ਜੋਧਪੁਰ : ਆਪਣੇ ਹਥਿਆਰ ਲਾਇਸੈਂਸ ਦੇ ਸਬੰਧ ਵਿਚ ਝੂਠਾ ਸਹੁੰ ਪੱਤਰ ਪੇਸ਼ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਫਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਜੋਧਪੁਰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਤੋਂ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਅਦਾਕਾਰ ਖ਼ਿਲਾਫ਼ ਸਰਕਾਰ ਦੀ ਅਰਜ਼ੀ ਠੁਕਰਾਉਂਦੇ ਹੋਏ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸੂਬਾ ਸਰਕਾਰ ਹੁਣ ਰਾਜਸਥਾਨ ਹਾਈ ਕੋਰਟ ਵਿਚ ਇਸ ਫ਼ੈਸਲੇ ਨੂੰ ਚੁਣੌਤੀ ਦੇ ਸਕਦੀ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਰਾਘਵੇਂਦਰ ਕਾਛਵਾਲ ਨੇ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ। 9 ਫਰਵਰੀ ਨੂੰ ਦਲੀਲ ਪੂਰੀ ਹੋਣ ਤੋਂ ਬਾਅਦ ਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਹ ਮਾਮਲਾ ਹਥਿਆਰ ਐਕਟ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਅਦਾਕਾਰ ‘ਤੇ ਅਜਿਹਾ ਹਥਿਆਰ ਰੱਖਣ ਦਾ ਦੋਸ਼ ਹੈ ਜਿਸ ਦੇ ਲਾਇਸੈਂਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਉਹ ਇਸ ਦਾ ਇਸਤੇਮਾਲ ਸ਼ਿਕਾਰ ਕਰਨ ਲਈ ਕਰਦੇ ਹਨ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਅਦਾਕਾਰ ਤੋਂ ਹਥਿਆਰਾਂ ਦਾ ਲਾਇਸੈਂਸ ਮੰਗਿਆ ਸੀ। ਸਲਮਾਨ ਨੇ 2003 ਵਿਚ ਕੋਰਟ ‘ਚ ਸਹੁੰ ਪੱਤਰ ਦੇ ਕੇ ਦੱਸਿਆ ਸੀ ਕਿ ਲਾਇਸੈਂਸ ਕਿਤੇ ਗੁਆਚ ਗਿਆ ਹੈ।