Articles

 ਜਿੰਦਗੀ ਵਿੱਚ  ਹੱਸਣਾ ਵੀ ਸਿੱੱਖੋ

Smiling women
ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਸੋਹਣੀ ਜ਼ਿੰਦਗੀ ਜਿਉਣ ਲਈ ਬਹੁਤ ਸਾਰੇ ਤੱਤ ਜ਼ਰੂਰੀ ਹੁੰਦੇ ਹਨ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਤੱਤ ਹੈ ਹਾਸ-ਰਸ ਦੀ ਕਲਾ। ਜੇਕਰ ਤੁਹਾਡੇ ਵਿੱਚ ਇਹ ਤੱਤ ਮੌਜੂਦ ਨਹੀਂ ਹੈ ਤਾਂ ਤੁਸੀਂ ਇਨਸਾਨ ਨਹੀਂ ਮਸ਼ੀਨ ਹੋ। ਮਸ਼ੀਨ ਦਾ ਕੰਮ ਹੁੰਦਾ ਆਪਣਾ ਕੰਮ ਕਰੀ ਜਾਣਾ ਅਤੇ ਅੰਤ ਵਿੱਚ ਖ਼ਰਾਬ ਹੋ ਕੇ ਖਤਮ ਹੋ ਜਾਣਾ। ਹਾਸੇ-ਮਜ਼ਾਕ ਤੋਂ ਸੱਖਣਾ ਵਿਅਕਤੀ ਵੀ ਇਸੇ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਜਾਂਦਾ ਹੈ। ਮੈਂ ਅਕਸਰ ਲੋਕਾਂ ਨੂੰ ਉਦਾਸ ਮੂੰਹ ਲੈ ਕੇ ਕੰਮ ਤੇ ਜਾਂਦੇ ਜਾਂ ਕੰਮ ਕਰਦੇ ਦੇਖਦਾ ਹਾਂ। ਕਈ ਵਾਰ ਤਾਂ ਉਦਾਸੀ ਦਾ ਆਲਮ ਇੱਥੋਂ ਤੱਕ ਹੁੰਦਾ ਹੈ ਕਿ ਲੋਕ ਵਿਆਹਾਂ-ਸ਼ਗਨਾਂ ਦੇ ਮੌਕਿਆਂ ਤੇ ਵੀ ਉਤਰੇ ਜਿਹੇ ਮੂੰਹ ਲੈ ਤੁਰੇ ਫ਼ਿਰਦੇ ਨਜ਼ਰ ਆਉਂਦੇ ਹਨ। ਪਤਾ ਨਹੀਂ ਜ਼ਿੰਦਗੀ ਦਾ ਉਹਨਾਂ ਤੇ ਐਡਾ ਕਿੱਡਾ ਕੁ ਬੋਝ ਹੁੰਦਾ ਹੈ ਕਿ ਖੁਸ਼ੀ ਦੇ ਮੌਕੇ ਤੇ ਵੀ ਹੱਸਣਾ ਭੁੱਲ ਜਾਂਦੇ ਹਨ। ਦੁੱਖ, ਚਿੰਤਾਵਾਂ, ਪ੍ਰੇਸ਼ਾਨੀਆਂ, ਉਲਝਣਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਕੋਈ ਮਨੁੱਖ ਇਹਨਾਂ ਤੋਂ ਸੱਖਣਾ ਨਹੀਂ ਰਹਿ ਸਕਦਾ। ਪਰ ਇਹਨਾਂ ਸਭ ਦੇ ਬਾਵਜੂਦ ਸਾਡੇ ਕੋਲ ਖੁਸ਼ ਹੋਣ ਦੇ ਵੀ ਬਹੁਤ ਮੌਕੇ ਹੁੰਦੇ ਹਨ। ਸਾਡੀ ਬਦਕਿਸਮਤੀ ਇਹ ਹੁੰਦੀ ਹੈ ਕਿ ਅਸੀਂ ਬੋਝ ਥੱਲੇ ਖ਼ੁਦ ਨੂੰ ਐਨਾ ਦੱਬ ਲੈਂਦੇ ਹਾਂ ਕਿ ਹਾਸੇ ਕਿੱਧਰੇ ਗਵਾਚ ਹੀ ਜਾਂਦੇ ਨੇ। ਇਹਨਾਂ ਹਾਸਿਆਂ ਨੂੰ ਗਵਾਚਣ ਤੋਂ ਪਹਿਲਾਂ ਹੀ ਬੋਚ ਲੈਣਾ ਜ਼ਰੂਰੀ ਹੈ। ਸੋ ਹਾਲਾਤ ਨੂੰ ਸੁਖਾਵੇਂ ਕਰਨ ਲਈ ਝੂਠ-ਮੂਠ ਦਾ ਖੁਸ਼ ਹੋਣ ਵਿੱਚ ਵੀ ਕੋਈ ਹਰਜ਼ ਨਹੀਂ ਹੈ।

ਇੱਕ ਹੋਰ ਕਾਰਨ ਹੈ ਜੋ ਸਾਡੇ ‘ਚੋਂ ਹਾਸ-ਰਸ ਨੂੰ ਖ਼ਤਮ ਕਰਦਾ ਜਾ ਰਿਹਾ ਹੈ। ਉਹ ਹੈ ਸਾਡਾ ਖ਼ੁਦ ਨੂੰ ਬਹੁਤ ਸਿਆਣੇ ਸਮਝਣਾ। ਮਾੜੀ-ਮੋਟੀ ਪ੍ਰਾਪਤੀ ਨਾਲ ਅਸੀਂ ਖ਼ੁਦ ਨੂੰ ਬਹੁਤ ਸਮਝਦਾਰ ਸਮਝਣ ਲੱਗ ਪੈਂਦੇ ਹਾਂ ਅਤੇ ਸੋਚਦੇ ਹਾਂ ਕਿ ਜੇ ਮੈਂ ਕੋਈ ਕਮਲ ਮਾਰਿਆ ਤਾਂ ਲੋਕ ਮੇਰੇ ਬਾਰੇ ਪਤਾ ਨਹੀਂ ਕੀ ਸੋਚਣਗੇ। ਫ਼ਿਕਰ ਨਾ ਕਰੋ ਤੁਸੀਂ ਐਨੇ ਮਸ਼ਹੂਰ ਨਹੀਂ ਹੋ ਕਿ ਲੋਕ ਸਦਾ ਤੁਹਾਡੇ ਵੱਲ ਹੀ ਧਿਆਨ ਦੇਈ ਜਾਣ। ਤੇ ਤੁਸੀਂ ਕਿੰਨੇ ਵੀ ਚੰਗੇ ਕੰਮ ਕਰ ਲਵੋ, ਨੁਕਸ ਲੱਭਣ ਵਾਲੇ ਨੇ ਤਾਂ ਲੱਭ ਹੀ ਲੈਣਾ। ਸੋ ਆਪਣੀ ਮਿਹਨਤ, ਲਗਨ ਅਤੇ ਕੰਮ ਦੇ ਨਾਲ-ਨਾਲ ਹੱਸਣਾ ਨਾ ਭੁੱਲੋ। ਆਪਣੀ ਸਿਆਣਪ ਨੂੰ ਜੇਬ੍ਹ ਵਿਚ ਪਾ ਕੇ ਨਾ ਰੱਖਿਆ ਕਰੋ ਸਦਾ। ਘਰੇ ਵੀ ਛੱਡ ਆਇਆ ਕਰੋ। ਕਦੇ ਕਦੇ ਇਸਨੂੰ ਭੁੱਲ ਕੇ ਕੋਈ ਕਮਲ ਵੀ ਮਾਰ ਲਿਆ ਕਰੋ, ਯਾਰਾਂ-ਦੋਸਤਾਂ ਨਾਲ ਹੱਸ-ਖੇਡ ਲਿਆ ਕਰੋ। ਐਂਵੇ ਹੀ ਨਾ ਘਮੰਡ ‘ਚ ਤੁਰੇ ਫਿਰਿਆ ਕਰੋ ਕਿ ਅਸੀਂ ਪਤਾ ਨਹੀਂ ਕੀ ਹਾਂ। ਇੱਥੇ ਕੋਈ ਕੁਝ ਵੀ ਨਹੀਂ ਹੈ। ਇੱਕ ਜ਼ਿੰਦਾ ਇਨਸਾਨ ਅਤੇ ਉਸਦੇ ਲਾਸ਼ ਹੋਣ ਵਿੱਚ ਕੁਝ ਪਲ ਦਾ ਫ਼ਾਸਲਾ ਹੀ ਹੁੰਦਾ ਹੈ ਅਤੇ ਉਹ ਪਲ ਕਦੋਂ ਆ ਜਾਵੇ ਕਿਸੇ ਨੂੰ ਨਹੀਂ ਪਤਾ। ਉਸ ਪਲ ਦੇ ਆਉਣ ਤੋਂ ਪਹਿਲਾਂ ਜ਼ਿੰਦਗੀ ਨੂੰ ਜਿਉਣਾ ਜ਼ਰੂਰ ਸਿੱਖ ਲਓ।
ਨੋਟ: ਮੈਂ ਤਾਂ ਖ਼ੁਦ ਕਦੇ ਆਪਣੇ ਆਪ ਨੂੰ ਸਿਆਣਾ ਨਹੀਂ ਸਮਝਿਆ। ਅਤੇ ਲੋਕ ਕੀ ਸੋਚਦੇ ਨੇ ਇਸ ਗੱਲ ਦੀ ਮੈਂ ਬਹੁਤੀ ਕਦੇ ਪਰਵਾਹ ਕੀਤੀ ਨਹੀਂ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin