Articles

ਜਦ ਹੀਰੋ ਬਣ ਗਏ ਜ਼ੀਰੋ

ਲੇਖਕ: ਚਾਨਣ ਦੀਪ ਸਿੰਘ, ਔਲਖ

ਸੰਯੁਕਤ ਕਿਸਾਨ ਮੋਰਚਾ ਇੱਕ ਅਜਿਹਾ ਅੰਦੋਲਨ ਹੈ ਜੋ ਭਾਰਤ ਵਰਸ਼ ਦੇ ਹਰ ਵਰਗ ਦੀ ਦਿਲੀ ਹਮਾਇਤ ਤਾਂ ਪ੍ਰਾਪਤ ਕਰ ਹੀ ਚੁੱਕਿਆ ਹੈ ਨਾਲ ਦੀ ਨਾਲ ਦੁਨੀਆਂ ਦੇ ਹੋਰ ਕਿੰਨੇ ਹੀ ਦੇਸ਼ਾਂ ਦੀਆਂ ਅਨੇਕਾਂ ਸੰਸਥਾਵਾਂ, ਨੇਤਾ ਅਤੇ ਹੋਰ ਸ਼ਖ਼ਸੀਅਤਾਂ ਵੀ ਕਿਸਾਨ ਮਜ਼ਦੂਰ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੀਆਂ ਹਨ ਜਿਨ੍ਹਾਂ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਪੌਪ ਸਟਾਰ ਰਿਹਾਨਾ, ਵਾਤਾਵਰਨ ਕਾਰਕੁਨ ਗ੍ਰੇਟਾ ਥਰਨਬਰਗ, ਪੋਰਨ ਸਟਾਰ ਰਹਿ ਚੁੱਕੀ ਮੀਆ ਖਲੀਫਾ, ਇੰਗਲੈਂਡ ਦੀ ਇੱਕ ਸਾਂਸਦ ਕਲਾਊਡੀਆ ਆਦਿ ਸ਼ਾਮਲ ਹਨ। ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੇ ਵੀ ਇਸ ਅੰਦੋਲਨ ਲਈ ਮਾਲੀ ਮਦਦ ਭੇਜਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਭਾਰਤੀ ਸੰਗੀਤ ਇੰਡਸਟਰੀ ਵਿੱਚੋਂ ਖਾਸ ਤੌਰ ਤੇ ਪੰਜਾਬੀ ਕਲਾਕਾਰਾਂ ਨੇ ਵੀ ਵੱਧ ਚੜ੍ਹਕੇ ਇਸ ਘੋਲ ਵਿੱਚ ਯੋਗਦਾਨ ਪਾਇਆ ਪਰ ਦੂਜੇ ਪਾਸੇ ਬਾਲੀਵੁੱਡ ਇੰਡਸਟਰੀ ਦੇ ਜ਼ਿਆਦਾਤਰ ਅਦਾਕਾਰ ਇਸ ਮਸਲੇ ਤੇ ਚੁੱਪੀ ਧਾਰੀ ਬੈਠੇ ਹਨ। ਜਦੋਂ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਜਾਂ ਕਿਸਾਨੀ ਪਿਛੋਕੜ ਦੇ ਹਨ। ਇਨ੍ਹਾਂ ਵਿੱਚੋਂ ਦਿਓਲ ਪਰਿਵਾਰ ਤਾਂ ਆਪਣੇ ਆਪ ਨੂੰ ਠੇਠ ਪੰਜਾਬੀ ਜੱਟ ਅਖਵਾਉਂਦਾ ਹੈ। ਭਾਂਵੇ ਫਿਲਮਾਂ ਤੋਂ ਇਲਾਵਾ ਇਸ ਪਰਿਵਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਫਿਰ ਵੀ ਪੰਜਾਬੀਆਂ ਨੇ ਇਸ ਪਰਿਵਾਰ ਦੇ ਹਰ ਇੱਕ ਜੀਅ ਨੂੰ ਮਣਾ ਮੂੰਹੀਂ ਪਿਆਰ ਸਤਿਕਾਰ ਬਖਸ਼ਿਆ। ਸੰਨੀ ਦਿਓਲ ਐਮ. ਪੀ. ਖੜਿਆਂ ਤਾਂ ਪੰਜਾਬੀਆਂ ਨੇ ਹੋਰ ਸਭ ਨੂੰ ਭੁਲਾ ਕੇ ਇਸਨੂੰ ਜਿਤਾਇਆ। ਇਵੇਂ ਮਹਿਸੂਸ ਹੁੰਦਾ ਸੀ ਕਿ ਇਹ ਬੰਦਾ ਜਿਵੇਂ ਫਿਲਮਾਂ ਵਿੱਚ ਹੱਕ ਸੱਚ ਦੇ ਪੱਖ ਵਿੱਚ ਡਟਦਾ ਹੈ ਉਵੇਂ ਹੀ ਅਸਲੀਅਤ ਵਿੱਚ ਵੀ ਡਟੇਗਾ। ਪਰ ਅਫਸੋਸ ਉਹ ਤਾਂ ਮੋਦੀ ਦੀ ਗੋਦੀ ਅਜਿਹਾ ਵੜਿਆ ਕਿ ਢਾਈ ਕਿਲੋ ਦਾ ਹੱਥ ਬੱਸ ਮੋਦੀ ਦੀਆਂ ਮੱਖੀਆਂ ਝੱਲਣ ਜੋਗਾ ਰਹਿ ਗਿਆ ਅਤੇ ਪੰਜਾਬ ਦਾ ਪੁੱਤਰ ਧਰਮ ਵੀ ਕੁੱਝ ਨਹੀਂ ਬੋਲ ਰਿਹਾ। ਇਨ੍ਹਾਂ ਤੋਂ ਇਲਾਵਾ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਆਦਿ ਹੋਰ ਅਨੇਕਾਂ ਬਾਲੀਵੁੱਡ ਅਭਿਨੇਤਾ ਅਤੇ ਕਪਿਲ ਸ਼ਰਮਾ ਵਰਗੇ ਕਮੇਡੀਅਨ ਇਸ ਮੌਕੇ ਮੂੰਹ ਤੇ ਤਾਲਾ ਲਾਈ ਬੈਠੇ ਹਨ। ਇਨ੍ਹਾਂ ਵਿੱਚੋਂ ਕੁਝ ਕੁ ਅਦਾਕਾਰ ਅਤੇ ਮਸ਼ਹੂਰ ਖਿਡਾਰੀ ਬੋਲੇ ਵੀ ਪਰ ਉਹ ਵੀ ਮੋਦੀ ਦੇ ਤੋਤੇ ਬਣ ਕੇ ਹੀ ਬੋਲੇ। ਅਜ਼ੇ ਦੇਵਗਨ, ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਸਚਿਨ ਤੇਂਦੁਲਕਰ ਆਦਿ ਸਭ ਸਰਕਾਰ ਦੇ ਹੱਕ ਵਿੱਚ ਹੀ ਭੁਗਤੇ। ਐਮ. ਪੀ. ਬਣੀ ਹੇਮਾ ਜੀ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਦਾ ਹੀ ਪਤਾ ਨਹੀਂ।ਕੰਗਨਾ ਰਣੌਤ ਨੇ ਤਾਂ ਧਰਨੇ ਵਿੱਚ ਸ਼ਾਮਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਬੁਰਾ ਭਲਾ ਬੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਲੱਖ ਲਾਹਨਤ ਹੈ ਅਜਿਹੇ ਹੀਰੋਆਂ ਤੇ ਜੋ ਲੋਕਾਂ ਦੇ ਸਿਰ ਤੇ ਨਾਮ ਤੇ ਸ਼ੌਹਰਤ ਖੱਟਦੇ ਹਨ, ਲੋਕਾਂ ਤੇ ਹੋ ਰਹੇ ਜ਼ੁਲਮ ਲਈ ਦਿਖਾਵਾ ਮਾਤਰ ਲੜਾਈ ਲੜਦੇ ਹਨ ਪਰ ਜਦੋਂ ਅਸਲੀਅਤ ਵਿੱਚ ਲੋਕਾਂ ਦੇ ਨਾਲ ਖੜ੍ਹਨ ਦਾ ਮੌਕਾ ਆਉਂਦਾ ਹੈ ਤਾਂ ਜਾਂ ਤਾਂ ਖੁੱਡ ਵਿੱਚ ਲੁਕ ਜਾਂਦੇ ਹਨ ਜਾਂ ਸਰਕਾਰੀ ਬੋਲੀ ਬੋਲਦੇ ਹਨ। ਅਸਲ ਵਿੱਚ ਇਹ ਹੀਰੋ ਨਹੀਂ ਜ਼ੀਰੋ ਹਨ।

ਇਨ੍ਹਾਂ ਨਾਲੋਂ ਤਾਂ ਪੰਜਾਬੀ ਕਲਾਕਾਰ ਹਜ਼ਾਰ ਗੁਣਾ ਚੰਗੇ ਹਨ ਜੋ  ਬਿਨਾਂ ਕਿਸੇ ਡਰ ਤੋਂ ਕਿਸਾਨ ਅੰਦੋਲਨ ਵਿੱਚ ਜੋਸ਼ ਭਰਨ ਵਾਲੇ ਗੀਤ ਗਾ ਰਹੇ ਹਨ ਅਤੇ ਕਨਵਰ ਗਰੇਵਾਲ, ਬੱਬੂ ਮਾਨ ਵਰਗੇ ਅਨੇਕਾਂ ਹੀ ਗਾਇਕ ਕਿਸਾਨਾਂ ਦੇ ਮੌਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin