Articles

 ਇਕ ਦੀਵਾ ਹੋਰ ਬਾਲੀਏ

ਲੇਖਕ: ਡਾ. ਪ੍ਰਿਤਪਾਲ ਸਿੰਘ, ਮਹਿਰੋਕ

ਦੀਵੇ ਦੀ ਬੇਗ਼ਰਜ਼ ਤੇ ਨਿਰਸਵਾਰਥ ਫਿਤਰਤ ਦਾ ਇਕ ਖੂਬਸੂਰਤ ਪਹਿਲੂ ਵੇਖੋ ਕਿ ਕਾਰੀਗਰ ਉਸਨੂੰ ਬਣਾਉਂਦਾ ਹੀ ਬਲਣ ਵਾਸਤੇ ਹੈ। ਹਨੇਰੇ ਨੂੰ ਮਿਟਾਉਣਾ ਤੇ ਚਾਨਣ ਦਾ ਪਾਸਾਰ ਕਰਨਾ ਹੀ ਜਿਵੇਂ ਦੀਵੇ ਦਾ ਧਰਮ ਹੁੰਦਾ ਹੋਵੇ। ਇਹੀ ਸੰਕਲਪ ਲੈ ਕੇ ਉਹ ਆਕਾਰ ਗ੍ਰਹਿਣ ਕਰਦਾ ਹੈ। ਦੀਵਾ ਘਰਾਂ ਦੀ ਬਰਕਤ ਹੁੰਦਾ ਹੈ ਤੇ ਬਰੂਹਾਂ ਦੀ ਹਲੀਮੀ,ਨਿਮ੍ਰਤਾ ਤੇ ਸਵਾਗਤ ਕਰਨ ਦੀ ਸੁਰ ਦਾ ਅਜੀਬ ਤੇ ਵਿਸ਼ੇਸ਼ ਅੰਦਾਜ਼ ! ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਤੇ ਰਸਤਾ ਵਿਖਾਉਣ ਵਿੱਚ ਦੀਵੇ ਦੀ ਮੁੱਢਲੀ ਤੇ ਮਹੱਤਵਪੂਰਨ ਭੂਮਿਕਾ ਰਹੀ ਹੈ। ਦੀਵੇ ਦੀ ਰੌਸ਼ਨੀ ਮਨੁੱਖ ਨੂੰ ਗਿਆਨ ਪ੍ਰਦਾਨ ਕਰਦੀ ਆਈ ਹੈ, ਤਾਕਤ ਬਖ਼ਸ਼ਦੀ ਆਈ ਹੈ,ਰਸਤਾ ਵਿਖਾਉਂਦੀ ਆਈ ਹੈ । ਗਿਆਨ, ਸੱਚ, ਉਜਾਲੇ, ਖ਼ੁਸ਼ੀ, ਖੇੜੇ ,ਖੁਸ਼ਹਾਲੀ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ , ਉਮੀਦਾਂ ਆਦਿ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਦੀਵਾ ! ਹਰੇਕ ਸਮੇਂ ਦੇ ਸੱਚ ਤੇ ਅਸਲੀਅਤ ਦੀ ਤਸਦੀਕ ਕਰਦਾ ਹੈ ਦੀਵਾ । ਹਨੇਰੇ ਉੱਪਰ ਜਿੱਤ ਪ੍ਰਾਪਤ ਕਰਨ ਦਾ ਹੌਸਲਾ ਰੱਖਦਾ ਹੈ ਦੀਵਾ । ਕਿਸੇ ਵਿਅਕਤੀ/ਸੰਸਥਾ ਵੱਲੋਂ ਸਮਾਜ ਦੀ ਬਿਹਤਰੀ ਵਾਸਤੇ ਜਾਂ ਸੁਖਾਵੇਂ ਭਵਿੱਖ ਵਾਸਤੇ ਕੋਈ ਨਵੀਂ ਵਿਉਂਤਬੰਦੀ ਘੜਨ, ਕੋਈ ਨਵਾਂ ਵਿਚਾਰ ਪੇਸ਼ ਕਰਨ, ਕੋਈ ਨਵਾਂ ਰਸਤਾ ਸੁਝਾਉਣ, ਲੋਕਾਂ ਵਲੋਂ ਉਸ ਨੂੰ ਪਸੰਦ ਕਰ ਲੈਣ, ਸਵੀਕਾਰ ਕਰ ਲੈਣ ਆਦਿ ਨੂੰ ਆਪਣੇ ਵਿਚਾਰਾਂ/ਯੋਜਨਾਵਾਂ ਨਾਲ ਜਾਗ੍ਰਿਤੀ /ਚੇਤਨਾ ਦੇ ਦੀਵੇ ਬਾਲਣਾ ਕਹਿ ਲਿਆ ਜਾਂਦਾ ਹੈ। ਕਝ ਲੋਕ ਜਿਨ੍ਹਾਂ ਨੂੰ ਚਾਨਣ ਸੁਖਾਉਂਦਾ ਨਹੀਂ, ਉਹ ਜਗਦੇ ਦੀਵਿਆਂ ਨੂੰ ਬੁਝਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ।ਜਦੋਂ ਉਨ੍ਹਾਂ ਦੀ ਅਜਿਹੀ ਮੰਦਭਾਵਨਾ ਸਿਰੇ ਨਹੀਂ ਚੜ੍ਹਦੀ ਤਾਂ ਦੀਵਾ ਉਨ੍ਹਾਂ ਨੂੰ ਜਿਵੇਂ ਕਹਿ ਰਿਹਾ ਹੁੰਦਾ ਹੈ-” ਮੇਰੀ ਲੜਾਈ ਤਾਂ ਹਨੇਰੇ ਨਾਲ ਹੈਹਵਾਵਾਂ ਖਾਹ-ਮਖਾਹ ਕਿਉਂ ਖ਼ਫ਼ਾ ਹਨ ਤੇ ਕਿਉਂ ਪ੍ਰੇਸ਼ਾਨ ਹੋ ਰਹੀਆਂ ਹਨ।” ਦੀਵੇ ਤੇ ਤੂਫਾਨ ਦੀ ਕਹਾਣੀ  ਸਦੀਆਂ ਤੋਂ ਕਹੀ-ਸੁਣੀ ਜਾਂਦੀ ਰਹੀ ਹੈ।
ਦੀਵੇ ਬਾਲਣ ਨੂੰ ਤੇ ਜਗਦੇ ਦੀਵੇ ਨੂੰ ਆਸਥਾ ਦਾ ਪ੍ਰਤੀਕ ਸਮਝਿਆ ਜਾਂਦਾ ਹੈ । ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ-“ਦੀਵਾ ਜੀਵਨ ਜੋਤ ਦਾ ਪ੍ਰਤੀਕ ਹੈ। ਹਨੇਰੇ ਤੋਂ ਚਾਨਣ ਫੈਲਣਾ।… ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮੂਰਤੀਆਂ ਅੱਗੇ ਦੀਵੇ ਬਾਲੇ ਜਾਂਦੇ ਹਨ।ਦੇਵਤਿਆਂ ਦੀ ਪੂਜਾ ਵਿੱਚ ਦੀਵੇ ਦਾ ਵਿਸ਼ੇਸ਼ ਸਥਾਨ ਹੈ।ਖੁਸ਼ੀ ਦੇ ਸਮਾਗਮਾਂ ਉੱਤੇ ਵੀ ਦੀਵੇ ਜਗਾਏ ਜਾਂਦੇ ਹਨ।” (ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨੇ1553-54)। ਦੀਵਾ ਤਾਂ ਸਵੈ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੁੰਦਾ ਹੈ । ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਆਇਆ ਹੈ:
ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ,
ਆਸ ਵਾਲਾ ਦੀਵਾ, ਅਸਾਂ ਵਿਹੜੇ ਵਿਚ ਬਾਲਿਆ ।
ਪੀਰਾਂ ਫਕੀਰਾਂ ਦੀਆਂ ਦਰਗਾਹਾਂ ‘ਤੇ ਅਤੇ ਦੇਹਰੀ ‘ਤੇ ਜਗਦਾ ਦੀਵਾ ਵੀ ਕਿਸੇ ਨੂੰ ਆਤਮਿਕ ਬਲ ਪ੍ਰਦਾਨ ਕਰ ਰਿਹਾ ਹੋ ਸਕਦਾ ਹੈ। ਕਿਸੇ ਨੂੰ ਸੇਧ ਦੇ ਰਿਹਾ ਹੋ ਸਕਦਾ ਹੈ। ਕਿਸੇ ਦੀ ਅਗਵਾਈ ਕਰ ਰਿਹਾ ਹੋ ਸਕਦਾ ਹੈ।
ਦੀਵੇ ਤੇ ਉਸ ਵਿਚਲੀ ਬੱਤੀ ਦਾ ਆਪਸ ਵਿਚ ਗੂੜ੍ਹਾ ਸਬੰਧ ਹੁੰਦਾ ਹੈ । ਆਖਦੇ ਹਨ ਘਿਓ ਅਤੇ ਰੂੰ ਸਦੀਆਂ ਤੋਂ ਜਲਦੇ ਚਲੇ ਆ ਰਹੇ ਹਨ। ਲੋਕ ਇਹ ਵੀ ਕਹਿੰਦੇ ਹਨ ਕਿ ਦੀਵਾ ਜਲ ਰਿਹਾ ਹੈ। ਅਸਲ ਵਿੱਚ ਬਲਣ ਵਾਲੀ ਸਮੱਗਰੀ ਹੋਰ ਹੈ, ਨਾਂ ਦੀਵੇ ਦਾ ਲਿਆ ਜਾਂਦਾ ਹੈ।ਅਜਿਹਾ ਵੀ ਕਿਸੇ ਕਿਸੇ ਦੇ ਮੁਕੱਦਰ ਵਿੱਚ ਹੀ ਹੁੰਦਾ ਹੈ। ਮਹਿਫ਼ਲ ਸਜਾਉਣ ਲਈ ਦੀਵੇ ਜਗਾਏ ਜਾਂਦੇ ਹਨ,ਸ਼ਮ੍ਹਾਂ ਰੌਸ਼ਨ ਕੀਤੀ ਜਾਂਦੀ ਹੈ।ਇਹ ਵੀ ਤਾਂ ਦੀਵੇ ਦੀ ਖੁਸ਼ਕਿਸਮਤੀ ਹੀ ਸਮਝੀ ਜਾਣੀ ਚਾਹੀਦੀ ਹੈ। ਦੀਵਾ ਤੇ ਬੱਤੀ ਦੋਵੇਂ ਇਕ-ਦੂਜੇ ਦੇ ਪੂਰਕ ਹਨ । ਦੀਵੇ ਵਿਚਲਾ ਤੇਲ, ਘਿਓ ਉਸ ਦੀ ਜਿੰਦ ਜਾਨ ਹੈ । ਸ਼ਾਲਾ ! ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਦਾ ਰਹੇ ! ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਪ੍ਰਤੀਕ ਹੈ । ਵਿਸ਼ਵ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਲ ਕਰਨ ਲਈ ਰੌਸ਼ਨੀ ਵੱਲ ਜਾਂਦਾ ਰਸਤਾ ਵਿਖਾਉਂਦੇ ਹਨ । ਧਰਮ ਮਨੁੱਖੀ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ । ਅੱਖਾਂ ਦੀ ਬਾਹਰੀ, ਮਨ ਅੰਦਰਲੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਮਨ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ । ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਆਦਿ ਧਰਮ, ਲੋਕ ਧਰਮ, ਪੂਜਾ ਅਤੇ ਪੂਜਾ ਵਿਧੀਆਂ ਦੇ ਖੇਤਰ ਨਾਲ ਜੁੜਨ ਵਾਲੇ ਸਰੋਕਾਰ ਵੀ ਬਣਦੇ ਹਨ ।
ਜਗਦੇ ਦੀਵੇ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ । ਮਹਾਂਪੁਰਸ਼ਾਂ ਦੇ ਬਚਨਾਂ,ਵਿਸ਼ਵ ਦੇ ਮਹਾਨ ਗ੍ਰੰਥਾਂ, ਸਿੱਖਿਆਵਾਂ, ਸੂਰਬੀਰਾਂ ਦੀਆਂ ਕੁਰਬਾਨੀਆਂ, ਸ਼ਹਾਦਤ ਆਦਿ ਪਹਿਲੂਆਂ ਨੂੰ ਰੌਸ਼ਨੀ ਦੇਣ ਵਾਲੀ ਤੇ ਮਾਨਵਤਾ ਦਾ ਮਾਰਗ ਦਰਸ਼ਨ ਕਰਨ ਵਾਲੀ ਲਾਟ ਵਜੋਂ ਸਤਿਕਾਰਿਆ ਜਾਂਦਾ ਹੈ । ਦੁਨਿਆਵੀ ਰਿਸ਼ਤਿਆਂ ਵਿੱਚ ਇਕ ਭੈਣ ਆਪਣੇ ਭਰਾ ਪ੍ਰਤੀ ਪਿਆਰ-ਸਤਿਕਾਰ ਪ੍ਰਗਟ ਕਰਦਿਆਂ ਕਹਿੰਦੀ ਹੈ:
ਜਾਂ ਵੀਰਾ ਬੈਠਾ ਚਾਕੇ, ਭਾਂਡਿਆਂ ਰਿਸ਼ਮਾਂ ਛੱਡੀਆਂ
ਜਾਂ ਵੀਰ ਵੜਿਆ ਅੰਦਰ, ਦੀਵਾ ਲਟ ਲਟ ਬਲਿਆ… ।
ਲਟ-ਲਟ ਬਲਦਾ ਦੀਵਾ ਬਹੁਤ ਕੁਝ ਕਹਿੰਦਾ ਹੈ । ਕਈ ਸੰਕੇਤ ਕਰਦਾ ਹੈ । ਬਹੁਤ ਕੁਝ ਅਣਕਿਹਾ ਰਹਿਣ ਦਿੰਦਾ ਹੈ । ਕਈਆਂ ਦੇ ਮਨ ਅੰਦਰ ਚੇਤਨਾ ਦੇ ਦੀਵੇ ਜਗਾ ਦਿੰਦਾ ਹੈ । ਦੀਵਾ ਭੁੱਲੇ-ਭਟਕਿਆਂ ਨੂੰ ਰਸਤੇ ਵਿਖਾਉਂਦਾ ਹੈ । ਰੌਸ਼ਨੀ ਵੰਡਣਾ ਉਸ ਦੀ ਫ਼ਿਤਰਤ ਹੈ। ਅਨੇਕ ਸੰਸਥਾਵਾਂ ਦੇ ਲੋਗੋ ਦੀ ਸਿਰਜਣਾ ਸੰਸਥਾ ਦੇ ਸਿਖਿਆ ਪ੍ਰਦਾਨ ਕਰਨ ਦੇ ਥੀਮ ਮੁਤਾਬਕ ਕੀਤੀ ਜਾਂਦੀ ਹੈ।ਸਬੰਧਤ ਸੰਸਥਾ ਜਿਸ ਅਨੁਸ਼ਾਸਨ ਵਿੱਚ ਸਿੱਖਿਆ ਪ੍ਰਦਾਨ ਕਰਦੀ ਹੈ,ਉਸਨੂੰ ਲੋਗੋ ਰਾਹੀਂ ਸੰਕੇਤ ਰੂਪ ਵਿੱਚ ਵਿਖਾਉਣ ਦੇ ਨਾਲ ਨਾਲ ਉਸ ਵਿੱਚ ਕਿਧਰੇ ਨਾ ਕਿਧਰੇ ਜਗਦਾ ਦੀਵਾ ਜਾਂ ਦੀਵੇ ਦੀ ਲਾਟ ਨੂੰ ਵੀ ਵਿਖਾ ਦਿੱਤਾ ਜਾਂਦਾ ਹੈ।ਜਗਦੇ ਦੀਵੇ ਦਾ ਅਰਥ ਸਪਸ਼ਟ ਹੈ।
ਮੁਸ਼ਕਿਲਾਂ, ਦੁਸ਼ਵਾਰੀਆਂ, ਚੁਣੌਤੀਆਂ, ਵਿਪਰੀਤ ਸਥਿਤੀਆਂ, ਗ਼ੈਰ-ਮੁਆਫ਼ਕ ਹਾਲਤਾਂ ਆਦਿ ਦਾ ਮੁਕਾਬਲਾ ਕਰਨਾ ਕੋਈ ਦੀਵੇ ਕੋਲੋਂ ਸਿੱਖੇ । ਮਾਰੂ ਝੱਖੜ ਜੇ ਦੀਵੇ ਨੂੰ ਬੁਝਾ ਵੀ ਜਾਂਦਾ ਹੈ ਤਾਂ ਕੀ? ਦੀਵੇ ਨੇ ਤਾਂ ਆਪਣਾ ਵਾਅਦਾ ਨਿਭਾਉਣਾ ਹੁੰਦਾ ਹੈ,ਆਪਣਾ ਫ਼ਰਜ਼ ਅਦਾ ਕਰਨਾ ਹੁੰਦਾ ਹੈ। ਉਸ ਨੂੰ ਧਰਾਤਲ ਉੱਪਰ ਟਿਕੇ ਰਹਿਣ ਦੀ ਲੋੜ ਹੁੰਦੀ ਹੈ । ਉਸ ਦੇ ਪੈਰ ਨਹੀਂ ਉਖੜਣੇ ਚਾਹੀਦੇ । ਉਹ ਬੁਝ ਕੇ ਵੀ ਆਸ ਨਹੀਂ ਛੱਡਦਾ । ਦੀਵੇ ਦੀ ਇਸ ਆਸ ਵਿੱਚ ਜੀਵਨ ਦੇ ਗੁੱਝੇ ਭੇਦ ਛੁਪੇ ਹਨ । ਉਹ ਅਗਲੀ ਰਾਤ ਨੂੰ ਰੁਸ਼ਨਾਉਣ ਦੀ ਤਿਆਰੀ/ਉਡੀਕ ਕਰਨ ਲੱਗ ਜਾਂਦਾ ਹੈ। ਦੀਵਾ ਉਮੀਦ ਤੇ ਰੌਸ਼ਨ ਭਵਿੱਖ ਦਾ ਪ੍ਰਤੀਕ ਬਣਦਾ ਹੈ।
ਜ਼ਿਆਦਾ ਦਿਨਾਂ ਤੱਕ ਬੱਦਲ ਛਾਏ ਰਹਿਣ ਅਤੇ ਮੀਂਹ ਵਧੇਰੇ ਵਰ੍ਹਦਾ ਰਹਿਣ ਕਰਕੇ ਦੁਖੀ ਹੋਏ ਲੋਕ ਸੂਰਜ ਨਾਲ ਗਿਲ੍ਹਾ ਪ੍ਰਗਟ ਕਰਦਿਆਂ,ਉਸਨੂੰ ਛੇਤੀ ਵਿਖਾਈ ਦੇਣ ਲਈ ਕਹਿੰਦੇ ਹਨ। ਅਜਿਹੇ ਮੌਕੇ ਜੇ ਦਿਨ ਵੇਲੇ ਦੀਵਾ ਜਗਾਉਣ ਦੀ ਲੋੜ ਪੈ ਜਾਵੇ ਤਾਂ ਸੂਰਜ ਵਾਸਤੇ ਇਹ ਨਮੋਸ਼ੀ ਵਾਲੀ ਗੱਲ ਸਮਝੀ ਜਾਂਦੀ ਹੈ :
ਸੂਰਜਾ ਸੂਰਜਾ ਧੁੱਪ ਚੜ੍ਹਾ,ਧੁੱਪ ਚੜ੍ਹਾ ਕਿ ਬੱਦਲ ਉਡਾ
ਤੇਰੇ ਹੁੰਦਿਆਂ ਦੀਵਾ ਬਲਿਆ
ਲਈ ਤੂੰ ਲੱਜ ਲਵਾ !
ਜਗਦੇ ਦੀਵੇ ਨੂੰ ਬਹੁਤ ਸ਼ੁਭ ਸਮਝਿਆ ਜਾਂਦਾ ਹੈ। ਦੀਵਾ ਭੁੱਲਿਆਂ ਭਟਕਿਆਂ ਨੂੰ ਰਸਤਾ ਵਿਖਾਉਂਦਾ ਹੈ।ਕਈ ਵਾਰ ਰਾਹ ਵਿਖਾਉਣ ਵਾਲੇ ਦੀਵਿਆਂ ਨੂੰ ਵੀ ਲੋਕ ਤੁਰੇ ਤੁਰੇ ਜਾਂਦਿਆਂ ਬੁਝਾ ਜਾਂਦੇ ਹਨ।ਕਿਸੇ ਦੇ ਮਨ ਵਿੱਚ ਇਸ ਵਿੱਚੋਂ ਵੀ ਆਸ ਦੀ ਕਿਰਨ ਜਾਗ ਜਾਂਦੀ ਹੈ:
ਪੱਲਾ ਮਾਰ ਕੇ ਬੁਝਾ ਗਈ ਦੀਵਾ
ਅੱਖ ਨਾਲ ਗੱਲ ਕਰ ਗਈ
ਹਲਕਾ ਜਿਹਾ ਹਾਸਾ ਮਜ਼ਾਕ ਪੈਦਾ ਕਰਨ ਲਈ ਵੀ ਕਈ ਲੋਕ ਗੀਤਾਂ ਵਿੱਚ ਦੀਵਾ ਇਕ ਪ੍ਰਤੀਕ ਵਜੋਂ ਵਰਤਿਆ ਗਿਆ ਹੈ:
ਜਿਵੇਂ ਬਲਦਾ ਰੰਡੀ ਦੇ ਘਰ ਦੀਵਾ
ਛੜੇ ਦੀ ਅੱਖ ਇਉਂ ਬਲਦੀ।
ਕਈ ਵਾਰ ਕਿਸੇ ਦੀ ਖੂਬਸੂਰਤੀ ਨੂੰ ਵੀ ਦੀਵੇ ਦੀ ਰੌਸ਼ਨੀ ਨਾਲ ਤੁਲਨਾਇਆ ਜਾਂਦਾ ਹੈ:
ਜੇ ਮਾਮੀਏ ਤੂੰ ਬਹੁਤੀ ਸੋਹਣੀ, ਦੇ ਦੇ ਗਿੱਧੇ ਵਿਚ ਗੇੜਾ
ਨੀ ਰੂਪ ਤੇਰੇ ‘ਤੇ ਗਿੱਠ ਗਿੱਠ ਲਾਲੀ, ਤੈਥੋਂ ਸੋਹਣਾ ਕਿਹੜਾ
ਨੀ ਦੀਵਾ ਕੀ ਕਰਨਾ, ਚਾਨਣ ਹੋ ਜੂ ਤੇਰਾ
ਨੀ ਦੀਵਾ ਕੀ ਕਰਨਾ…
ਦੀਵਾ ਬੋਲਦਾ ਕੁਝ ਨਹੀਂ ਫਿਰ ਵੀ ਬਹੁਤ ਕੁਝ ਕਹਿ ਜਾਂਦਾ ਹੈ। ਉਹ ਆਪਣੀ ਰੌਸ਼ਨੀ ਨਾਲ ਹੀ ਆਪਣੀ ਪਛਾਣ ਤੇ ਆਪਣਾ ਨਾਂ ਬਣਾਉਂਦਾ ਹੈ।ਦੀਵਾ ਕਦੇ ਕਿਸੇ ਮਨੁੱਖ,ਸਮੇਂ, ਸਥਾਨ, ਸਥਿਤੀ ਆਦਿ ਨਾਲ ਪੱਖਪਾਤ ਨਹੀਂ ਕਰਦਾ। ਕਿਸੇ ਕਮਰੇ ਦੇ ਦਰਵਾਜ਼ੇ ਦੀ ਦਹਿਲੀਜ਼ ‘ਤੇ ਬਾਲ ਕੇ ਰੱਖਿਆ ਦੀਵਾ ਬਿਨਾਂ ਕਿਸੇ ਭੇਦ ਭਾਵ ਤੋਂ ਕਮਰੇ ਦੇ ਅੰਦਰ ਵੀ ਰੌਸ਼ਨੀ ਕਰਦਾ ਹੈ ਤੇ ਬਾਹਰ ਵੀ। ਦੀਵੇ ਦਾ ਸੁਭਾਅ ਕਿੰਨਾ ਵਚਿੱਤਰ ਹੈ।ਕਹਿੰਦੇ ਹਨ ਮਨ ਵਿੱਚ ਜਗਦੀ ਦੀਵੇ ਦੀ ਲੋਅ ਨੂੰ ਨਾ ਕੋਈ ਮੱਧਮ ਕਰ ਸਕਦਾ ਹੈ, ਨਾ ਬੁਝਾ ਸਕਦਾ ਹੈ।
ਦੀਵਾ ਸੂਰਜ ਦਾ ਸਥਾਨ ਤਾਂ ਨਹੀਂ ਲੈ ਸਕਦਾ ਪਰ ਰਾਤ ਦੇ ਹਨੇਰੇ ਨੂੰ ਕੁਝ ਹੱਦ ਤੱਕ ਛੰਡਣ ਦਾ ਯਤਨ ਤਾਂ ਕਰਦਾ ਹੀ ਹੈ। ਦੀਵੇ ਦਾ ਇਹ ਉਪਰਾਲਾ ਸਦੀਆਂ ਤੋਂ ਜਾਰੀ ਹੈ। ਹੋ ਸਕਦਾ ਹੈ ਉਪਰਾਲੇ ਕਰਨ ਤੇ ਆਸ ਰੱਖਣ ਦਾ ਮੰਤਰ ਵੀ ਮਨੁੱਖ ਨੇ ਦੀਵੇ ਕੋਲੋਂ ਸਿਖਿਆ ਹੋਵੇ :
ਜਾ ਦੀਵੜਿਆ ਘਰ ਆਪਣੇ, ਤੇਰੀ ਮਾਂ ਉਡੀਕੇ ਵਾਰ
ਆਈਂ ਅਵੇਰੇ ਜਾਈਂ ਸਵੇਰੇ, ਸੱਭੇ ਸ਼ਗਨ ਵਿਚਾਰ
ਜਾ ਦੀਵਿਆ ਘਰ ਆਪਣੇ, ਸੁੱਖ ਵਸਾਈਂ ਰਾਤ
ਰਿਜ਼ਕ ਲਿਆਈਂ ਭਾਲ,ਤੇਲ ਲਿਆਈਂ ਨਾਲ…

ਜਾਗੋ ਦੇ ਨਾਚ ਵਿਚ ਉਸ ਨਾਚ ਦੀਆਂ ਤਿਆਰੀਆਂ ਦੀ ਪ੍ਰਕਿਰਿਆ ਹੀ ਦੀਵਿਆਂ ਤੋਂ ਸ਼ੁਰੂ ਹੁੰਦੀ ਹੈ । ਦੀਵੇ ਹੀ ਜਾਗੋ ਨੂੰ ਆਧਾਰ ਪ੍ਰਦਾਨ ਕਰਦੇ ਹਨ। ਜਾਗੋ ਦੇ ਬਲਦੇ ਦੀਵਿਆਂ ਦੇ ਚਾਨਣ ਵਿਚ ਆਸ ਦੀਆਂ ਨਵਕਿਰਨਾਂ ਨਵਾਂ ਸੰਦੇਸ਼ ਲੈ ਕੇ ਪ੍ਰਗਟ ਹੁੰਦੀਆਂ ਹਨ। ਇੰਜ ਪ੍ਰਤੀਤ ਹੋਣ ਲੱਗਦਾ ਹੈ ਜਿਵੇਂ ਦੀਵਿਆਂ ਦੀ ਲਾਟ ਤੋਂ ਉਪਜਦਾ ਚਾਨਣ ਸਭ ਪਾਸੇ ਉਮੀਦਾਂ ਦੇ ਸਾਕਾਰਾਤਮਿਕ ਤੇ ਰੁਸ਼ਨਾਉਂਦੇ ਚਿੰਨ੍ਹ ਉਲੀਕਦਾ ਜਾ ਰਿਹਾ ਹੋਵੇ।
ਦੀਵਾਲੀ ਵਾਲੀ ਰਾਤ ਨੂੰ ਘਰ ਦੇ ਬਨੇਰਿਆਂ ‘ਤੇ, ਮਮਟੀਆਂ ‘ਤੇ, ਘਰ ਦੇ ਮੁੱਖ ਦਰਵਾਜ਼ੇ ਆਦਿ ‘ਤੇ ਦੀਵੇ ਜਗਾਏ ਜਾਂਦੇ ਹਨ । ਘਰ ਦੇ ਹਰੇਕ ਕੋਣੇ ਨੂੰ ਰੌਸ਼ਨ ਕਰ ਦੇਣ ਦਾ ਯਤਨ ਕੀਤਾ ਜਾਂਦਾ ਹੈ, ਖ਼ੁਸ਼ੀ ਦੇ ਪ੍ਰਗਟਾਵੇ ਲਈ, ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਹਨ । ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ । ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦ੍ਰਿਸ਼ ਕੋਲੋਂ ਕੋਈ ਖ਼ੁਸ਼ੀਆਂ ਸਾਂਝੀਆਂ ਕਰਨ ਅਤੇ ਖ਼ੁਸ਼ੀਆਂ ਨੂੰ ਵਿਸਥਾਰ ਦੇਣ ਦਾ ਸਲੀਕਾ ਸਿੱਖੇ ! ਖੁੱਲ੍ਹ ਕੇ ਜਿਊਣ ਦੀ ਜਾਚ ਵੀ ਦੀਵੇ ਕੋਲੋਂ ਸਿੱਖੀ ਜਾ ਸਕਦੀ ਹੈ । ਦੀਵੇ ਜਗਦੇ ਹਨ ਤਾਂ ਮਨ ਨੂੰ ਖ਼ੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ, ਹੁਲਾਰਾ ਮਿਲਦਾ ਹੈ, ਉਤਸ਼ਾਹ ਜਾਗਦਾ ਹੈ। ਜਗਦੇ ਦੀਵੇ ਨੂੰ ਜਦੋਂ ਕੋਈ ਵਿਅਕਤੀ ਆਪਣੇ ਹੱਥਾਂ ਵਿੱਚ ਫੜ੍ਹ ਕੇ ਹੋਰ ਕਈ ਦੀਵੇ ਜਗਾਉਂਦਾ ਹੈ ਤਾਂ ਉਸ ਦੇ ਇਸ ਅਮਲ ਨੂੰ ਕਿਸੇ ਦਾ ਫਿਕਰ ਕਰਨ ,ਕਿਸੇ ਦਾ ਭਲਾ ਚਾਹੁਣ ਤੇ ਕਿਸੇ ਦੀ ਜ਼ਿੰਦਗੀ ਵਿੱਚ ਚਾਨਣ ਦਾ ਪਾਸਾਰ ਕਰਨ ਦੇ ਅਰਥਾਂ ਵਿਚ ਵੇਖਿਆ ਜਾ ਸਕਦਾ ਹੈ ।
ਅਜਿਹੇ ਮਨੁੱਖ ਵੀ ਹੁੰਦੇ ਹਨ, ਜਿਨ੍ਹਾਂ ਦੀ ਸਾਰੀ ਉਮਰ ਦੀਵੇ ਜਗਾਉਂਦਿਆਂ-ਜਗਾਉਂਦਿਆਂ ਹੀ ਲੰਘ ਜਾਂਦੀ ਹੈ । ਦੂਰ-ਦੂਰ ਤੱਕ ਰੌਸ਼ਨੀ ਫੈਲਾਉਣ ਦੇ ਅਭਿਲਾਸ਼ੀ ਲੋਕ ਦੀਵੇ ਜਗਾਉਂਦਿਆਂ ਹੋਇਆਂ ਆਪਣੀਆਂ ਉਂਗਲਾਂ ਵੀ ਲੂਹ ਬੈਠਦੇ ਹਨ । ਅਜਿਹੇ ਲੋਕ ਵੀ ਹੁੰਦੇ ਹਨ ਜੋ ਦੀਵੇ ਬਾਲਣ ਲਈ ਦੂਰ-ਦੁਰੇਡੇ ਦੇ ਹਨੇਰਿਆਂ ਦੀ ਭਾਲ ਵਿਚ ਰਹਿੰਦੇ ਹਨ । ਉਨ੍ਹਾਂ ਨੂੰ ਇਸ ਗੱਲ ਕਰਕੇ ਜਾਣਿਆ ਜਾਂਦਾ ਹੈ ਕਿ ਉਨ੍ਹਾਂ ਨੇ ਉਸ ਥਾਂ ‘ਤੇ ਜਾ ਕੇ ਦੀਵੇ ਜਗਾਏ ਸਨ ਜਿਥੇ ਕਦੇ ਰੌਸ਼ਨੀ ਪਹੁੰਚ ਸਕਣ ਦੀ ਤਵੱਕੋ ਵੀ ਨਹੀਂ ਸੀ ਕੀਤੀ ਜਾ ਸਕਦੀ। ਕਿਸੇ ਸ਼ਾਇਰ ਦੇ ਕਹੇ ਮੁੱਲਵਾਨ ਤੇ ਯਾਦ ਰੱਖਣ ਯੋਗ ਬੋਲ ਵਿਸ਼ੇਸ਼ ਤੌਰ ‘ਤੇ ਵਿਚਾਰ ਕਰਨ ਯੋਗ ਹਨ:
ਜਿਸ ਵਕਤ ਰੌਸ਼ਨੀ ਕਾ ਤਸੱਵਰ ਮੁਹਾਲ ਥਾ
ਉਸ ਸ਼ਖ਼ਸ਼ ਕਾ ਚਿਰਾਗ਼ ਜਲਾਨਾ ਕਮਾਲ ਥਾ।
ਚੌਮੁਖੀਆ ਦੀਵਾ ਵੀ ਕਈ ਪੱਖਾਂ ਤੋਂ ਆਪਣੀ ਪਛਾਣ ਤੇ ਮਹੱਤਵ ਰੱਖਦਾ ਹੈ । ਇਸ ਦੀਵੇ ਦੇ ਚਾਰੇ ਪਾਸੇ ਦੀਵਾ ਰੱਖਣ ਲਈ ਥਾਂ ਬਣੀ ਹੁੰਦੀ ਹੈ । ਕੀਮਤੀ ਧਾਤਾਂ ਦੇ ਬਣੇ ਦੀਵਿਆਂ ਨੂੰ ਕਈ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨਾਂ ਨੂੰ ਨਿਭਾਉਣ ਵੇਲੇ ਜਗਾਇਆ ਜਾਂਦਾ ਹੈ । ਆਰਤੀ ਉਤਾਰੀ ਜਾਂਦੀ ਹੈ, ਜਗਦੇ ਦੀਵਿਆਂ ਨੂੰ ਵਿਸ਼ੇਸ਼ ਆਕਾਰ ਪ੍ਰਦਾਨ ਕੀਤੇ ਜਾਂਦੇ ਹਨ । ਹੁਣ ਆਟੇ, ਮਿੱਟੀ ਜਾਂ ਕਿਸੇ ਧਾਤ ਆਦਿ ਦੇ ਦੀਵਿਆਂ ਦੀ ਥਾਂ ‘ਤੇ ਬਿਜਲਈ ਬਲਬਾਂ, ਵੰਨ-ਸੁਵੰਨੀਆਂ, ਰੰਗ-ਬਰੰਗੀਆਂ ਰੌਸ਼ਨੀਆਂ, ਐਲ.ਈ.ਡੀ. ਰੌਸ਼ਨੀਆਂ, ਜਗਦੀਆਂ-ਬੁਝਦੀਆਂ ਰੌਸ਼ਨੀਆਂ, ਪੰਕਤੀਆਂ, ਦਾਇਰਿਆਂ, ਕੋਣਾਂ ਆਦਿ ਵਿਚ ਘੁੰਮਦੀਆਂ ਪ੍ਰਤੀਤ ਹੁੰਦੀਆਂ ਰੌਸ਼ਨੀਆਂ ਨਾਲ ਧਾਰਮਿਕ ਅਸਥਾਨਾਂ, ਵੱਡੀਆਂ ਇਮਾਰਤਾਂ, ਭਵਨਾਂ ਤੇ ਘਰਾਂ ਨੂੰ ਸਜਾਇਆ ਜਾਂਦਾ ਹੈ । ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਅਵਸਰ ‘ਤੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ । ਆਓ ! ਇਸ ਅਵਸਰ ‘ਤੇ ਇਕ ਦੀਵਾ ਹੋਰ ਬਾਲੀਏ ਤੇ ਅਜਿਹਾ ਕਰਨ ਨੂੰ ਆਪਣੇ ਫ਼ਰਜ਼ ਵਿੱਚ ਸ਼ਾਮਲ ਕਰੀਏ ! ਉਨ੍ਹਾਂ ਲੋਕਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ । ਜਿਥੇ-ਜਿਥੇ ਹਨੇਰਾ ਹੈ, ਉਥੇ ਉਥੇ ਰੌਸ਼ਨੀ ਪਹੁੰਚੇ ! ਜਿਥੇ ਝੂਠ, ਕੂੜ, ਕੁਸਤ ਹੈ, ਉਥੇ ਰੌਸ਼ਨੀ ਪਹੁੰਚੇ !ਦੀਵਾ ਜਗਦਾ ਰਹਿਣਾ ਚਾਹੀਦਾ ਹੈ ।ਜਗਦੇ ਹੋਏ ਦੀਵੇ ਨੂੰ ਜਦੋਂ ਕੋਈ ਵਿਅਕਤੀ ਆਪਣੇ ਹੱਥਾਂ ਵਿੱਚ ਫੜ੍ਹਕੇ ਕਈ ਹੋਰ ਦੀਵੇ ਜਗਾਉਂਦਾ ਹੈ ਤਾਂ ਉਸਦੇ ਇਸ ਅਮਲ ਨੂੰ ਹੋਰਨਾਂ ਦਾ ਫਿਕਰ ਕਰਨ,ਕਿਸੇ ਤੱਕ ਰੌਸ਼ਨੀ ਪਹੁੰਚਾਉਣ ,ਕਿਸੇ ਦੀ ਮਦਦ ਕਰਨ,ਹੋਰਾਂ ਵਿੱਚ ਗਿਆਨ ਵੰਡਣ ਦੇ ਅਰਥਾਂ ਵਿੱਚ ਵੇਖਿਆ ਜਾਂਦਾ ਹੈ। ਮਨੁੱਖ ਨੂੰ ਆਪਣੇ ਹਿੱਸੇ ਦੇ ਦੀਵੇ ਖ਼ੁਦ ਨੂੰ ਜਗਾਉਣੇ ਪੈਂਦੇ ਹਨ। ਦੀਵਿਆਂ ਨੂੰ ਆਪਣੀ ਰੌਸ਼ਨੀ ਦੀ ਇਬਾਰਤ ਖ਼ੁਦ ਨੂੰ ਲਿਖਣੀ ਪੈਂਦੀ ਹੈ। ਨਾਲ ਹੀ ਇਹ ਵੀ ਸੱਚ ਹੈ ਕਿ ਕਿਸੇ ਆਪਣੇ ਦੇ ਭਰੋਸੇ ਉੱਤੇ ਮਨੁੱਖ ਆਪਣੀ ਤਲੀ ਉੱਤੇ ਦੀਵਾ ਰੱਖਕੇ ਸੰਘਣੇ ਹਨੇਰੇ ਵਿੱਚ ਵੀ ਕੋਹਾਂ ਲੰਮਾ ਪੰਧ ਤੈਅ ਕਰ ਸਕਦਾ ਹੈ। ਦੀਵੇ ਬਲਦੇ ਹਨ ਤਾਂ ਖੁਸ਼ੀ ਮਿਲਦੀ ਹੈ।ਸ਼ਾਂਤੀ ਮਿਲਦੀ ਹੈ। ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦ੍ਰਿਸ਼ ਕੋਲੋਂ ਕੋਈ ਖੁਸ਼ੀਆਂ ਸਾਂਝੀਆਂ ਕਰਨ ਅਤੇ ਖੁਸ਼ੀਆਂ ਨੂੰ ਵਿਸਥਾਰ ਦੇਣ ਦੀ ਜਾਚ ਸਿੱਖੇ !ਦੀਵਾ ਮਿੱਟੀ ਦਾ ਹੋਵੇ, ਆਟੇ ਦਾ ਬਣਾਇਆ ਹੋਵੇ ,ਕਿਸੇ ਧਾਤ ਜਾਂ ਸੋਨੇ ਦਾ ਹੋਵੇ, ਇਹ ਗੱਲ ਬਹੁਤਾ ਮਹੱਤਵ ਨਹੀਂ ਰੱਖਦੀ। ਸ਼ਰਧਾ, ਸਿਦਕ ਤੇ ਵਿਸ਼ਵਾਸ ਨਾਲ ਜਗਾਏ ਦੀਵੇ ਦੀ ਰੌਸ਼ਨੀ ਕਿਸੇ ਦੀ ਹਨੇਰੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਉਸਦੀ ਤਕਦੀਰ ਸੰਵਰ ਸਕਦੀ ਹੈ। ਮਨੁੱਖ ਦੇ ਮਨ ਅੰਦਰ ਇਨਸਾਨੀਅਤ ਬਣੀ ਰਹਿਣ ਲਈ ਅਤੇ ਇਨਸਾਨੀਅਤ ਦੀ ਖੁਸ਼ਹਾਲੀ, ਸਲਾਮਤੀ ਤੇ ਬਿਹਤਰੀ ਲਈ ਦੁਆ ਕਰਨ ਵਾਸਤੇ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ। ਸ਼ਾਲਾ ! ਦੀਵੇ ਜਗਦੇ ਰਹਿਣ ! ਚੌਗਿਰਦੇ ਨੂੰ ਰੁਸ਼ਨਾਉਂਦੇ ਰਹਿਣ !

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin