Articles

“ਸੁਪਨੇ ਬਣ ਗਏ ਯਾਦਾਂ” – ਭਾਗ-2

ਲੇਖਕ: ਸੁਖਵੀਰ ਸਿੰਘ ਸੰਧੂ, ਅਲਕੜਾ (ਪੈਰਿਸ)

‘ਇੰਡੋ ਟਾਈਮਜ਼’ ਦੇ ਵਿੱਚ ‘ਜਦੋਂ ਪੈਰ ਪਾਇਆ ਪੈਰਿਸ ਵਿੱਚ’ ਨਾਂ ਦੇ ਸਿਰਲੇਖ ਹੇਠ ਛਪੇ ਲੇਖ ਦਾ ਭਾਗ-1 ਨੂੰ ਪੜ੍ਹ ਕੇ ਪਾਠਕਾ, ਦੋਸਤਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਵਲੋਂ ਮਿਲੀ ਹੌਸਲਾ-ਅਫ਼ਜਾਈ ਸਦਕਾ ਪਾਠਕਾਂ ਦੀ ਕਚਿਹਰੀ ਵਿੱਚ ਇਸ ਲੇਖ ਦਾ ਭਾਗ-2 ਪੇਸ਼ ਕਰ ਰਹੇ ਹਾਂ। ਉਮੀਦ ਹੈ ਤੁਸੀ ਇਸਨੂੰ ਜਰੂਰ ਪਸੰਦ ਕਰੋਗੇ। ਧੰਨਵਾਦ ਜੀ!

ਜਿਵੇਂ ਕਹਿੰਦੇ ਨੇ ਖੁਸ਼ੀ ਨਾਲੋਂ ਗਮ ਜਿਆਦਾ ਦੇਰ ਰਹਿੰਦੇ ਨੇ ਮੇਰੇ ਵੀ ਖੁਸ਼ੀਆਂ ਵਾਲੇ ਪਲ ਗਮਾਂ ਨੇ ਦੱਬੇ ਹੋਏ ਸਨ। ਪੈਰਿਸ ਵਿੱਚ ਮੇਰਾ ਇੱਕੋ ਇੱਕ ਸਾਥੀ ਭੋਲਾ ਸਿੰਘ ਅੱਜ ਉਹ ਵੀ ਵਾਪਸ ਅਬੂਧਾਬੀ ਲਈ ਜਹਾਜ਼ ਚੜ੍ਹ ਗਿਆ ਸੀ। ਲਾਵਾਰਸਾਂ ਵਾਂਗ ਏਅਰਪੋਰਟ ਤੋਂ ਅੱਖਾਂ ਪੂੰਝਦਾ ਬਾਹਰ ਆ ਗਿਆ। ਬੱਸਾਂ ਟਰੇਨਾਂ ਵਿੱਚ ਧੱਕੇ ਖਾਂਦਾ ਦੋ ਘੰਟੇ ਬਾਅਦ ਹੋਟਲ ਵਿੱਚ ਪਹੁੰਚ ਗਿਆ। ਅੱਜ ਮੇਰਾ ਪੈਰਿਸ ਵਿੱਚ ਛੇਵਾਂ ਦਿੱਨ ਸੀ। ਸਾਲ 1981 ਚੜ੍ਹਣ ਵਿੱਚ ਕੁਝ ਹਫਤੇ ਬਾਕੀ ਸਨ। ਹੋਟਲ ਦਾ ਹਿਸਾਬ ਨਿਬੇੜ ਕੇ ਮੈਨੂੰ ਜਰਮਨ ਜਾਣ ਦੀ ਕਾਹਲੀ ਸੀ। ਦਿਮਾਗ ਵਿੱਚ ਅਮਰੀਕਾ ਵਾਲਾ ਭੂਤ ਛਾਲਾਂ ਮਾਰਦਾ ਸੀ। ਮਾਲਕ ਵਾਰੇ ਪੁੱਛਣ ‘ਤੇ ਪਤਾ ਲੱਗਿਆ ਕਿ (ਲੀਓਨ) ਸ਼ਹਿਰ ਗਿਆ ਏ ਰਾਤ ਨੂੰ ਆਵੇਗਾ। ਖਾਲੀ ਕਮਰਾ ਵੱਢ ਖਾਣ ਆਉਦਾ ਸੀ। ਮੈਂ ਮੈਟਰੋ ਦੇ ਸਟੇਸ਼ਨ ਵੱਲ ਘੁੰਮਣ ਲਈ ਨਿੱਕਲ ਗਿਆ। ਯੌਰਪ ‘ਚ ਸਰਦੀਆਂ ਰੁੱਤੇ ਜਲਦੀ ਹਨੇਰਾ ਹੋ ਜਾਦਾਂ ਹੈ। ਨਵੇਂ ਸਾਲ ਦੀ ਖੁਸ਼ੀ ਵਿੱਚ ਦੁਕਾਨਾਂ, ਬਾਜ਼ਾਰ ਅਤੇ ਸੜਕਾਂ ਲਾਈਟਾਂ ਨਾਲ ਸ਼ਿਗਾਰੀਆਂ ਹੋਈਆਂ ਸਨ। ਮੈਂ ਫਰਾਂਸ ਦੇ ਝੁਲ ਰਹੇ ਝੰਡੇ ਵਾਲੀ ਖੂਬਸੂਰਤ ਇਮਾਰਤ ਕੋਲ ਬੈਂਚ’ਤੇ ਜਾ ਬੈਠਾ। ਠੰਡੀ ਹਵਾ ਕੰਨ ਚੀਰਦੀ ਸੀ। ਪਿਛਲੇ ਪਾਸੇ ਸਟੇਸ਼ਨ ਹੋਣ ਕਰਕੇ ਲੋਕਾਂ ਦੀ ਆਵਾਜਾਈ ਲੱਗੀ ਹੋਈ ਸੀ। ਠੰਡ ਵਿੱਚ ਬੈਠੇ ਦਾ ਨਿਰਾਸ਼ ਚਿਹਰਾ ਵੇਖ ਕੇ ਇੱਕ ਚਾਲੀ ਕੁ ਸਾਲ ਦਾ ਆਦਮੀ ਜਿਸ ਨਾਲ ਦੋ ਲੜਕੇ ਸਨ, ਮੇਰੇ ਕੋਲ ਆ ਕੇ ਬੋਲਿਆ,”ਓ ਸਲਾਮਾਂ ਲੇਕਮ ਭਾਈਜਾਨ, ਨਵੇਂ ਆਏ ਲਗਦੇ ਓ”? “ਕੋਈ ਹੋਟਲ ਛੋਟਲ ਨਹੀ ਮਿਲਿਆ”? ਉਹ ਬਿਨਾ੍ਹ ਰੁਕੇ ਬੋਲਦਾ ਰਿਹਾ, “ਇਹ ਯੌਰਪ ਦੀ ਠੰਡ ਆ ਭਾਈ, ਸੰਢਿਆਂ ਨੂੰ ਵੀ ਸੁੱਟ ਲੈਂਦੀ ਆ”। “ਜੇ ਰਿਹਾਇਸ਼ ਨਹੀ ਤਾਂ ਸਾਡੇ ਨਾਲ ਲਗੇ ਆਓ, ਸਾਡਾ ਡੇਰਾ ਲਾਗੇ ਈ ਆ”? ਉਹ ਡੇਰਾ ਕਮਰੇ ਨੂੰ ਕਹਿ ਰਿਹਾ ਸੀ। ਮੈਂ ਕਿਹਾ ਨਹੀ ਜੀ, “ਮੇਰੇ ਕੋਲ ਕਮਰਾ ਹੈ, “ਵੈਸੇ ਈ ਬਾਹਰ ਗੇੜਾ ਕੱਢਣ ਅਇਆ ਸੀ। ਅੰਦਰ ਦਿਲ ਨੂੰ ਘਬਰਾਹਟ ਜਿਹੀ ਹੋ ਰਹੀ ਸੀ। “ਮਿੱਤਰ ਨੂੰ ਕੋਈ ਏਜੰਟ ਛੱਡ ਕੇ ਦੌੜ ਗਿਆ ਲਗਦਾ”? ਕੋਲ ਖੜ੍ਹਾ ਲੜਕਾ ਬੋਲਿਆ। “ਭਾਈਜਾਨ ਯੌਰਪ ‘ਚ ਪਹਿਲਾਂ ਤਾਂ ਦਿੱਲ ਨਹੀ ਲਗਦਾ, ਸਾਲ ਕੁ ਬਾਅਦ ਜਾਣ ਨੂੰ ਦਿੱਲ ਨਹੀ ਕਰਦਾ। ਮੈਂ ਚੁੱਪ ਕਰਕੇ ਸੁਣਦਾ ਰਿਹਾ। ਵੇਖੋ ਜੀ, “ਤੁਸੀ ਹਿੰਦੋਸਤਾਨੀ ਅਸੀ ਪਾਕਿਸਤਾਨੀ ਆਂ”। ਮੇਰੇ ਕੋਲ ਬੈਠਦਾ ਬੋਲਿਆ, “ਤੁਸੀ ਵੀ ਪੰਜਾਬੀ, ਅਸੀ ਵੀ ਪੰਜਾਬੀ, ਲਕੀਰ ਵਾਹੁਣ ਨਾਲ ਦਿੱਲ ਤਾਂ ਨਹੀ ਵੰਡਂੇ ਜਾਦੇਂ। ਜੇ ਭਾਈ ਕੰਧ ਕੱਢ ਲੇ, ਰਹਿੰਦਾ ਤਾਂ ਭਾਈ ਈ ਏ ਨਾ। ਵੰਡ ਵੇਲੇ ਸਾਡਾ ਅੱਧਾ ਪਿੰਡ ਸਰਦਾਰਾਂ ਦਾ ਸੀ”। “ਸਾਡੇ ਬਜ਼ੁਰਗ ਹੁਣ ਵੀ ਕਹਿੰਦੇ ਨੇ, ਕਿਥੇ ਓਹ ਜਿਹੜੇ ਚਲੇ ਗਏ, ਕਿਥੇ ਐਹ ਜਿਹੜੇ ਲੈ ਆਦਂੇ ਨੇ”? “ਆਓ ਇੱਕ ਇੱਕ ਕੌਫੀ ਹੋ ਜਾਏ”? ਉਹ ਮੱਲੋ ਜੋਰੀ ਸਾਹਮਣੇ ਕੌਫੀ ਬਾਰ ਵਿੱਚ ਲੈ ਗਿਆ। ਹਮਦਰਦੀ ਨਿਰਾਸ਼ਤਾ ਤੇ ਹੀਣਭਾਵਨਾ ਲਈ ਮੱਲ੍ਹਮ ਹੁੰਦੀ ਹੈ। ਪਰ ਮੇਰੇ ਲਈ ਦਵਾ ਸੀ। ਮੈਂ ਕੌਫੀ ਪੀਦੇਂ ਵਕਤ ਹੀ ਆਪਣਾ ਦੁੱਖ ਦਰਦ ਸੁਣਾ ਦਿੱਤਾ। ਉਹ ਮੁੰਡਿਆਂ ਵੱਲ ਇਸ਼ਾਰਾ ਕਰਦਾ ਬੋਲਿਆ” ਮੈਂ ਆਹ ਗਰੁੱਪ ਲੈਕੇ ਆਇਆਂ, ਸਾਰੇ ਅੜ੍ਹਾ ਤੇ ਨੇ। ਆਹ ਦੋ ਨੇ, ਏਨਾ ਨੂੰ ਸਵੇਰੇ ਇੰਗਲੈਂਡ ਨੂੰ ਚਾੜ੍ਹ ਦੇਣਾ”। ਕੱਲ ਨੂੰ ਵਾਪਸੀ ਆ, ਪਾਕਿਸਤਾਨ ‘ਚ ਹੁਣ ਅੱਲ੍ਹਾ ਦੀ ਬੜੀ ਮੇਹਰ ਆ”। ਉਹ ਬੋਲੀ ਜਾ ਰਿਹਾ ਸੀ, “ਵੇਖ ਭਾਈਜਾਨ, ਮੈਂ ਸਾਰਾ ਯੌਰਪ ਘੁੰਮਿਆ ਜਰਮਨ, ਅਮਰੀਕਾ ‘ਚ ਤੇਰਾ ਕੋਈ ਖਾਸ ਹੈ ਤਾਂ ਠੀਕ ਏ, ਨਹੀ ਮੋਇਆਂ ਨੂੰ ਕੋਣ ਪੁੱਛਦਾ”। “ਜੇ ਕਿਤੇ ਫੜ੍ਹ ਹੋ ਗਿਆ ਅਗਲੇ ਚੱਕ ਕੇ ਮੁਲਕ ਮਾਰਦੇ ਨੇ? “ਪੈਰਿਸ ‘ਚ ਭਾਵੇਂ ਤੂੰ ਨੰਗਾ ਨੱਚ ਕੋਈ ਨ੍ਹੀ ਪੁੱਛਦਾ। ਤੇਰੇ ਕੋਲ ਤਾਂ ਕਮਰਾ ਲੋਕੀ ਹਾੜ੍ਹੇ ਕੱਢ ਦੇ ਨੇ ਕਮਰੇ ਨੂੰ, ਨਾਲੇ ਤੇਰੀ ਉਮਰ ਵੀ ਕੀ ਆ ਹਾਲੇ, ਕੋਈ ਗੋਰੀ ਛੋਰੀ ਲੱਭ ਕੇ ਪੱਕਾ ਹੋ ਜਾਂਈ”! “ਮੁੜ ਅੱਲ੍ਹਾ ਈ ਅੱਲ੍ਹਾ ਖੈਰ ਸੱਲ੍ਹਾ”। “ਸੁਣ ਕਈ ਵਾਰੀ ਤੇਜ਼ੀ ‘ਚ ਬੰਦਾ ਗਲਤ ਰਾਹੇ ਪੈ ਜਾਂਦਾ। ਸੱਚ ਇਥੇ ਇੱਕ ਚੌਕ ਆ, ਉਥੇ ਲਗ ਜਾਂਈ”। “ਆਪਣੇ ਭਾਈਵੰਧ ਕੰਮ ਲਈ ਖੜ੍ਹੇ ਹੁੰਦੇ ਨੇ। ਛੋਟਾ ਮੋਟਾ ਕੰਮ ਲੱਭ ਪਿਆ, ਅਯਾਸ਼ੀਆਂ ਮਾਰੀ”। ਉਸ ਦੀਆਂ ਨਸੀਹਤਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਮੈਨੂੰ ਕਿਸੇ ਪਾਸੇ ਤੋਂ ਮੱਦਦ ਦੀ ਉਮੀਦ ਵੀ ਕੋਈ ਨਹੀ ਸੀ। ਘਰਦਿਆਂ ਨੂੰ ਮਜਬੂਰ ਕਰਕੇ ਵਿਦੇਸ਼ ਆਇਆ ਸੀ। ਜੇ ਕਿਤੇ ਡੀਪੋਰਟ ਹੋ ਗਿਆ, ਅੱਗੇ ਬਾਪੂ ਦੀਆਂ ਗਾਲ੍ਹਾਂ ਦਾ ਡਰ। ਬਾਪੂ ਵੀ ਡਾਢਾ ਕੜ੍ਹਾਕਾ ਸੀ। ਵਾਪਸ ਗਏ ਦਾ ਤਾਂ ਉਸ ਨੇ ਸਿਰ ਵੀ ਨਹੀਂ ਪਲੋਸਣਾਂ ਸੀ। ਮੇਰੇ ਬੇਟਾ ਮੇਰਾ ਪੁੱਤ ਕਹਿਣ ਵਾਲੇ ਲਫ਼ਜ਼ ਉਸ ਦੀ ਡਿਕਸ਼ਨਰੀ ਵਿੱਚ ਨਹੀ ਸਨ। ਇਹ ਸਭ ਸੋਚ ਕੇ, ਉਸ ਦੀ ਤਰਕ ਤੇ ਹੌਸਲੇ ਭਰੀ ਨਸੀਹਤ ਨੇ ਮੇਰੇ ਦਿਮਾਗ ਵਿੱਚੋਂ ਅਮਰੀਕਾ ਵਾਲਾ ਭੂਤ ਕੱਢ ਦਿੱਤਾ ਸੀ। ਹਨ੍ਹੇਰਾ ਕਾਫੀ ਹੋ ਗਿਆ ਸੀ। ਮੈਂ “ਧੰਨਵਾਦ” ਕਰਕੇ ਆਪਣੇ ਹੋਟਲ ਵਿੱਚ ਆ ਗਿਆ।ਬਾਅਦ ‘ਚ ਪਤਾ ਲੱਗਿਆ ਕਿ ਉਹ ਦੋਵੇਂ ਲੜਕੇ ਵਲੈਤ ਨੂੰ ਜਾਦੇਂ ਡੀਪੋਰਟ ਹੋ ਗਏ ਸਨ। ਦੁਬਾਰਾ ਮੈਨੂੰ ਉਹ ਕਈ ਸਾਲ ਬਾਅਦ ਮਿਲੇ। ਉਹਨਾਂ ਵਿੱਚੋਂ ਇੱਕ ਦੀ ਪੈਰਿਸ ਵਿੱਚ  ਮੌਤ ਹੋ ਗਈ ਸੀ। ਦੂਸਰਾ ਪੈਨਸ਼ਨ ਲੈਕੇ ਪਾਕਿਸਤਾਨ ਰਹਿ ਰਿਹਾ ਹੈ। ਜਦੋਂ ਕਦੇ ਪੈਰਿਸ ਆਉਦਾ ਹੈ, ਪੁਰਾਣੀਆਂ ਯਾਦਾਂ ਓਧੇੜ੍ਹ ਕੇ ਤੁਰ ਜਾਦਾਂ ਹੈ। ਮੈਂ ਬਿਸਕੁਟ ਖਾਕੇ ਰਾਤ ਲੰਘਾ ਲਈ।
ਸਵੇਰੇ 9 ਵਜੇ ਮਾਲਕ ਗੇਟ ਅੱਗੇ ਖੜ੍ਹਾ ਸਿਗਰਟ ਪੀ ਰਿਹਾ ਸੀ। ਮੈਂ ਫਰੈਂਚ ਤੇ ਅੰਗਰੇਜ਼ੀ ਦਾ ਮਿਲਗੋਭਾ ਜਿਹਾ ਕਰਕੇ ਮਹੀਨੇ ਵਾਸਤੇ ਕਮਰੇ ਲਈ ਅਰਜ਼ੋਈ ਕੀਤੀ। ਉਸ ਨੇ ਬਿਨ੍ਹਾ ਝਿਜਕ ਦੋ ਸੋ ਫਰੈਂਕ ਮਹੀਨੇ ‘ਤੇ ਕਮਰਾ ਦੇ ਦਿੱਤਾ। ਇਸ ਖੁਸ਼ੀ ਵਿੱਚ ਮੈਂ ਉਸ ਨੂੰ ਇੱਕ ਕਿਤਾਬ ਨੁਮਾ ਟੇਪਰੀਕਾਰਡ, ਜਿਹੜੀ ਮੈਂ ਸ਼ੌਕ ‘ਚ ਆਬੂਧਾਬੀ ਤੋਂ ਖਰੀਦੀ ਸੀ, ਤੋਹਫੇ ਵਜੋਂ ਦੇ ਦਿੱਤੀ। ਕਮਰੇ ਵਿੱਚ ਖਾਣਾ ਬਣਾਉਣ ਦੀ ਮਨ੍ਹਾਹੀ ਸੀ। ਠੰਡਾ ਤੱਤਾ ਲੈਕੇ ਬਾਹਰੋਂ ਹੀ ਖਾ ਲੈਦਾਂ। ਅਗਲੇ ਦਿੱਨ ਬਰਫ ਪੈਣੀ ਸ਼ੁਰੂ ਹੋ ਗਈ। ਸ਼ਾਮ ਤੱਕ ਸੜਕਾਂ ਸਫੈਦ ਹੋ ਗਈਆਂ। ਖਰਾਬ ਮੌਸਮ ਤੇ ਗੂੜ੍ਹੀ ਸਰਦੀ ਤੋਂ ਡਰਦਾ ਮੈਂ ਬਾਹਰ ਨਾ ਨਿੱਕਲਦਾ। ਮੋਬਾਈਲ ਤਾਂ ਹੈ ਨਹੀ ਸੀ, ਨਾ ਕੋਲ ਟੀ ਵੀ ਸੀ। ਬਾਰ ਜਾ ਕੌਫੀ ਬਾਰ ਵਿੱਚ ਬੈਠ ਜਾਦਾਂ। ਮੇਰੇ ਖਿਆਲੀ ਮਹਿਲ ਬਰਫ ਤੇ ਮੀਂਹ ਨੇ ਕਈ ਵਾਰ ਢਾਹੇ ਸਨ। ਨਵਾਂ ਸਾਲ 1981 ਚੜ੍ਹਿਆ ਖੁਸ਼ੀਆਂ ਆਈਆਂ ਪਰ ਮੇਰੇ ਲਈ ਨਹੀਂ ਸੀ। ਬਾਰ ਵਿੱਚ ਸਾਰੀ ਰਾਤ ਡੀ,ਜੇ ਵੱਜਦਾ ਰਿਹਾ। ਨਾਚ-ਡਾਂਸ ਹੋਏ। ਖੁੰਜੇ ਵਿੱਚ ਕੁਰਸੀ ਉਤੇ ਬੈਠੇ ਨੂੰ ਨਵੇਂ ਸਾਲ ਦੀਆਂ ਮੁਬਰਕਾਂ ਵੀ ਮਿਲੀਆਂ। ਕਈ ਦਿਨਾਂ ਬਾਅਦ ਮੌਸਮ ਖੁੱਲ੍ਹਿਆ, ਮੈਂ ਉਹ ਚੌਂਕ ਲੱਭਣ ਤੁਰ ਪਿਆ। ਜਿਹੜਾ ਮੈਟਰੋ ਰਾਹੀ 25 ਕੁ ਮਿੰਟ ਦਾ ਰਸਤਾ ਸੀ। ਸੰਘਣੀ ਅਬਾਦੀ ਵਾਲੇ ਇਲਾਕੇ ਦੀਆਂ ਭੀੜ੍ਹੀਆਂ ਗਲੀਆਂ ਵਿੱਚ ਛੋਟਾ ਜਿਹਾ ਤਿੰਨ ਕੋਣਾਂ ਚੌਕ ਲੱਭ ਹੀ ਪਿਆ। ਠੰਡੀ-ਠਾਰ ਹਵਾ ਤੋਂ ਬਚਣ ਲਈ 8-10 ਪੰਜਾਬੀ ਤੇ 12-13 ਪਾਕਿਸਤਾਨੀ ਢਾਣੀਆਂ ਬਣਾ ਕੇ ਕੰਧਾਂ ਨਾਲ ਲੱਗੇ ਕੰਮ ਲਈ ਖੜ੍ਹੇ ਸਨ। ਇੱਕ ਕਸਬੇ ਜਿੱਡੇ ਏਰੀਏ ਵਿੱਚ ਪੰਜ਼ ਸੌ ਦੇ ਕਰੀਬ ਦੁਕਾਨਾਂ ਨਵੇਂ ਡਜ਼ਾਇਨ ਦੇ ਲੇਡੀਜ਼ ਰੈਡੀਮੇਡ ਕੱਪੜ੍ਹਿਆਂ ਨਾਲ ਤੁੰਨੀਆਂ ਪਈਆਂ ਸਨ। ਸਭ ਹੋਲ ਸੇਲ ਕਪੜ੍ਹੇ ਦੇ ਵਪਾਰੀ ਹੀ ਸਨ। 6-7 ਮੰਜ਼ਲੀਆਂ ਬਿਲਡਿੰਗਾਂ ਦੀ ਹਰ ਮੰਿਜ਼ਲ ਉਤੇ ਕਢਾਈ, ਸਿਲਾਈ, ਕਟਾਈ ਅਤੇ ਡੀਜ਼ਾਇਨ ਬਣ ਰਹੇ ਸਨ। ਕਿਤੇ-ਕਿਤੇ ਦੇਸੀ ਮੂਲ ਦਾ ਲੜਕਾ ਵੀ ਕੰਮ ਕਰ ਰਿਹਾ ਸੀ। ਸਾਰੀਆਂ ਦੁਕਾਨਾਂ ਵਿੱਚ ਬਹੁ ਗਿਣਤੀ ਔਰਤਾਂ ਹੀ ਸਨ। ਭੀੜ ਨਾਲ ਭਰੀਆਂ ਗਲੀਆਂ ਵਿੱਚ ਮੋਢੇ ਨਾਲ ਮੋਢਾ ਖਹਿੰਦਾ ਸੀ। ਕੱਪੜਿਆਂ ਦੇ ਭਰੇ ਹੋਏ ਬਕਸੇ ਧੜ੍ਹਾ-ਧੜ੍ਹ ਡਿਲੀਵਰੀ ਹੋ ਰਹੇ ਸਨ। ਗਲੀਆਂ ਵਿੱਚ ਗੋਰੀਆਂ ਔਰਤਾਂ ਮਜਬੂਰੀ ਵੱਸ ਕਪੜੇ ਪਾਈ ਖੜ੍ਹੀਆਂ ਗਾਹਕ ਲੱਭ ਰਹੀਆਂ ਸਨ। ਇਹ ਪੈਰਿਸ ਦੇ ਫੈਂਸ਼ਨ ਦਾ ਗੜ੍ਹ ਵਾਲਾ ਇਲਾਕਾ ਸੀ। ਜਿਥੋਂ ਨਵੇਂ-ਨਵੇਂ ਫੈਸ਼ਨ ਤਿਆਰ ਹੋਕੇ ਪੂਰੀ ਦੁਨੀਆਂ ਨੂੰ ਸਪਲਾਈ ਹੁੰਦੇ ਹਨ। ਖਰੀਦੋ-ਫਰੋਖਤ ਜੋਰਾਂ ‘ਤੇ ਹੋ ਰਹੀ ਸੀ। ਇਸ ਇਲਾਕੇ ਨੂੰ ਸੇਂਟ ਡੀਨਜ਼ ਕਹਿੰਦੇ ਹਨ ਜਿਹੜਾ ਪੈਰਿਸ ਨੰਬਰ 2 ਵਿੱਚ ਹੈ। ਮੈਂ ਚੌਕ ਵਿੱਚੋਂ ਕਮਰੇ ਲਈ ਆਪਣੇ ਏਰੀਏ ਦਾ ਮੁੰਡਾ ਲੱਭ ਰਿਹਾ ਸੀ। ਮੇਰੀ ਤਾਂ ਉਹ ਗੱਲ ਸੀ, ਰੱਬ ਅਖਰੋਟ ਵੀ ਦੇਵੇ ਪਰ ਦੇਵੇ ਤੋੜ ਕੇ। ਇੱਕ ਲੁਧਿਆਣੇ ਕੋਲ ਦਾ ਮੁੰਡਾ ਜਿਸ ਦੀ ਜੇਬ ਵਿੱਚ ਫਰੈਂਚ ਨਾਗਰਿੱਕਤਾ ਦੀ ਆਈਡੈਂਟਿਟੀ ਪਾਈ ਹੋਈ ਸੀ। ਸ਼ਰਾਬੀ ਹਾਲਤ ਵਿੱਚ ਕੰਧ ਨਾਲ ਢੋਅ ਲਾਈ ਬੈਠਾ ਸੀ। ਦੋ ਮੁੰਡੇ ਪਿੰਡ ਵਾਲੀ ਜਮੀਨ ‘ਤੇ ਟਰੈਕਟਰ ਦੀ ਯਾਦ ਵਿੱਚ ਝੂਰ ਰਹੇ ਸਨ। ਕੰਮ ਅਤੇ ਕਮਰਾ ਸਭ ਦੀ ਪਹਿਲੀ ਜਰੂਰਤ ਬਣੀ ਹੋਈ ਸੀ। ਪੱਕੇ ਹੋਣ ਵਾਰੇ ਸੋਚਣਾ ਤਾਂ ਦੂਰ ਦੀ ਗੱਲ ਸੀ। ਜਦੋਂ ਮੈਂ ਖਾਲੀ ਕਮਰੇ ਵਾਰੇ ਗੱਲ ਕੀਤੀ ਤਾਂ ਦੋ ਜਣੇ ਝੱਟ ਤਿਆਰ ਹੋ ਗਏ। ਮੇਰੇ ਨਾਲੋਂ ਉਮਰ ਵਿੱਚ ਵੱਡੇ ਤੇ ਕਿਰਾਏ ਹੱਥੋਂ ਖਾਲੀ ਪਰ ਬਾਅਦ ਵਿੱਚ ਦੇਣ ਦਾ ਵਾਅਦਾ ਕਰਕੇ ਮੈਂ ਨਾਲ ਲੈ ਆਦੇਂ। ਹੈਰਾਨੀਜਨਕ ਪਹਿਲੂ ਇਹ ਸੀ, ਜਿਹਨਾਂ ਨੂੰ ਮੈਂ ਅੱਧਾ ਘੰਟਾ ਪਹਿਲਾਂ ਵੇਖਿਆ, ਉਹ ਮੇਰੇ ਰੂਮਮੇਟ ਬਣ ਗਏ ਸਨ।
ਇਹ ਜਰੂਰੀ ਨਹੀ ਕਿ ਹਮੇਸ਼ਾ ਹਾਲਾਤ ਅਤੇ ਲੋਕ ਤੁਹਾਡੀ ਮੁਤਾਬਕ ਦੇ ਹੀ ਹੋਣਗੇ। ਉਸ ਵਕਤ ਪੰਜਾਬੀ ਥੋੜ੍ਹੇ ਸਨ ਤੇ ਮੇਰੀ ਵੀ ਮਜ਼ਬੂਰੀ ਸੀ। ਪੈਰਿਸ ਵਿੱਚ ਜਿਸ ਕੋਲ ਕੰਮ ਅਤੇ ਪ੍ਰਾਈਵੇਟ ਕਮਰਾ ਹੁੰਦਾ, ਉਹ ਤਾਂ ਪਤਾ ਦੱਸਣ ਤੋਂ ਵੀ ਕੰਨੀ ਕਤਰਾਉਾਂਦਾ ਸੀ। ਸਿਰਫ ਸਸਤੇ ਹੋਟਲਾਂ ਦੀ ਰਿਹਾਇਸ਼ ਸੀ। ਅਸੀਂ ਹੁਣ ਕਮਰੇ ਵਿੱਚ ਤਿੰਨ ਜਣੇ ਹੋ ਗਏ, ਪਰ ਰਹਿਣ ਦੀ ਇਜ਼ਾਜ਼ਤ ਦੋ ਜਣਿਆ ਦੀ ਸੀ। ਹੋਟਲ ਵਾਲੇ ਨੂੰ ਮੇਰਾ ਦਿੱਤਾ ਹੋਇਆ ਗਿਫ਼ਟ ਸ਼ਾਇਦ ਕੰਮ ਆ ਗਿਆ ਸੀ। ਉਹ ਦੋਵੇਂ ਚੌਕ ਵਿੱਚ ਕੰਮ ਲੱਭਣ ਲਈ ਚਲੇ ਜਾਂਦੇ ਮੈਨੂੰ ਚੌਕ ਵਿੱਚ ਜਾਣ ਦੀ ਸ਼ਰਮ ਆਉਦੀ। ਪਰ ਪ੍ਰਦੇਸਾਂ ਵਿੱਚ ਸ਼ਰਮ ਕਰਨ ਵਾਲਾ ਓਸ ਦੀ ਦਲ-ਦਲ ਵਿੱਚ ਧਸ ਜਾਦਾਂ ਹੈ। ਇਹ ਮੇਰਾ ਜਾਤੀ ਤਜ਼ਰਬਾ ਹੈ। ਮੈਂ ਦੁਕਾਨਾਂ ‘ਤੇ ਕੰਮ ਲੱਭਣ ਤੁਰ ਪੈਦਾਂ, ਫਰੈਂਚ ਬੋਲੀ ਤਂੋ ਅਣਜਾਣ, ਨਾ ਕੋਲ ਹੁਨਰ, ਉਤੋਂ ਗੈਰ ਕਨੂੰਨੀ ਨੂੰ ਕੌਣ ਕੰਮ ਦਿੰਦਾ। ਮੈਂ ਅਮਰੀਕਾ ਜਾਣ ਲਈ ਰੱਖੇ ਡਾਲਰਾਂ ਨੂੰ ਟੱਕ ਲਾ ਲਿਆ ਸੀ। ਹੁਣ ਮੈਂ ਸਰਦੀਆਂ ਵਾਲੇ ਕਪੜੇ ਵੀ ਖਰੀਦ ਲਏ ਸਨ। ਮੇਰੇ ਰੂਮਮੇਟ ਮਨਜੀਤ ਤੇ ਰਾਣਾ ਸਾਰੀ ਦਿਹਾੜੀ ਚੌਕ ਵਿਚੋਂ ਠੁਰ-ਠੁਰ ਕਰਦੇ ਵਾਪਸ ਆ ਜਾਂਦੇ। ਜੇ ਕਿਤੇ ਦਿਹਾੜੀ ਲੱਗ ਜਾਂਦੀ ਤਾਂ ਉਹਦਾ ਉਹ ਬੀਅਰ ਬੱਤਾ ਪੀ ਛੱਡਦੇ। ਕਿਰਾਇਆ ਦੇਣ ਮੌਕੇ ਓਪਰੀ ਜਿਹੀ ਤਸੱਲੀ ਦੇ ਦਿੰਦੇ, ਦੋ ਮਹੀਨੇ ਕਿਰਾਇਆ ਮੈਂ ਕੱਲਾ ਭਰਦਾ ਰਿਹਾ। ਵੱਡੇ ਹੋਣ ਕਰਕੇ ਜੋਰ ਨਾਲ ਕਹਿਣ ਦੀ ਹਿੰਮਤ ਨਾ ਪੈਂਦੀ।
ਮੈਨੂੰ ਪੈਰਿਸ ਵਿੱਚ ਆਏ ਤਿੰਨ ਮਹੀਨੇ ਹੋ ਗਏ ਸਨ। ਸਾਨੂੰ ਪਤਾ ਲੱਗਿਆ ਕਿ ਵਿਨਸਨ ਨਾਂ ਦੇ ਪਾਰਕ ਵਿੱਚ ਭਾਰੀ ਮੇਲਾ (ਫਨਫੇਅਰ) ਲੱਗ ਰਿਹਾ ਹੈ। ਫਿੰਟਿਗ ਮੌਕੇ ਕਾਮਿਆਂ ਦੀ ਲੋੜ ਹੁੰਦੀ ਆ। ਮਨਜੀਤ ਤੇ ਰਾਣਾ ਮੈਟਰੋ ਦੇ ਕਾਫੀ ਭੇਤੀ ਸਨ। ਅਸੀਂ ਅਗਲੀ ਸਵੇਰ ਹੀ ਉਹ ਪਾਰਕ ਜਾ ਲੱਭਿਆ। ਚੰਡੋਲ-ਝੂਲੇ ਫਿੱਟ ਕਰਨ ਵਾਲਿਆਂ ਦੀ ਠਾਹ ਠੂਹ ਹੋ ਰਹੀ ਸੀ। ਦੱਸ ਪਈ ਕਿ ਟਰੇਨ ਰਾਪੀਡ ‘ਤੇ ਕਾਮਿਆਂ ਦੀ ਜਰੂਰਤ ਹੈ। ਗੋਰੇ ਨੇ ਸਾਡੀ ਫਰੈਂਚ ਸੁਣਕੇ ਉਥੇ ਕੰਮ ਕਰ ਰਹੇ ਪੰਜਾਬੀ ਨੂੰ ਅਵਾਜ਼ ਮਾਰੀ। ਉਸ ਨੂੰ ਮਿਲ ਕੇ ਅਸੀ ਬਹੁਤ ਖੁਸ਼ ਹੋਏ ਤੇ ਸਾਨੂੰ ਇੱਕ ਦਿਹਾੜੀ ਲਈ ਕੰਮ ‘ਤੇ ਰੱਖ ਲਿਆ। ਭਾਰੀ ਲੋਹੇ ਦੇ ਗਾਡਰਾਂ ਨੇ ਸ਼ਾਮ ਤੱਕ ਨਾਨੀ ਚੇਤੇ ਕਰਾ ਦਿੱਤੀ। ਸਾਰੀ ਰਾਤ ਹੱਡ ਦੁੱਖਦੇ ਰਹੇ। ਉਹ ਪੰਜਾਬੀ ਹੁਣ ਪੈਰਿਸ ਵਿੱਚ ਪੈਨਸ਼ਨ ‘ਤੇ ਹੈ। ਜਿਵੇਂ ਹਾਰਿਆ ਭਲਵਾਨ ਘੁਲਣਾ ਨਹੀ ਛੱਡ ਦਿੰਦਾ। ਸਾਨੂੰ ਦੱਸ ਪਈ ਕਿ ਪੈਰਿਸ ਦੇ ਅਮੀਰ ਇਲਾਕੇ ਆਈਫਲ ਟਾਵਰ ਦੇ ਕੋਲ ਇੱਕ ਪੌਲੈਂਡ ਮੂਲ ਦੇ ਗੋਰੇ ਦਾ ਮਸ਼ਹੂਰੀ ਵਾਲੇ ਪੇਪਰ ਵੰਡਣ ਦਾ ਦਫਤਰ ਹੈ। ਮੈਂ ਤੇ ਮਨਜੀਤ ਅਗਲੀ ਸਵੇਰ ਹੀ ਦਫਤਰ ਜਾ ਖੜ੍ਹੇ। ਇੰਗਲਿਸ਼ ਬੋਲੀ ਵਿੱਚ ਮਾਲਕ ਨਾਲ 60 ਫਰੈਂਕ (10 ਯੂਰੋ) ਦੀ ਦਿਹਾੜੀ ਮੁਕਾ ਕੇ ਪੇਪਰਾਂ ਨਾਲ ਤੁੰਨੇ ਹੋਏ ਬੈਗ ਤੇ ਗਲੀਆਂ ਦਾ ਨਕਸ਼ਾ ਫੜ੍ਹਾ ਕੇ ਤਾਕੀਦ ਕੀਤੀ ਕਿ ਨਿਸ਼ਾਨ ਲਾਏ ਵਾਲੀਆਂ ਸਾਰੀਆਂ ਗਲੀਆਂ ਨਬੇੜ ਕੇ ਆਉਣੀਆਂ, ਤੇ ਨਾਲੇ ਪੇਪਰ ਲੈਟਰ ਬੌਕਸ ‘ਚ ਨਹੀ ਪੌੜ੍ਹੀਆਂ ਚੜ੍ਹ ਕੇ ਦਰਵਾਜਿਆਂ ਦੇ ਥੱਲੇ ਦੀ ਸੁੱਟ ਕੇ ਆਉਣੇ ਨੇ। ਪਸ਼ੂਆਂ ਵਾਂਗ ਲੱਦੇ ਪੈਰਿਸ ਦੇ ਖੁਬਸੂਰਤ ਇਲਾਕੇ ਦੀਆਂ ਗਲੀਆਂ ਵਿੱਚ ਘੁੰਮਿਦਿਆਂ ਦੇ ਕੋਲ ਆ ਕੇ ਪੁਲਿਸ ਦੀ ਗੱਡੀ ਨੇ ਚੀਂਅ ਕਰਦੀਆਂ ਬਰੇਕਾਂ ਮਾਰੀਆਂ। ਜਿਵੇਂ ਚੋਰ ਨੂੰ ਆਪਣਾ ਪਾਲਾ ਹੁੰਦਾ, ਅਸੀਂ ਪਹਿਲਾਂ ਹੀ ਬੋਲ ਪਏ, ਨੋ ਪੇਪਰ, ਨੋ ਪੇਪਰ। ਓਕੇ-ਓਕੇ, ਪੁਲਿਸ ਵਾਲਾ ਬੋਲਿਆ, ਸਾਡੇ ਬੈਗਾਂ ਨੂੰ ਸ਼ੱਕੀ ਸਮਝ ਕੇ ਬਾਰੀਕੀ ਨਾਲ ਤਲਾਸ਼ੀ ਲਈ। ਬਾਅਦ ਵਿੱਚ ਸੌਰੀ ਕਹਿ ਕੇ ਚਲਦੇ ਬਣੇ। ਅਸੀ ਆਪਣਾ ਕੰਮ ਜਾਰੀ ਰੱਖਿਆ। ਖਾਣਾ ਵੀ ਤੁਰਦਿਆਂ ਹੀ ਖਾਧਾ, ਸ਼ਾਮ ਢਲ ਚੁੱਕੀ ਸੀ। ਬਿਲਡਿੰਗ ਦੇ ਚੌਕੀਦਾਰ ਵੀ ਸਾਨੂੰ ਗੈਰ ਸਮਝ ਕੇ ਅੰਦਰ ਵੜ੍ਹਣ ਤੋਂ ਮਨ੍ਹਾਂ ਕਰ ਰਹੇ ਸਨ। ਸਾਡੇ ਵਲੋਂ ਪੂਰੀ ਕੋਸ਼ਿਸ ਕਰਨ ਦੇ ਬਾਵਜੂਦ ਵੀ ਅਸੀ ਸਾਰੀਆਂ ਗਲੀਆਂ ਵਿੱਚ ਨਾ ਜਾ ਸਕੇ। ਮਾਲਕ ਸਾਡੇ ਕੰਮ ਤੋਂ ਬਹੁਤਾ ਖੁਸ਼ ਨਾ ਹੋਇਆ। ਅਗਲੀ ਸਵੇਰ ਜਾਂਦਿਆਂ ਹੀ ਉਹ ਅੰਗਰੇਜੀ ਵਿੱਚ ਸਖਤ ਲਹਿਜੇ ਨਾਲ ਬੋਲਿਆ,”ਇਫ ਡੁ ਸੇਮ ਵਰਕ ਲਾਸਟ ਡੇ”,”ਫਿਨਸ਼” ਉਹ ਇਸ਼ਾਰੇ ਨਾਲ ਹੱਥ ਵੀ ਹਿਲਾ ਰਿਹਾ ਸੀ। ਅੱਜ ਸਾਨੂੰ ਟਾਵਰ ਦੇ ਸੱਜੇ ਪਾਸੇ ਪਹਾੜ੍ਹੀ ਇਲਾਕੇ ਦਾ ਨਕਸ਼ਾ ਦੇ ਦਿਤਾ। ਭਾਰੇ ਬੈਗ ਚੁੱਕ ਕੇ ਉਚੀਆਂ ਨੀਵੀਆਂ ਗਲੀਆਂ ਵਿੱਚ ਬਿਲਡਿੰਗਾਂ ਦੀਆਂ ਪੌੜ੍ਹੀਆਂ ਚੜ੍ਹਦਿਆਂ ਲੱਤਾਂ ਰਹਿ ਗਈਆਂ ਸਨ। ਕਦੇ ਕਿਸੇ ਘਰ ਦਾ ਕੁੱਤਾ ਵੀ ਸਾਡੀ ਆਓ ਭਗਤ ਕਰ ਦਿੰਦਾ। ਬਾਰਾਂ ਵਜੇ ਦਾ ਵਕਤ ਸੀ। ਮਨਜੀਤ ਕਹਿੰਦਾ,”ਥੱਕ ਗੇ ਯਾਰ ਚੱਲ ਟਾਵਰ ਕੋਲ ਥੋੜ੍ਹਾ ਦਮ ਲੈਕੇ ਆਉਨੇ ਆ”। ਨਹਿਰ ਦਾ ਪੁਲ ਕੋਲੋ ਉਤਰ ਕੇ ਜਦੋਂ ਕੰਢੇ ਕੋਲ ਆਏ ਮਨਜੀਤ ਨੇ ਬੈਗ ਨੂੰ ਵਗਾਹ ਕੇ ਨਹਿਰ ‘ਚ ਮਾਰਿਆ, ਨਾਲ ਹੀ ਮੇਰੇ ਵਾਲਾ ਸੁੱਟ ਦਿੱਤਾ। ਆ ਘਰ ਚੱਲੀਏ, ਆਪਾਂ ਤੋਂ ਨ੍ਹੀ ਸਾਰੀਆਂ ਗਲੀਆਂ ਗਾਹ ਹੋਣੀਆਂ। ਵੱਡਾ ਹੋਣ ਕਰਕੇ ਮੈਂ ਕੁੱਝ ਬੋਲ ਨਾ ਸਕਿਆ। ਆ ਟਾਵਰ ਵੇਖਦੇ ਆਂ। ਟਾਵਰ ਮੇਰੇ ਲਈ ਸਵਰਗ ਦਾ ਸੁਪਨਾ ਸੀ। ਅਗਰ ਮਨ ਖੁਸ਼ ਹੋਵੇ ਤਾਂ ਵੇਖਣ ਦਾ ਵੱਖਰਾ ਹੀ ਸੁਆਦ ਆ। ਅਸੀਂ ਆਈਫਲ ਟਾਵਰ ਦੇ ਦੁਆਲੇ ਗੇੜਾ ਦੇਕੇ ਵਾਪਸ ਆ ਗਏ। ਰਾਣਾ ਸਾਰੀ ਦਿਹਾੜ੍ਹੀ ਚੌਕ ਵਿੱਚ ਠੰਡ ਨਾਲ ਠਰਦਾ ਖਾਲੀ ਹੱਥ ਆਕੇ ਦਿੱਲ ਛੱਡੀ ਬੈਠਾ ਸੀ। ਉਸ ਨੇ ਅਗਲੇ ਦਿੱਨ ਅਮਰੀਕਾ ਕਿਸੇ ਨੂੰ ਪੈਸਿਆ ਲਈ ਫੋਨ ਕਰਕੇ ਯੂæਐਸ਼ਏæ ਦੀ ਤਿਆਰੀ ਕਰ ਲਈ। ਦਸ ਦਿੱਨਾਂ ਵਿੱਚ ਹੀ ਉਹ ਜਰਮਨ ਰਾਂਹੀ ਮੈਕਸੀਕੋ ਦੀ ਉਡਾਰੀ ਮਾਰ ਗਿਆ। ਉਸ ਵਕਤ ਭਾਰਤੀ ਪਾਸਪੋਰਟ ਨੂੰ ਜਰਮਨ ਤੇ ਇੰਗਲੈਂਡ ਦੀ ਐਂਟਰੀ ਹੁੰਦੀ ਸੀ। ਹੁਣ ਮਨਜੀਤ ਵੀ ਪੈਰਿਸ ‘ਚੋਂ ਭੱਜਣ ਲਈ ਕਾਹਲਾ ਪੈ ਗਿਆ। ਉਸ ਨੇ ਵੀ ਕਿਸੇ ਨਾਲ ਗੰਢਤੁਪ ਕਰਕੇ ਇੰਗਲੈਂਡ ਦੀ ਤਿਆਰੀ ਕਰ ਲਈ, ਥੋੜ੍ਹੇ ਦਿਨਾਂ ਬਾਅਦ ਉਹ ਵੀ ਸ਼ੜਕ ਰਸਤੇ ਵਲੈਤ ਪਹੁੰਚ ਗਿਆ। ਜਿਵੇਂ ਕਹਾਵਤ ਹੈ, ਫਿਰ ਓਹ ਹੀ ਬੁੱਢੀ ਖੋਤੀ ਤੇ ਓਹ ਹੀ ਰਾਮ ਦਿਆਲ। ਮਹੀਨੇ ‘ਚ ਹੀ ਕਮਰਾ ਖਾਲੀ ਹੋ ਗਿਆ। ਮੈਨੂੰ ਪੈਸਿਆਂ ਵੱਟੇ ਅਸੀਸ ਦੇਕੇ ਰੱਬ ਤੇਨੂੰ ਪੱਕਾ ਕਰੇ ਕਹਿ ਕੇ ਚਲਦੇ ਬਣੇ।
ਮੇਰੇ ਅਮਰੀਕਾ ਲਈ ਰੱਖੇ ਡਾਲਰ ਵੀ ਥੱਲੇ ਲੱਗ ਗਏ। ਜਿਵੇਂ ਕਹਿੰਦੇ ਨੇ ਬੰਦਾ ਜਿੱਤਣ ਨਾਲ ਨਹੀ ਹਾਰਨ ਨਾਲ ਸਿੱਖਦਾ। ਹੁਣ ਮੈਂ ਕਮਰੇ ਵਿੱਚ ਨਵਾਂ ਮੁੰਡਾ ਲੈ ਕੇ ਆਉਣ ਤੋਂ ਡਰਦਾ ਸੀ। ਅਰਬ ਦੀ ਕਹਾਵਤ ਹੈ ਕਿ ਜਿੰਦਗੀ ਦਾ ਹਰ ਦਿੱਨ ਇਤਿਹਾਸ ਦਾ ਇੱਕ ਪੰਨਾ ਹੁੰਦਾ ਹੈ। ਇਹ ਇਤਿਹਾਸਕ ਪੰਨਾ ਮੇਰੀ ਜਿੰਦਗੀ ਨਾਲ ਵੀ ਜੁੜ ਗਿਆ ਸੀ। ਮੈਨੂੰ ਆਏ ਨੂੰ ਕੀਰਬ 6 ਮਹੀਨੇ ਹੋ ਗਏ ਸਨ। ਫਰਾਂਸ ਵਿੱਚ ਪ੍ਰਧਾਨ ਮੰਤਰੀ ਦੀਆਂ ਵੋਟਾਂ ਦਾ ਜੋਰ ਸੀ। 10 ਮਈ 1981 ਨੂੰ ਸੋਸ਼ਲਿਸਟ ਪਾਰਟੀ ਦਾ ਲੀਡਰ ਫਰਾਂਸਉਆਜ ਮਿਤਰਾਂਦ ਤੇ ਸੱਜੇ ਪੱਖੀ ਪਾਰਟੀ ਦੇ ਲੀਡਰ ਵੈਲਰੀ ਗਿਸਕਾਰਡ ਨੂੰ ਹਰਾ ਕੇ ਜੇਤੂ ਹੋ ਗਿਆ ਸੀ। ਖੱਬੀ ਪਾਰਟੀ ਦਾ ਵਿਦੇਸ਼ੀ ਮੂਲ ਦੇ ਲੋਕਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਸੀ। ਗੈਰ ਕਨੂੰਨੀ ਲੋਕ ਪੱਕੇ ਹੋਣ ਦੀਆਂ ਆਸਾਂ ਲਾਈ ਬੈਠੇ ਸਨ। ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ, ਗੋਰੇ ਲੋਕੀਂ ਕੱਪੜਿਆਂ ਤੋਂ ਬਾਹਰ ਹੋਏ ਫਿਰਦੇ ਸਨ। ਪੈਰਿਸ ‘ਚ ਕੰਮ ਵਾਕਫੀਅਤ ਨਾਲ ਹੀ ਮਿਲਦਾ ਸੀ। ਪਰ ਮੇਰੇ ਤਾਂ ਕੋਈ ਜਿਲ੍ਹੇ ਦਾ ਮੁੰਡਾ ਵੀ ਨਹੀਂ ਸੀ। ਮੈਂ ਇਕੱਲਾ ਕਿਰਾਇਆ ਭਰਦਾ ਰਿਹਾ, ਸ਼ਾਇਦ ਕਦੇ ਤਾਂ ਕੰਮ ਮਿਲ ਹੀ ਜਾਵੇਗਾ। ਗਿਣਤੀ ਮਿਣਤੀ ਨਾਲ ਤਾਂ ਖੂਹ ਵੀ ਮੁੱਕ ਜਾਦੇ ਨੇ। ਅਖੀਰ ਉਹ ਦਿੱਨ ਵੀ ਆ ਗਏ ਜਦੋਂ ਮੈਂ ਕਿਰਾਇਆ ਭਰਨ ਤੋਂ ਨਕਾਰਾ ਹੋ ਗਿਆ ਸੀ। ਮੈਂ ਜਲੰਧਰ ਜਿਲ੍ਹੇ ਦੇ ਹੁਸਨਲਾਲ ਨਾਂ ਦੇ ਲੜ੍ਹਕੇ ਨੂੰ ਜਾ ਆਪਣਾ ਦੁੱਖ ਦੱਸਿਆ। ਉਹ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਬੱਸ ਇੱਕ ਦੋ ਵਾਰ ਹੈਲੋ-ਹੈਲੋ ਹੋਈ ਸੀ।ਮੈਂ ਕਿਹਾ, ਕਿਰਾਇਆ ਦੇਣਾ ਦੋ ਸੌ ਫਰੈਂਕ ਦੀ ਲੋੜ ਆ, ਅਗਰ ਮੈਂ ਇਹ ਪੈਸੇ ਪੈਰਿਸ ਵਿੱਚ ਨਾ ਦੇ ਸਕਿਆ ਤਾਂ ਮੇਰੇ ਪਿੰਡੋਂ ਜਾ ਕੇ ਲੈ ਲੈਣੇ।” ਕਿਹੜਾ ਪਿੰਡ ਲਭਦਾ ਫਿਰੂ ਜਦੋਂ ਹੋਏ ਤੂੰ ਦੇ ਜਾਵੀਂ” ਹੁਸਨਲਾਲ ਪੋਲੇ ਜਿਹੇ ਬੋਲਾਂ ਨਾਲ ਬੋਲਿਆ। ਉਸ ਦੀ ਮਿਹਰਬਾਨੀ ਨਾਲ ਮੇਰਾ ਇੱਕ ਮਹੀਨੇ ਦਾ ਰੈਣ ਵਸੇਰਾ ਬਣ ਗਿਆ। ਇਸ ਵਕਤ ਉਹ ਪੁੱਤਾਂ ਨੂੰਹਾਂ ਵਾਲਾ ਹੈ। ਪਰ ਜਦੋਂ ਵੀ ਮਿਲਦਾ ਹੈ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ। ਮੈਂ ਕੰਮ ਲੱਭਣ ਲਈ ਧੱਕੇ ਖਾਂਦਾ ਰਿਹਾ ਪਰ ਸਭ ਬੇਅਰਥ ਸੀ। ਆਖਰ ਉਹ ਮਹੀਨਾ ਵੀ ਬੀਤ ਗਿਆ। ਅਗਰ ਥੋੜ੍ਹੇ ਦਿੱਨਾਂ ਲਈ ਸਮੱਸਿਆ ਹੁੰਦੀ ਤਾਂ ਹੋਟਲ ਦੇ ਮਾਲਕ ਦੀ ਮਿੰਨਤ ਤਰਲਾ ਵੀ ਕਰ ਲੈਦਾਂ। ਹੁਣ ਕਿਰਾਇਆ ਦੇਣ ਤੋਂ ਵੀ ਮੇਰੇ ਹੱਥ ਖੜ੍ਹੇ ਸਨ। ਮੈਂ ਇਹ ਕਹਿ ਕੇ ਬੈਗ ਚੁੱਕ ਲਿਆ ਕਿ ਦੋ ਮਹੀਨੇ ਲਈ ਬਾਹਰ ਜਾ ਰਿਹਾ ਹਾਂ। ਸਮਾਂ ਕਿਸੇ ਤਰ੍ਹਾਂ ਦਾ ਵੀ ਹੋਵੇ ਅਖੀਰ ਆਪ ਹੀ ਟਪਾਉਣਾ ਪੈਂਦਾ ਹੈ। ਗਰਮੀ ਦਾ ਮੌਸਮ ਕਰਕੇ ਤਿੰਨ ਰਾਤਾਂ ਟੈਲੀਫੋਨ ਕੈਬਿਨ ਵਿੱਚ ਹੀ ਕੱਟ ਲਈਆਂ। ਉਹ ਦਿਨ ਵੀ ਆ ਗਏ ਜਦੋਂ ਬਰੈਡ ਖਰੀਦਣ ਦੀ ਪਹੁੰਚ ਨਾ ਰਹੀ। ਇੱਕ ਫਗਵਾੜੇ ਕੋਲ ਦਾ ਮੁੰਡਾ ਜਿਹੜ੍ਹਾ ਮੈਟਰੋ ‘ਚ ਬੱਚਿਆਂ ਦੇ ਖਿਡਾਉਣੇ ਵੇਚਦਾ ਸੀ, ਮੇਰੀ ਮਜਬੂਰੀ ਵੇਖ ਕੇ ਆਪਣੇ ਨਾਲ ਕਮਰੇ ‘ਚ ਰੱਖਣ ਲਈ ਮੰਨ ਗਿਆ। ਉਹ ਹੋਟਲ ਦੇ ਛੋਟੇ ਜਿਹੇ ਕਮਰੇ ਵਿੱਚ 4-5 ਜਣੇ ਰਹਿ ਰਹੇ ਸਨ। ਸੌਣ ਲਈ ਫਰਸ਼ ‘ਤੇ ਗੱਦੇ ਲਾਏ ਹੋਏ ਸਨ। ਪਰ ਜੁੱਤੀਆਂ ਰੱਖਣ ਦੀ ਥਾਂ ਨਹੀ ਸੀ। ਜਿਥੇ ਦੂਰ-ਅੰਦੇਸ਼ੀ ਨਹੀਂ ਹੁੰਦੀ ਉਥੇ ਬਰਬਾਦੀ ਨਿਸ਼ਚਿਤ ਹੈ। ਗੁਰਬਤ ਨਾਲ ਅਕਲ ਵੀ ਖੁੰਢੀ ਹੋ ਜਾਂਦੀ ਹੈ।ਜਿਵਂ ਕਹਿੰਦੇ ਨੇ ਜੀਹਦੇ ਫੁਟੀ ਨ੍ਹੀ ਬਿਆਈ ਅਹ ਕੀ ਜਾਣੇ ਪੀੜ੍ਹ ਪਰਾਈ। ਇਹ ਪੀੜ ਜੁਲਾਈ 1981 ਦੀ ਹੈ ਜਿਹੜੀ ਹਾਲੇ ਤੱਕ ਵੀ ਨਹੀ ਭੁੱਲੀ। æ æ æ ਚੱਲਦਾ।

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin