
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਅੰਨ ਦੀ ਪੂਰਤੀ ਸਮੇਂ ਦੀ ਸਰਕਾਰ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ । ਕਿਸਾਨ ਭਾਰਤ ਦੇਸ਼ ਦੇ ਲੋਕਾਂ ਦਾ ਉਹ ਵਰਗ ਹੈ ਜਿਸ ਨੇ ਭਾਰਤ ਦੇ ਅੰਨ ਦੇ ਭਾਂਡੇ ਦੇ ਮੋਰੀਆਂ ਵਾਲੇ ਥੱਲੇ ਦੇ ਛੇਕਾਂ ਨੂੰ ਹੀ ਬੰਦ ਨਹੀਂ ਕੀਤਾ ਬਲਕਿ ਇਸ ਖਾਲੀ ਭਾਂਡੇ ਨੂੰ ਨੱਕੋ ਨੱਕ ਭਰ ਕੇ ਵੰਡ ਦੇਣ ਦੇ ਯੋਗ ਬਣਾਇਆ । ਇੱਥੇ ਇਹ ਗੱਲ ਸਪੱਸ਼ਟ ਕਰਨੀ ਪਵੇਗੀ ਕਿ ਜਦੋਂ ਆਜ਼ਾਦ ਹੋਣ ਤੋਂ ਬਾਦ ਭਾਰਤ ਕਿਸੇ ਦੇਸ਼ ਤੋਂ ਅੰਨ ਮੰਗਦਾ ਸੀ ਤਾਂ ਉਹ ਦੇਸ਼ ਮਖੌਲ ਕਰਦੇ ਸਨ ਕਿ ਕਿੰਨਾ ਅੰਨ ਮੰਗੋਗੇ ਤੁਹਾਡੇ ਅੰਨ ਪਾਉਣ ਵਾਲੇ ਭਾਂਡੇ ਦਾ ਥੱਲਾ ਤਾਂ ਹੈ ਨਹੀਂ ਕਿਓਂਕਿ ਦੇਸ਼ ਦੀ ਆਬਾਦੀ ਸਾਡੀ ਅਨਾਜ ਉਪਜ ਤੋਂ ਕਾਫੀ ਜਿਆਦਾ ਸੀ । ਪਰ ਦੇਸ਼ ਦੇ ਕਿਸਾਨਾਂ ਅਤੇ ਕਿਰਤੀਆਂ ਨੇ ਇਸ ਨੂੰ ਵੰਗਾਰ ਮੰਨ ਕੇ ਇੰਨੀ ਮਿਹਨਤ ਕੀਤੀ ਕਿ ਛੇਤੀ ਹੀ ਦੇਸ਼ ਨੂੰ ਅੰਨ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾ ਦਿੱਤਾ ਅਤੇ ਕੁੱਝ ਦਹਾਕਿਆਂ ਵਿੱਚ ਹੀ ਦੇਸ਼ ਨੂੰ ਅੰਨ ਵੰਡਣ ਦੇ ਯੋਗ ਬਣਾ ਦਿੱਤਾ । ਇਸੇ ਕਰਕੇ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਮੰਨਿਆਂ ਜਾਣ ਲੱਗਾ । ਅੱਜ ਦੇ ਭਾਰਤ ਦੇਸ਼ ਨੂੰ ਪੈਰਾਂ ਤੇ ਖੜ੍ਹਾ ਕਰਨ ਵਿੱਚ ਕਿਸਾਨਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ । ਇਸ ਕਰਕੇ ਮਨੁੱਖ ਅਤੇ ਦੇਸ਼ ਦੀ ਮੁੱਢਲੀ ਜਰੂਰਤ ਦੀ ਪੂਰਤੀ ਅਤੇ ਦਰਪੇਸ਼ ਸਭ ਤੋਂ ਵੱਡੀ ਚੁਣੌਤੀ ਦੇ ਹੱਲ ਵਿੱਚ ਦੇਸ਼ ਦੇ ਕਿਰਤੀ ਅਤੇ ਕਿਸਾਨ ਦੀ ਮਿਹਨਤ, ਕੁਰਬਾਨੀ ਅਤੇ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ । ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੂੰਜੀਪਤੀਆਂ ਹੱਥ ਚੜ੍ਹ ਕੇ ਸਾਡੀ ਮੌਜੂਦਾ ਸਰਕਾਰ ਕਿਸਾਨ ਦੇ ਇਸ ਬਲੀਦਾਨ ਨੂੰ ਭੁਲਾ ਕੇ ਕਿਸਾਨ ਦੀ ਉਪਜ ਅਤੇ ਜਮੀਨ ਨੂੰ ਇਸ ਤੋਂ ਖੋਹਣ ਤੇ ਉਤਾਰੂ ਹੋ ਗਈ ਹੈ । ਕਿਸੇ ਦੇਸ਼ ਦੀ ਹਕੂਮਤ ਨੂੰ ਆਰਥਿਕ ਜਾਂ ਸਿਆਸੀ ਲਾਭਾਂ ਖਾਤਰ ਏਨਾ ਅਕ੍ਰਿਤਘਣ ਨਹੀਂ ਹੋਣਾ ਚਾਹੀਦਾ । ਸਾਡੇ ਦੇਸ਼ ਵਿੱਚ ਰੁੱਖ, ਕੁੱਖ, ਦੁੱਖ ਅਤੇ ਮਨੁੱਖ ਦਾ ਤਾਂ ਪਹਿਲਾਂ ਹੀ ਬਹੁਤ ਜਿਆਦਾ ਅਤੇ ਬੇਰਹਿਮੀ ਦੀ ਹੱਦ ਤੱਕ ਵਪਾਰੀਕਰਨ ਹੋ ਚੁੱਕਿਆ ਹੈ ਅਤੇ ਕਾਰਪੋਰੇਟ ਹੱਥ ਵਿਕ ਚੁੱਕੀ ਸਰਕਾਰ ਹੁਣ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਲਿਆ ਕੇ ਭੁੱਖ ਨੂੰ ਵੀ ਵਪਾਰ ਦੇ ਘੇਰੇ ਅੰਦਰ ਲਿਆਉਣ ਤੇ ਤੁਲੀ ਹੋਈ ਹੈ । ਆਵਾਜਾਈ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ਨਤੀਜੇ ਅਸੀਂ ਦੇਖ ਚੁੱਕੇ ਹਾਂ ਕਿ ਕਿਵੇਂ ਇਹ ਆਮ ਬੰਦੇ ਦਾ ਬੇਦਰਦੀ ਨਾਲ ਕਚੂੰਮਰ ਕੱਢ ਰਹੇ ਹਨ । ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਜੇਕਰ ਕਾਰਪੋਰੇਟ ਹੱਥੋਂ ਖੇਤੀ ਦਾ ਵਪਾਰੀਕਰਨ ਹੋ ਜਾਂਦਾ ਹੈ ਤਾਂ ਆਮ ਲੋਕਾਂ ਵਲੋਂ ਦੜਿਆਂ, ਕੁਇੰਟਲਾਂ ਅਤੇ ਦਹਾਈਆਂ ਵਿੱਚ ਤੋਲ-ਮਾਪ ਕੇ ਖਰੀਦਿਆ ਜਾਣ ਵਾਲਾ ਅਨਾਜ, ਸਬਜੀ ਅਤੇ ਦੁੱਧ ਪਹਿਲਾਂ ਕਿੱਲੋਆਂ, ਲਿਟਰਾਂ ਅਤੇ ਗਰਾਮਾਂ ਵਿੱਚ ਅਤੇ ਫਿਰ ਸਮਾਂ ਪਾ ਕੇ ਦਾਣਿਆਂ, ਨਗਾਂ ਅਤੇ ਚਮਚਿਆਂ ਦੀ ਮਿਣਤੀ ਵਿੱਚ ਮਿਲਣ ਲੱਗੇਗਾ । ਇਟਰਨੈੱਟ ਅਤੇ ਹੋਰ ਪੈਕਿੰਗ ਵਾਲੀਆਂ ਵਸਤਾਂ ਦੀ ਤਰ੍ਹਾਂ ਰੇਟ ਚਾਹੇ ਉਹੀ ਰਹੇ ਪਰ ਮਾਤਰਾ ਘਟਦੀ ਜਾਵੇਗੀ । ਬਚਪਨ ਵਿੱਚ ਕਿਸੇ ਬਜ਼ੁਰਗ ਦੀ ਮਜ਼ਾਕ ਵਿੱਚ ਕਹੀ ਗੱਲ ਯਾਦ ਆ ਰਹੀ ਹੈ ਕਿ ਕਦੇ ਕਮਜੋਰੀ ਦੇ ਮਾਰੇ ਲੋਕਾਂ ਨੂੰ ਦੁੱਧ ਦੇ ਟੀਕੇ ਲਗਵਾਉਣੇ ਪਿਆ ਕਰਨਗੇ, ਜੇਕਰ ਸਰਕਾਰ ਖੇਤੀ ਨੂੰ ਪੂੰਜੀਵਾਦੀਆਂ ਦੇ ਹੱਥਾਂ ਵਿੱਚ ਦੇ ਦਿੰਦੀ ਹੈ ਤਾਂ ਇਹ ਦਿਨ ਵੀ ਦੂਰ ਨਹੀਂ ਰਹਿਣਗੇ ਜਦੋਂ ਦੇਸ਼ ਦੀ ਗਰੀਬ ਜਨਤਾ ਭੁੱਖਮਰੀ ਦੀ ਸ਼ਿਕਾਰ ਹੋ ਜਾਵੇਗੀ । ਜਨਤਾ ਦੇ ਪੇਟੋਂ ਭੁੱਖੀ ਹੁੰਦਿਆਂ ਕੋਈ ਵੀ ਦੇਸ਼ ਤਰੱਕੀ ਤਾਂ ਕੀ ਆਤਮ ਨਿਰਭਰ ਵੀ ਨਹੀਂ ਰਹਿ ਸਕਦਾ । ਭਾਰਤ ਵਰਗੇ ਕਿਸੇ ਵੀ ਖੇਤੀ ਪ੍ਰਧਾਨ ਦੇਸ਼ ਦੀ ਉਸਾਰੀ ਅਤੇ ਤਰੱਕੀ ਵਿੱਚ ਕਿਰਤੀਆਂ ਅਤੇ ਕਿਸਾਨਾਂ ਦਾ ਬਹੁਤ ਵਡਮੁੱਲਾ ਯੋਗਦਾਨ ਹੁੰਦਾ ਹੈ ਇਸ ਅਧਾਰ ਨੂੰ ਠੇਸ ਪਹੁੰਚਾ ਕੇ ਅਜਿਹੇ ਦੇਸ਼ ਬਹੁਤੀ ਦੇਰ ਸਥਿਰ ਨਹੀਂ ਰਹਿ ਸਕਦੇ । ਖੇਤ, ਖੇਤੀ ਅਤੇ ਖੇਤੀ ਕਰਨ ਵਾਲਿਆਂ ਦਾ ਜਿੱਥੇ ਆਪਸ ਵਿੱਚ ਵੀ ਗੂਹੜਾ ਰਿਸ਼ਤਾ ਹੈ ਉੱਥੇ ਇਹ ਕਾਦਰ, ਕੁਦਰਤ ਅਤੇ ਵਾਤਾਵਰਨ ਦੇ ਵੀ ਬਹੁਤ ਨੇੜੇ ਹੋ ਕੇ ਵਿਚਰਦੇ ਹਨ । ਪੈਸੇ, ਲਾਲਚ ਅਤੇ ਲਾਲਸਾ ਖਾਤਰ ਇਸ ਨੇੜਤਾ ਤੇ ਰਿਸ਼ਤੇ ਨੂੰ ਤੋੜਨਾ ਕਦੇ ਵੀ ਦੇਸ਼ ਅਤੇ ਮਨੁੱਖਤਾ ਦੇ ਹਿਤ ਵਿੱਚ ਨਹੀਂ ਹੋਵੇਗਾ । ਦੇਸ਼ ਦੇ ਹੇਠਲੇ ਵਰਗ ਲਈ ਤਾਂ ਅੱਜ ਵੀ ਰੋਟੀ ਦਾ ਪ੍ਰਬੰਧ ਕਰਨਾ ਮੁਹਾਲ ਹੈ ਜੇਕਰ ਖੇਤੀ ਅਤੇ ਉਪਜ ਪੂੰਜੀਵਾਦ ਦੇ ਸਿੱਧੀ ਹੱਥਾਂ ਵਿੱਚ ਚਲੀ ਗਈ ਤਾਂ ਮੱਧ ਅਤੇ ਉੱਪਰਲੇ ਵਰਗ ਲਈ ਵੀ ਰੋਟੀ ਚੁਣੌਤੀ ਬਣ ਜਾਵੇਗੀ । ਲੋਕਾਂ ਦੀ ਭੁੱਖ ਨੂੰ ਸਸਤੇ ਵਿੱਚ ਤ੍ਰਿਪਤ ਕਰਨ ਵਾਲੀ ਖੇਤੀ ਦਾ ਪੂੰਜੀਵਾਦੀਆਂ ਹੱਥ ਵਪਾਰੀਕਰਨ ਹੋ ਜਾਣ ਤੇ ਕਾਰਪੋਰੇਟ ਤਾਂ ਮਜਬੂਤ ਹੋ ਜਾਵੇਗਾ ਪਰ ਦੇਸ਼ ਮਜ਼ਬੂਤ ਹਰਗਿਜ਼ ਨਹੀਂ ਹੋਵੇਗਾ ਉਲਟਾ ਜਨਤਾ ਕਮਜ਼ੋਰ ਹੋ ਜਾਵੇਗੀ ਅਤੇ ਕਮਜੋਰ ਜਨਤਾ ਕਦੇ ਵੀ ਮਜਬੂਤ ਦੇਸ਼ ਜਾਂ ਹਕੂਮਤ ਨਹੀਂ ਸਿਰਜ ਸਕੇਗੀ । ਇਸ ਕਰਕੇ ਦੇਸ਼ ਦੀ ਖੇਤੀ ਨੂੰ ਕਿਸਾਨਾਂ ਅਤੇ ਕਿਰਤੀਆਂ ਦੇ ਹੱਥਾਂ ਵਿੱਚ ਰਹਿਣ ਦੇਣਾ ਹੀ ਦੇਸ਼, ਜਨਤਾ ਅਤੇ ਮਨੁੱਖਤਾ ਦੇ ਹਿਤ ਵਿੱਚ ਹੈ ।