Story

ਗਊ ਮੂਤਰ ਤੇ ਵੱਛਾ।

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਪਿੰਡ ਦੀ ਸੱਥ ਵਿੱਚ ਬੈਠੇ ਨੌਜਵਾਨ ਤੇ ਬਜ਼ੁਰਗ ਕਿਸਾਨ ਅੰਦੋਲਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਹੌਲੀ ਹੌਲੀ ਗੱਲਬਾਤ ਕਾਰਪੋਰੇਸ਼ਨਾਂ ਤੇ ਅਡਾਨੀ, ਅੰਬਾਨੀ ਅਤੇ ਬਾਬੇ ਰਾਮ ਦੇਵ ਵਰਗੇ ਕਾਰਪੋਰੇਟਾਂ ਵੱਲ ਮੁੜ ਗਈ। ਐਨੇ ਨੂੰ ਬਾਗਾ ਘੜਿੱਤੀ ਵੀ ਸੱਥ ਵਿੱਚ ਆਣ ਬੈਠਾ। ਉਹ ਸਮਾਜ ਦੀਆਂ ਬੁਰਾਈਆਂ ਅਤੇ ਹਾਲਾਤਾਂ ‘ਤੇ ਤਿੱਖੀਆਂ ਚੋਭਾਂ ਲਗਾਉਣ ਲਈ ਸਾਰੇ ਪਿੰਡ ਵਿੱਚ ਮਸ਼ਹੂਰ ਸੀ। ਮੂੰਹ ‘ਤੇ ਹੀ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿ ਦੇਂਦਾ ਸੀ। ਬਾਗੇ ਨੂੰ ਬੈਠਦੇ ਹੀ ਕੇਵਲ ਫੌਜੀ ਨੇ ਹੁੱਝ ਮਾਰੀ, “ਸੁਣਾ ਭਈ ਬਾਗਿਆ ਫਿਰ ਕੋਈ ਨਵੀਂ ਤਾਜ਼ੀ।” ਬਾਗੇ ਦੀ ਸਾਹੀਵਾਲ ਗਾਂ ਮਹੀਨਾਂ ਕੁ ਪਹਿਲਾਂ ਈ ਸੂਈ ਸੀ ਤੇ ਵੱਛਾ ਦਿੱਤਾ ਸੀ’ “ਸੁਣਾਉਣਾ ਕੀ ਆ ਭਰਾਵਾ। ਮੈਨੂੰ ਤਾਂ ਵੱਛੇ ਨੇ ਦੁਖੀ ਕਰ ਮਾਰਿਆ। ਸਾਲਾ ਐਨਾ ਮਹਾਂਮੂਰਖ ਆ ਕਿ ਕੋਈ ਗੱਲ ਈ ਨਹੀਂ ਮੰਨਦਾ।” ਬਾਗੇ ਦੀ ਜੱਗੋਂ ਤੇਰ੍ਹਵੀਂ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ। “ਯਾਰ ਉਹ ਡੰਗਰ ਆ, ਕੋਈ ਬੰਦਾ ਥੋੜ੍ਹਾ ਜਿਹੜਾ ਤੇਰੀ ਗੱਲ ਮੰਨੂਗਾ,” ਕੇਵਲ ਬੋਲਿਆ। “ਪਤਾ ਮੈਨੂੰ ਉਹ ਡੰਗਰ ਆ। ਮੈਂ ਕਿਹੜਾ ਉਹਨੂੰ ਪਸ਼ਤੋ ਸਿਖਾ ਰਿਹਾਂ। ਮੈਂ ਤਾਂ ਬੱਸ ਰੋਜ਼ ਗਊ ਮੂਤਰ ਦਾ ਬਾਲਟਾ ਭਰ ਕੇ ਉਸ ਦੇ ਅੱਗੇ ਰੱਖਦਾਂ ਪੀਣ ਵਾਸਤੇ। ਪਰ ਉਹ ਐਨਾ ਅੜ੍ਹੀਅਲ ਆ ਕੇ 100 ਰੁਪਏ ਲੀਟਰ ਵਾਲਾ ਗਊ ਮੂਤਰ ਛੱਡ ਕੇ 50 ਰੁਪਏ ਲੀਟਰ ਵਾਲਾ ਦੁੱਧ ਪੀਣ ਲਈ ਗਾਂ ਦੇ ਥਣਾਂ ਨੂੰ ਜਾ ਚੰਬੜਦਾ।” ਸਾਰੇ ਬਾਗੇ ਦੀ ਲਗਾਈ ਗਈ ਚੋਭ ਨੂੰ ਸਮਝ ਕੇ ਹੱਸ ਪਏ। ਕੇਵਲ ਬੋਲਿਆ, “ਸਹੀ ਗੱਲ ਕੀਤੀ ਤੂੰ ਬਾਗਿਆ। ਵੱਛਾ ਮੂਰਖ ਨਹੀਂ ਸਿਆਣਾ ਹੈ। ਉਹ ਕੋਈ ਇਨਸਾਨ ਥੋੜ੍ਹਾ ਹੈ ਕਿ ਉਸ ਨੂੰ ਪਤਾ ਈ ਨਾ ਹੋਵੇ ਕਿ ਕੀ ਪੀਣਾ ਚਾਹੀਦਾ ਹੈ ਤੇ ਕੀ ਨਹੀਂ। ਇਹ ਤਾਂ ਸਭ ਸਰਮਾਏਦਾਰਾਂ ਦੀਆਂ ਖੇਡਾਂ ਨੇ ਜੋ ਗਊ ਮੂਤਰ ਨੂੰ ਵੀ ਬੋਤਲਾਂ ਵਿੱਚ ਪੈਕ ਕਰ ਕੇ ਲੋਕਾਂ ਨੂੰ 100 – 100 ਰੁਪਏ ਲੀਟਰ ਵੇਚੀ ਜਾਂਦੇ ਨੇ।”

Related posts

(ਕਹਾਣੀ) ਕਤਲ ਇਉਂ ਵੀ ਹੁੰਦੇ !

admin

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin