
ਸਦੀਆਂ ਤੋਂ ਔਰਤ ਨੂੰ ਸਮਾਜ ਦੀ ਰੂੜੀਵਾਦੀ ਸੋਚ ਦਾ ਸਾਹਮਣਾ ਕਰਨਾ ਪਿਆ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਉਸ ਦੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ। ਬ੍ਰਾਹਮਣਵਾਦੀ ਸੋਚ ਨੇ ਔਰਤ ਨੂੰ ਗੁਲਾਮ ਬਣਾਇਆ। ਮੰਨੂ ਸਿਮਰਤੀ ਅਨੁਸਾਰ ਔਰਤ ਭੋਗ ਵਿਲਾਸ ਦੀ ਵਸਤੂ ਹੈ। ਉਹ ਪਤੀ ਦੀ ਪੂਜਾ ਕਰ ਸਕਦੀ। ਉਸ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ। ਕਈ ਅਜਿਹੇ ਗ੍ਰੰਥ ਵੀ ਹਨ ਜਿੰਨ੍ਹਾਂ ਵਿਚ ਉਸ ਨੂੰ ਰੱਜ ਕੇ ਭੰਡਿਆ ਗਿਆ। ਘੁੰਡ ਪ੍ਰਥਾ, ਸਤੀ ਪ੍ਰਥਾ ਵਰਗੀਆਂ ਪਾਬੰਦੀਆਂ ਔਰਤ ਤੇ ਥੋਪੀਆਂ ਗਈਆਂ। ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਔਰਤ ਨੂੰ ਆਪਣਾ ਵਿਚਾਰੀ ਅਰਧਾਂਗਣੀ ਵਰਗੇ ਭੈੜੇ ਸ਼ਬਦਾਂ ਨਾਲ ਜੋਡ਼ਿਆ ਗਿਆ। ਉਸ ਦਾ ਜਿਉਣਾ ਦੁੱਭਰ ਕੀਤਾ ਗਿਆ। ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਸੀ ਇੱਥੋਂ ਤੱਕ ਕੇ ਮੰਦਰਾਂ ਮਸਜਿਦਾਂ ਵਿਚ ਜਾਣ ਤੇ ਪੂਰਨ ਪਾਬੰਦੀ ਲੱਗੀ ਰਹੀ। ਘਰ ਦੀ ਚਾਰਦੀਵਾਰੀ ਵਿੱਚ ਕੈਦ ਔਰਤ ਤੇ ਜ਼ੁਲਮ ਤਸ਼ੱਦਦ ਢਾਹੇ ਜਾਂਦੇ ਰਹੇ। ਪੀਲੂ ਵਰਗੇ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਔਰਤ ਨੂੰ ਅਪਮਾਨਿਤ ਕੀਤਾ। ‘ਭੱਠ ਰੰਨਾਂ ਦੀ ਦੋਸਤੀ, ਖ਼ੁਰੀਂ ਜਿਨ੍ਹਾਂ ਦੀ ਮੱਤ’ ਕਹਿ ਕੇ ਔਰਤ ਨੂੰ ਜ਼ਲੀਲ ਕੀਤਾ। ਔਰਤ ਪ੍ਰਤੀ ਜਰਜਰੀ ਸੋਚ ਰੱਖਣ ਵਾਲਿਆਂ ਨੇ ਔਰਤ ਨੂੰ ਬੁਰੀ ਤਰ੍ਹਾਂ ਲਤਾੜਿਆ। ਇਸ ਸਾਰੇ ਵਰਤਾਰੇ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਜਗਤ ਜਣਨੀ ਕਹਿ ਕੇ ਸਨਮਾਨਿਆ ਤੇ ਮਰਦਾਂ ਦੇ ਬਰਾਬਰ ਹੋਣ ਦਾ ਦਰਜਾ ਦਿੱਤਾ। ਉਨ੍ਹਾਂ ਨੇ ਔਰਤ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਗੁਰਬਾਣੀ ਵਿੱੱਚ ਫੁਰਮਾਇਆ “ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ।”
