Articles

ਜਸਪਤ ਰਾਏ ਦਾ ਸਿਰ ਕਲਮ ਕਰਨ ਵਾਲਾ ਬਹਾਦਰ ਸਿੱਖ “ਨਿਬਾਹੂ ਸਿੰਘ ਰੰਗਰੇਟਾ”     

ਲੇਖਕ: ਜਗਜੀਤ ਸਿੰਘ ਦਿਲਾ ਰਾਮ, ਫਿਰੋਜ਼ਪੁਰ

ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਦਾ ਇੱਕ ਨਗਰ ਏਮਨਾਬਾਦ (ਐਮਨਾਬਾਦ) ਇਸ ਨਗਰ ਵਿੱਚ ਸਿੱਖਾਂ ਦਾ ਇੱਕ ਜਥਾ ਰੁਕਿਆ। ਉਸ ਵਕਤ ਐਮਨਾਬਾਦ ਦਾ ਫ਼ੌਜਦਾਰ ਜਸਪਤ ਰਾਏ ਸੀ ਜੋ ਕਿ ਲਾਹੌਰ ਦੇ ਵਜ਼ੀਰ ਲਖਪਤ ਦਾ ਭਰਾ ਸੀ। ਲਖਪਤ ਰਾਏ ਜ਼ਕਰੀਆ ਖਾਂ (ਸੂਬੇਦਾਰ-ਏ- ਲਾਹੌਰ 1726-1745) ਅਧੀਨ ਵਜ਼ੀਰੀ ਕਰਦਾ ਸੀ। ਜ਼ਕਰੀਆ ਖ਼ਾਂ ਬੜਾ ਕੱਟੜ ਸੀ। ਉਹ ਸਿੱਖਾਂ ਦਾ ਖੁਰਾਖੋਜ ਮਿਟਾਉਣਾ ਚਾਹੁੰਦਾ ਸੀ। ਉਸ ਨੇ ਵੱਡੇ ਪੱਧਰ ਤੇ ਲਾਹੌਰ ਵਿਚ ਕਤਲੇਆਮ ਸ਼ੁਰੂ ਕੀਤਾ। ਇੱਥੋਂ ਤੱਕ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ।ਸਿੱਖਾਂ ‘ਤੇ ‍ਅੰਮ੍ਰਿਤਸਰ ਜਾਣ ਦੀ ਪਾਬੰਦੀ ਲਗਾ ਦਿੱਤੀ ਗਈ। ਉਹ ਹਰ ਹੀਲੇ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਉੱਧਰ ਐਮਨਾਬਾਦ ਵਿੱਚ ਸਿੱਖਾਂ ਦੇ ਆਉਣ ਬਾਰੇ ਸੁਣ ਕੇ ਜਸਪਤ ਰਾਏ  ਲਾਲ ਪੀਲਾ ਹੋਇਆ। ਸਿੱਖਾਂ ਨੇ ਜਸਪਤ ਰਾਏ ਕੋਲ ਬੇਨਤੀ ਕੀਤੀ ਕਿ ਉਹ ਕਿਸੇ ਨਾਲ ਵੀ ਵਧੀਕੀ ਨਹੀਂ ਕਰਨਗੇ। ਉਹ ਇੱਕ ਰਾਤ ਹੀ ਇੱਥੇ ਠਹਿਰਨਗੇ ਅਤੇ ਫਿਰ ਆਪ ਹੀ  ਚਲੇ ਜਾਣਗੇ। ਪ੍ਰੰਤੂ ਜਸਪਤ ਰਾਏ ਸਿੱਖਾਂ ਦੀ ਇਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਹ ਆਪ ਹਾਥੀ ਚੜਿਆ ਤੇ ਕੁਝ ਕੁ (ਉਸਨੂੰ ਇਹ ਸੀ ਕਿ ਇਹ ਮੁੱਠੀ ਭਰ ਸਿੱਖ ਕਿਤੇ ਕਿੰਨੇ ਕੁ ਨੇ ਤੇ ਮੇਰੇ ਸਿਪਾਹੀ ਬਹਾਦਰ ਨੇ,,, ਸ਼ਾਇਦ ਇਹ ਉਸਦੀ ਗਲਤ ਕਲਪਨਾ ਸੀ) ਸੈਨਿਕਾਂ ਸਮੇਤ ਅਚਾਨਕ ਹਮਲਾ ਕੀਤਾ ।ਦੋਹਾਂ ਫੌਜਾਂ ਵਿਚਾਲੇ ਬੱਦੋ ਕੀ ਗੁਸਾਈਆਂ ਪਿੰਡ ਪਾਸ ਮੁਠਭੇੜ ਹੁੰਦੀ ਹੈ। ਚਲਦੀ ਲੜਾਈ ਵਿੱਚ ਅਚਾਨਕ ਇੱਕ ਫੁਰਤੀਲੇ ਸਿੱਖ ਨਿਬਾਹੂ ਸਿੰਘ ਰੰਗਰੇਟੇ ਨੇ ਹਾਥੀ ਦੀ ਪੂਛ ਫੜੀ ਤੇ ਉੱਪਰ ਚੜ ਗਿਆ ਤੇ ਤਲਵਾਰ ਦਾ ਐਸਾ ਵਾਰ ਕੀਤਾ ਕਿ ਜਸਪਤ ਰਾਏ ਦਾ ਸਿਰ ਵੱਢ ਦਿੱਤਾ। ਜਿਹਨਾਂ ਨੂੰ ਜਸਪਤ ਰਾਏ ਬਹਾਦਰ ਸਮਝਦਾ ਸੀ ਉਹ ਡਰਪੋਕ ਸੈਨਿਕ ਰਣ ਖੇਤਰ ‘ਚੋਂ ਨੱਠ ਗਏ। ਉਸ ਵਕਤ ਬਾਬਾ ਕ੍ਰਿਪਾਲ ਰਾਮ ਗੁਸਾਈ ਨੇ ਜੋ ਕਿ ਜਸਪਤ ਰਾਏ ਦਾ ਕੁਲ ਗੁਰੂ ਸੀ ਨੇ ਪੰਜ ਸੌ ਰੁਪਏ ਦੇ ਕੇ ਸਿੰਘਾਂ ਪਾਸੋਂ ਜਸਪਤ ਰਾਏ ਦਾ ਸਿਰ ਮੰਗਿਆ ਤੇ ਉਸ ਦਾ ਸਸਕਾਰ ਕੀਤਾ। ਨਿਬਾਹੂ ਸਿੰਘ ਦੀ ਇਸ ਬਹਾਦਰੀ ਨਾਲ ਸਿੱਖਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਏ। ਫਿਰ ਉਨ੍ਹਾਂ ਨੇ ਐਮਨਾਬਾਦ ਦਾ ਇਲਾਕਾ ਰੱਜ ਕੇ ਲੁੱਟਿਆ। ਸਾਰੇ ਖ਼ਜ਼ਾਨੇ ਖਾਲੀ ਕੀਤੇ  ਤੇ ਜੰਗਲਾਂ ਦੀ ਸ਼ਰਨ ਲੈ ਲਈ।ਜਸਪਤ ਰਾਏ ਦੀ ਮੌਤ ਦੀ ਖਬਰ ਸੁਣ ਕੇ ਲਖਪਤ ਰਾਏ ਤੇ ਜਕਰੀਆ ਖਾਂ ਅੱਗ ਬਬੂਲਾ ਹੋ ਉੱਠੇ।ਕਤਲੇਆਮ ਹੋਰ ਤਿੱਖਾ ਕੀਤਾ ਪਰ ਬੁਲੰਦ ਹੌਸਲੇ ਵਾਲੇ ਸਿੱਖ ਤੇਜ ਰਫਤਾਰ ਘੋੜਿਆਂ ‘ਤੇ ਸਵਾਰ ਜੈਕਾਰੇ ਲਗਾਉਂਦੇ,ਵੈਰੀਆਂ ਦੀਆਂ ਹਿੱਕਾਂ ਲਤਾੜਦੇ ਤੇ ਸਰਕਾਰੀ ਖਜਾਨੇ ਲੁੱਟ ਕੇ ਜੰਗਲਾਂ-ਪਰਬਤਾਂ ਦੀ ਕੁੱਖ ਵਿੱਚ ਜਾ ਛਿਪਦੇ। ਜਕਰੀਆ ਖਾਂ ਤੋਂ ਬਾਅਦ ਉਸਦਾ ਪੁੱਤਰ ਯਹੀਆ ਖਾਂ (1745-1747) ਲਾਹੌਰ ਦਾ ਸੂਬੇਦਾਰ ਬਣਦਾ। ਇਹ ਆਪਣੇ ਪਿਤਾ ਤੋਂ ਵੀ ਕੱਟੜ ਹੁੰਦਾ,ਇਸ ਦੇ ਕਾਲ ਵਿੱਚ ਹੀ ਛੋਟਾ ਘੱਲੂਘਾਰਾ 1746 (ਕਾਹਨੂੰਵਾਨ ਦੇ ਜੰਗਲਾਂ ਵਿੱਚ) ਵਾਪਰਦਾ ਹੈ, ਫਿਰ ਵੱਡਾ ਘੱਲੂਘਾਰਾ (1762) ਪ੍ਰੰਤੂ ਖਾਲਸੇ ਦੀ ਹੋਂਦ ਨੂੰ ਇਹ ਕਤਲੇਆਮ ਖਤਮ ਨਾ ਕਰ ਸਕਿਆ (ਨਾ ਹੀ ਕੋਈ ਕਰ ਸਕੇਗਾ)। ਖਾਲਸੇ ਦੀ ਗਿਣਤੀ ਲਗਾਤਾਰ ਦੂਣ ਸਵਾਈ ਹੁੰਦੀ ਗਈ (ਹਮੇਸ਼ਾਂ ਹੁੰਦੀ ਰਹੇਗੀ)।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin