Articles Religion

ਮੈਂ ਸ਼ਰਨ ਕੌਰ ਹਾਂ 

ਲੇਖਕ: ਜਗਜੀਤ ਸਿੰਘ ਦਿਲਾ ਰਾਮ, ਫਿਰੋਜ਼ਪੁਰ

ਰੋਪੜ ਦੇ ਦੱਖਣ ਵਿੱਚ ਰੋਪੜ ਨਹਿਰ ਕਿਨਾਰੇ ਗੁਰਦੁਆਰਾ ਚਮਕੌਰ ਸਾਹਿਬ ਹੈ। ਇਹ ਅਮਰ ਤੇ ਸ਼੍ਰੋਮਣੀ ਸ਼ਹੀਦਾਂ ਦੀ ਯਾਦ ਹੈ। 1704 ਈ: ਵਿੱਚ ਏਥੇ ਮੁਗ਼ਲ ਸੈਨਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਦੋਹਾਂ ਸਾਹਿਬਜ਼ਾਦਿਆਂ ਵਿਚਾਲੇ ਵੱਡੀ ਲੜਾਈ ਹੋਈ ਸੀ। ਬਹੁਤ ਹੀ ਅਸਚਰਜ ਲੜਾਈ। ਇੱਕ ਪਾਸੇ ਸਿਰਫ ਚਾਲੀ ਕੁ ਸਿੰਘ ਸਨ ਤੇ ਦੂਸਰੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਸੈਨਾ ਤੇ ਮੁਗ਼ਲ ਸੈਨਾ ਦੇ ਸਹਾਇਕ ਸਨ। ਕੱਚੀ ਗੜ੍ਹੀ ਵਿੱਚ ਸਤਿਗੁਰੂ ਜੀ ਨੇ ਡੇਰੇ ਲਾਏ ਸਨ। ਓਥੋਂ ਹੀ ਦੁਸ਼ਮਣ ਦਾ ਮੁਕਾਬਲਾ ਕੀਤਾ ਸੀ। ਵਾਰੀ ਵਾਰੀ ਦੋਹਾਂ ਪੁੱਤਰਾਂ ਨੂੰ ਜੰਗ ਨੂੰ ਤੋਰਿਆ ਸੀ ਜਦੋਂ ਕਿ ਜਿਊਂਦੇ ਮੁੜਨ ਦੀ ਕੋਈ ਆਸ ਨਹੀਂ ਸੀ। ਦੁਸ਼ਮਣ ਦੀ ਗਿਣਤੀ ਬੇਅੰਤ ਸੀ। ਅੱਧੀ ਰਾਤ ਨੂੰ ਪੰਥ ਦਾ ਹੁਕਮ ਮੰਨਕੇ ਗੁਰੂ ਜੀ ਆਪ ਕੱਚੀ ਗੜ੍ਹੀ ਵਿਚੋਂ ਨਿਕਲ ਕੇ ਅੱਗੇ ਲੰਘ ਗਏ ਸਨ। ਦੁਸ਼ਮਣ ਥੱਕ ਟੁੱਟ ਕੇ ਬੈਠ ਗਿਆ ਸੀ। ਕਾਲੀ ਬੋਲੀ ਰਾਤ ਸ਼ਾਂ ਸ਼ਾਂ ਕਰਨ ਲੱਗ ਪਈ ਸੀ। ਉਸ ਵੇਲੇ ਮਹਾਂ ਪਰਲੋ ਦੇ ਸਮੇਂ ਇਕ ਸਿੱਖ ਦੇਵੀ ਹੱਥ ਵਿਚ ਦੀਵੇ ਦੀ ਰੋਸ਼ਨੀ ਲਈ ਮੈਦਾਨੇ ਜੰਗ ਵਿਚ ਇਕੱਲੀ ਫਿਰ ਰਹੀ ਸੀ ਉਸਨੂੰ ਡਰ ਨਹੀਂ ਸੀ ਲੱਗਦਾ। ਉੱਚੀਆਂ ਨੀਵੀਆਂ ਥਾਵਾਂ ‘ਤੇ ਪਈਆਂ ਲੋਥਾਂ ਨੂੰ ਪਛਾਣਦੀ ਸੀ। ਜੋ ਕੋਈ ਸਿੰਘ ਦੀ ਲੋਥ ਪ੍ਰਤੀਤ ਹੁੰਦੀ ਸੀ, ਉਸਨੂੰ ਚੁੱਕ ਕੇ ਦੂਰ ਰੱਖ ਆਉਂਦੀ ਸੀ, ਜਿੱਥੇ ਇਕ ਅਯਾਲੀ ਦਾ ਬੜਾ ਵੱਡਾ ਵਾੜਾ ਸੀ, ਛਾਪਿਆਂ ਦੀਆਂ ਉੱਚੀਆਂ ਕੰਧਾਂ ਸਨ। ਬੇਅੰਤ ਬਾਲਣ ਸੀ, ਪਰ ਉਹ ਲੜਾਈ ਤੋਂ ਡਰਦਾ ਵਾੜਾ ਸੁੰਞਾ ਛੱਡ ਗਿਆ ਹੋਇਆ ਸੀ। ਇਸ ਤਰ੍ਹਾਂ ਲੱਭਦਿਆਂ ਹੋਇਆਂ ਉਸ ਦੇਵੀ ਨੇ ਤੀਹ ਸਿੰਘ ਲੱਭੇ। ਦੋਹਾਂ ਸਾਹਿਬਜ਼ਾਦਿਆਂ ਦੀਆਂ ਦੇਹਾਂ ਭਾਲੀਆਂ। ਉਨ੍ਹਾਂ ਨੂੰ ਬਹੁਤ ਸਤਿਕਾਰ ਨਾਲ ਚੁੱਕ ਲਿਆਈ, ਸ਼ਹੀਦਾਂ ਦੀਆਂ ਦੇਹਾਂ ਢੋਂਦਿਆਂ ਹੋਇਆਂ ਉਸ ਦੀਆਂ ਲੱਤਾਂ ਥੱਕ ਗਈਆਂ, ਸਰੀਰ ਹਫ਼ ਗਿਆ ਪਰ ਦਿਲ ਤਕੜਾ ਰਿਹਾ। ਉਸਨੇ ਹੋਰਾਂ ਸਿੰਘਾਂ ਦੇ ਸਰੀਰ ਭਾਲਣ ਦਾ ਯਤਨ ਕੀਤਾ ਪਰ ਉਸਨੂੰ ਹੱਥ ਨਾ ਆਏ। ਲੋਥ ਉੱਤੇ ਲੋਥ ਚੜ੍ਹੀ ਹੋਈ ਸੀ। ਕੋਈ ਪਤਾ ਨਹੀਂ ਸੀ ਲੱਗਦਾ। ਆਖਿਰ ਇਕ ਦੇਹ ਉਸ ਨੂੰ ਲੱਭ ਹੀ ਪਈ, ਉਸ ਦੇ ਲਾਗੇ ਸੌ ਮੁਸਲਮਾਨ ਮਰਿਆ ਪਿਆ ਸੀ। ਉਸ ਨੇ ਲੋਥ ਨੂੰ ਚੁੱਕਿਆ ਤੇ ਪਛਾਣਿਆ। ਦੀਵੇ ਦੀ ਰੋਸ਼ਨੀ ਆਸਰੇ ਚਿਹਰੇ ਨੂੰ ਚੰਗੀ ਤਰ੍ਹਾਂ ਦੇਖਿਆ ਪਛਾਣ ਕੇ ਉਹ ਹੌਲੀ ਜਿਹੀ ਬੋਲੀ, ਵਾਹ! ਮੇਰੇ ਸ਼ਹੀਦ ਪਤੀ! ਆਪ ਵੱਡੇ ਭਾਗਾਂ ਵਾਲੇ ਜੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਸ਼ਹੀਦੀ ਪ੍ਰਾਪਤ ਕੀਤੀ ਹੈ। ਮੈਨੂੰ ਇਹੋ ਆਸ ਸੀ। ਮੈਂ ਘਰੋਂ ਤੁਰਦੇ ਨੂੰ ਜੋ ਕੁੱਝ ਆਖਿਆ ਸੀ ਸੋ ਕੁੱਝ ਹੋਇਆ। ਮੇਰੇ ਧੰਨ ਭਾਗ ਮੇਰਾ ਪਤੀ ਸ਼ਹੀਦ ਹੋਇਆ।

ਆਪਣੇ ਪਤੀ ਦੀ ਲੋਥ ਨੂੰ ਚੁੱਕ ਕੇ ਉਸੇ ਥਾਂ ਲੈ ਆਈ ਜਿੱਥੇ ਹੋਰ ਲੋਥਾਂ ਸਨ। ਛਾਪਿਆਂ ਦੇ ਵਿੱਚ ਸਾਰੀਆਂ ਲੋਥਾਂ ਰੱਖਕੇ ਦੀਵੇ ਦੀ ਲਾਟ ਨਾਲ ਉਸਨੇ ਅੱਗ ਲਾ ਦਿੱਤੀ। ਸੁੱਕਾ ਬਾਲਣ ਸੀ। ਪਲਾਂ ਵਿਚਦੀ ਅੱਗ ਦੇ ਭਾਂਬੜ ਮੱਚ ਪਏ। ਅੱਗ ਦੇ ਭਾਂਬੜਾਂ ਨਾਲ ਦੂਰ ਦੂਰ ਤਕ ਚਾਨਣ ਹੋ ਗਿਆ। ਮੁਗ਼ਲ ਫੌਜ ਦੇ ਸਿਪਾਹੀ ਮੈਦਾਨੇ ਜੰਗ ਵਿਚ ਅੱਗ ਬਲਦੀ ਦੇਖਕੇ ਬਹੁਤ ਹੈਰਾਨ ਹੋਏ ਪਹਿਲਾਂ ਤਾਂ ਦੀਵਾ ਦੇਖਕੇ ਹੈਰਾਨ ਸਨ ਪਰ ਡਰਦੇ ਅੱਗੇ ਨਹੀਂ ਸੀ ਆਉਂਦੇ ਉਹ ਸਮਝਦੇ ਸਨ ਭੂਤ-ਚੁੜੇਲ ਹੈ ਜੋ ਲੋਥਾਂ ਚੌਗਿਰਦੇ ਫਿਰਦੀ ਹੈ। ਪਰ ਜਦੋਂ ਅੱਗ ਬਲ਼ੀ ਤਾਂ ਉਹ ਰੁਕੇ ਨ ਰਹੇ। ਝੱਟ ਪੱਟ ਦੌੜੇ ਆਏ ਆ ਕੇ ਕੀ ਦੇਖਦੇ ਹਨ ਮਰਦਾਂ ਦੀਆਂ ਲੋਥਾਂ ਸੜ ਰਹੀਆਂ ਹਨ। ਇਕੱਲੀ ਔਰਤ ਕੋਲ ਖਲੋਤੀ ਹੈ ਵੱਡੀ ਸਾਰੀ ਲੱਕੜ ਨਾਲ ਹਿਲਾ ਹਿਲਾ ਕੇ ਬੇ-ਫਿਕਰੀ ਤੇ ਨਿਰਭੈਤਾ ਨਾਲ ਸਾੜ ਰਹੀ ਹੈ। ਉਹ ਔਰਤ ਹੈ ਜਾਂ ਚੁੜੇਲ ? ਸਿਪਾਹੀ ਬਹੁਤ ਹੈਰਾਨ ਹੋਏ ਅੱਧੀ ਰਾਤ ਦੇ ਸਮੇਂ ਲੜਾਈ ਦੇ ਮੈਦਾਨ ਵਿਚ ਇਕ ਇਸਤਰੀ ਨੂੰ ਕਿਵੇਂ ਹੌਂਸਲਾ ਪਿਆ। ਉਹਨਾਂ ਨੇ ਡਰਦਿਆਂ ਡਰਦਿਆਂ ਦੂਰੋਂ ਹੀ ਪੁਛਿਆ-‘ਤੂੰ ਕੌਣ ਹੈਂ?’
‘ਮੈਂ ਸ਼ਰਨ ਕੌਰ ਹਾਂ! ਭਾਈ ਪ੍ਰੀਤਮ ਸਿੰਘ ਦੀ ਸਿੰਘਣੀ! ਇਸਤਰੀ ਨੇ ਉਹਨਾਂ ਵਲ ਦੇਖਣ ਬਿਨਾਂ ਹੀ ਉਤਰ ਦਿੱਤਾ ਉਹ ਡਰੀ ਨਹੀਂ ਡੋਲੀ ਨਹੀਂ।
ਏਥੇ ਕੀ ਕਰਨ ਆਈ ਏਂ ?’ ਸਿਪਾਹੀ ਫਿਰ ਪੁੱਛਿਆ।
‘ਆਪਣੇ ਸ਼ਹੀਦ ਪਤੀ ਦਾ ਸਸਕਾਰ ਕਰਨ ਵਾਸਤੇ ।
‘ਤੈਨੂੰ ਡਰ ਨਹੀਂ ਆਉਂਦਾ ?’
‘ਕਿਸ ਗੱਲ ਦਾ ?’
‘ਮੁਗਲ ਰਾਜ ਦਾ, ਸੈਨਾ ਦਾ।’
ਮੈਨੂੰ ਕਿਸੇ ਦਾ ਡਰ ਨਹੀਂ ਮੈ ਆਪਣਾ ਫਰਜ਼ ਪੂਰਾ ਕਰਨ ਵਾਸਤੇ ਆਈ ਸਾਂ ਸੋ ਕਰ ਲਿਆ ਹੈ। ਜੇ ਜੀ ਕਰਦਾ ਹੈ ਤਾਂ ਮਾਰ ਸੁੱਟੋ।’
ਇਹਨਾਂ ਗੱਲਾਂ ਤੋਂ ਸਿਪਾਹੀਆਂ ਨੂੰ ਪ੍ਰਤੀਤ ਹੋ ਗਿਆ ਕਿ ਉਹ ਇੱਕੋ ਇਸਤਰੀ ਹੈ ਤੇ ਹੈ ਵੀ ਸਿੰਘਣੀ। ਦੋ ਹੱਟੇ ਕੱਟੇ ਸਿਪਾਹੀ ਅੱਗੇ ਵਧੇ ਉਹਨਾਂ ਨੇ ਚੁੱਕ ਕੇ ਸ਼ਰਨ ਕੌਰ ਨੂੰ ਅੱਗ ਦੇ ਭਾਂਬੜ ਵਿੱਚ ਸੁੱਟ ਦਿੱਤਾ। ਅੱਗ ਨੇ ਉਸਦੇ ਸਰੀਰ ਨੂੰ ਲਪੇਟ ਵਿਚ ਲੈ ਲਿਆ। ਗੁਰੂ ਗੋਬਿੰਦ ਸਿੰਘ ਜੀ ਦੀ ਸਪੁੱਤਰੀ ਸ਼ਹੀਦਾਂ ਦਾ ਸਸਕਾਰ ਕਰਦੀ ਹੋਈ ਆਪ ਸ਼ਹੀਦ ਹੋ ਗਈ | ਉਸ ਦੀ ਰੋਸ਼ਨੀ ਉਹਦੇ ਪਤੀ ਦੀ ਰੂਹ ਨਾਲ ਜਾ ਮਿਲੀ। ਮੁਗਲ ਸਿਪਾਹੀ ਹੈਰਾਨ ਸਨ ਉਹ ਆਪੋ ਵਿਚ ਦੀ ਗੱਲਾਂ ਕਰਦੇ ਤੁਰ ਗਏ। ਉਹ ਆਖਦੇ ਸਨ -ਪਤਾ ਨਹੀਂ ਸਿੱਖ ਕਿਸ ਮਿੱਟੀ ਦੇ ਘੜੇ ਹੋਏ ਹਨ। ਮੌਤ ਦੀ ਕੱਖ ਪ੍ਰਵਾਹ ਨਹੀਂ ਕਰਦੇ ਦੇਖੋ ਨਾ ਇਸ ਇਸਤਰੀ ਦਾ ਹੌਸਲਾ ਕਈਆਂ ਮਰਦਾਂ ਦੇ ਹੌਸਲੇ ਨਾਲੋਂ ਵੱਡਾ ਹੈ ਜੋ ਕੰਮ ਇਕੱਲੀ ਨੇ ਕੀਤੀ ਹੈ ਇਹ ਕੰਮ ਮਰਦ ਨਹੀਂ ਕਰ ਸਕਦੇ।
ਧੰਨ ਹੈ ਸ਼ਹੀਦ ਬੀਬੀ ਸ਼ਰਨ ਕੌਰ!

Related posts

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin