Articles

ਕੌਣ ਸਨ ਬਾਈਧਾਰ ਦੇ ਰਾਜੇ?

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਬਾਈਧਾਰ ਜਾਂ ਪਹਾੜੀ ਰਾਜਿਆਂ ਦੇ ਛੋਟੇ ਛੋਟੇ ਰਾਜ ਆਨੰਦਪੁਰ ਸਾਹਿਬ ਦੇ ਆਸ ਪਾਸ ਸਥਿੱਤ ਸਨ। ਆਨੰਦਪੁਰ ਸਾਹਿਬ ਦੀ ਨੀਂਹ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਨੇ ਕਹਿਲੂਰ (ਬਿਲਾਸਪੁਰ) ਦੇ ਰਾਜੇ ਦੀਪ ਚੰਦ ਤੋਂ ਜ਼ਮੀਨ ਖਰੀਦ ਕੇ 1665 ਈਸਵੀ ਵਿੱਚ ਰੱਖੀ ਸੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ (1695 ਈਸਵੀ) ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਜਦੋਂ ਸਿੱਖਾਂ ਨੂੰ ਹਥਿਆਰਬੰਦ ਕਰਨਾ ਸ਼ੁਰੂ ਕੀਤਾ ਤਾਂ ਪਹਾੜੀ ਰਾਜੇ ਬਿਨਾਂ ਵਜ੍ਹਾ ਖਤਰਾ ਮਹਿਸੂਸ ਕਰਨ ਲੱਗ ਪਏ ਤੇ ਸੰਨ 1699 ਵਿੱਚ ਖਾਲਸੇ ਦੀ ਸਾਜਨਾ ਤੋਂ ਬਾਅਦ ਤਾਂ ਉਹ ਕੁਝ ਜਿਆਦਾ ਹੀ ਘਬਰਾ ਗਏ। ਹਾਲਾਂਕਿ ਗੁਰੂ ਸਾਹਿਬ ਨੇ ਕਦੇ ਵੀ ਕਿਸੇ ਪਹਾੜੀ ਰਾਜ ‘ਤੇ ਹਮਲਾ ਨਹੀਂ ਸੀ ਕੀਤਾ। ਪਹਾੜੀ ਰਾਜੇ, ਸਰਹੰਦ ਦੇ ਨਵਾਬ ਵਜ਼ੀਰ ਖਾਨ ਨਾਲੋਂ ਵੀ ਜਿਆਦਾ ਝੂਠੇ, ਫਰੇਬੀ, ਅਕ੍ਰਿਤਘਣ ਅਤੇ ਵਿਸ਼ਵਾਸ਼ਘਾਤੀ ਸਨ। ਇਹ ਆਪਣੇ ਸੁਆਰਥ ਖਾਤਰ ਕਦੇ ਗੁਰੂ ਸਾਹਿਬ ਦੇ ਪੱਖ ਵਿੱਚ ਹੋ ਜਾਂਦੇ ਸਨ ਤੇ ਕਦੇ ਮੁਗਲਾਂ ਦੇ ਪੱਖ ਵਿੱਚ।
ਪਹਾੜੀ ਰਾਜਿਆਂ ਦੀਆਂ ਇਨ੍ਹਾਂ ਹੀ ਲੂੰਬੜ ਚਾਲਾਂ ਕਾਰਨ ਹੀ ਦਸਵੇਂ ਪਾਤਸ਼ਾਹ ਨੂੰ ਹੇਠ ਲਿਖੇ ਯੁੱਧ ਕਰਨੇ ਪਏ —
ਭੰਗਾਣੀ (ਪਾਉਂਟਾ ਸਾਹਿਬ) ਦਾ ਯੁੱਧ, 18 ਸਤੰਬਰ 1688 ਈਸਵੀ – ਇਹ ਜੰਗ ਗੁਰੂ ਸਾਹਿਬ ਅਤੇ ਕਹਿਲੂਰ (ਬਿਲਾਸਪੁਰ) ਦੇ ਰਾਜੇ ਭੀਮ ਚੰਦ, ਗੜ੍ਹਵਾਲ ਦੇ ਰਾਜੇ ਫਤਿਹ ਸ਼ਾਹ, ਕਾਂਗੜੇ ਦੇ ਰਾਜੇ ਕਿਰਪਾਲ ਚੰਦ, ਗੁਲੇਰ ਦੇ ਰਾਜੇ ਗੋਪਾਲ ਚੰਦ, ਹਿੰਡੂਰ (ਨਾਲਾਗੜ੍ਹ) ਦੇ ਰਾਜੇ ਧਰਮ ਚੰਦ ਅਤੇ ਜਸਵਾਲ ਦੇ ਰਾਜੇ ਕੇਸਰੀ ਚੰਦ ਦੀਆਂ ਫੌਜਾਂ ਦਰਮਿਆਨ ਹੋਈ ਸੀ। ਜੰਗ ਵਿੱਚ ਹਿੰਡੂਰ ਦਾ ਸੈਨਾਪਤੀ ਹਰੀ ਚੰਦ ਗੁਰੂ ਸਾਹਿਬ ਹੱਥੋਂ ਮਾਰਿਆ ਗਿਆ ਤੇ ਪਹਾੜੀਏ ਮੈਦਾਨ ਛੱਡ ਕੇ ਦੌੜ ਗਏ।
ਨਦੌਣ ਦੀ ਜੰਗ (1691 ਈਸਵੀ) – ਇਸ ਜੰਗ ਦੌਰਾਨ  ਗੁਰੂ ਸਾਹਿਬ ਨੇ ਕਹਿਲੂਰ ਦੇ ਰਾਜੇ ਭੀਮ ਚੰਦ ਅਤੇ ਡਡਵਾਲ ਦੇ ਰਾਜੇ ਪ੍ਰਿਥੀ ਚੰਦ ਦੀ ਮਦਦ ਕੀਤੀ ਤੇ ਜੰਮੂ ਦੇ ਸੂਬੇਦਾਰ ਮੀਆਂ ਖਾਨ, ਜਨਰਲ ਆਲਿਫ ਖਾਨ ਅਤੇ ਕਾਂਗੜੇ ਦੇ ਰਾਜੇ ਕਿਰਪਾਲ ਚੰਦ ਅਤੇ ਬਿਜਰਵਾਲ ਦੇ ਰਾਜੇ ਦਿਆਲ ਚੰਦ ਦੀਆਂ ਫੌਜਾਂ ਨੂੰ ਹਰਾਇਆ।
ਗੁਲੇਰ ਦੀ ਜੰਗ (1696 ਈਸਵੀ) – ਇਸ ਜੰਗ ਵਿੱਚ ਗੁਰੂ ਸਾਹਿਬ ਨੇ ਗੁਲੇਰ ਦੇ ਰਾਜੇ ਗੋਪਾਲ ਚੰਦ ਦੀ ਮਦਦ ਕੀਤੀ ਤੇ ਮੁਗਲ ਜਨਰਲ ਰੁਸਤਮ ਖਾਨ, ਹੁਸੈਨ ਖਾਨ, ਕਾਂਗੜੇ ਦੇ ਰਾਜੇ ਕਿਰਪਾਲ ਚੰਦ ਅਤੇ ਹੋਰ ਪਹਾੜੀ ਰਾਜਿਆਂ ਦੀ ਫੌਜ ਨੂੰ ਹਰਾਇਆ। ਹੁਸੈਨ ਖਾਨ ਅਤੇ ਕਿਰਪਾਲ ਚੰਦ ਇਸ ਜੰਗ ਵਿੱਚ ਮਾਰੇ ਗਏ।
ਆਨੰਦਪੁਰ ਸਾਹਿਬ ਦੀ ਪਹਿਲੀ ਜੰਗ (1700 ਈਸਵੀ) – ਇਸ ਜੰਗ ਵੇਲੇ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਚੁੱਕੇ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਵੱਲੋਂ ਭੇਜੇ ਜਨਰਲ ਪੈਂਦੇ ਖਾਨ ਅਤੇ ਦੀਨਾ ਬੇਗ ਦੀ ਮਦਦ ਕੀਤੀ। ਜੰਗ ਵਿੱਚ ਗੁਰੂ ਸਾਹਿਬ ਨਾਲ ਹੋਈ ਹੱਥੋ ਹੱਥ ਲੜਾਈ ਵਿੱਚ ਪੈਂਦੇ ਖਾਨ ਮਾਰਿਆ ਗਿਆ ਤੇ ਮੁਗਲ ਫੌਜ ਤੇ ਪਹਾੜੀ ਰਾਜੇ ਮੈਦਾਨ ਛੱਡ ਕੇ ਭੱਜ ਗਏ। ਖਾਲਸਾ ਫੌਜ ਨੇ ਰੋਪੜ ਤੱਕ ਵੈਰੀ ਦਾ ਪਿੱਛਾ ਕੀਤਾ।
ਆਨੰਦਪੁਰ ਸਾਹਿਬ ਦੀ ਦੂਸਰੀ ਲੜਾਈ (1701 ਈਸਵੀ) – ਇਸ ਲੜਾਈ ਵੇਲੇ ਵੀ ਪਹਾੜੀ ਰਾਜਿਆਂ ਨੇ ਮੁਗਲ ਜਨਰਲ ਜਗਤਉਲਾਹ ਖਾਨ ਦੀ ਮਦਦ ਕੀਤੀ ਪਰ ਮੂੰਹ ਦੀ ਖਾਧੀ ਤੇ ਜਗਤਉਲਾਹ ਖਾਨ ਜੰਗ ਵਿੱਚ ਮਾਰਿਆ ਗਿਆ।
ਨਿਰਮੋਹਗੜ੍ਹ ਦੀ ਜੰਗ (1702 ਈਸਵੀ) – ਇਸ ਜੰਗ ਵੇਲੇ ਫਿਰ ਪਹਾੜੀ ਰਾਜਿਆਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਮਦਦ ਕੀਤੀ। ਦੋ ਦਿਨ ਚੱਲੀ ਇਸ ਲੜਾਈ ਵਿੱਚ ਦੋਵਾਂ ਧਿਰਾਂ ਦਾ ਭਾਰੀ ਨੁਕਸਾਨ ਹੋਇਆ ਪਰ ਅਖੀਰ ਵਜ਼ੀਰ ਖਾਨ ਨੂੰ ਮੈਦਾਨ ਛੱਡਣਾ ਪਿਆ।
ਬਸੌਹਲੀ ਦੀ ਜੰਗ (1702 ਈਸਵੀ) – ਇਸ ਜੰਗ ਦਾ ਕਾਰਨ ਬਸੌਹਲੀ ਦੇ ਰਾਜਾ ਧਰਮਪਾਲ ਵੱਲੋਂ ਗੁਰੂ ਸਾਹਿਬ ਦੀ ਮਦਦ ਮੰਗਣੀ ਸੀ। ਖਾਲਸਾ ਅਤੇ ਬਸੌਹਲੀ ਦੀਆਂ ਸਾਂਝੀਆਂ ਫੌਜਾਂ ਨੇ ਮੁਗਲ ਫੌਜ, ਕਹਿਲੂਰ ਦੇ ਰਾਜੇ ਅਜਮੇਰ ਚੰਦ ਅਤੇ ਗੁਲੇਰ ਦੇ ਰਾਜੇ ਗੋਪਾਲ ਚੰਦ ਦੀਆਂ ਫੌਜਾਂ ਨੂੰ ਬੁਰੀ ਤਰਾਂ ਹਰਾਇਆ।
ਆਨੰਦਪੁਰ ਸਾਹਿਬ ਦੀ ਤੀਸਰੀ ਜੰਗ (ਮਈ 1704 ਈਸਵੀ) — ਲਗਾਤਰ ਹੋ ਰਹੀਆਂ ਹਾਰਾਂ ਤੋਂ ਦੁਖੀ ਹੋ ਕੇ ਔਰੰਗਜ਼ੇਬ ਨੇ ਜਨਰਲ ਜਬਰਦਸਤ ਖਾਨ ਅਤੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਅਧੀਨ ਇੱਕ ਬਹੁਤ ਵੱਡੀ ਫੌਜ ਗੁਰੂ ਸਾਹਿਬ ਦੇ ਖਿਲਾਫ ਭੇਜੀ ਤੇ ਕਹਿਲੂਰ, ਕਾਂਗੜਾ, ਕੁੱਲੂ, ਮੰਡੀ, ਨੂਰਪੁਰ, ਚੰਬਾ, ਗੁਲੇਰ, ਗੜ੍ਹਵਾਲ ਆਦਿ ਪਹਾੜੀ ਰਾਜਿਆਂ ਨੇ ਇਸ ਵਿੱਚ ਮੁਗਲਾਂ ਦੀ ਮਦਦ ਕੀਤੀ। ਇਸ ਫੌਜ ਨੇ ਪਹਿਲੀਆਂ ਹਾਰਾਂ ਤੋਂ ਸਬਕ ਲੈਂਦੇ ਹੋਏ ਸਿੱਧੀ ਲੜਾਈ ਕਰਨ ਦੀ ਬਜਾਏ ਘੇਰਾ ਪਾਉਣ ਦੀ ਯੁੱਧਨੀਤੀ ਅਪਣਾਈ ਤੇ ਦਸੰਬਰ ਤੱਕ ਘੇਰਾ ਜਾਰੀ ਰੱਖਿਆ। ਜਦੋਂ ਕਿਲੇ ਅੰਦਰੋ ਰਸਦ ਪਾਣੀ ਖਤਮ ਹੋ ਗਿਆ ਤਾਂ ਗੁਰੂ ਸਾਹਿਬ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਝੂਠੀਆਂ ਸੌਂਹਾਂ ਦਾ ਯਕੀਨ ਕਰ ਕੇ ਕਿਲਾ ਛੱਡਣਾ ਪਿਆ। ਇਸ ਤੋਂ ਬਾਅਦ ਵਜ਼ੀਰ ਖਾਨ ਨਾਲ ਚਮਕੌਰ ਸਾਹਿਬ ਅਤੇ ਮੁਕਤਸਰ ਦੀਆਂ ਲੜਾਈਆਂ ਹੋਈਆਂ ਪਰ ਦੁਬਾਰਾ ਪਹਾੜੀ ਰਾਜੇ ਗੁਰੂ ਸਾਹਿਬ ਦੇ ਖਿਲਾਫ ਕਿਸੇ ਲੜਾਈ ਵਿੱਚ ਸ਼ਾਮਲ ਨਾ ਹੋਏ। ਉਸ ਸਮੇਂ ਦੀਆਂ ਮੁੱਖ ਪਹਾੜੀ ਰਿਆਸਤਾਂ ਇਸ ਪ੍ਰਕਾਰ ਸਨ –
ਕਾਂਗੜਾ – ਕਾਂਗੜਾ ਰਿਆਸਤ ਪਹਾੜੀ ਰਾਜਾਂ ਵਿੱਚ ਸਭ ਤੋਂ ਪੁਰਾਣੀ ਸੀ। ਇਸ ਦੀ ਸਥਾਪਨਾ 11ਵੀਂ ਸਦੀ ਵਿੱਚ ਕਟੋਚ ਰਾਜਪੂਤ ਭੂਮੀ ਚੰਦ ਵੱਲੋਂ ਕੀਤੀ ਗਈ ਸੀ। ਇਸ ਦਾ ਕੁਲ ਖੇਤਰਫਲ 200 ਸੁਕੇਅਰ ਕਿ.ਮੀ. ਸੀ ਤੇ ਇਸ ਅਧੀਨ 437 ਪਿੰਡ ਪੈਂਦੇ ਸਨ। ਇਸ ਰਿਆਸਤ ਦੇ ਗੁਰੂ ਸਾਹਿਬ ਦੇ ਸਮਕਾਲੀ ਰਾਜੇ ਕਿਰਪਾਲ ਚੰਦ ਅਤੇ ਅਜਮੇਰ ਚੰਦ ਸਨ ਜੋ ਸਿੱਖਾਂ ਖਿਲਾਫ ਲੜਨ ਵਾਲੇ ਪਹਾੜੀ ਗਠਬੰਧਨ ਦੇ ਮੁਖੀ ਸਨ। ਸੰਨ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੰਸਾਰ ਚੰਦ ਕਟੋਚ ਤੋਂ ਕਾਂਗੜੇ ਦਾ ਕਬਜ਼ਾ ਲੈ ਲਿਆ ਤੇ ਉਸ ਨੂੰ ਲੰਬਾਗਰਾਊਂ ਇਲਾਕੇ ਦੀ 20 ਪਿੰਡਾਂ ਦੀ ਜਾਗੀਰ ਦੇ ਦਿੱਤੀ। 1846 ਵਿੱਚ ਕਾਂਗੜਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ ਪਰ ਇਹ ਰਿਆਸਤ ਚੱਲਦੀ ਰਹੀ ਤੇ 1947 ਵਿੱਚ ਭਾਰਤ ਵਿੱਚ ਸ਼ਾਮਲ ਕਰ ਲਈ ਗਈ।
ਗੁਲੇਰ – ਗੁਲੇਰ ਰਿਆਸਤ ਦੀ ਸਥਾਪਨਾ ਸੰਨ 1415 ਈਸਵੀ ਵਿੱਚ ਕਾਂਗੜਾ ਰਿਆਸਤ ਦੇ ਰਾਜਕੁਮਾਰ ਹਰੀ ਚੰਦ ਨੇ ਕੀਤੀ ਸੀ। ਇਸ ਦੀ ਰਾਜਧਾਨੀ ਹਰੀਪੁਰ ਗੁਲੇਰ ਸੀ ਤੇ ਇਹ ਹੁਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਦਾ ਹਿੱਸਾ ਹੈ। ਇਹ ਛੋਟੀ ਜਿਹੀ ਰਿਆਸਤ ਸੀ ਜਿਸ ਦਾ ਖੇਤਰਫਲ ਸਿਰਫ 65 ਸੁਕੇਅਰ ਕਿ.ਮੀ. ਸੀ। ਗੁਰੂ ਗੋਬਿੰਦ ਸਿੰਘ ਵੇਲੇ ਇਸ ਦਾ ਰਾਜਾ  ਗੋਪਾਲ ਚੰਦ ਸੀ ਜੋ ਆਪਣੇ ਫਾਇਦੇ ਮੁਤਾਬਕ ਪਾਸਾ ਬਦਲਦਾ ਰਹਿੰਦਾ ਸੀ। ਉਸ ਨੇ ਗੁਰੂ ਸਾਹਿਬ ਦੇ ਹੱਕ ਅਤੇ ਖਿਲਾਫ, ਕਈ ਲੜਾਈਆਂ ਵਿੱਚ ਭਾਗ ਲਿਆ। 1826 ਈਸਵੀ ਵਿੱਚ ਗੁਲੇਰ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਜਮਾ ਲਿਆ ਲਿਆ ਤੇ ਰਾਜੇ ਭੂਪ ਸਿੰਘ ਨੂੰ ਨੰਦਪੁਰ ਦੀ ਜਾਗੀਰ ਦੇ ਦਿੱਤੀ। 1853 ਵਿੱਚ ਗੁਲੇਰ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾ ਲਿਆ ਗਿਆ। 1877 ਵਿੱਚ ਆਖਰੀ ਰਾਜਾ ਸ਼ਮਸ਼ੇਰ ਸਿੰਘ ਲਾਵਲਦ ਮਰ ਗਿਆ ਤਾਂ ਗੁਲੇਰ ਰਾਜ ਖਤਮ ਹੋ ਗਿਆ।
ਬਿਲਾਸਪੁਰ (ਕਹਿਲੂਰ) – ਬਿਲਾਸਪੁਰ ਹੁਣ ਹਿਮਾਚਲ ਪ੍ਰਦੇਸ਼ ਦਾ ਜਿਲ੍ਹਾ ਹੈ। ਇਹ ਰਿਆਸਤ ਵੀ ਬਹੁਤ ਪੁਰਾਣੀ ਹੈ ਤੇ ਇਸ ਦੀ ਸਥਾਪਨਾ 14ਵੀਂ ਸਦੀ ਵਿੱਚ ਚੰਦੇਲ ਰਾਜਪੂਤ ਰਾਜਾ ਹੀਰਾ ਚੰਦ ਨੇ ਕੀਤੀ ਸੀ। ਇਸ ਦਾ ਕੁੱਲ ਖੇਤਰਫਲ 724 ਸੁਕੇਅਰ ਕਿ.ਮੀ. ਸੀ। ਸ਼ੁਰੂ ਵਿੱਚ ਇਸ ਦੀ ਰਾਜਧਾਨੀ ਕਹਿਲੂਰ ਸੀ ਜਿਸ ਤੋਂ ਇਸ ਦਾ ਨਾਮ ਕਹਿਲੂਰ ਪਿਆ ਪਰ 1670 ਤੋਂ ਬਾਅਦ ਇਸ ਦੀ ਰਾਜਧਾਨੀ ਪੱਕੇ ਤੌਰ ‘ਤੇ ਬਿਲਾਸਪੁਰ ਬਣਾ ਦਿੱਤੀ ਗਈ। ਗੁਰੂ ਸਾਹਿਬ ਦੇ ਸਮਕਾਲੀ ਰਾਜੇ ਭੀਮ ਚੰਦ ਤੇ ਅਜਮੇਰ ਚੰਦ ਸਨ। 1815 ਈਸਵੀ ਵਿੱਚ ਇਹ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਆ ਗਈ ਤੇ 1947 ਵੇਲੇ ਭਾਰਤ ਵਿੱਚ ਸ਼ਾਮਲ ਹੋ ਗਈ। ਇਸ ਦਾ ਆਖਰੀ ਰਾਜਾ ਆਨੰਦ ਚੰਦ ਸੀ।
ਮੰਡੀ – ਮੰਡੀ ਰਿਆਸਤ ਦੀ ਰਾਜਧਾਨੀ ਮੰਡੀ ਸ਼ਹਿਰ ਸੀ ਜੋ ਹੁਣ ਹਿਮਾਚਲ ਪ੍ਰਦੇਸ਼ ਦਾ ਜਿਲ੍ਹਾ ਹੈ। ਇਸ ਰਿਆਸਤ ਵਿੱਚ 3625 ਪਿੰਡ ਸਨ ਤੇ ਕੁੱਲ ਖੇਤਰਫਲ 704 ਸੁਕੇਅਰ ਕਿ.ਮੀ. ਸੀ। ਜਦੋਂ 1204 ਵਿੱਚ ਤੁਰਕ ਫੌਜਾਂ ਨੇ ਬੰਗਾਲ ਦੇ ਸੇਨ ਰਾਜਿਆਂ ਨੂੰ ਹਰਾ ਦਿੱਤਾ ਤਾਂ ਉਸ ਦੇ ਪਰਿਵਾਰ ਨੇ ਦੌੜ ਕੇ ਪਹਾੜਾਂ ਵਿੱਚ ਸ਼ਰਨ ਲੈ ਲਈ ਤੇ 1290 ਈਸਵੀ ਵਿੱਚ ਮੰਡੀ ਰਿਆਸਤ ਦੀ ਸਥਾਪਨਾ ਕੀਤੀ। ਪਹਿਲਾਂ ਮੰਡੀ ਸੁਕੇਤ ਇੱਕ ਹੀ ਰਾਜ ਸੀ ਪਰ ਬਾਅਦ ਵਿੱਚ ਪਰਿਵਾਰਕ ਵੰਡ ਕਾਰਨ ਦੋ ਰਿਆਸਤਾਂ ਬਣ ਗਈਆਂ। ਗੁਰੂ ਸਾਹਿਬ ਦੇ ਸਮਕਾਲੀ ਰਾਜੇ ਗੌੜ ਸੇਨ ਅਤੇ ਸਿੱਧੀ ਸੇਨ ਸਨ। ਇਸ ਰਿਆਸਤ ਦਾ ਆਖਰੀ ਰਾਜਾ ਜੁਗਿੰਦਰ ਸੇਨ ਸੀ। 1948 ਵਿੱਚ ਇਹ ਰਿਆਸਤ ਵੀ ਭਾਰਤ ਵਿੱਚ ਸ਼ਾਮਲ ਕਰ ਲਈ ਗਈ।
ਗੜ੍ਹਵਾਲ – ਗੜ੍ਹਵਾਲ ਰਿਆਸਤ ਅੱਜ ਕਲ੍ਹ ਉੱਤਰਾਖੰਡ (ਟਿਹਰੀ ਗੜ੍ਹਵਾਲ ਜਿਲ੍ਹਾ) ਵਿੱਚ ਪੈਂਦੀ ਹੈ। ਇਸ ਦੀ ਸਥਾਪਨਾ ਸੰਨ 823 ਈਸਵੀ ਵਿੱਚ ਪੰਵਾਰ ਰਾਜਪੂਤ ਰਾਜੇ ਕਨਕਪਾਲ ਨੇ ਕੀਤੀ ਸੀ। ਇਸ ਦਾ ਕੁੱਲ ਖੇਤਰਫਲ 6688 ਸੁਕੇਅਰ ਕਿ.ਮੀ. ਸੀ ਤੇ ਰਾਜਧਾਨੀ ਨਰਿੰਦਰਨਗਰ ਸੀ। ਗੁਰੁ ਸਾਹਿਬ ਦਾ ਸਮਕਾਲੀ ਰਾਜਾ ਫਤਿਹ ਸ਼ਾਹ ਸੀ ਜੋ ਗੁਰੂ ਘਰ ਦਾ ਘੋਰ ਵਿਰੋਧੀ ਸੀ। ਉਸ ਨੇ ਤਕਰੀਬਨ ਹਰੇਕ ਯੁੱਧ ਵਿੱਚ ਗੁਰੂ ਸਾਹਿਬ ਦੇ ਖਿਲਾਫ ਹਿੱਸਾ ਲਿਆ। 1804 ਵਿੱਚ ਇਸ ‘ਤੇ ਨੇਪਾਲ ਨੇ ਕਬਜ਼ਾ ਕਰ ਲਿਆ ਪਰ 1816 ਵਿੱਚ ਰਾਜੇ ਸੁਦਰਸ਼ਨ ਸ਼ਾਹ ਨੇ ਅੰਗਰੇਜ਼ਾਂ ਦੀ ਮਦਦ ਨਾਲ ਗੜ੍ਹਵਾਲ ਨੂੰ ਵਾਪਸ ਖੋਹ ਲਿਆ। ਇਸ ਦਾ ਆਖਰੀ ਰਾਜਾ ਮਨਬੇਂਦਰ ਸ਼ਾਹ ਸੀ ਤੇ 1949 ਵਿੱਚ ਇਸ ਨੂੰ ਭਾਰਤ ਵਿੱਚ ਸ਼ਾਮਲ ਕਰ ਲਿਆ ਗਿਆ।
ਜਸਵਾਨ – ਜਸਵਾਨ ਰਿਆਸਤ ਦੀ ਨੀਂਹ ਕਾਂਗੜਾ ਰਿਆਸਤ ਦੇ ਇੱਕ ਰਾਜਕੁਮਾਰ ਪੂਰਬ ਚੰਦ ਨੇ ਰੱਖੀ ਸੀ। ਗੁਰੂ ਸਾਹਿਬ ਵੇਲੇ ਇਸ ਦਾ ਰਾਜਾ ਲਛਮਣ ਚੰਦ ਸੀ ਤੇ ਉਸ ਨੇ ਗੁਰੁ ਸਾਹਿਬ ਦੇ ਖਿਲਾਫ ਕਈ ਯੁੱਧਾਂ ਵਿੱਚ ਭਾਗ ਲਿਆ। 1815 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਰਿਆਸਤ ‘ਤੇ ਕਬਜ਼ਾ ਜਮਾ ਲਿਆ ਤੇ ਤਤਕਾਲੀ ਰਾਜੇ ਉਮੇਦ ਸਿੰਘ ਦੀ 21 ਪਿੰਡਾਂ ਦੀ ਜਾਗੀਰ ਅਤੇ 12000 ਸਲਾਨਾ ਪੈਨਸ਼ਨ ਨੀਯਤ ਕਰ ਦਿੱਤੀ। 1849 ਵਿੱਚ ਅੰਗਰੇਜ਼ਾਂ ਨੇ ਇਸ ਰਿਆਸਤ ‘ਤੇ ਕਬਜ਼ਾ ਕਰ ਲਿਆ ਤੇ 1948 ਵਿੱਚ ਇਸ ਰਿਆਸਤ ਨੂੰ ਭਾਰਤ ਵਿੱਚ ਮਿਲਾ ਲਿਆ ਗਿਆ। ਇਸ ਦਾ ਆਖਰੀ ਰਾਜਾ ਸ਼ਿਵਦੇਵ ਸਿੰਘ ਸੀ। ਜਸਵਾਨ ਇਸ ਵੇਲੇ ਸੋਲਾਨ ਜਿਲ੍ਹੇ ਵਿੱਚ ਹੈ।
ਹਿੰਡੂਰ (ਨਾਲਾਗੜ੍ਹ) – ਹਿੰਡੂਰ ਇੱਕ ਛੋਟੀ ਜਿਹੀ ਰਿਆਸਤ ਸੀ ਜੋ ਹੁਣ ਸੋਲਨ ਜਿਲ੍ਹੇ ਵਿੱਚ ਹੈ। ਇਸ ਦੀ ਸਥਾਪਨਾ ਬਿਲਾਸਪੁਰ ਦੇ ਰਾਜਕੁਮਾਰ ਅਜੇ ਚੰਦ ਨੇ 1150 ਈਸਵੀ ਵਿੱਚ ਕੀਤੀ ਸੀ। 1421 ਈਸਵੀ ਤੱਕ ਇਸ ਦਾ ਨਾਮ ਹਿੰਡੂਰ ਸੀ ਪਰ 1429 ਈਸਵੀ ਵਿੱਚ ਰਾਜਾ ਬਿਕਰਮ ਚੰਦ ਨੇ ਨਾਲਾਗੜ੍ਹ ਕਿਲ੍ਹਾ ਉਸਾਰ ਕੇ ਰਾਜਧਾਨੀ ਉਥੇ ਤਬਦੀਲ ਕਰ ਲਈ ਤਾਂ ਇਸ ਦਾ ਨਾਮ ਨਾਲਾਗੜ੍ਹ ਪੈ ਗਿਆ। ਇਸ ਦਾ ਰਾਜਾ ਧਰਮ ਚੰਦ (1618 – 1701 ਈਸਵੀ) ਗੁਰੂ ਸਾਹਿਬ ਖਿਲਾਫ ਕਈ ਲੜਾਈਆਂ ਵਿੱਚ ਸ਼ਾਮਲ ਰਿਹਾ। ਇਤਿਹਾਸਕਾਰ ਉਸ ਦੀ ਭੰਗਾਣੀ ਦੇ ਯੁੱਧ ਵਿੱਚ ਮੌਤ ਹੋਣ ਬਾਰੇ ਭੁਲੇਖਾ ਖਾਂਦੇ ਹਨ। ਅਸਲ ਵਿੱਚ ਉਸ ਜੰਗ ਵਿੱਚ ਧਰਮ ਚੰਦ ਨਹੀਂ, ਬਲਕਿ ਉਸ ਦਾ ਸੈਨਾਪਤੀ ਹਰੀ ਚੰਦ ਹੰਡੂਰੀਆ ਮਾਰਿਆ ਗਿਆ ਸੀ।। 1830 ਵਿੱਚ ਇਹ ਰਿਆਸਤ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਆ ਗਈ ਤੇ 1948 ਨੂੰ ਭਾਰਤ ਵਿੱਚ ਸ਼ਾਮਲ ਕਰ ਲਈ ਗਈ।
ਉਪਰੋਕਤ ਰਿਆਸਤਾਂ ਤੋਂ ਇਲਾਵਾ ਕੁੱਲੂ, ਕੋਈਂਥਲ, ਨੂਰਪੁਰ, ਚੰਬਾ, ਬਿੱਝਰਵਾਲ, ਡਰੋਲੀ ਅਤੇ ਦੱਧਵਾਲ ਆਦਿ ਹੋਰ ਵੀ ਕਈ ਰਿਆਸਤਾਂ ਸਨ, ਪਰ ਉਨ੍ਹਾਂ ਵੱਲੋਂ ਗੁਰੂ ਸਾਹਿਬ ਦੀ ਕੋਈ ਖਾਸ ਮੁਖਾਲਫਤ ਨਹੀਂ ਸੀ ਕੀਤੀ ਗਈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin