
ਜਦ ਅਸੀਂ ਸੰਸਾਰ ਭਰ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵੇ ਗੁਰਪਰਬ ਦੀਆਂ ਤਿਆਰੀਆਂ ਬਹੁਤ ਉਤਸ਼ਾਹਾ ਨਾਲ ਕਰ ਰਹੇ ਹਾਂ।
ਠੀਕ ਹੈ ਸਾਨੂੰ ਉਸ ਦੁਨੀਆਂ ਦੇ ਮਾਲਿਕ ਲਈ ਉਸ ਦੇ ਮਾਣ ਸਤਿਕਾਰ ਲਈ ਸਭ ਕੁਝ ਕਰਨਾ ਬਣਦਾ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ 550 ਸਾæਲਾਂ ਦੇ ਲੰਮੇ ਪੈਂਡੇ ਨੂੰ ਤਹਿ ਕਰਦੇ ਹੋਏ ਗੁਰੁ ਸਾਹਿਬ ਦੇ ਉਪਦੇਸ਼ ਚੋਹ ਵਰਨਾਂ ਕੋ ਸਾਂਝਾ , ਪਿਆਰ ਮੁਹੱਬਤ, ਏਕੇ ਵਾਲਾਂ ਦਿਲ ਦੀਆਂ ਦਵੇਸ਼ਾ ਨੂੰ ਮਿਟਾ ਕੇ ਆਪਣੇ ਮਨਾ ਦੀ ਵੈਰ ਵਿਰੋਧ ਦੀ ਚੌਧਰ ਦੀ, ਧੁੰਧੁ ਜਿਸ ਨੂੰ ਬਾਣੀ ਪੜ੍ਹ ਪੜ੍ਹ ਕੇ ਉਸ ਤੇ ਅਮਲ ਕਰਕੇ ਆਪਣੇ ਮਨ੍ਹਾ ਵਿਚ ਚਾਨਣ ਕਰਨਾ ਸੀ ਉਹ ਤਾਂ ਅੱਜ ਤੱਕ ਵੀ ਨਹੀਂ ਕਰ ਪਾਏ।
ਇਹ ਲੋਕ ਦਿਖਾਵੇ, ਚੋਧਰ, ਲੀਡਰਸ਼ਿਪ, ਮੈਂ -ਮੇਰੀ ਨੂੰ ਪਹਿਲਾਂ ਖ਼ਤਮ ਕਰਨਾ ਹੋਵੇਗਾ, ਅਸੀਂ ਤਾਂ ਹੀ ਉਸ ਦੇ ਸੱਚੇ ਸੁੱਚੇ ਸਿੱਖ ਬਣ ਸਕਦੇ ਹਾਂ ।
ਗੁਰੂ ਨਾਨਕ ਜੀ ਦੇ ਉਪਦੇਸ਼ ਵਾਰੇ ਗੱਲ ਕਰਦੇ ਹਾਂ ਤੇ ਬਹੁਤ ਸਾਰਾ ਇਤਿਹਾਸ ਅੱਗੇ ਪਿਛੇ ਹੋਇਆਂ ਪਿਆ ਹੈ। ਪਰ ਅਸੀਂ ਜੋ ਸਹੀ ਸਮਝਦੇ ਹਾਂ ਉਸ ਹਿਸਾਬ ਨਾਲ ਅੱਗੇ ਵਧ ਰਹੇ ਹਾਂ । ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਸਿੱਖਾ ਦੇ ਮੋਢੀ ਗੁਰੂ ਸਨ। ਇਨ੍ਹਾਂ ਦਾ ਜਨਮ ੧੫ ਅਪ੍ਰੈਲ ੧੪੬੯ ਨੂੰ ਪਾਕਿਸਤਾਨ ਵਿਖੇ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਗੁਰੁ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਦੁਨੀਆਂ ਦੇ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ:
ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ (ਪੰਨਾ 1387)
ਜਿਸ ਨੂੰ ਭਾਈ ਗੁਰਦਾਸ ਜੀ ਆਪਣਿਆਂ ਵਾਰਾਂ ਵਿਚ ਇਸ ਤਰ੍ਹਾਂ ਲਿਖਦੇ ਹਨ
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। (ਵਾਰ 1;27)
ਭਾਈ ਗੁਰਦਾਸ ਜੀ ਨੇ ਇਸ ਪ੍ਰਕਾਸ਼ ਦੀ ਸੂਰਜ ਨਾਲ ਤੁਲਨਾ ਕੀਤੀ ਹੈ ਕਿਉਂਕਿ ਸੂਰਜ ਦਾ ਪ੍ਰਕਾਸ਼ ਇੰਨਾ ਤੇਜ਼ ਹੁੰਦਾ ਹੈ ਜਿਸ ਨਾਲ ਹਰ ਇਕ ਕੋਨੇ ਵਿਚ ਪਸਰਿਆ ਹੋਇਆ ਹਨੇਰਾ ਖੰਭ ਲਗਾ ਕੇ ਉਡ ਜਾਂਦਾ ਹੈ। ਸੂਰਜ ਦੇ ਤੇਜ਼ ਪ੍ਰਕਾਸ਼ ਨਾਲ ਹਰ ਤਰਫ਼ ਫੈਲੀ ਹੋਈ ਧੁੰਧ, ਹਨੇਰਾ ਮਿਟ ਜਾਂਦਾ ਹੈ।
ਕਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ ਵਿਸ਼ੇਸ ਕਰਕੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉਥੋਂ ਦੀ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਹਾਲਤ ਤੋਂ ਲਾਇਆ ਜਾਂਦਾ ਹੈ। ਭਾਰਤ ਇਨ੍ਹਾਂ ਚਾਰੇ ਪ੍ਰਸਥਿਤੀਆਂ ਵਿਚ ਆਪਣੇ ਅਸਲੀ ਵਜੂਦ ਨੂੰ ਖੋਹ ਚੁੱਕਾ ਸੀ। ਧਰਮ ਦੇ ਆਗੂ ਆਪਣਾ ਧੀਰਜ ਖੋਹ ਚੁੱਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਕਰੜੇ ਸ਼ਬਦਾਂ ਰਾਹੀਂ ਨਿੰਦਿਆ ਕਰਕੇ ਹੋਏ ਲਿਖਿਆਂ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਧਰਮ ਦਾ ਵਿਵਹਾਰ ਵਰਣ-ਵਿਵਸਥਾ ਵਿਚ ਵੰਡਿਆ ਗਿਆ। ਵਰਣ-ਆਸ਼ਰਮ ਵਿਵਸਥਾ ਜਿਸ ਮਨੋਰਥ ਜਾਂ ਆਦਰਸ਼ ਲਈ ਆਰੰਭ ਕੀਤਾ ਗਿਆ ਸੀ ਉਹ ਵਿਲੀਨ ਹੋ ਗਈ ਸੀ। ਸਮਾਜ ਵਿਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਗਿਆ ਜਿਸ ਨਾਲ ਨੀਵੀਆਂ ਜਾਤਾਂ ਦਾ ਜੀਵਨ ਨਰਕ ਬਣ ਗਿਆ। ਉਨ੍ਹਾਂ ਦੀ ਹਾਲਤ ਦਿਨ-ਪ੍ਰਤੀਦਿਨ ਨਿਘਰਦੀ ਗਈ। ਉਨ੍ਹਾਂ ਦੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜਦੇ ਹੋਏ ਲਿਖਦੇ ਹਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਅੰਗ 15)
ਗੁਰੂ ਜੀ ਨੇ ਊਚ-ਨੀਚ ਦਾ ਭੇਦ ਮਿਟਾ ਕੇ ਸਮਾਨਤਾ ਤੇ ਇਕ ਹੋਣ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਯੱਗਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ-ਭਰਮਾਂ, ਸ਼ੰਕਿਆਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਚਾਰਾਂ-ਵਿਹਾਰਾਂ ਨੇ ਇਥੋਂ ਦੇ ਪ੍ਰਚੱਲਤ ਧਰਮ ਨੂੰ ਵਿਕਰਤ ਕਰ ਦਿੱਤਾ ਸੀ।
ਉਸ ਸਮੇਂ ਦੀ ਰਾਜਨੀਤੀ ਧਾਰਮਿਕ ਅੰਨ੍ਹੇਪਣ ਦੀ ਦਾਸੀ ਬਣੀ ਹੋਈ ਸੀ। ਮੁਸਲਮਾਨਾਂ ਦਾ ਅਸਲ ਮਨੋਰਥ ਹਿੰਦੁਸਤਾਨ ਵਿਚ ਮੁਸਲਮਾਨੀ ਰਾਜ ਸਥਾਪਿਤ ਕਰਨ ਦੇ ਨਾਲ-ਨਾਲ ਆਪਣੇ ਧਰਮ ਨੂੰ ਵੀ ਸਥਾਪਿਤ ਕਰਨਾ ਸੀ। ਉਹ ‘ਅੱਲ੍ਹਾ ਹੂ’ ਦੀ ਗੂੰਜ ਧਾਰਮਿਕ ਸਥਾਨਾਂ ਵਿਚ ਸੁਣਨਾ ਚਾਹੁੰਦੇ ਸਨ। ਭਾਰਤੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ। ਇਕ ਦਿਨ ਵਿਚ ਹੀ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਲੋਕਾਂ ਦੀ ਨਾ ਤਾਂ ਜਾਨ ਸੁਰੱਖਿਅਤ ਸੀ ਅਤੇ ਨਾ ਹੀ ਸੰਪਤੀ। ਭਾਰਤੀਆਂ ਨੂੰ ਉੱਚ ਅਹੁਦਿਆਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਬਹੁਤ ਭੇਦ-ਭਾਵ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਨਤਾ ਬੇਚੈਨ ਹਿਰਦੇ ਨਾਲ ਅਸਲੀ ਸ਼ਾਂਤੀ ਨੂੰ ਲੱਭਣ ਦੀ ਤਲਾਸ਼ ਵਿਚ ਸੀ।
ਗਰੀਬਾਂ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੋਵਾਂ ਦੇ ਅਤਿਆਚਾਰਾਂ ਦੀ ਚੋਟ ਸਹਿਣੀ ਪੈ ਰਹੀ ਸੀ। ਮੁਸਲਮਾਨ ਹਾਕਮ ਗੈਰ-ਮੁਸਲਿਮਾਂ ਉੱਪਰ ਜ਼ੁਲਮ ਕਰਨਾ ਇਕ ਸਵਾਬ ਸਮਝਦੇ ਸਨ। ਉਸ ਵਕਤ ਭਾਰਤ ਵਿਚ ਸਾਰੇ ਪਾਸੇ ਪਸਰੀ ਧਾਰਮਿਕ ਖਿਚੋਤਾਣ ਦਾ ਵਰਣਨ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ਕੀਤਾ ਹੈ:
ਚਾਰਿ ਵਰਨ ਚਾਰਿ ਮਜਹਬਾਂ ਜਗ ਵਿਚਿ ਹਿੰਦੂ ਮੁਸਲਮਾਣੇ॥
ਖੁਦੀ ਬਖੀਲਿ ਤਕਬਰੀ ਖਿੰਚੋਤਾਣ ਕਰੇਨਿ ਧਿਙਾਣੇ॥
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ॥
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ॥
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ॥
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮਉਲਾਣੇ॥
ਸਿਰੋ ਨ ਮਿਟੇ ਆਵਨ ਜਾਣੇ॥ (ਵਾਰ ੧, ਪਉੜੀ ੨੧)
ਉਸ ਸਮੇਂ ਦੇ ਸ਼ਾਸਕਾਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ, ਉਨ੍ਹਾਂ ਨੇ ਗੁਰੂ ਜੀ ਦੇ ਸੁਤੰਤਰ ਵਿਚਾਰਾਂ ਕਾਰਨ ਕੈਦ ਕਰ ਲਿਆ ਸੀ। ਉਸ ਸਮੇਂ ਸਜਾ ਦੇ ਨਿਯਮ ਬਹੁਤ ਸਖ਼ਤ ਸਨ। ਦੋਸ਼ੀਆਂ ਨੂੰ ਆਮ ਤੌਰ ਤੇ ਅੰਗ ਭੰਗ ਕਰਨ ਅਤੇ ਮੌਤ ਦੀ ਸਜਾ ਦਿੱਤੀ ਜਾਂਦੀ ਸੀ। ਦੋਸ਼ੀਆਂ ਕੋਲੋਂ ਦੋਸ਼ ਦਾ ਇਕਬਾਲ ਕਰਵਾਉਣ ਲਈ ਸਖ਼ਤੀ ਤੇ ਜ਼ੁਲਮ ਦਾ ਪ੍ਰਯੋਗ ਕੀਤਾ ਜਾਂਦਾ ਸੀ। ਸਮੇਂ ਦੇ ਅਫਸਰਾਂ ਵਿਚ ਰਿਸ਼ਵਤ ਦਾ ਬੋਲਬਾਲਾ ਸੀ। ਇਤਿਹਾਸ ਦੇ ਅਨੁਸਾਰ ਇਹ ਸਮਾਂ ਰਾਜਨੀਤਿਕ ਹਲਚਲ ਤੇ ਅਰਾਜਕਤਾ ਦਾ ਜ਼ਮਾਨਾ ਸੀ। ਆਪਣੇ ਸਮੇਂ ਦਾ ਹਾਲ ਗੁਰੂ ਜੀ ਨੇ ਬਾਣੀ ਵਿਚ ਬਿਆਨ ਕੀਤਾ ਹੈ:-
-ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਅੰਗ ੧੪੫)
ਗਰੀਬਾਂ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੋਵਾਂ ਦੇ ਅਤਿਆਚਾਰਾਂ ਦੀ ਚੋਟ ਸਹਿਣੀ ਪੈ ਰਹੀ ਸੀ। ਮੁਸਲਮਾਨ ਹਾਕਮ ਗੁਰੂ ਸਾਹਿਬ ਜੀ ਨੇ ਚੰਗੇ ਸਮਾਜ ਦੇ ਨਿਰਮਾਣ ਲਈ ਦੁਨੀਆਂ ਸਾਹਮਣੇ ਤਿੰਨ ਸਿਧਾਂਤ ਰੱਖੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀਵਾਲਤਾ, ਭਾਈਚਾਰੇ, ਅਤੇ ਰਾਸ਼ਟਰੀ ਏਕਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦਾ ਫ਼ਲਸਫ਼ਾ, ਉਨ੍ਹਾਂ ਦਾ ਮਾਰਗ ਹਰ ਦੇਸ਼ ਤੇ ਹਰ ਕੌਮ ਦੇ ਉਸ ਪ੍ਰਾਣੀ ਲਈ ਹੈ ਜੋ ਸਚ ਦਾ ਪਾਂਧੀ ਹੋਵੇ, ਸ਼ਾਂਤੀ ਤੇ ਮਾਨਵ ਏਕਤਾ ਦਾ ਚਾਹਵਾਨ ਹੋਵੇ। ਗੁਰੂ ਸਾਹਿਬ ਜੀ ਦੇ ਮਨ ਵਿਚ ਕੇਵਲ ਆਪਣੇ ਦੇਸ਼ ਲਈ ਹੀ ਪਿਆਰ ਨਹੀਂ ਸੀ ਉਹ ਤਾਂ ਸਾਰੀ ਸ੍ਰਿਸ਼ਟੀ ਦੇ ਕਲਿਆਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਅੰਗ ੮੫੩)
ਸਮੂਹ ਸੰਸਾਰ ‘ਚ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਹੋਵੇਗਾ ਕਿ ਕੀ ਅਸੀਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰ ਰਹੇ ਹਾਂ। ਤੇ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਡੰਮ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਹੁੰਦੇ ਹੋਏ ਕੁਦਰਤੀ ਖਜ਼ਾਨਿਆਂ ਨੂੰ ਸਾਂਭਣ ਲਈ ਕਾਰਜਸ਼ੀਲ ਹੋਈਏ, ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਵਸਾਈਏ ਅਤੇ ਨਵੀਂ ਪੀੜ੍ਹੀ ਨੂੰ ਗੁਰਮਤਿ ਮਾਰਗ ‘ਤੇ ਪ੍ਰਪੱਕ ਰੂਪ ਵਿਚ ਤੋਰਨ ਲਈ ਹੰਭਲਾ ਮਾਰੀਏ। ਸੋ, ਅੱਜ ਗੁਰੂ ਜੀ ਦੀ ਸੰਦੇਸ਼ ਅਤੇ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ।