
ਪੰਜਾਬੀ ਦੋਗਾਣਾ ਗਾਇਕੀ ਦੇ ਖੇਤਰ ਵਿੱਚ ਚਮਕੀਲਾ ਤੇ ਅਮਰਜੋਤ ਦਾ ਨਾਂ ਅੱਜ ਵੀ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਜਿੰਨੀ ਗਹਿਰਾਈ ’ਚ ਜਾਕੇ ਚਮਕੀਲਾ-ਅਮਰਜੋਤ ਨੇ ਗਾਇਆ ਉਹ ਹੋਰ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਇਆ ਹੈ। ਅਸਲ ਵਿੱਚ ਦੋਗਾਣਾ ਗਾਇਕੀ ਨੂੰ ਸਿਖਰ ਤੇ ਪਹੁੰਚਾਉਣ ਵਿੱਚ ਅਮਰਜੋਤ ਤੇ ਚਮਕੀਲਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। 33 ਸਾਲ ਹੋ ਚੁੱਕੇ ਹਨ ਇਸ ਗਾਇਕ ਜੋੜੀ ਨੂੰ ਇਸ ਜਹਾਨ ਤੋਂ ਰੁਖ਼ਸਤ ਹੋਇਆ ਨੂੰ ਪਰ ਅੱਜ ਵੀ ਉਨ੍ਹਾਂ ਦੀ ਲੋਕਪਿ੍ਰਅਤਾ ਉਸੇ ਤਰ੍ਹਾਂ ਬਰਕਰਾਰ ਹੈ।
ਚਮਕੀਲੇ ਦਾ ਜਨਮ 10 ਜੁਲਾਈ, 1960 ਨੂੰ ਪਿੰਡ ਦੱੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਧਨੀ ਰਾਮ (ਚਮਕੀਲੇ ਦਾ ਪਹਿਲਾ ਨਾਂ) ਨੂੰ ਬਚਪਨ ਵਿੱਚ ਹੀ ਸੰਗੀਤ ਨਾਲ ਬਹੁਤ ਲਗਾਓ ਸੀ। ਛੋਟੀ ਉਮਰ ਵਿੱਚ ਹੀ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਚਮਕੀਲੇ ਨੇ ਕਈ ਮਿਹਨਤ-ਮੁਸ਼ੱਕਤ ਵਾਲੇ ਕੰਮ ਕੀਤੇ ਤੇ ਨਾਲ ਨਾਲ ਸੰਗੀਤ ਦਾ ਸ਼ੌਕ ਵੀ ਜਾਰੀ ਰੱਖਿਆ। ਢੋਲਕ ਮਾਸਟਰ ਕੇਸਰ ਸਿੰਘ ਟਿੱਕੀ ਦੀ ਮਦਦ ਨਾਲ ਪਹਿਲਾਂ ਚਮਕੀਲਾ ਗਾਇਕ ਸੁਰਿੰਦਰ ਛਿੰਦੇ ਨੂੰ ਮਿਲਿਆ ਤੇ ਫਿਰ ਉਸਦੇ ਨਾਲ ਪ੍ਰੋਗਰਾਮਾਂ ਤੇ ਜਾਣ ਲੱਗਾ। ਇਸ ਸਮੇਂ ਦੌਰਾਨ ਸਟੇਜ ਤੇ ਸਮਾਂ ਮਿਲਣ ਤੇ ਚਮਕੀਲਾ ਇਕ ਦੋ ਗੀਤ ਵੀ ਗਾ ਦਿੰਦਾ ਸੀ। ਉਸ ਸਮੇਂ ਦੌਰਾਨ ਕਈ ਮਸ਼ਹੂਰ ਦੋਗਾਣਾ ਜੋੜੀਆਂ ਨਾਲ ਪ੍ਰੋਗਰਾਮਾਂ ਤੇ ਜਾਣ ਨਾਲ ਚਮਕੀਲਾ ਮਾਰਕੀਟ ’ਚ ਆਉਣ ਤੋਂ ਪਹਿਲਾਂ ਹੀ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਸੀ। ਉਦੋਂ ਅਖਾੜੇ ਦੌਰਾਨ ਲੋਕ ਇਹ ਕਹਿੰਦੇ ਸੀ ਕਿ ਅਸੀਂ ਦੂਜੇ ਕਲਾਕਾਰ ਨੂੰ ਬਥੇਰਾ ਸੁਣ ਲਿਆ, ਹੁਣ ਇਸ ਨਵੇਂ ਮੁੰਡੇ ਦੇ ਕੁੱਝ ਗੀਤ ਵੀ ਸੁਣ ਲਈਏ। ਇਸੇ ਤਰ੍ਹਾਂ ਇਕ ਸਟੇਜ ਤੇ ਗਾਉਂਦੇ ਚਮਕੀਲੇ ਨੂੰ ਸੁਣ ਕੇ ਪ੍ਰਸਿੱਧ ਗੀਤਕਾਰ ਸਵ. ਸਨਮੁਖ ਸਿੰਘ ਆਜ਼ਾਦ ਨੇ ਉਸਦਾ ਨਾਂ ਧਨੀ ਰਾਮ ਸੰਦੀਲਾ ਤੋਂ ਬਦਲ ਕੇ ਅਮਰ ਸਿੰਘ ਚਮਕੀਲਾ ਰੱਖਿਆ ਤੇ ਸਟੇਜ ਤੋਂ ਅਨਾਊਂਸ ਕੀਤਾ ਕਿ ਇਸ ਮੁੰਡੇ ਦਾ ਨਾਂ ਆਉਣ ਵਾਲੇ ਸਮੇਂ ਵਿੱਚ ਸੰਸਾਰ ਵਿੱਚ ਚਮਕੇਗਾ।
ਚਮਕੀਲੇ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਸ ਨੂੰ ਗੀਤ ਲੈਣ ਲਈ ਕਿਸੇ ਦੂਜੇ ਗੀਤਕਾਰ ਕੋਲ ਤਰਲੇ ਨਹੀਂ ਮਾਰਨੇ ਪੈਂਦੇ ਸੀ। ਚਮਕੀਲਾ ਸਭ ਤੋਂ ਪਹਿਲਾਂ ਸੰਨ 1977 ਵਿੱਚ ਇਕ ਗੀਤਕਾਰ ਵੱਜੋਂ ਮਾਰਕੀਟ ਵਿੱਚ ਆਇਆ ਜਦੋਂ ਉਸਦਾ ਲਿਖਿਆ ਪਹਿਲਾ ਗੀਤ ‘ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ’ ਸੁਰਿੰਦਰ ਸੋਨੀਆ ਤੇ ਸੁਰਿੰਦਰ ਛਿੰਦਾ ਦੀ ਆਵਾਜ਼ ’ਚ ਰਿਕਾਰਡ ਹੋਇਆ ਜੋ ਬਹੁਤ ਹੀ ਮਕਬੂਲ ਹੋਇਆ। ਛਿੰਦੇ ਤੋਂ ਇਲਾਵਾ ਉਸ ਸਮੇਂ ਪੰਜਾਬ ਦੇ ਨਾਮਵਰ ਕਲਾਕਾਰਾਂ ਨਰਿੰਦਰ ਬੀਬਾ, ਜਗਮੋਹਣ ਕੌਰ, ਸੀਤਲ ਸਿੰਘ ਸੀਤਲ, ਪਿਆਰਾ ਸਿੰਘ ਪੰਛੀ, ਪ੍ਰੋਮਿਲਾ ਪੰਮੀ, ਅਜੈਬ ਸਿੰਘ ਰਾਏ ਤੇ ਕੇ.ਐੱਸ.ਕੂਨਰ ਨੇ ਚਮਕੀਲੇ ਦੇ ਲਿਖੇ ਗੀਤ ਗਾਏ। ਸੰਨ 1981-82 ਵਿੱਚ ਚਮਕੀਲੇ ਦੇ ਦੋ ਈ.ਪੀ ਰਿਕਾਰਡ ‘ਟਕੂਏ ਤੇ ਟਕੂਆ ਖੜ੍ਹਕੇ’ ਤੇ ‘ਬਾਪੂ ਸਾਡਾ ਗੁੰਮ ਹੋ ਗਿਆ’ ਮਸ਼ਹੂਰ ਗਾਇਕਾ ਸੁਰਿੰਦਰ ਸੋਨੀਆ ਨਾਲ ਰਿਕਾਰਡ ਹੋਏ। ਅੱਠ ਦੋਗਾਣੇ ਹਿੱਟ ਹੋਣ ਨਾਲ ਪੰਜਾਬ ਵਿੱਚ ਚਮਕੀਲੇ ਦੇ ਨਾਂ ਦੀ ਪੂਰਾ ਹਨੇਰੀ ਝੁੱਲੀ ਤੇ ਲੋਕ ਉਸਨੂੰ ਵਿਆਹਾਂ-ਸ਼ਾਦੀਆਂ ਤੇ ਬੁਲਾਉਣ ਲੱਗੇ। ਪੰਜਾਬ ਦੀ ਹਰ ਫ਼ਿਜ਼ਾ ਵਿੱਚ ਉਸ ਸਮੇਂ ਚਮਕੀਲੇ ਦੇ ਗੀਤ ਹੀ ਵੱਜਣ ਲੱਗੇ। ਕੁੱਝ ਕਾਰਨਾਂ ਕਰਕੇ ਚਮਕੀਲੇ ਦਾ ਸੈੱਟ ਸੋਨੀਆ ਨਾਲੋਂ ਟੁੱਟ ਗਿਆ। ਪਹਿਲੋਂ ਪਹਿਲ ਤਾਂ ਚਮਕੀਲੇ ਨੂੰ ਨਵੀਂ ਗਾਉਣ ਵਾਲੀ ਕੁੜੀ ਲੱਭਣ ਲਈ ਮੁਸ਼ਕਿਲ ਪੇਸ਼ ਆਈ ਪਰ ਛੇਤੀ ਹੀ ਮਾਣਕ ਨਾਲ ਗਾਉਣ ਵਾਲੀ ਅਮਰਜੋਤ ਨਾਲ ਉਸਨੇ ਪੱਕਾ ਸੈੱਟ ਬਣਾ ਲਿਆ। ਚਮਕੀਲੇ ਦੇ ਗੀਤ ਚੱਲ ਚੁੱਕੇ ਸੀ ਇਸ ਕਰਕੇ ਕੰਪਨੀ ਚਾਹੁੰਦੀ ਸੀ ਕਿ ਉਹ ਛੇਤੀ ਤੋਂ ਛੇਤੀ ਅਮਰਜੋਤ ਨਾਲ ਰਿਕਾਰਡਿੰਗ ਕਰਵਾਵੇ। ਸੰਨ 1982 ਦੇ ਨਵੰਬਰ-ਦਸੰਬਰ ਮਹੀਨੇ ਚਮਕੀਲੇ ਦੇ ਅਮਰਜੋਤ ਨਾਲ ਪਹਿਲੇ ਚਾਰ ਦੋਗਾਣੇ ਰਿਕਾਰਡ ਹੋਏ। ਇਕ ਤੋਂ ਬਾਅਦ ਇਕ ਈ.ਪੀ ਰਿਕਾਰਡ ‘ਚੱਕ ਲੋ ਡਰਾਈਵਰੋ ਪੁਰਜ਼ੇ ਨੂੰ* , ‘ਮਿੱਤਰਾ ਮੈਂ ਖੰਡ ਬਣ ਗਈ’ ਤੇ ‘ਰਾਤ ਨੂੰ ਸੁਲਾਹ ਸਫ਼ਾਈਆਂ* ਮਾਰਕੀਟ ਵਿੱਚ ਆਏ। ਚਮਕੀਲੇ ਦਾ ਪਹਿਲਾ ਹੀ ਹਿੱਟ ਐੱਲ.ਪੀ ਰਿਕਾਰਡ ‘ਜੀਜਾ ਲੱਕ ਮਿਣਲੈ* ਜਦੋਂ ਮਾਰਕੀਟ ਵਿੱਚ ਆਇਆ ਉਸ ਸਮੇਂ ਕਹਿੰਦੇ ਕਹਾਉਂਦੇ ਕਲਾਕਾਰਾਂ ਨੂੰ ਉਸਨੇ ਸੋਚਣ ਲਈ ਮਜਬੂਰ ਕਰ ਦਿੱਤਾ। ਗੀਤ ਏਨੇ ਚੱਲੇ ਕਿ ਪ੍ਰੋਗਰਾਮਾਂ ਦੀਆਂ ਲਾਈਨਾਂ ਲੱਗ ਗਈਆਂ। ਜ਼ਿਆਦਾ ਬੁਕਿੰਗ ਤੇ ਮੰਗ ਹੋਣ ਕਰਕੇ ਚਮਕੀਲੇ ਨੂੰ ਆਪਣੇ ਬੁੱਕ ਕੀਤੇ ਹੋਏ ਪ੍ਰੋਗਰਾਮ ਦੂਜੇ ਕਲਾਕਾਰ ਨੂੰ ਵੀ ਦੇਣੇ ਪੈਂਦੇ ਸਨ। ਪੰਜਾਬ ਦੀ ਹਰ ਫ਼ਿਜ਼ਾ ਵਿੱਚ ਚਮਕੀਲਾ-ਅਮਰਜੋਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਸੀ। ਇਕ ਵਾਰ ਤਾਂ ਇਸ ਗਾਇਕ ਜੋੜੀ ਨੇ ਪੰਜਾਬ ਦੇ ਧਾਕੜ ਕਲਾਕਾਰਾਂ ਨੂੰ ਖੂੰਜੇ ਲਾ ਦਿੱਤਾ ਸੀ।
ਚਮਕੀਲੇ ਵਿੱਚ ਬਾਕੀ ਕਲਾਕਾਰਾਂ ਨਾਲੋਂ ਵੱਖਰਾ ਗੁਣ ਇਹ ਸੀ ਕਿ ਉਹ ਗੀਤ ਆਪ ਲਿਖਦਾ ਸੀ, ਵਧੀਆ ਤਰਜ਼ਨਿਗਾਰ ਸੀ, ਪੰਜਾਬੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸੀ, ਹਰ ਬੰਦੇ ਨਾਲ ਨਿਮਰਤਾ ਨਾਲ ਪੇਸ਼ ਆਉਂਦਾ ਸੀ, ਵੱਡਾ ਕਲਾਕਾਰ ਸੀ ਪਰ ਆਕੜ ਉਸ ਵਿੱਚ ਰਤਾ ਵੀ ਨਹੀਂ ਸੀ, ਵਾਜਾ ਤੇ ਤੂੰਬੀ ਵਜਾਉਣ ਵਿੱਚ ਉਸਨੂੰ ਚੰਗੀ ਮੁਹਾਰਤ ਹਾਸਲ ਸੀ, ਉਸਨੇ ਕਿਸੇ ਦੂਜੇ ਕਲਾਕਾਰ ਦੀ ਕਦੇ ਨਕਲ ਨਹੀਂ ਕੀਤੀ, ਸੀਨੀਅਰ ਕਲਾਕਾਰਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ, ਗ਼ਰੀਬ ਲੋਕਾਂ ਦੇ ਘਰ ਫ੍ਰੀ ਅਖਾੜਾ ਲਾਉਂਦਾ ਸੀ, ਸਟੇਜ ਤੇ ਕਾਮੇਡੀ ਰੰਗ ਵੀ ਪੇਸ਼ ਕਰਦਾ ਸੀ ਤੇ ਬੁੱਕ ਹੋਏ ਪ੍ਰੋਗਰਾਮ ਉਹ ਬਹੁਤ ਘੱਟ ਕੈਂਸਲ ਕਰਦਾ ਸੀ। ਹੁਣ ਤੱਕ ਅਮਰਜੋਤ ਤੇ ਚਮਕੀਲੇ ਵਰਗੀ ਅੰਦਾਜ਼-ਏ-ਗਾਇਕੀ ਕੋਈ ਵਿਰਲੀ ਦੋਗਾਣਾ ਜੋੜੀ ਹੀ ਪੇਸ਼ ਕਰ ਸਕੀ ਹੈ। ਇਹੀ ਕਾਰਨ ਹੈ ਕਿ ਦੋਵਾਂ ਨੂੰ ਅੱਜ ਵੀ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲ ਰਿਹਾ ਹੈ।
ਅਮਰ ਸਿੰਘ ਚਮਕੀਲਾ ਨੇ ਆਪਣੇ ਗੀਤਾਂ ਵਿੱਚ ਠੇਠ ਪੇਂਡੂ ਮਲਵਈ ਭਾਸ਼ਾ ਦੀ ਵਰਤੋਂ ਕੀਤੀ ਹੈ। ਉਸਨੇ ਗੀਤਾਂ ਵਿੱਚ ਜਿਸ ਢੰਗ ਨਾਲ ਅਖਾਣ, ਮੁਹਾਵਰੇ, ਲੋਕ ਬੋਲੀਆਂ ਤੇ ਅਲੰਕਾਰ ਵਰਤੇ ਹਨ ਉਹ ਹੋਰ ਬਹੁਤ ਘੱਟ ਗੀਤਕਾਰਾਂ ਦੇ ਹਿੱਸੇ ਆਇਆ ਹੈ। ਭਾਵੇਂ ਚਮਕੀਲੇ ਤੇ ਇਕ ਲੱਚਰ ਗਾਇਕ ਹੋਣ ਦੇ ਦੋਸ਼ ਲੱਗਦੇ ਰਹੇ ਹਨ ਤੇ ਮੈਂ ਵੀ ਮੰਨਦਾ ਹਾਂ ਕਿ ਉਸਦੇ ਗੀਤਾਂ ਦੇ ਕੁੱਝ ਸਥਾਈ ਅੰਤਰੇ ਸੁਣਨਯੋਗ ਨਹੀਂ, ਪਰ ਕੁੱਲ ਮਿਲਾ ਕੇ ਚਮਕੀਲਾ ਕਿਸੇ ਵੱਡੇ ਸਾਹਿਤਕਾਰ ਤੋਂ ਘੱਟ ਨਹੀਂ ਸੀ। ਉਸਨੇ ਸਮਾਜ ਵਿੱਚ ਜੋ ਗ਼ਲਤ ਹੁੰਦਾ ਦੇਖਿਆ ਉਸਨੂੰ ਗੀਤਾਂ ’ਚ ਪੇਸ਼ ਕੀਤਾ। ਉਸਦੇ ਕੋਲ ਪੰਜਾਬੀ ਸ਼ਬਦਾਂ ਦਾ ਅਥਾਹ ਗਿਆਨ ਭੰਡਾਰ ਸੀ। ਜਿਸ ਢੰਗ ਨਾਲ ਉਸਨੇ ਗੀਤਾਂ ਵਿੱਚ ਇਨ੍ਹਾਂ ਨੂੰ ਮਾਲਾ ਵਾਂਗ ਪਰੋਇਆ ਉਹ ਉਸਦੇ ਗੀਤਾਂ ਨੂੰ ਅਮਰ ਕਰ ਗਿਆ। ਚਮਕੀਲੇ ਦੀਆਂ ਲਿਖਿਆਂ ਪੁਸਤਕਾਂ ਦੀ ਵੀ ਉਸ ਸਮੇਂ ਰਿਕਾਰਡ ਤੋੜ ਵਿਕਰੀ ਹੋਈ। ਉਸ ਸਮੇਂ ਸਕੂਲ ਵਿੱਚ ਬੱਚੇ ਬਾਲ ਸਭਾਵਾਂ ਵਿੱਚ ਮਾਸਟਰ ਦੇ ਕਹਿਣ ਤੇ ਚਮਕੀਲੇ ਦੇ ਗੀਤ ਹੀ ਸੁਣਾਇਆ ਕਰਦੇ ਸਨ। ਚਮਕੀਲੇ ਦਾ ਕੱਦ ਪੰਜ ਫੁੱਟ ਨੌਂ ਇੰਚ ਸੀ ਤੇ ਉਹ ਸੋਹਣਾ ਵੀ ਰੱਜ਼ ਕੇ ਸੀ। ਫ਼ਰੀਦਕੋਟ ਦੀ ਖ਼ੂਬਸੂਰਤ ਤੇ ਸੁਰੀਲੀ ਗਾਇਕਾ ਅਮਰਜੋਤ ਨਾਲ ਉਹ ਸਟੇਜ ਤੇ ਪੂਰਾ ਫੱਬਦਾ ਸੀ। ਅਮਰਜੋਤ ਨੂੰ ਰਿਆਜ਼ ਕਰਵਾਕੇ ਚਮਕੀਲੇ ਨੇ ਹੋਰ ਨਿਖਾਰਿਆ ਜਿਸ ਨਾਲ ਉਹ ਵੀ ਨਾਮਵਰ ਗਾਇਕਾਵਾਂ ਦੀ ਕਤਾਰ ’ਚ ਸ਼ਾਮਲ ਹੋਈ। ਸਟੇਜ ਤੇ ਅਮਰਜੋਤ ਦੀ ਤਾੜੀ ਸਾਜੀਆਂ ਦੇ ਢੋਲਕਾਂ ਨੂੰ ਵੀ ਮਾਤ ਪਾਉਂਦੀ ਸੀ। ਇੰਦਰਾ ਕਸ਼ਮੀਰੀ ਦੀ ਛੋਟੀ ਭੈਣ ਅਮਰਜੋਤ (ਘਰਦਾ ਨਾਂ ਬੱਬੀ) ਵਧੀਆ ਸੁਭਾਅ ਦੀ ਹੋਣਹਾਰ, ਹਸਮੁੱਖ ਤੇ ਸੋਹਣੀ ਸੁਨੱਖੀ ਮੁਟਿਆਰ ਸੀ। ਉਹ ਆਪਣੀ ਭੈਣ ਜਸਵੰਤ ਕੌਰ ਨਾਲ ਸਭ ਤੋਂ ਵੱਧ ਪਿਆਰ ਕਰਦੀ ਸੀ।
ਭਾਵੇਂ ਚਮਕੀਲੇ ਨੇ ਸੋਲੋ ਤੇ ਅਮਰਜੋਤ ਨਾਲ ਧਾਰਮਿਕ ਦੋਗਾਣੇ ਗਾ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਪਰ ਕੁੱਝ ਦੋ-ਅਰਥੀ ਗੀਤਾਂ ਕਰਕੇ ਅੱਜ ਵੀ ਉਸਦਾ ਵਿਰੋਧ ਹੋ ਰਿਹਾ ਹੈ। ਦੋ-ਅਰਥੀ ਗੀਤ ਗਾਉਣ ਕਰਕੇ ’ਕੱਲੇ ਚਮਕੀਲਾ-ਅਮਰਜੋਤ ਨੂੰ ਭੰਡਣਾ ਠੀਕ ਨਹੀਂ, ਉਸ ਦੌਰ ਵਿੱਚ ਬਹੁਤ ਸਾਰੇ ਗੀਤਕਾਰਾਂ ਨੇ ਤੱਤੇ ਗੀਤ ਲਿਖੇ ਜੋ ਕਲਾਕਾਰਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ। ਉਦੋਂ ਕੰਪਨੀ ਦੀ ਵੀ ਮੰਗ ਸੀ ਕਿ ਚਮਕੀਲਾ ਤੱਤੇ ਗੀਤ ਲਿਖ ਕਿ ਲਿਆਵੇ ਤਾਂ ਕਿ ਜਦੋਂ ਵੀ ਉਸਦਾ ਕੋਈ ਰਿਕਾਰਡ ਮਾਰਕੀਟ ’ਚ ਆਵੇ ਤਾਂ ਤੱਤੀਆਂ ਜਲੇਬੀਆਂ ਵਾਂਗ ਵਿਕੇ। ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਸਨ ਪਰ ਚਮਕੀਲਾ ਤੇ ਅਮਰਜੋਤ ਬਿਨਾਂ ਕਿਸੇ ਡਰ ਤੋਂ ਸਾਰੇ ਪੰਜਾਬ ਵਿੱਚ ਲੋਕਾਂ ਦਾ ਮਨੋਰੰਜਨ ਕਰਕੇ ਕੁੱਝ ਸਮੇਂ ਉਨ੍ਹਾਂ ਦਾ ਧਿਆਨ ਦਹਿਸ਼ਤ ਵਾਲੇ ਮਾਹੌਲ ਤੋਂ ਹਟਾ ਕੇ ਹੱਸਣ ਖੇਡਣ ਵੱਲ ਲਗਾ ਰਹੇ ਸਨ। ਉਸ ਸਮੇਂ ਕੁੱਝ ਵਿਰੋਧੀ ਇਨ੍ਹਾਂ ਨੂੰ ਲੱਚਰ ਗਾਇਕ ਜੋੜੀ ਆਖ ਭੰਡ ਰਹੇ ਸਨ ਪਰ ਕਿਸੇ ਨੇ ਵੀ ਚਮਕੀਲਾ-ਅਮਰਜੋਤ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਖੀਰ 8 ਮਾਰਚ, 1988 ਵਾਲਾ ਭਾਣਾ ਵਰਤ ਗਿਆ। ਚਮਕੀਲਾ ਤੇ ਅਮਰਜੋਤ ਨੂੰ ਚਾਹੁਣ ਵਾਲੇ ਸਰੋਤੇ ਅੱਜ ਵੀ ਇਸ ਘਟਨਾ ਦਾ ਵਿਰੋਧ ਕਰ ਰਹੇ ਹਨ। ਸਾਰੀ ਦੁਨੀਆ ਦੀ ਹਰਦਿਲਅਜ਼ੀਜ਼ ਇਸ ਗਾਇਕ ਜੋੜੀ ਨੇ ਆਪਣੀ ਰਿਹਾਇਸ਼ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹਲਕੀ ਜਿਹੀ ਠੰਢੀ ਤੇ ਬਹੁਤ ਹੀ ਸ਼ਾਂਤ ਮਾਹੌਲ ਵਾਲੀ ਉਸ ਕਾਲੀ-ਬੋਲੀ ਰਾਤ ਵਿੱਚ ਆਪਣੀ ਆਖ਼ਰੀ ਰਾਤ ਗੁਜ਼ਾਰੀ ਸੀ। ਅੰਤਿਮ ਵੇਲੇ ਚਾਰ ਕੁ ਬੰਦਿਆਂ ਤੋਂ ਇਲਾਵਾ ਕੋਈ ਵੀ ਲਾਸ਼ਾਂ ਲਾਗੇ ਨਹੀਂ ਆਇਆ। ਭਾਵੇਂ ਸਸਕਾਰ ਸਮੇ ਚਮਕੀਲਾ-ਅਮਰਜੋਤ ਨੂੰ ਚਾਹੁਣ ਵਾਲੇ ਦੂਰੋਂ ਨੇੜਿਓਂ ਆ ਗਏ ਸਨ ਪਰ ਉਸ ਸਮੇਂ ਚਾਰੇ ਪਾਸੇ ਡਰ ਵਾਲਾ ਮਾਹੌਲ ਹੋਣ ਕਰਕੇ ਸਾਰੇ ਡਰਦੇ ਹੀ ਰਹੇ। ਗਾਇਕ ਜੋੜੀ ਦੇ ਤੁਰ ਜਾਣ ਤੇ ਹਰ ਅੱਖ ਰੋਈ ਸੀ ਤੇ ਲੋਕਾਂ ਬਿਨਾਂ ਕੁੱਝ ਖਾਧਿਆਂ ਪੀਤਿਆਂ ਸਾਰੀ ਰਾਤ ਰੋ ਰੋ ਲੰਘਾਈ ਸੀ। ਪਿੰਡ ਦੱੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ 8 ਮਾਰਚ ਦਿਨ ਸੋਮਵਾਰ ਨੂੰ ਚਮਕੀਲਾ ਤੇ ਅਮਰਜੋਤ ਦੀ 33ਵੀਂ ਬਰਸੀ ਮਨਾਈ ਜਾ ਰਹੀ ਹੈ।