
ਸੀਰਤ ਰੰਗ ਦੀ ਕਾਲੀ ਤੇ ਭੋਲੇ ਸੁਭਾਅ ਵਾਲੀ ਕੁੜੀ ਸੀ। ਉਹਦੀ ਮਾਂ ਬੰਸੋ ਅਕਸਰ ਹੀ ਕਰਮਾਂ ਵਾਲੀ ਕਹਿ ਕੇ ਬੁਲਾਇਆ ਕਰਦੀ। ਸੀਰਤ ਦਾ ਬਾਪ ‘ਜੈਲਾ’ ਹਰ ਰੋਜ ਦਿਹਾੜੀ ਲਈ ਸ਼ਹਿਰ ਜਾਇਆ ਕਰਦਾ। ‘ਮਸ਼ੀਨੀਕਰਨ ਨੇ ਮਜ਼ਦੂਰਾਂ ਦੀ ਰੋਟੀ ‘ਚ ਲੱਤ ਮਾਰੀ’ ਤਾਂ ਇਹ ਕਥਨ ਗਲਤ ਨਹੀਂ ਹੋਵੇਗਾ। ਸ਼ਹਿਰ ਦੇ ਮੁੱਖ ਚੌਂਕ ਤੋਂ ਬਹੁਤ ਸਾਰੇ ਮਜਦੂਰ ਅਜਿਹੇ ਵੀ ਰਹਿ ਜਾਂਦੇ ਸਨ ਜਿੰਨਾਂ ਨੂੰ ਕੋਈ ਕੰਮ ਨਹੀਂ ਸੀ ਮਿਲਦਾ। ਕਈ ਵਾਰ ਤਾਂ ‘ਜੈਲੇ’ ਨੂੰ ਵੀ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ। ਸ਼ਹਿਰੋਂ ਆਏ ਬਾਪ ਦੇ ਲਿਫਾਫੇ ਵੱਲ ਹਮੇਸ਼ਾ ਸੀਰਤ ਦਾ ਧਿਆਨ ਰਹਿੰਦਾ। ਜੈਲਾ ਹਮੇਸ਼ਾ ਸੀਰਤ ਲਈ ਕੁਝ ਨਾ ਕੁਝ ਖਾਣ ਨੂੰ ਘਰ ਜਰੂਰ ਲੈ ਕੇ ਆਉਂਦਾ। ਬੰਸੋ ਵੀ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਚਲੀ ਜਾਂਦੀ ਪਰ ਪਿੰਡ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਉਸ ਨੂੰ ਕੋਈ ਜਿਆਦਾ ਪੈਸੇ ਨਾ ਦਿੰਦਾ। ਕਿਤੇ ਕਿਤੇ ਤਾਂ ਬੰਸੋ ਵੀ ਨਿਰਾਸ਼ ਹੋ ਕੇ ਪਰਤਦੀ। ਸੀਰਤ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ। ਬੇਸ਼ੱਕ ਉਹ ਪੱਕੇ ਰੰਗ ਦੀ ਸੀ ਪਰ ਸਕੂਲ ਵਿੱਚੋਂ ਹਰ ਸਾਲ ਅੱਵਲ ਦਰਜੇ ‘ਤੇ ਆਉਣਾ ਜਿਵੇਂ ਉਸਦਾ ਸ਼ੌਕ ਹੀ ਬਣ ਗਿਆ ਸੀ।