Articles

ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਪਿਤਾ ਭਾਈ ਨਿਹਾਲ ਸਿੰਘ ਅਤੇ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ 1785 ਨੂੰ ਪਿੰਡ ਅਟਾਰੀ ਵਿਖੇ ਹੋਇਆ। ਇਹਨਾਂ ਦੇ ਵੱਡੇ ਵਡੇਰੇ ਦਾ ਨਾਮ ਕਾਹਨ ਚੰਦ ਸੀ। ਇਹਨਾਂ ਦਾ ਖਾਨਦਾਨ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਜੁੜਿਆ ਹੋਇਆ ਹੈ।

ਇਹਨਾਂ ਦਾ ਖਾਨਦਾਨ 1580 ਨੂੰ  ਮਾਲਵੇ ਦੇ ਖੇਤਰ ਫੂਲ ਮਹਿਰਾਜ ਵਿਚ ਅਬਾਦ ਹੋਇਆ ਫਿਰ ਇਹਨਾਂ  ਲੁਧਿਆਣਾ ਜਿਲ੍ਹੇ ਵਿਚ ਜਗਰਾਂਓੁ ਕੋਲ 1735  ਵਿੱਚ ਕਾਉਂਕੇ ਕਲਾਂ ਪਿੰਡ ਵਸਾਇਆ। ਇਥੇ ਦੇ ਦੋ ਭਰਾ ਸਨ ਕੌਰਾ ਅਤੇ ਗੌਰਾ ਦੋਨੋ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ  ਤੋਂ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ। ਕੌਰਾ ਦਾ ਨਾਮ ਕੌਰ ਸਿੰਘ ਬਣ ਗਿਆ ਗੋਰਾ ਦਾ ਨਾਮ ਗੌਰ ਸਿੰਘ ਬਣ ਗਿਆ।
ਜਿਸ ਥਾਂ ਤੇ ਅਟਾਰੀ ਪਿੰਡ ਵਸਿਆ ਹੋਇਆ ਹੈ। ਉਸ ਥਾਂ ਤੇ ਪਹਿਲਾਂ ਥੇਹ ਸੀ ਥੇਹ ਤੇ ਮਹੰਤ ਰਹਿੰਦੇ ਸਨ। ਉਹਨਾਂ ਨੂੰ ਚੋਰਾਂ ਡਾਕੂਆਂ ਨੇ ਕਈ ਵਾਰ ਲੁਟਿਆ। ਡਾਕੂਆਂ ਤੋਂ ਤੰਗ ਆ ਕੇ ਮਹੰਤਾਂ ਨੇ ਦੋਵੇ ਭਰਾਵਾਂ ਕੋਲ ਆਪਣੀ ਰੱਖਿਆ ਦੀ ਬੇਨਤੀ ਕੀਤੀ। ਮਹੰਤਾ ਨੇ ਦੋਨੋ ਭਰਾਵਾਂ ਨੂੰ ਇਥੇ ਤਿੰਨ ਮੰਜ਼ਿਲਾ ਮਕਾਨ ਬਣਾ ਦਿੱਤਾ ਇਸ ਦਾ ਨਾਂਮ ਅਟਾਰੀ ਰੱਖ ਦਿਤਾ। ਇਹ ਦੋਨੋ ਭਰਾ ਕਾਉਂਕੇ ਕਲਾਂ ਤੋਂ ਉਠ ਕੇ ਅਟਾਰੀ ਆ ਵਸੇ। ਸ਼ਾਮ ਸਿੰਘ ਅਟਾਰੀ ਗੌਰਾ ਸਿੰਘ ਦਾ ਪੋਤਾ ਸੀ।
ਸ਼ਾਮ ਸਿੰਘ ਅਟਾਰੀ ਵਾਲੇ ਚੰਗੇ ਘੋੜ ਸਵਾਰ ਤੀਰ ਅੰਦਾਜ਼ ਤੇ ਤਲਵਾਰ ਦੇ ਧਨੀ ਸਨ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਵਿਚ ਭਰਤੀ ਕਰ ਲਏ ਗਏ ।
ਸ਼ਾਮ ਸਿੰਘ ਅਟਾਰੀ ਵਾਲੇ ਨੇ ਮੁਲਤਾਨ ਦੀ ਲੜਾਈ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ। ਮਹਾਰਾਜੇ ਨੇ ਖੁਸ਼ ਹੋ ਕੇ ਹੀਰਿਆਂ ਭਰੀ ਕਲਗੀ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਨਾਮ ਵਜੋਂ ਦਿੱਤੀ।
ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿਘ ਨਾਲ ਕਰ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਰੀਵਾਰ ਦੀ ਆਪਸੀ ਫੁੱਟ  ਅਤੇ ਡੋਗਰਿਆਂ ਦੀਆਂ ਗੁਝੀਆਂ ਚਾਲਾਂ ਕਾਰਨ  ਫੌਜ਼ ਦੀ ਨੌਕਰੀ ਛੱਡ ਕੇ ਅਟਾਰੀ ਰਹਿਣ ਲੱਗ ਪਏ।
ਸਭਰਾਵਾਂ ਦੀ ਲੜਾਈ ਤੋਂ  ਪਹਿਲਾਂ ਜਿੰਨੀਆਂ ਵੀ ਸਿੱਖਾਂ ਫੌਜ਼ਾ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਹੋ ਹੋਈਆਂ ਜਿਸ ਤਰਾਂ ਫੇਰੂ ਦੀ ਲੜਾਈ, ਮੁੱਦਕੀ ਦੀ ਲੜਾਈ , ਬੱਦੋਵਾਲ ਤੇ ਆਲੀਵਾਲ ਦੀ ਲੜਾਈ ਇਹਨਾਂ ਵਿੱਚ ਡੋਗਰਿਆਂ ਦੀ ਗੱਦਾਰੀ ਕਾਰਨ ਸਿੱਖ ਫੌਜ਼ਾਂ ਦੀ ਹਾਰ ਹੁੰਦੀ ਰਹੀ। ਜਦ ਸਿੱਖ ਫੌਜ਼ਾਂ ਦੀ ਵਾਂਗਡੋਰ ਸੰਭਾਲਣ ਵਾਲਾ ਕੋਈ ਵਫ਼ਾਦਾਰ ਜਰਨੈਲ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ  ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਮਿੱਤਰ, ਰਿਸ਼ਤੇਦਾਰ ਅਤੇ ਮਹਾਰਾਜੇ ਦੀ ਫੌਜ਼ ਵਿੱਚ ਰਹਿ ਚੁਕਿਆ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਚਿੱਠੀ ਲਿੱਖ ਭੇਜੀ। ਮਹਾਰਾਣੀ ਜਿੰਦ ਕੌਰ ਨੇ ਉਸ ਵਿੱਚ ਲਿਖਿਆ ਲਾਹੌਰ ਦਰਬਾਰ ਸੰਕਟ ਵਿੱਚ ਘਿਰਿਆ ਹੋਇਆ ਹੈ। ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੱਗ ਨੂੰ ਸਲਾਮਤ ਰੱਖਣ ਖ਼ਾਤਰ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਵੋ ਉੱਥੇ ਜਾ ਕੇ ਫੌਜ਼ ਦੀ ਵਾਗਡੋਰ ਸੰਭਾਲੋ ਆਰ ਪਾਰ ਦੀ ਲੜਾਈ ਲੜੀ ਜਾ ਰਹੀ ਹੈ।
ਚਿੱਠੀ ਪੜ੍ਹ ਕੇ ਸ਼ਾਮ ਸਿੰਘ ਅਟਾਰੀ ਵਾਲੇ ਦਾ ਚੇਹਰਾ ਲਾਲ ਹੋ ਗਿਆ। ਖੂਨ ਉਬਾਲੇ ਖਾਣ ਲੱਗਾ ਉਹਨਾਂ ਨੇ ਅਰਦਾਸ ਕੀਤੀ ਮੈਂ ਜੰਗ ਜਿੱਤ ਕੇ ਵਾਪਸ ਮੁੜਾਗਾ ਨਹੀ ਫਿਰ ਉੱਥੇ ਸ਼ਹੀਦੀ ਪ੍ਰਾਪਤ ਕਰਾਂਗਾ।
ਸ਼ਾਮ ਸਿੰਘ ਅਟਾਰੀ ਵਾਲੇ ਕੋਲ ਕੁਝ ਨਿੱਜੀ ਫੌਜ਼ ਸੀ ਕੁਝ ਸਿੱਖ ਫੌਜ਼ੀ ਸਨ ਜੋ ਸਿੱਖ ਰਾਜ ਦੀ ਪਾਟੋ ਧਾੜ ਦੇ ਕਾਰਨ ਘਰੇ ਆ ਬੈਠੇ ਸਨ ਉਹਨਾਂ ਨੂੰ ਨਾਲ ਲੈ ਕੇ ਪਰੀਵਾਰ ਨੂੰ ਫ਼ਤਿਹ ਬੁਲਾ ਕੇ ਸ਼ਾਮ ਸਿੰਘ ਅਟਾਰੀ ਵਾਲਾ 9 ਫ਼ਰਵਰੀ 1846 ਨੂੰ ਸਭਰਾਵਾਂ ਦੇ ਮੈਦਾਨ ਵਿੱਚ ਪੁੱਜ ਗਿਆ।
ਅੰਗਰੇਜ਼ ਗਵਰਨਰ ਜਰਨਲ ਲਾਰਡਿੰਗ ਹਾਰਡਿੰਗ ਨੇ ਰਾਜਾ ਗੁਲਾਬ ਸਿੰਘ ਨੂੰ ਮਿਲਣ ਵਾਸਤੇ ਸੱਦਾ ਭੇਜਿਆ। ਉਹ ਤੇਜ਼ ਸਿੰਘ ਤੇ ਲਾਲ ਸਿੰਘ ਫੌਜ਼ ਦੇ ਕਮਾਂਡਰਾਂ ਨੂੰ ਨਾਲ ਲੈ ਕੇ  ਲਾਰਡ ਹਾਰਡਿੰਗ ਨੂੰ ਜਾ ਮਿਲਿਆ। ਉਸ ਨਾਲ ਲਿਖਤੀ ਸਮਝੋਤਾ ਹੋਇਆ ਤੂੰ ਬਿੰਨ੍ਹਾ ਲੜਾਈ ਤੋਂ ਸਿੱਖਾਂ ਦੀ ਹਾਰ ਮੰਨਵਾ ਦੇ ਤੈਨੂੰ ਜਿੱਤ ਕੇ ਸਿੱਖ ਰਾਜ ਵਿਚੋਂ ਜੰਮੂ ਕਸ਼ਮੀਰ ਦਾ ਮਾਲਕ ਬਣਾ ਦੇਵਾਂਗੇ  ਤੇਜ਼ ਸਿੰਘ ਨੇ ਨੌਂ ਫ਼ਰਵਰੀ ਦੀ ਸ਼ਾਮ ਨੂੰ  ਅਟਾਰੀ ਵਾਲੇ ਨੂੰ ਆ ਕੇ ਕਿਹਾ, “ਤੁਸੀਂ ਅੰਗਰੇਜ਼ਾਂ ਨਾਲ ਲੜਾਈ ਨਾ ਲੜੋ! ਅੰਗਰੇਜ਼ਾਂ ਕੋਲ ਹੋਰ ਬਹੁਤ ਸਾਰੀ ਸੈਨਾ ਅਤੇ ਬਰੂਦ ਪਹੁੰਚ ਚੁੱਕਿਆ ਹੈ। ਐਵੇਂ ਜਾਨਾਂ ਨਾਂ ਗਵਾਓੁ ਇਹ ਲੜਾਈ ਅੰਗਰੇਜ਼ਾ ਨੇ ਜਿੱਤ ਲੈਣੀ ਹੈ।”
ਸ਼ਾਮ ਸਿੰਘ ਅਟਾਰੀ ਵਾਲੇ ਨੇ ਤੇਜ਼ ਸਿੰਘ ਨੂੰ ਕਿਹਾ, “ਮੈਂ ਤਾਂ ਸੌਂਹ ਖਾ ਕੇ ਅਟਾਰੀ ਤੋਂ ਤੁਰਿਆ ਹਾਂ ਇਕ ਸਿਰਾ ਕਰਕੇ ਹੀ ਹਟਾਗਾ।” ਇਹ ਸੁਣ ਸਿੱਖ ਫੌਜ਼ਾਂ ਵਿੱਚ ਜੋਸ਼ ਭਰ ਗਿਆ ਉਹ ਵੀ ਲੜਾਈ ਲੜਨ ਲਈ ਤਿਆਰ ਹੋ ਗਈਆਂ।
10 ਫ਼ਰਵਰੀ 1846 ਨੂੰ ਦਿਨ ਚੜ੍ਹਦੇ ਨਾਲ ਅੰਗਰੇਜ਼ਾਂ ਨੇ ਸਿੱਖ ਫ਼ੋਜਾਂ ਤੇ ਤੋਪਾਂ ਨਾਲ ਗੋਲਿਆਂ ਦੀ ਵਰਖਾ ਸ਼ੁਰੂ ਕਰ ਦਿੱਤੀ। ਸਿੱਖਾਂ ਨੇ ਸਤਲੁਜ ਦਰਿਆ  ਦੇ ਨਾਲ ਢਾਈ ਮੀਲ ਲੰਬੀ ਮੋਰਚਾ ਬੰਦੀ ਕਰ ਲਈ ਸੀ। ਸਿੱਖਾਂ ਨੇ ਵੀ ਆਪਣੀਆ ਤੋਪਾਂ ਵਿੱਚੋਂ ਬਰੂਦ ਦੇ ਗੋਲੇ ਅੰਗਰੇਜ਼ਾਂ ਵੱਲ ਖੋਲ ਦਿੱਤੇ। ਤਿੰਨ ਘੰਟੇ ਦੀ ਜਬਰਦਸਤ ਲੜਾਈ ਲੜੀ ਜਾਣ ਪਿਛੋ  ਨਾਂ ਸਿੱਖ ਫੌਜ਼ ਪਿੱਛੇ ਹਟੀ ਨਾ ਅੰਗਰੇਜ਼ ਫੌਜ਼ ਪਿੱਛੇ ਹਟੀ।
ਪਿਛਲੀਆਂ ਚਾਰ ਲੜਾਈਆਂ ਵਿੱਚ ਅੰਗਰੇਜ਼ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਵੇਖ ਚੁੱਕੇ ਸਨ। ਜੋ ਪਲਟਣਾ ਸਿੱਖ ਰਾਜ ਨਾਲ ਪਹਿਲਾਂ ਨਹੀ ਲੜੀਅਾਂ ਸਨ ੳੁਹ ਚਾਰ ਪਲਟਣਾ ਨੂੰ ਸਰ ਰਾਬਰਟ ਡਿੱਕ ਨੇ ਆਪਣੇ ਨਾਲ ਲੈ ਕੇ ਲਾਲ ਸਿੰਘ ਨੇ ਜਿਵੇਂ  ਮੁਖ਼ਬਰੀ ਕਰਕੇ ਅੰਗਰੇਜ਼ਾਂ ਨੂੰ ਦੱਸਿਆ ਸੀ ਉਸ ਮੁਤਾਬਕ ਦੱਖਣੀ ਹਿੱਸੇ ਤੇ ਹੱਲਾ ਬੋਲ ਦਿੱਤਾ। ਤੋਪਾਂ ਦੀ ਮਾਰ ਨੇ ਬਾਹੀ ਵਿੱਚ ਪਾੜ ਪਾ ਦਿੱਤਾ। ਸਿੱਖ ਵੀ ਘੱਟ ਨਹੀਂ ਸਨ ਉਨ੍ਹਾਂ ਨੇ ਤੋਪਾਂ ਦੇ ਅਜਿਹੇ ਗੋਲੇ ਛੱਡੇ ਰਾਬਰਟ ਡਿੱਕ ਨੂੰ ਜ਼ਖ਼ਮੀ ਹੋ ਕੇ ਪਿੱਛੇ ਮੁੜਨਾ ਪਿਆ।
ਇੰਨੇ ਚਿਰ ਨੂੰ ਉੱਥੇ ਸ਼ਾਮ ਸਿੰਘ ਅਟਾਰੀ ਵਾਲਾ ਵੀ ਪਹੁੰਚ ਗਿਆ। ਜਦ ਲਾਲ ਸਿੰਘ ਤੇ ਤੇਜ਼ ਸਿੰਘ ਨੇ ਦੇਖਿਆ ਟੱਕਰ ਫਸਵੀਂ ਚੱਲ ਰਹੀ ਹੈ ਇਸ ਤਰਾਂ ਸਿੱਖਾਂ ਦੀ ਹਾਰ ਕਿਸ ਤਰਾਂ ਹੋਵੇਗੀ ? ਇੱਥੇ ਸ਼ਾਮ ਸਿੰਘ ਅਟਾਰੀ ਵਾਲਾ ਵੀ ਪਹੁੰਚ ਚੁੱਕਿਆ ਹੈ ਤਾਂ ਲਾਲ ਸਿੰਘ ਆਪਣੀ ਫੌਜ਼ ਸਣੇ ਉਥੋਂ ਭੱਜ ਪਿਆ ਥੋੜ੍ਹੇ ਚਿਰ ਬਾਅਦ ਤੇਜ਼ ਸਿੰਘ ਵੀ ਆਪਣੀ ਛੇ ਹਜ਼ਾਰ ਫੌਜ਼ਾਂ ਨੂੰ ਨਾਲ ਲੈ ਕੇ ਭੱਜ ਪਿਆ ਲਾਲ ਸਿੰਘ ਜਾਂਦਾ ਹੋਇਆ ਇੱਕ ਹੋਰ ਮਾੜਾ ਕੰਮ ਕਰ ਗਿਆ ਜੋ ਬਾਰੂਦ ਦੀਆਂ ਬੇੜੀਆਂ ਸਨ ਉਹ ਵੀ ਦਰਿਆ ਵਿੱਚ ਸੁੱਟ ਗਿਆ। ਸਿੱਖਾਂ ਨੇ ਜੋ ਪੁੱਲ ਦਰਿਆ ਦੇ ਉੱਪਰ ਬਾਰੂਦ ਅਤੇ ਰਾਸ਼ਨ ਪਾਣੀ ਲਿਆਉਣ ਲਈ ਬਣਾਇਆ ਸੀ ਉਸ ਦੀ ਰਾਖੀ ਤੇਜ਼ ਸਿੰਘ ਕਰ ਰਿਹਾ ਸੀ ਤੇਜ਼ ਸਿੰਘ ਜਾਂਦਾ ਹੋਇਆ ਤੋਪਾਂ ਦੇ ਗੋਲਿਆਂ ਦਰਿਆ ਨਾਲ ਪੁੱਲ  ਤੋੜ ਗਿਆ। ਸਤਲੁਜ ਦਰਿਆ ਤੋਂ ਪਾਰ ਗੁਲਾਬ ਸਿੰਘ ਇਹਨਾਂ ਨੂੰ ਉਡੀਕ ਰਿਹਾ ਸੀ ਇਹ ਉਸ ਨਾਲ ਚਲੇ ਗਏ।
ਦੂਰ ਮਾਰ ਕਰਨ ਵਾਲੀਆਂ ਤੋਪਾਂ ਜੋ ਦਰਿਆ ਦੇ ਪਿਛਲੇ ਪਾਸੇ ਬੀੜੀਆਂ ਹੋਈਆਂ ਸਨ ਉਨ੍ਹਾਂ ਨੂੰ ਚਲਾਉਣ ਵਾਸਤੇ ਮੁਸਲਮਾਨ ਖੜ੍ਹੇ ਸਨ। ਮੁਸਲਮਾਨ ਵੀ ਤੋਪਾਂ ਦਾ ਮੂੰਹ ਉੱਪਰ ਕਰਕੇ ਚਲਾਉਂਦੇ  ਤਾਂ ਕੇ ਕੋਈ ਗੋਲਾ ਅੰਗਰੇਜ਼ਾਂ ਦੇ ਨਾਂ ਲੱਗੇ ਇਹ ਗੋਲੇ ਅੰਗਰੇਜ਼ਾਂ ਦੇ ਉੱਪਰ ਦੀ ਜਾ ਕੇ ਪਿਛਲੇ ਪਾਸੇ ਡਿੱਗਦੇ।
ਜਦ ਸਿੱਖ ਫੌਜ਼ ਦੇ ਗਦਾਰ ਜਰਨੈਲ ਦੁਸ਼ਮਣਾ ਨਾਲ ਰੱਲ ਕੇ ਭੱਜ ਗਏ। ਫਿਰ ਜਿੱਤ ਦੀ ਆਸ ਕਿਸ ਤੋਂ ਰੱਖੀ ਜਾ ਸਕਦੀ ਸੀ? ਸਿੱਖ ਫੌਜਾਂ ਨੂੰ ਕਮਾਂਡਰ ਦੀ ਘਾਟ ਆ ਗਈ? ਸਿਖਾਂ ਕੋਲ ਬਰੂਦ ਮੁੱਕ ਚੱਲਿਆ ਸੀ ਜਦ ਨਵੀਆਂ ਬਰੂਦ ਦੀਆਂ ਪੇਟੀਆਂ ਖੋਲੀਆਂ ਉਹਨਾਂ ਵਿਚੋਂ ਰੇਤ ਅਤੇ ਸਰੋਂ ਦੇ ਦਾਣੇ ਨਿਕਲਣੇ ਸ਼ੁਰੂ ਹੋ ਗਏ।ਸਿੱਖ ਕੀ ਕਰਦੇ ? ਅੰਗਰੇਜ਼ ਫੌਜ਼ ਸਿੱਖਾਂ ਦੇ ਮੋਰਚਿਆਂ ਵਿੱਚ ਤਿੰਨ ਥਾਵਾਂ ਤੇ ਦਾਖਲ ਹੋ ਗਈ ਫਿਰ ਦਿਲ ਛੱਡ ਚੁੱਕੇ ਸਿੱਖ ਖਿਲਰਨੇ ਸ਼ੁਰੂ ਹੋ ਗਏ।  ਸਿੱਖਾਂ ਕੋਲ ਸ਼ਹੀਦ ਹੋਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਰਹਿ ਗਿਆ ਸੀ। ਦਰਿਆ ਦਾ ਪੁਲ ਤੋੜਿਆ ਹੋਣ ਕਰਕੇ ਸਿੱਖ ਪਿੱਛੇ ਵੀ ਨਹੀਂ ਮੁੜ ਸਕਦੇ ਸਨ।
ਸ਼ਾਮ ਸਿੰਘ ਅਟਾਰੀ ਵਾਲੇ ਦਾ ਚਿੱਟਾ ਸਫ਼ੈਦ ਦਾੜਾ ਚਿੱਟੀ ਸ਼ਫ਼ੈਦ ਪੱਗ ਥੱਲੇ ਚਿੱਟਾ ਘੋੜਾ ਸੀ। ਉਸ ਨੇ ਅੰਗਰੇਜ਼ਾਂ ਮੂਹਰੇ ਹਥਿਆਰ ਸੁੱਟ ਕੇ ਈਨ ਮੰਨ ਕੇ ਬੇ-ਗੈਰਤਾ ਵਾਲੀ ਮੌਤ ਮਰਨ ਨਾਲੋ  ਲੜਾਈ ਲੜ ਕੇ ਹੀ ਮਰਨਾ ਠੀਕ ਸਮਝਿਆ। ਸ਼ਾਮ ਸਿੰਘ ਅਟਾਰੀ ਵਾਲੇ ਨੇ ਸਿੱਖਾਂ ਨੂੰ ਜੋਸ਼ ਭਰੇ ਲਹਿਜ਼ੇ ਨਾਲ ਕਿਹਾ,” ਹੁਣ ਆਖਰੀ  ਹਥਿਆਰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਹੋਈ ਤਲਵਾਰ ਹੀ ਹੈ। ਇਸ ਨੂੰ  ਮਿਆਨ ਵਿੱਚੋਂ ਧੂਹ ਲਵੋ!” ਸ਼ਾਮ ਸਿੰਘ ਅਟਾਰੀ ਵਾਲੇ ਦੇ ਕਹਿਣ ਤੇ ਸਿੱਖਾਂ ਨੇ ਮਿਆਨਾਂ ਵਿੱਚੋਂ ਤਲਵਾਰਾਂ ਕੱਢ ਲਈਆਂ ਹੱਲਾਸ਼ੇਰੀ ਵਿੱਚ ਹੋ ਕੇ ਜੈਕਾਰੇ ਛੱਡਦੇ ਵੈਰੀਆਂ ਤੇ ਢਹਿ ਪਏ।
ਸ਼ਾਮ ਸਿੰਘ ਅਟਾਰੀ ਵਾਲੇ ਨੇ 50 ਨੰਬਰ ਪਲਟਨ ਤੇ ਹੱਲਾ ਬੋਲ ਦਿੱਤਾ। ਅੰਗਰੇਜ਼ਾਂ ਨੇ ਵੀ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ। ਸ਼ਾਮ ਸਿੰਘ ਅਟਾਰੀ ਵਾਲਾ ਤਲਵਾਰ ਨਾਲ ਹੱਥੋ ਹੱਥੀ ਲੜਦਾ ਵੈਰੀਆਂ ਨੂੰ ਮੌਤ ਦੇ ਲੜ ਲਾਉਂਦੇ ਨੇ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਨੂੰ ਮਾਰ ਦਿੱਤਾ। ਫਿਰ ਵੈਰੀਆਂ ਨੇ ਚਾਰੇ ਪਾਸੇ ਤੋਂ ਰਲ ਕੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਘੇਰਾ ਪਾ ਲਿਆ। ਉਹ ਸੂਰਮਾਂ ਸੱਤ ਗੋਲੀਆਂ ਖਾ ਕੇ ਦੁਸ਼ਮਣਾਂ ਦਾ ਟਾਕਰਾ ਕਰਦਾ ਹੋਇਆ ਘੋੜੇ ਤੋਂ ਥੱਲੇ  ਡਿਗਦੇ ਸਾਰ ਹੀ ਸ਼ਹੀਦੀ ਪਾ ਗਿਆ। ਸਰਦਾਰ ਮੇਵਾ ਸਿੰਘ ਤੇ ਸਰਦਾਰ ਜੈਮਲ ਸਿੰਘ ਨਹਿੰਗ ਵੀ ਨਾਲ ਹੀ ਸ਼ਹੀਦ ਹੋ ਗਏ। ਇਹ ਸਿੱਖ ਰਾਜ ਦੀ ਅੰਗਰੇਜ਼ਾ ਨਾਲ ਅਖੀਰਲੀ ਲੜਾਈ ਸੀ ਜੋ ਡੋਗਰਿਆਂ ਦੇ ਧੋਖੇ ਨਾਲ ਅੰਗਰੇਜ਼ਾ ਨੇ ਦੁਪਿਹਰ ਤੱਕ ਜਿੱਤ ਲਈ ਸੀ। ਇਸ ਲੜਾਈ ਦੀ ਹਾਰ ਨਾਲ ਸਿੱਖ ਰਾਜ ਦਾ ਸੂਰਜ ਡੁਬ ਗਿਆ ਸੀ।
‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ..’
ਅੰਗਰੇਜ਼ਾ ਨੇ ਲੜਾਈ ਦੇ ਮੈਦਾਨ ਵਿੱਚੋਂ ਸਿਰਫ ਸ਼ਾਮ ਸਿੰਘ ਅਟਾਰੀ ਵਾਲੇ ਦੇ ਮ੍ਰਿਤਕ ਸਰੀਰ ਨੂੰ ਹੀ ਚੁੱਕਣ ਦਿੱਤਾ। ਇਸ ਦਾ ਸਸਕਾਰ ਅਟਾਰੀ ਵਿਖੇ 12 ਫ਼ਰਵਰੀ 1846 ਨੂੰ ਕੀਤਾ ਗਿਆ। ਇਹਨਾਂ ਦੀ ਸਪੁਤਨੀ ਬੀਬੀ ਦਾਸਾਂ ਨੂੰ ਨਾਲ ਸਤੀ ਕਰ ਦਿੱਤਾ ਗਿਆ। ਇਹਨਾਂ ਦੀ ਸਮਾਧ ਤੇ 10 ਫ਼ਰਵਰੀ ਨੂੰ ਅਟਾਰੀ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
ਸਭਰਾਵਾਂ ਵਿਖੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਗੁਰਦੁਵਾਰਾ ਸਾਹਿਬ ਬਣਿਆ ਹੋਇਆ ਹੈ ਇਥੇ ਵੀ ਸ਼ਹੀਦਾ ਦੀ ਯਾਦ ਵਿਚ 10 ਫ਼ਰਵਰੀ ਨੂੰ ਜੋੜ ਮੇਲਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ  ਹੈ।

Related posts

ਕੌਣ ਸੀ ਸ਼ਾਹ ਮੁਹੰਮਦ ਦੇ ਜੰਗਨਾਮਾ ਵਿੱਚ ਵਰਣਿਤ ਪਹਾੜਾ ਸਿੰਘ ?

admin

‘ਹਰਿਆਣਾ’ ਸ਼ਬਦ ਹਰਿਆਣ ਤੋਂ ਨਹੀਂ, ਸਗੋਂ ਅਹਿਰਾਣਾ ਸ਼ਬਦ ਤੋਂ ਬਣਿਆ ਹੈ: ਡਾ: ਰਾਮਨਿਵਾਸ ‘ਮਾਨਵ’

admin

ਲੋਕਤੰਤਰ ਲਈ ਖ਼ਤਰਾ-ਬੁਲਡੋਜ਼ਰ ਨੀਤੀ !

admin