
ਭਾਰਤ ਵਿੱਚ ਕਰੋਨਾ ਦੀ ਬਿਮਾਰੀ ਭਾਵੇਂ ਘਟਣੀ ਸ਼ੁਰੂ ਹੋ ਗਈ ਹੈ ਪਰ ਵਿਗਿਆਨੀ ਅਜੇ ਦੂਸਰੀ ਲਹਿਰ ਆਉਣ ਬਾਰੇ ਸ਼ੰਕਾ ਪ੍ਰਗਟਾ ਰਹੇ ਹਨ। ਲੱਗਦਾ ਹੈ ਕਿ ਕਰੋਨਾ ਭਾਰਤ ਵਿੱਚ ਆਪੇ ਅੱਕ ਥੱਕ ਕੇ ਘਟਣ ਲੱਗ ਪਿਆ ਹੈ ਜਦੋਂ ਕਿ ਸਾਡੇ ਲੋਕ ਕਰੋਨਾ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਭਾਰਤ ਅਤੇ ਪੰਜਾਬ ਦੀ ਜਨਤਾ ਨੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਬਾਰੇ ਐਨੇ ਚੁਟਕਲੇ ਚੱਲ ਰਹੇ ਹਨ ਜਿਵੇਂ ਇਹ ਖੰਘ ਜੁਕਾਮ ਵਰਗੀ ਕੋਈ ਸਧਾਰਨ ਐਲਰਜੀ ਜਾਂ ਫਲੂ ਹੋਵੇ। ਸਾਡੀ ਪਬਲਿਕ ਨੇ ਤਾਂ 19 ਮਾਰਚ ਦੇ ਜਨਤਾ ਬੰਦ ਵੇਲੇ ਹੀ ਬੇਹੂਦਾ ਨੌਟੰਕੀ ਸ਼ੁਰੂ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਜਨਤਾ ਨੂੰ ਕਰੋਨਾ ਖਿਲਾਫ ਜਾਨ ‘ਤੇ ਖੇਡ ਕੇ ਕੰਮ ਕਰਨ ਵਾਲੇ ਡਾਕਟਰਾਂ, ਨਰਸਾਂ ਤੇ ਹੋਰ ਅਧਿਕਾਰੀਆਂ ਦੀ ਹੌਸਲਾ ਅਫਜ਼ਾਈ ਖਾਤਰ ਸ਼ਾਮ ਪੰਜ ਵਜੇ ਤਾਲੀਆਂ ਅਤੇ ਥਾਲੀਆਂ ਖੜਕਾਉਣ ਲਈ ਕਹਿਣ ਦੀ ਗਲਤੀ ਕਰ ਲਈ। ਪੰਜ ਵੱਜਦੇ ਸਾਰ ਲੋਕ ਇਸ ਤਰਾਂ ਜਸ਼ਨ ਮਨਾਉਣ ਲਈ ਸੜਕਾਂ ‘ਤੇ ਉੱਤਰ ਆਏ ਜਿਵੇਂ ਕਰੋਨਾ ਅੱਜ ਹੀ ਖਤਮ ਹੋ ਗਿਆ ਹੋਵੇ। ਕਈ ਮੂਰਖ ਤਾਂ ਡੀ.ਜੇ. ਲਗਾ ਕੇ ਸੜਕਾਂ ‘ਤੇ ਹਜ਼ੂਮ ਬਣਾ ਕੇ ਨੱਚਣ ਗਾਉਣ ਅਤੇ ‘ਗੋ ਕਰੋਨਾ ਗੋ’ ਵਰਗੇ ਅਹਿਮਕਾਨਾ ਨਾਅਰੇ ਲਗਾਉਣ ਲੱਗ ਪਏ। ਇਨ੍ਹਾਂ ਦੀ ਮੂਰਖਤਾ ਤੱਕ ਕੇ ਇੱਕ ਵਾਰ ਤਾਂ ਕਰੋਨਾ ਵੀ ਸ਼ਰਮਸ਼ਾਰ ਹੋ ਗਿਆ ਹੋਵੇਗਾ।
ਸਾਡੇ ਲੋਕਾਂ ਵਿੱਚ ਕਾਨੂੰਨ ਤੋੜਨ ਦੀ ਰੁੱਚੀ ਜਨੂੰਨ ਦੀ ਹੱਦ ਤੱਕ ਹੈ। ਰੈੱਡ ਲਾਈਟ ਜੰਪ ਕਰਨੀ, ਹੈਲਮਟ ਨਾ ਪਹਿਨਣਾ ਅਤੇ ਸੀਟ ਬੈਲਟ ਨਾ ਲਗਾਉਣਾ ਬਹੁਤ ਸ਼ਾਨ ਵਾਲੀ ਗੱਲ ਸਮਝੀ ਜਾਂਦੀ ਹੈ। ਲੋਕ ਕਰੋਨਾ ਨੂੰ ਵੀ ਪ੍ਰਸ਼ਾਸ਼ਨ ਦੀ ਵੱਲੋਂ ਦਿੱਤੀ ਜਾ ਰਹੀ ਐਵੇਂ ਮੁਫਤ ਦੀ ਸਿਰਦਰਦੀ ਸਮਝ ਰਹੇ ਹਨ। ਬਜ਼ਾਰ ਜਾ ਕੇ ਵੇਖੋ, ਬੰਦਾ ਬੰਦੇ ‘ਚ ਵੱਜਦਾ ਫਿਰਦਾ ਹੈ। ਨਾ ਕੋਈ ਸੋਸ਼ਲ ਡਿਸਟੈਂਸਟਿੰਗ ਦੀ ਪ੍ਰਵਾਹ ਕਰਦਾ ਹੈ ਤੇ ਨਾ ਹੀ ਮਾਸਕ ਪਹਿਨ ਰਿਹਾ ਹੈ। ਦੁਕਾਨਦਾਰ ਆਪਣੀ ਵਿਕਰੀ ਨੂੰ ਸਾਹਮਣੇ ਰੱਖ ਕੇ ਭੀੜ ਨੂੰ ਦੁਕਾਨ ਅੰਦਰ ਆਉਣ ਤੋਂ ਨਹੀਂ ਰੋਕ ਰਹੇ। ਬੱਸ ਦੁਕਾਨ ਦੇ ਬਾਹਰ ਇੱਕ ਸੈਨੀਟਾਈਜ਼ਰ ਦੀ ਬੋਤਲ ਰੱਖ ਕੇ ਤੇ ਦੁਕਾਨ ਅੰਦਰ ਜਾਣ ਤੋਂ ਪਹਿਲਾਂ ਮਾਸਕ ਪਹਿਨਣ ਦਾ ਬੋਰਡ ਲਗਾ ਕੇ ਆਪਣੀ ਡਿਊਟੀ ਪੂਰੀ ਕਰ ਰਹੇ ਹਨ। ਇਥੋਂ ਤੱਕ ਕੇ ਮੈਡੀਕਲ ਦੀਆਂ ਦੁਕਾਨਾਂ ਵਾਲੇ ਵੀ ਭੀੜ ਜੁਟਾਈ ਬੈਠੇ ਹਨ। ਲੋਕ ਮਾਸਕ ਵੀ ਬਹੁਤ ਅਜੀਬ ਤਰੀਕੇ ਨਾਲ ਪਹਿਨਦੇ ਹਨ, ਮੂੰਹ ਢੱਕਿਆ ਤੇ ਨੱਕ ਨੰਗਾ ਹੁੰਦਾ ਹੈ। ਬਹੁਤੇ ਲੋਕ ਕਰੋਨਾ ਨੂੰ ਸਿਰਫ ਇੱਕ ਹਊਆ ਸਮਝ ਕੇ ਸਿਰੇ ਦੀਆਂ ਵਾਹਯਾਤ ਹਰਕਤਾਂ ਕਰ ਰਹੇ ਹਨ। ਜੇ ਕਿਸੇ ਨੂੰ ਬਿਨਾਂ ਕੰਮ ਦੇ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾਵੇ ਤਾਂ ਉਸ ਦਾ ਠੋਕਵਾਂ ਜਵਾਬ ਹੁੰਦਾ ਹੈ, ‘ਤੂੰ ਹੋ ਲੈਣ ਦੇ ਮੈਨੂੰ ਕਰੋਨਾ’।
ਕਈ ਤਾਂ ਅਜਿਹੇ ਮੋਟੇ ਦਿਮਾਗ ਵਾਲੇ ਹਨ ਕਿ ਉਨ੍ਹਾਂ ਨੂੰ ਕਰੋਨਾ ਹੋ ਜਾਵੇ ਤਾਂ ਵੀ ਉਹ ਆਪਣੇ ਘਰ ਇਕਾਂਤਵਾਸ ਕਰਨ ਦੀ ਬਜਾਏ ਬਾਹਰ ਘੁੰਮ ਕੇ ਲੋਕਾਂ ਵਿੱਚ ਕਰੋਨਾ ਫੈਲਾ ਰਹੇ ਹਨ। ਮੇਰੇ ਦੋ ਪੜ੍ਹੇ ਲਿਖੇ ਜਾਨਣ ਵਾਲਿਆਂ ਨੇ ਇਸ ਸਬੰਧੀ ਇੱਕ ਮਿਸਾਲ ਕਾਇਮ ਕੀਤੀ ਹੈ। ਇੱਕ ਸਰਕਾਰੀ ਅਧਿਕਾਰੀ ਹੈ ਤੇ ਦੂਸਰਾ ਇੱਕ ਮੈਰਿਜ ਪੈਲੇਸ ਦਾ ਮਾਲਕ ਹੈ। ਦੋਵਾਂ ਨੇ ਕਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਕਮਾਲ ਦੀ ਅਣਗਹਿਲੀ ਵਿਖਾਈ ਹੈ। ਸਰਕਾਰੀ ਅਧਿਕਾਰੀ ਭਾਵੇਂ ਕਰੋਨਾ ਪਾਜ਼ਟਿਵ ਸੀ ਪਰ ਉਸ ਵਿੱਚ ਕੋਈ ਜ਼ਾਹਰਾ ਲੱਛਣ ਨਹੀਂ ਸਨ। ਉਸ ਨੇ ਕੁਝ ਖਾਸ ਦੋਸਤਾਂ ਦੋਂ ਬਿਨਾਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਉਸ ਨੂੰ ਕਰੋਨਾ ਹੈ। ਕਰੋਨਾ ਦੌਰਾਨ ਹੀ ਉਸ ਨੇ ਆਪਣੇ ਨਵੇਂ ਮਕਾਨ ਦੀ ਚੱਠ ਕੀਤੀ ਤੇ 2-300 ਬੰਦਿਆਂ ਦੀ ਪਾਰਟੀ ਕੀਤੀ। ਚੱਠ ਵਿੱਚ ਸ਼ਾਮਲ ਹੋਣ ਵਾਲੇ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਇਸ ਮਹਾਂਪੁਰਸ਼ ਨੂੰ ਕਰੋਨਾ ਹੈ। ਮੁਫਤ ਦੀ ਦਾਲ ਮਖਣੀ ਅਤੇ ਸ਼ਾਹੀ ਪਨੀਰ ਖਾਣ ਵਾਲੇ 32 ਵਿਅਕਤੀ ਬਾਅਦ ਵਿੱਚ ਕਰੋਨਾ ਪਾਜ਼ਟਿਵ ਆ ਗਏ। ਇਸ ਤੋਂ ਇਲਾਵਾ ਉਹ ਬਜ਼ਾਰਾਂ ਵਿੱਚ ਖਰੀਦਾਰੀ ਵੀ ਕਰਦਾ ਰਿਹਾ ਹੈ ਤੇ ਪਤਾ ਨਹੀਂ ਹੋਰ ਕਿੰਨਿਆਂ ਨੂੰ ਕਰੋਨਾ ਦਾ ਪ੍ਰਸ਼ਾਦ ਦਿੱਤਾ ਹੋਵੇਗਾ। ਜੇ ਉਸ ਨੂੰ ਇਸ ਸਬੰਧੀ ਸਲਾਹ ਦੇਈਆ ਤਾਂ ਗੁੱਸਾ ਕਰਦਾ ਹੈ ਕਿ ਕਰੋਨਾ ਨਾਮ ਦੀ ਕੋਈ ਬਿਮਾਰੀ ਹੈ ਹੀ ਨਹੀਂ। ਦੂਸਰੇ ਮੈਰਿਜ ਪੈਲੇਸ ਦੇ ਮਾਲਕ ਨੂੰ ਕਰੋਨਾ ਪਾਜ਼ਟਿਵ ਹੋਣ ਬਾਰੇ ਪਤਾ ਚੱਲਿਆ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਬਚਾਉਣ ਦੀ ਖਾਤਰ ਪੈਲੇਸ ਵਿੱਚ ਹੀ ਡੇਰੇ ਲਗਾ ਲਏ ਤੇ ਬਿਨਾਂ ਆਪਣੀ ਬਿਮਾਰੀ ਜ਼ਾਹਰ ਕੀਤੇ ਗਾਹਕਾਂ ਨਾਲ ਮਿਲਦਾ ਗਿਲਦਾ ਰਿਹਾ ਤਾਂ ਜੋ ਕਿਤੇ ਗਾਹਕੀ ਖਰਾਬ ਨਾ ਹੋ ਜਾਵੇ। ਇਸ ਦੌਰਾਨ ਉਸ ਦੇ ਪੈਲੇਸ ਵਿੱਚ ੬ ਫੰਕਸ਼ਨ ਹੋਏ, ਪਤਾ ਨਹੀਂ ਕਿੰਨੇ ਅਣਭੋਲ ਲੋਕਾਂ ਨੂੰ ਕਰੋਨਾ ਹੋਇਆ ਹੋਵੇਗਾ।
ਇਹ ਕੋਈ ਇੱਕ ਉਦਾਹਰਣ ਨਹੀਂ ਹੈ। ਲੋਕ ਸਿਰਫ ਆਪਣੀ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਕਰਦੇ ਹਨ, ਬਾਕੀ ਜਾਣ ਢੱਠੇ ਖੂਹ ਵਿੱਚ। ਇਹ ਮਾਨਸਿਕਤਾ ਠਕਿ ਨਹੀਂ ਹੈ। ਹੋ ਸਕਦਾ ਹੈ ਕਿ ਉਨ੍ਹਾਂ ਵੱਲੋਂ ਫੈਲਾਈ ਗਈ ਬਿਮਾਰੀ ਘੁੰਮ ਘੁੰਮਾ ਕੇ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਤੱਕ ਵੀ ਪਹੁੰਚ ਜਾਵੇ। ਕਰੋਨਾ ਦੀ ਸ਼ੁਰੂਆਤ ਵੇਲੇ ਦਾ ਨਿਯਮ ਠੀਕ ਸੀ ਕਿ ਸਰਕਾਰ ਕਰੋਨਾ ਪਾਜ਼ਟਿਵ ਦੇ ਘਰ ਅੱਗੇ ਇਸ ਸਬੰਧੀ ਬੋਰਡ ਲਗਾ ਦੇਂਦੀ ਸੀ ਜਾਂ ਮਰੀਜ਼ ਨੂੰ ਕਰੋਨਾ ਸੈਂਟਰ ਵਿੱਚ ਭਰਤੀ ਕਰ ਲੈਂਦੀ ਸੀ। ਕਰੋਨਾ ਰਿਪੋਰਟ ਨੈਗਟਿਵ ਆਉਣ ‘ਤੇ ਹੀ ਮਰੀਜ਼ ਨੂੰ ਘਰ ਜਾਣ ਦਿੱਤਾ ਜਾਂਦਾ ਸੀ। ਪਰ ਹੁਣ ਅਜਿਹਾ ਨਹੀਂ ਹੈ, ਸਰਕਾਰ ਦੀ ਇਸ ਰਿਆਇਤ ਦਾ ਲੋਕ ਰੱਜ ਕੇ ਨਜ਼ਾਇਜ ਫਾਇਦਾ ਉਠਾ ਰਹੇ ਹਨ। ਅਜਿਹੇ ਲੋਕਾਂ ਦੇ ਕਾਰਨ ਹੀ ਕਰੋਨਾ ਖਤਮ ਹੋਣ ਦੀ ਬਜਾਏ ਹੋਰ ਵਧ ਰਿਹਾ ਤੇ ਸਰਕਾਰ ਨੂੰ ਦੁਬਾਰਾ ਸਖਤ ਪਾਬੰਦੀਆਂ ਲਗਾਉਣ ਲਈ ਮਜ਼ਬੂਰ ਹੋਣ ਪੈ ਸਕਦਾ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਰੋਨਾ ਖਤਮ ਕਰਨਾ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਾਨੂੰ ਵੀ ਇਸ ਸਬੰਧੀ ਜਗਾਰੂਕ ਹੋਣਾ ਪਏਗਾ ਤਾਂ ਜੋ ਇਹ ਮਹਾਂਮਾਰੀ ਖਤਮ ਹੋ ਸਕੇ।