਨਾ ਕੋਈ ਔਖਾ ਕਾਰਜ ਨਹੀਂ ।
ਕਹਿਣ ਦਾ ਭਾਵ ਇਹ ਕਿ ਕਾਰਾਂ ਦੀ ਸਾਂਭ ਸੰਭਾਲ਼ ਦੇ ਨਿੱਕੇ ਮੋਟੇ ਕੰਮ ਜੇਕਰ ਆਪਣੇ ਹੱਥੀ ਕਰਨ ਦੀ ਆਦਤ ਪਾਈਏ ਤਾਂ ਇਸ ਤਰਾਂ ਕਰਨ ਨਾਲ ਜਿੱਥੇ ਅਸੀਂ ਪੈਸੇ ਤੇ ਸਮੇਂ ਦੋਹਾਂ ਦੀ ਭਰਪੂਰ ਬੱਚਤ ਕਰ ਸਕਦੇ ਹਾਂ ਉੱਥੇ ਨਾਲ ਦੀ ਨਾਲ ਆਪਣੇ ਵਾਹਨ ਦੀ ਭਰੋਸੇਯੋਗਤਾ ਬਾਰੇ ਵੀ ਨਿਸਚਿੰਤ ਹੋ ਸਕਦੇ ਹਾਂ ਤੇ ਇਸ ਮਹਿੰਗਾਈ ਦੇ ਜੁੱਗ ਚ ਗੈਰੇਜ ਵਾਲਿਆਂ ਦੀ ਲੁੱਟ ਖਸੁੱਟ ਤੋਂ ਵੀ ਬਚੇ ਰਹਿ ਸਕਦੇ ਹਾਂ । ਦੂਜੇ ਪਾਸੇ ਜੇਕਰ ਆਪਣੇ ਹੱਥੀ ਆਪਣਾ ਆਪੇ ਹੀ ਕਾਰਜ ਸਵਾਰਥ ਤੋਂ ਨਾਬਰ ਹੁੰਦੇ ਹਾਂ ਤਾਂ ਜਿੱਥੇ ਕਾਰਾਂ ਸਾਨੂੰ ਚਿੱਟੇ ਹਾਥੀ ਬਣਕੇ ਦਿਸਣਗੀਆਂ ਉੱਥੇ ਇਸ ਦੇ ਨਾਲ ਹੀ ਗੈਰੇਜ ਵਾਲਿਆਂ ਦੀ ਚਾਂਦੀ ਤੇ ਆਪਣੀ ਜੇਬ ਖਾਲ਼ੀਂ ਹੋਣ ਦੇ ਨਾਲ ਠਨ ਠਨ ਗੋਪਾਲ ਵਾਲੀ ਹਾਲਤ ਵੀ ਬਣੀ ਰਹੇਗੀ ।

 

. . . (ਚੱਲਦਾ)

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin