Articles

ਸਰਦਾਰ ਪਟੇਲ, ਸੁਭਾਸ਼ ,ਟੈਗੋਰ ਬਨਾਮ ਨਰਿੰਦਰ ਮੋਦੀ

ਲੇਖਕ: ਹਰਜਿੰਦਰ ਸਿੰਘ ਗੁਲਪੁਰ, ਮੈਲਬੌਰਨ

ਪਹਿਲਾਂ ਤਾਂ ਨਹੀਂ ਸੀ ਪਰ ਹੁਣ ਇਹ ਆਮ ਹੈ।ਸਾਡੇ ਸਮਾਜ ਵਿਚ ਜਿਹੜਾ ਬੰਦਾ ਇਸ ਦੁਨੀਆਂ ਤੇ ਕੱਲਾ ਕਹਿਰਾ ਰਹਿ ਜਾਂਦਾ ਹੈ ਉਹ ਆਪਣੇ ਜਿਉਂਦੇ ਜੀਅ ਆਪਣੇ ਹੱਥੀਂ ਆਪਣੀਆਂ ਅੰਤਿਮ ਰਹੁ ਰੀਤਾਂ ਨਿਬੇੜ ਕੇ ਇੱਕ ਤਰਾਂ ਨਾਲ ਸੁਰਖਰੂ ਹੋਇਆ ਮਹਿਸੂਸ ਕਰਦਾ ਹੈ। ਇਹਦਾ ਕਾਰਨ ਇਹ ਹੈ ਕਿ ਉਸਦੇ ਭਰੋਸੇ ਦੀ ਡੋਰ ਟੁੱਟ ਚੁੱਕੀ ਹੁੰਦੀ ਹੈ। ਭਾਰਤ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਇਸ ਟਾਵੇਂ ਟੱਲੇ ਵਰਤਾਰੇ ਦੀ ਯਾਦ ਉਦੋਂ ਆਈ ਜਦੋਂ ਇਹ ਪਤਾ ਲੱਗਾ ਕਿ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਰਦਾਰ ਵਲਭ ਭਾਈ ਪਟੇਲ ਦੇ ਨਾਮ ਉੱਤੇ ਬਣੇ ਮਟੇਰਾ ਸਟੇਡੀਅਮ ਦਾ ਵਿਸਥਾਰ ਕਰਕੇ ਬਣਾਏ ਵਿਸ਼ਵ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ। ਇਸ ਸਟੇਡੀਅਮ ਦਾ ਉਦਘਾਟਨ ਦੇਸ਼ ਦੇ ਉਸ ਰਾਸ਼ਟਰਪਤੀ ਨੇ ਕੀਤਾ ਹੈ ਜਿਸ ਨੂੰ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਵੇਲੇ ਝੂਠਾ ਸਚਾ ਸੱਦਾ ਪੱਤਰ ਵੀ ਨਹੀਂ ਦਿੱਤਾ ਗਿਆ ਸੀ।ਦੱਸਿਆ ਜਾਂਦਾ ਹੈ ਕਿ ਇਹ ਸਟੇਡੀਅਮ ਹੁਣ ਤੱਕ ਦੇ ਸਭ ਤੋਂ ਵੱਡੇ ਮੈਲਬੌਰਨ ਸਟੇਡੀਅਮ ਨਾਲੋਂ ਵੀ ਵੱਡਾ ਹੈ। ਇਸ ਨਾਮ ਕਰਨ ਪਿੱਛੇ ਹੋਰ ਵੀ ਕਾਰਨ ਹੋਣਗੇ ਪਰ ਮੈਂ ਇੱਥੇ ਕੇਵਲ ਇੱਕ ਦੋ ਮੋਟੇ ਮੋਟੇ ਕਾਰਨਾਂ ਦਾ ਜ਼ਿਕਰ ਕਰਾਂਗਾਂ।  ਅਜਾਦ ਭਾਰਤ ਵਿਚ ਅੱਜ ਤੱਕ ਕਿਸੇ ਵੀ ਸਾਸ਼ਕ ਨੇ ਆਪਣੇ ਜਿਉਂਦੇ ਜੀਅ ਸਤਾ ਵਿਚ ਰਹਿੰਦਿਆਂ ਆਪਣੇ ਨਾਮ ਉੱਤੇ ਕੋਈ ਵੀ ਦੇਸ਼ ਪੱਧਰੀ ਨਿਰਮਾਣ ਨਹੀਂ ਕੀਤਾ। ਇਸ ਨੂੰ ਭਾਰਤੀ ਸ੍ਰਿਸ਼ਟਾਚਾਰ ਅਨੁਸਾਰ ਹੋਸ਼ੇ ਪਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ ਕੰਮ ਕੁਝ ਤਾਨਾਸ਼ਾਹਾਂ ਨੇ ਜਰੂਰ ਕੀਤੇ ਹੋਣਗੇ ਪਰ ਕਿਸੇ ਚੁਣੇ ਹੋਏ ਦੇਸ਼ ਮੁਖੀ ਨੇ ਅਜਿਹਾ ਅਨੈਤਿਕ ਕੰਮ ਨਹੀਂ ਕੀਤਾ ਹੈ। ਇਸ ਸਟੇਡੀਅਮ ਦਾ ਨਾਮ ਪ੍ਰਧਾਨ ਸੇਵਕ ਦੇ ਨਾਮ ਉੱਤੇ ਰੱਖੇ ਜਾਣ ਦਾ ਇੱਕੋ ਇੱਕ ਅਰਥ ਇਹ ਨਿਕਲਦਾ ਹੈ ਕਿ ਉਹ ਅੰਦਰ ਖਾਤੇ ਕਿੰਨਾ ਡਰਿਆ ਹੋਇਆ ਹੈ। ਐਨਾ ਤਾਕਤਵਰ ਹੋਣ ਦੇ ਬਾਵਯੂਦ ਉਸ ਨੂੰ ਲੱਗ ਰਿਹਾ ਹੈ ਕਿ ਲੋਕ ਉਸ ਤੋਂ ਬਹੁਤ ਨਾ ਖੁਸ਼ ਹਨ। ਉਸ ਨੂੰ ਲੱਗਦਾ ਹੈ ਕਿ ਉਸ ਦੇ ਦੁਨੀਆ ਤੋਂ ਰੁਖਸਤ ਹੋ ਜਾਣ ਉਪਰੰਤ ਉਸ ਦੇ ਜਾਨਸ਼ੀਨ ਉਸ ਦੀ ਯਾਦ ਵਿਚ ਨਾ ਤਾਂ ਕਸੀਦੇ ਕਢਣਗੇ ਅਤੇ ਨਾ ਉਸ ਦੀ ਕੋਈ ਢੁਕਵੀਂ ਯਾਦਗਾਰ ਬਣਾਉਣਗੇ। ਉਸ ਨੂੰ ਆਪਣੇ ਵਿਸ਼ਵ ਭਰ ਚੋਂ ਵੱਡੇ ਕ ਹੇ ਜਾਂਦੇ ਸੰਗਠਨ ਉੱਤੇ ਵੀ ਭੋਰਾ ਭਰ ਯਕੀਨ ਨਹੀਂ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਇਹ ਕੰਮ ਜਿਉਂਦੇ ਜੀਅ ਨਿਬੇੜ ਲਿਆ ਜਾਵੇ। ਪ੍ਰੰਪਰਾਵਾਂ ਅਨੁਸਾਰ ਦੇਸ਼ ਦੇ ਸ਼ਾਸ਼ਕ ਆਪਣੇ ਭਵਿੱਖ ਦੀ ਹੋਣੀ ਆਪਣੇ ਵਾਰਸਾਂ ਦੇ ਹੱਥਾਂ ਵਿਚ ਸੌਂਪਦੇ ਆਏ ਹਨ ਪਰ ਮੋਦੀ ਜੀ ਨੂੰ ਇਹ ਮਨਜ਼ੂਰ ਨਹੀਂ ਹੈ। ਨਰਿੰਦਰ ਮੋਦੀ ਨੇ ਸਟੇਡੀਅਮ ਦਾ ਨਾਮ ਆਪਣੇ ਨਾਮ ਨਾਲ ਜੋੜ ਕੇ ਇੱਕ ਨਵੀਂ ਤਰਾਂ ਦੀ ਪਿਰਤ ਪਾ ਦਿੱਤੀ ਹੈ।ਹਾਲਾਂ ਕਿ ਉਹਨਾਂ ਨੇ ਆਪਣੇ ਕਈ ਮੰਤਰੀਆਂ ਤੋਂ ਸਫਾਈ ਦਿਵਾਈ ਹੈ ਕਿ ਨਾਮ ਬਦਲਾ ਨਹੀਂ ਗਿਆ । ਸਪੋਰਟਸ ਕੰਮਪੈਕਸ ਦਾ ਨਾਮ ਅਜੇ ਵੀ ਸਰਦਾਰ ਪਟੇਲ ਦੇ ਨਾਮ ਪਰ ਹੀ ਹੈ। ਲੇਕਿਨ ਸਚਾਈ ਇਹ ਹੈ ਕਿ  ਸਟੇਡੀਅਮ ਪਹਿਲਾਂ ਪਟੇਲ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਮੋਦੀ ਦੇ ਨਾਮ ਨਾਲ ਜਾਣਿਆ ਜਵੇਗਾ। ਜਿਸ ਸੰਘ ਦੀ ਪ੍ਰਤੀਨਿਧਤਾ ਮੋਦੀ ਜੀ ਕਰ ਰਹੇ ਹਨ ਉਸ ਤੇ ਦੋਸ਼ ਲੱਗਦਾ ਰਿਹਾ ਹੈ ਕਿ ਉਹ ਬੜੇ ਸੂਖਮ ਤਰੀਕੇ ਨਾਲ ਘੱਟ ਗਿਣਤੀਆਂ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਨੀਤੀ ਉੱਤੇ ਚਲ ਰਿਹਾ ਹੈ। ਸੰਘ ਪਰਿਵਾਰ ਨੇ ਮੋਦੀ ਦੀ ਅਗਵਾਈ ਹੇਠ ਸੱਤਾ ਵਿੱਚ ਆ ਕੇ ਘੱਟ ਗਿਣਤੀਆਂ ਦੇ ਨਾਲ ਨਾਲ ਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਵੀ ਹੜੱਪਣਾ ਸ਼ੁਰੂ ਕਰ ਦਿਤਾ ਹੈ ਜੋ ਇਸ ਜਹਾਨ ਵਿਚ ਨਹੀਂ ਹਨ। ਕੁੱਝ ਸਾਲ ਪਹਿਲਾਂ ਹਜਾਰਾਂ ਕਰੋੜ ਰੁਪਏ ਖਰਚ ਕੇ ਸਰਦਾਰ ਪਟੇਲ ਦੀ ਮੂਰਤੀ ਬਣਾਈ ਗਈ ਸੀ। ਸਰਦਾਰ ਪਟੇਲ ਨੂੰ ਕਾਂਗਰਸ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਲਈ ਕੀਤੇ ਗਏ ਪ੍ਰਚਾਰ ਉੱਤੇ ਜਨਤਾ ਦਾ ਪੈਸਾ ਪਾਣੀ ਵਾਂਗ ਵਹਾਇਆ ਗਿਆ। ਇਸ ਤਰਾਂ ਲਗਦਾ ਹੈ ਕਿ ਸਰਦਾਰ ਪਟੇਲ ਦੇ ਨਾਮ ਦਾ ਜਿੰਨਾ ਰਾਜਨੀਤਕ  ਫਾਇਦਾ ਲੈਣਾ ਸੀ ਲੈ ਲਿਆ ਗਿਆ ਹੈ। ਹੁਣ ਉਸ ਨੂੰ ਦਰਕਿਨਾਰ ਕਰਨ ਦਾ ਵਕਤ ਆ ਗਿਆ ਹੈ। ਕੁੱਝ ਵਿਦਵਾਨ ਇਸ ਨੂੰ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸੰਘ ਨਾਲ ਜੁੜੇ ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ ਉਸ ਸਮੇਂ ਸਰਦਾਰ ਪਟੇਲ ਦੇਸ਼ ਦੇ ਗਰਿਹ ਮੰਤਰੀ ਸਨ। ਉਹਨਾਂ ਨੇ ਆਰ ਐਸ ਐਸ ਉੱਤੇ

ਪ੍ਰਤੀਬੰਧ ਲਗਾ ਦਿੱਤਾ ਸੀ। ਸੰਘ ਪਰਿਵਾਰ ਉਦੋਂ ਤੋਂ ਮੌਕੇ ਦੀ ਤਲਾਸ਼ ਵਿੱਚ ਸੀ ਕਿ ਸਰਦਾਰ ਪਟੇਲ ਤੋਂ ਬਦਲਾ ਕਿਸ ਤਰਾਂ ਲਿਆ ਜਾਵੇ। ਮੌਕਾ ਮਿਲਦਿਆਂ ਹੀ ਉਸ ਨੇ ਪਟੇਲ ਨਾਲ ਹਿਸਾਬ ਕਿਤਾਬ ਬਰਾਬਰ ਕਰਨ ਦਾ ਫੈਸਲਾ ਕਰ ਲਿਆ ਹੈ। ਹਾਲਾਂ ਕਿ ਇਸ ਦਾ ਕੋਈ ਪ੍ਰਮਾਣ ਨਹੀਂ ਹੈ। ਇਸੇ ਤਰਾਂ ਅੱਜ ਕੱਲ ਭਾਜਪਾ ਨੂੰ ਰਾਬਿੰਦਰ ਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਦੀ ਯਾਦ ਬਹੁਤ ਸਤਾ ਰਹੀ ਹੈ ਕਿਉਂ ਕਿ ਬੰਗਾਲ ਦੀਆਂ ਚੋਣਾਂ ਸਿਰ ਤੇ ਹਨ। ਮੋਦੀ ਜੀ ਆਪਣੀ ਸ਼ਕਲੋ ਸੂਰਤ ਵੀ ਮਹਾਂ ਕਵੀ ਵਰਗੀ ਬਣਾਉਣ ਦਾ ਯਤਨ ਕਰ ਰਹੇ ਹਨ।
ਹੁਣ ਮੋਦੀ ਜੀ ਕਦੋੰ ਦੋਹਾਂ ਬੰਗਾਲੀ ਚਿਹਰਿਆਂ ਦਾ “ਕਿਰਿਆ ਕਰਮ” ਕਰਨਗੇ ਕਿਹਾ ਨਹੀਂ ਜਾ ਸਕਦਾ । ਘੱਟੋ ਘੱਟ ਆਪਣੇ ਤੰਗ ਮਨਸੂਬੇ ਪੂਰੇ ਕਰਨ ਤੱਕ ਦੋਹਾਂ ਸਖਸ਼ੀਅਤਾਂ ਦੀ ਬੱਲੇ ਬੱਲੇ ਹੁੰਦੀਂ ਰਹੇਗੀ।
ਇਹਨਾਂ ਪਹਿਲੂਆਂ ਨੂੰ ਦੇਖ ਕੇ ਨਰਿੰਦਰ ਮੋਦੀ ਨੂੰ ਘਾਗ ਸਿਆਸਤ ਦਾਨ ਵੀ ਕਿਹਾ ਜਾ ਸਕਦਾ ਹੈ  ਅਤੇ ਘਟੀਆ ਸਿਆਸਤਦਾਨ ਵੀ। ਪੰਜਾਬ ਦੇ ਸੰਧਰਭ ਵਿਚ ਦੇਖਿਆ ਜਾਵੇ ਤਾਂ ਸਰਦਾਰ ਬਾਦਲ ਵੀ ਇਸੇ ਨੀਤੀ ਦੇ ਵਾਹਕ ਰਹੇ ਹਨ। ਹੁਣ ਪਤਾ ਨਹੀਂ ਲਗਦਾ ਕਿ ਇਹਨਾਂ ਦੋਹਾਂ ਵਿਚੋਂ ਗੁਰੂ ਕੌਣ ਹੈ ਅਤੇ ਚੇਲਾ ਕੌਣ ਹੈ। ਇੱਥੇ ਹਿੰਦੂ ਮਿਥਿਹਾਸ ਦੀ ਇੱਕ ਸੁਣੀ ਸੁਣਾਈ ਸਾਖੀ ਯਾਦ ਆ ਗਈ ਹੈ। ਇੱਥੇ ਉਸ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਇਸ ਝੂਠੀ ਸੱਚੀ ਸਾਖੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਇੱਕ ਗੁਰੂ ਆਪਣੇ ਚੇਲਿਆਂ ਨਾਲ ਆਪਣੇ ਮਿਸ਼ਨ ਦੇ ਪਰਚਾਰ ਪਰਸਾਰ ਲਈ ਹਰ ਰੋਜ ਆਪਣੇ ਆਸ਼ਰਮ ਤੋਂ ਨਿਕਲਦੇ ਸਨ। ਰਸਤੇ ਵਿੱਚ ਉਹਨਾਂ ਨੂੰ ਕੁੱਝ ਝਾੜੀਆਂ ਵਿਚੋਂ ਗੁਜਰਨਾ ਪੈਂਦਾ ਸੀ। ਉਹ ਝਾੜੀਆਂ ਗੁਰੂ ਅਤੇ ਉਹਨਾਂ ਦੇ ਚੇਲਿਆਂ ਲਈ ਰੁਕਾਵਟ ਬਣਦੀਆਂ ਸਨ। ਕਈ ਵਾਰ ਉਹਨਾਂ ਦੇ ਬਸਤਰ ਪਾਟ ਜਾਂਦੇ ਸਨ। ਚੇਲਿਆਂ ਨੇ ਕਈ ਵਾਰ ਬੇਨਤੀ ਕੀਤੀ ਕਿ ਇਹਨਾਂ ਝਾੜੀਆਂ ਨੂੰ ਕੱਟ ਦਿੱਤਾ ਜਾਵੇ। ਗੁਰੂ ਨੇ ਹਰ ਵਾਰ ਮਨਾਂ ਕਰ ਦਿੱਤਾ। ਇੱਕ ਦਿਨ ਗੁਰੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਹਰ ਰੋਜ ਸਾਰੇ ਜਣੇ ਇੱਕ ਇੱਕ ਲੋਟਾ ਪਾਣੀ ਦਾ ਲੈ ਕੇ ਆਇਆ ਕਰਨ। ਗੁਰੂ ਦੇ ਹੁਕਮ ਤੇ ਇਹ ਪਾਣੀ ਦੇ ਲੋਟੇ ਹਰ ਰੋਜ ਝਾੜੀਆਂ ਦੀਆਂ ਜੜਾਂ ਵਿੱਚ ਡੋਹਲੇ ਜਾਣ ਲੱਗ ਪਏ । ਚੇਲੇ ਹੈਰਾਨ ਸਨ ਕਿ ਸਾਨੂੰ ਦੁਖੀ ਕਰਨ ਵਾਲੀਆਂ ਝਾੜੀਆਂ ਦੀ ‘ਸੇਵਾ’ ਕਿਉ ਕੀਤੀ ਜਾ ਰਹੀ ਹੈ। ਬਹੁਤ ਸਾਰੇ ਦਿਨਾਂ ਬਾਅਦ ਗੁਰੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਸਾਰੇ ਜਣੇ ਜੋਰ ਲਗਾ ਕੇ ਇਹਨਾਂ ਝਾੜੀਆਂ ਨੂੰ ਜੜਾਂ ਤੋਂ ਪੁੱਟ ਦੇਣ ਕਿਉ ਕਿ ਇਹਨਾਂ ਦੀਆਂ ਜੜਾਂ ਪੋਲੀਆਂ ਹੋ ਚੁੱਕੀਆਂ ਹਨ। ਇਹ ਨਿੱਕੀ ਜਿਹੀ ਸਾਖੀ ਬਹੁਤ ਸਾਰੇ ਸੰਦੇਸ਼ ਦਿੰਦੀ ਹੈ । ਬਲੀ ਦੇ ਬੱਕਰੇ ਵੀ ਇਸੇ ਤਰਾਂ ਖੁਆ ਪਿਆ ਕੇ ਹੀ ਝਟਕਾਏ ਜਾਂਦੇ ਹਨ। ਪ੍ਰਸਿੱਧ ਵਿਦਵਾਨ ਪ੍ਰੋ ਮੁਕੇਸ਼ ਕੁਮਾਰ ਨੇ ਵਿਅੰਗ ਕੱਸਦਿਆਂ ਕਿਹਾ ਹੈ ਕਿ ਪ੍ਰਧਾਨ ਸੇਵਕ ਆਪਣੇ ਕਾਰਜ ਕਾਲ ਦੌਰਾਨ ਆਪਣੇ ਆਪ ਨੂੰ ਭਾਰਤ ਰਤਨ ਸਮੇਤ ਆਸਕਰ ਐਵਾਰਡ, ਦਰੋਣਾ ਚਾਰੀਆ ਅਤੇ ਅਰਜਨਾ ਐਵਾਰਡ ਨਾਲ ਵੀ ਨਿਵਾਜ ਸਕਦੇ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੀ ਮੋਦੀ ਸਰਕਾਰ ਦੇਸ਼ ਦੀਆਂ ਮਰਹੂਮ ਅਜ਼ੀਮ ਤਰੀਮ ਸਖਸ਼ੀਅਤਾਂ ਦੀ ਪਿੱਠ ਪਿੱਛੇ ਇਹ ਸਭ ਕੁੱਝ ਕਰ ਰਹੀ ਹੈ, ਉਹਦੇ ਲਈ  ਸਧਾਰਨ ਲੋਕ ਕੀ ਮਾਅਨੇ ਰੱਖਦੇ ਹਨ ?

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin