ਰੰਗਦਾਰ ਅਤੇ ਰੋਗਨਾਸ਼ਕ ਫ਼ਲ ਹੈ ਪਪੀਤਾ। ਹਰ ਮੌਸਮ ਵਿੱਚ ਮਿਲਣ ਵਾਲੇ ਇਸ ਫ਼ਲ ਅੰਦਰ ਅਜਿਹੇ ਗੁਣ ਮੌਜੂਦ ਹਨ, ਜੋ ਸਰੀਰਕ ਬਿਮਾਰੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਮਨੁੱਖ ਨੂੰ ਤੰਦਰੁਸਤ ਵੀ ਰੱਖਦੇ ਹਨ। ਪੇਟ ਦੀਆਂ ਬਿਮਾਰੀਆਂ ਤੋਂ ਲੈ ਕੇ ਚਮੜੀ ਲਈ ਲਾਹੇਵੰਦ ਮਿੱਠਾ ਅਤੇ ਗੁਣਕਾਰੀ ਫ਼ਲ ਪਪੀਤੇ ਦਾ ਸੇਵਨ ਸਭ ਲਈ ਬਹੁਤ ਫ਼ਾਇਦੇਮੰਦ ਹੈ।
ਕੈਰੀਕੇਸਿਆਏ ਪਰਿਵਾਰ ਅਤੇ ਕੈਰੀਕੇ ਪ੍ਰਜਾਤੀ ਨਾਲ ਸੰਬੰਧਿਤ ਪਪੀਤੇ ‘ਚ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ , ਜੋ ਬਿਮਾਰੀਆਂ ਨਾਲ ਲੜਨ ਦੇ ਨਾਲ ਤੁਹਾਨੂੰ ਸਰੀਰਕ ਤੌਰ ‘ਤੇ ਜਵਾਨ ਅਤੇ ਤੰਦਰੁਸਤ ਬਣਾਉਂਦੇ ਹਨ। ਵਧੇਰੇ ਤੇਜੀ ਨਾਲ ਵਧਣ ਵਾਲੇ ਪਪੀਤੇ ਦਾ ਪੌਦਾ ਲੰਬੇ ਸਮੇਂ ਤਕ ਫਲ਼ ਪ੍ਰਦਾਨ ਕਰਨ ਦੀ ਸਮਰੱਥਾ ਰੱਖਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਗਮਲਿਆਂ, ਗ੍ਰੀਨਹਾਊਸ, ਪੋਲੀਹਾਊਸ ਅਤੇ ਕੰਟੇਨਰਾਂ ਵਿੱਚ ਉਗਾਉੰਦੇ ਹਨ। ਇਹ ਵਿਟਾਮਿਨ ਏ ਅਤੇ ਸੀ ਦਾ ਉੱਚ ਸ੍ਰੋਤ ਹੈ।
ਜੇਕਰ ਭਾਰਤ ਵਿੱਚ ਇਸਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਜੰਮੂ-ਕਸ਼ਮੀਰ, ਬਿਹਾਰ, ਗੁਜਰਾਤ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਪਪੀਤਾ ਉਗਾਉਣ ਵਾਲੇ ਮੁੱਖ ਰਾਜ ਹਨ। ਆਓ ਅੱਜ ਕਈ ਰੋਗਾਂ ਦੀ ਦਵਾ ਮੰਨੇ ਜਾਂਦੇ ‘ਪਪੀਤਾ’ ਦੇ ਫ਼ਾਇਦਿਆਂ ਬਾਰੇ ਜਾਣੀਏ।
ਪੇਟ ਦੀਆਂ ਬਿਮਾਰੀਆਂ ਦੂਰ ਕਰੇ
ਪਪੀਤਾ ਪੇਟ ਦੀਆਂ ਬਿਮਾਰੀਆਂ ਦੂਰ ਕਰਨ ਲਈ ਖਾਧਾ ਜਾਂਦਾ ਹੈ। ਕਬਜ਼ ਵਰਗੀ ਤਕਲੀਫ਼ਦਾਇਕ ਬਿਮਾਰੀ ਪਪੀਤੇ ਦੇ ਸੇਵਨ ਨਾਲ ਠੀਕ ਹੁੰਦੀ ਹੈ। ਪਪੀਤੇ ਵਿਚ ਮੌਜੂਦ ਪਾਚਕ ਪਪੀਨ (enzyme papain) ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ, ਪਪੀਤੇ ਦਾ ਰਸ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਕਬਜ਼ ਤੋਂ ਨਿਜ਼ਾਤ ਪਾਉਣ ਲਈ ਘਰੇਲੂ ਉਪਚਾਰ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਪਪੀਤੇ ਵਿੱਚ ਫਾਈਬਰ ਅਤੇ ਪਾਣੀ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ, ਇਹ ਦੋਵੇਂ ਕਬਜ਼ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
ਦਿਲ ਦੀ ਬਿਮਾਰੀ ਨੂੰ ਠੀਕ ਕਰਨ ਵਿੱਚ ਮਦਦਗਾਰ
ਪਪੀਤਾ ਐਂਟੀ-ਆਕਸੀਡੈਂਟ ਅਤੇ ਪੋਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ । ਇਸ ‘ਚ ਮੌਜੂਦ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਤੱਤ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਸਿਆਣੇ ਆਖ਼ਦੇ ਹਨ ਕਿ ਪਪੀਤਾ ਜ਼ਰੂਰ ਖਾਓ, ਇਹ ਤੁਹਾਡੇ ਦਿਲ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰ ਸਕਦਾ ਹੈ।
ਸ਼ੂਗਰ ਨੂੰ ਰੱਖੇ ਸੰਤੁਲਿਤ
ਬਹੁਤ ਸਾਰੇ ਖੋਜਕਰਤਾਵਾਂ ਨੇ ਖੋਜ ਕੀਤੀ ਹੈ ਕਿ ਕੱਚੇ ਪਪੀਤੇ ਦਾ ਸੇਵਨ ਖੂਨ ਵਿੱਚ ਸ਼ੂਗਰ ਦੇ ਪੱਧਰ ਅਤੇ ਕੋਲੈਸਟ੍ਰੋਲ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕਰ ਸਕਦਾ ਹੈ। ਇਸ ਲਈ ਪਪੀਤੇ ਦਾ ਸੇਵਨ ਕਰਨਾ ਲਾਭਦਾਇਕ ਰਹੇਗਾ। ਖਾਣ ‘ਚ ਸੁਆਦਿਸ਼ਟ ਅਤੇ ਪੋਸ਼ਟਿਕ ਕੱਚੇ ਪਪੀਤੇ ਦੀ ਰੋਟੀ ਵੀ ਬਣਾ ਕੇ ਖਾਧੀ ਜਾ ਸਕਦੀ ਹੈ
ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਵਧਾਵੇ
ਪਪੀਤਾ ਵਿਟਾਮਿਨ ਏ, ਬੀ, ਸੀ ਅਤੇ ਕੇ ਦਾ ਇੱਕ ਵਧੀਆ ਸਰੋਤ ਹੈ ਅਤੇ ਇੱਕ ਸ਼ਾਨਦਾਰ ਇਮਿਊਨਿਟੀ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਤੰਦਰੁਸਤ ਰਹਿਣ ਲਈ ਪਪੀਤਾ ਖਾਣਾ ਸਾਡੇ ਲਈ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ।ਇਸ ਦੇ ਸੇਵਨ ਨਾਲ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ‘ਚ ਵਾਧਾ ਹੁੰਦਾ ਹੈ ।
ਚਮੜੀ ਅਤੇ ਲਈ ਲਾਭਕਾਰੀ
ਪਪੀਤਾ ਵਾਲਾਂ ਅਤੇ ਚਮੜੀ ਵਾਸਤੇ ਵੀ ਵਧੀਆ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਇੱਕ ਦਰਮਿਆਨੇ ਅਕਾਰ ਦਾ ਪਪੀਤਾ ਰੋਜ਼ਾਨਾ ਦੀ ਵਿਟਾਮਿਨ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ। ਸੁੰਦਰਤਾ ਪੱਖੋੰ ਮਾਹਰ ਅਕਸਰ ਇਹ ਸਲਾਹ ਦਿੰਦੇ ਹਨ ਕਿ ਪਪੀਤੇ ਦੇ ਟੁਕੜਿਆਂ ਨੂੰ ਚਮੜੀ ਸਾਫ਼ ਕਰਨ ਵਾਲੇ ਕੁਦਰਤੀ ਸ੍ਰੋਤ ਵਜੋਂ ਪਪੀਤੇ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਚਮੜੀ ਕਾਫ਼ੀ ਚਮਕਦਾਰ ਬਣਦੀ ਹੈ। ਵਾਲਾਂ ‘ਚ ਪਪੀਤੇ ਦਾ ਲੇਪ ਕਰਨ ਨਾਲ ਵਾਲ ਮੁਲਾਇਮ ਅਤੇ ਸਵਸਥ ਬਣਦੇ ਹਨ। ਪਪੀਤਾ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਤੇ ਇਸਦੇ ਸੇਵਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਜੀਵਨ ਖੁਸ਼ਹਾਲ ਹੁੰਦਾ ਹੈ।