ਪੁਸਤਕ ਚਰਚਾ : ਜ਼ਿੰਦਗੀ ਦੇ ਰੰਗ
ਪੁਸਤਕ : ਜ਼ਿੰਦਗੀ ਦੇ ਰੰਗ
ਲੇਖਕ : ਸੁਖਰਾਜ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੋਹਾਲੀ-ਚੰਡੀਗੜ੍ਹ
ਪੰਨੇ : 80 , ਮੁੱਲ : 250 ਰੁਪਏ
ਰੀਵਿਊਕਰਤਾ : ਡਾ. ਪ੍ਰਿਤਪਾਲ ਸਿੰਘ ਮਹਿਰੋਕ
‘ਜ਼ਿੰਦਗੀ ਦੇ ਰੰਗ’ ਬਿਖੇਰਦੀ ਤੇ ਚੌਗਿਰਦੇ ਵਿੱਚ ਮਧੁਰ ਖੁਸ਼ਬੂ ਨਾਲ ਲਬਰੇਜ਼ ਕਾਵਿ-ਛਹਿਬਰ ਲਗਾਉਂਦੀ ਆਪਣੀ ਪਹਿਲੀ ਪੁਸਤਕ ਲੈ ਕੇ ਸੁਖਰਾਜ ਸਿੰਘ ਪੰਜਾਬੀ ਕਾਵਿ ਜਗਤ ਵਿੱਚ ਆਪਣੀ ਸੁਲੱਖਣੀ ਹਾਜ਼ਰੀ ਲਗਵਾ ਰਿਹਾ ਹੈ। ਇਸ ਪੁਸਤਕ ਦੀ ਰਚਨਾਕਾਰੀ ਉਸ ਵਾਸਤੇ ਮਹਿਜ਼ ਇਕ ਸਬੱਬ ਜਾਂ ਇਤਫ਼ਾਕ ਨਹੀਂ ਹੈ,ਸਗੋਂ ਕਵਿਤਾ ਤਾਂ ਚਿਰੋਕਣੀ ਉਸਦੇ ਮਨ ਅੰੰਦਰ ਪਨਪ ਰਹੀ ਸੀ ਤੇ ਅੰਸ਼ਿਕ ਰੂਪ ਵਿੱਚ ਉਸਦੀਆਂ ਰਗਾਂ ਵਿੱਚ ਅਭਿਆਸ ਕਰ ਰਹੀ ਸੀ। ਹੁਣ ਮੁਆਫ਼ਿਕ ਤੇ ਮੁਨਾਸਿਬ ਸਮਾਂ ਆਉਣ ‘ਤੇ ਕਾਵਿ-ਪੁੰਗਾਰਾ ਹੁੰਦਾ ਹੈ ਤਾਂ ਕੁਝ ਨਜ਼ਮਾਂ ‘ਜ਼ਿੰਦਗੀ ਦੇ ਰੰਗ’ ਦੇ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਰਾਹੀਂ ਕਵੀ ਉਨ੍ਹਾਂ ਅਦਿੱੱਖ ਥਾਵਾਂ ਨੂੰ ਗਾਹ ਆਉਂਦਾ ਹੈ ਜਿਥੋਂ ਤੱਕ ਉਸਦੀ ਕਲਪਨਾ ਦਾ ਸੰਸਾਰ ਵੱਸਦਾ ਹੈ। ਕਵੀ ਸਮਝਦਾ ਹੈ ਕਿ ਮਨੁੱਖ ਮਨੋਕਲਪਿਤ ਆਦਰਸ਼ਾਂ ਦੀ ਪੂਰਤੀ ਲਈ ਆਪਣਾ ਪੂਰਾ ਤਾਣ ਲਾ ਸਕਦਾ ਹੈ ਪਰੰਤੂ ਜ਼ਰੂਰੀ ਨਹੀਂ ਕਿ ਉਸਦੀ ਇੱਛਾ ਅਨੁਸਾਰ ਉਸਨੂੰ ਸਿੱਟੇ ਵੀ ਪ੍ਰਾਪਤ ਹੁੰਦੇ ਜਾਣ।
ਰੂਹਾਨੀ ਖੇਤਰ ਦੀਆਂ ਰਮਜ਼ਾਂ,ਅਧੂਰੇ ਪਿਆਰ ਦੀ ਚੀਸ,ਬਿਰਹਾ ਦੀ ਤੜਪ ਆਦਿ ਨੂੰ ਕਵੀ ਬਾਖੂਬੀ ਬਿਆਨਦਾ ਹੈ। ਕਵੀ ਜਦੋਂ ਅਧੂਰੀਆਂ ਰਹਿ ਗਈਆਂ ਖਾਹਿਸ਼ਾਂ ਵਿੱਚੋਂ ਮਿਲਦੀ ਉਦਾਸੀ,ਮਨੁੱਖੀ ਮਨ ਦੀ ਕਠੋਰਤਾ, ਪਰਿਵਾਰਕ ਰਿਸ਼ਤਿਆਂ ਦੀ ਟੁੱਟ-ਭੱਜ, ਪ੍ਰਾਪਤੀ-ਅਪ੍ਰਾਪਤੀ,ਕਾਰੋਬਾਰ, ਕਾਰ-ਵਿਹਾਰ, ਮਨੁੱਖ ਦੀਆਂ ਗਲਤੀਆਂ, ਉਸਦੀਆਂ ਊਣਤਾਈਆਂ, ਨਿੱਤ-ਨਵੀਆਂ ਉਲਝਣਾਂ, ਉਸਦੀਆਂ ਅਕਾਂਖਿਆਵਾਂ, ਉਸਦੀਆਂ ਸਵੈ-ਗਿਲਾਨੀਆਂ ਆਦਿ ਨਾਲ ਜੁੜਦੇ ਸਰੋਕਾਰਾਂ ਦੀ ਗੱਲ ਕਰਦਾ ਹੈ ਤਾਂ ਕਾਵਿ ਪ੍ਰਵਾਹ ਵਿਚਲੀ ਰਵਾਨੀ ਬਣੀ ਰਹਿੰਦੀ ਹੈ। ਰਿਸ਼ਤਿਆਂ ਦੀ ਖੂਬਸੂਰਤੀ,ਟਿਕਾਊਪਨ,ਹੰਢਣਸਾਰਤਾ,
ਮਨੁੱਖ ਬਹੁਤ ਜ਼ਾਲਮ ਹੈ, ਪਾਪੀ ਹੈ। ਉਹ ਮਨੁੱਖ ‘ਤੇ, ਵਿਭਿੰਨ ਜੀਵਾਂ ‘ਤੇ ਅਤੇ ਪ੍ਰਕਿਰਤੀ ‘ਤੇ ਅਥਾਹ ਕਹਿਰ ਢਾਹੁੰਦਾ ਹੈ। ਕਵੀ ਨੂੰ ਦੁਨੀਆ ਕਦੇ ਕਦੇ ਇਕ ਕਤਲਗਾਹ ਜਾਪਦੀ ਹੈ। ਮਨੁੱਖ ਮਨੁੱਖ ਨੂੰ ਕੋਹ ਰਿਹਾ ਹੈ,ਮਾਰ ਰਿਹਾ ਹੈ।ਮਾਸੂਮੀਅਤ ਦਮ ਘੁਟ ਰਹੀ ਹੈ। ਇਨਸਾਨੀਅਤ ਦਫ਼ਨ ਹੋ ਰਹੀ ਹੈ। ਲੋਕ ਤਿਤਲੀਆਂ ਦਾ ਕਤਲ ਕਰਦੇ ਹਨ। ਫੁੱਲਾਂ ਨੂੰ ਅੰਗਿਆਰਾਂ ‘ਤੇ ਰੱਖ ਰੱਖ ਕੇ ਤਮਾਸ਼ਾ ਵੇਖਦੇ ਹਨ। ਫਿਰ ਵੀ ਨਾ ਮਨੁੱਖ ਦੀ ਰੂਹ ਰੋਂਦੀ ਹੈ, ਨਾ ਅੱਖ ਨਮ ਹੁੰਦੀ ਹੈ।ਮਨੁੱਖ ਦਾ ਗ਼ੈਰਮਨੁੱਖੀ ਰਵੱਈਆ ਉਸ ਲਈ ਕਲੰਕ ਬਣਦਾ ਹੈ।ਕਵੀ ਹੈਰਤ ਭਰਿਆ ਦੁੱਖ ਪ੍ਰਗਟ ਕਰਦਾ ਹੈ ਕਿ ਅਜਿਹਾ ਕਰਦਿਆਂ ਮਨੁੱਖ ਦੀ ਆਤਮਾ ਕੁਰਲਾਉਂਦੀ ਕਿਉਂ ਨਹੀਂ ? ਆਪਣੇ ਆਪ ਨੂੰ ਲਾਹਨਤਾਂ ਕਿਉਂ ਨਹੀਂ ਪਾਉਂਦੀ ? ਉਸਦਾ ਮਨ ਪਸੀਜਦਾ ਕਿਉਂ ਨਹੀਂ ? ਮਨੁੱਖ ਕਦੇ ਆਪਣਾ ਅਸਲੀ ਚਿਹਰਾ ਕਿਉਂ ਨਹੀਂ ਵੇਖਦਾ ? ਸ਼ੀਸ਼ੇ ਵਿੱਚ ਆਪਣਾ ਅਸਲ ਚਿਹਰਾ ਵੇਖਣ ਤੋਂ ਤ੍ਰਹਿੰਦਾ ਕਿਉਂ ਹੈ ? ਜਾਪਦਾ ਹੈ ਉਸਦੀ ਜ਼ਮੀਰ ਮਰ ਗਈ ਹੈ। ਇਸ ਕਠੋਰ ਸੱਚ ਨੂੰ ਕਵੀ ਬੜੀ ਬੇਬਾਕੀ ਨਾਲ ਕਹਿੰਦਾ ਹੈ।
ਕਵੀ ਦੀ ਸੰਵੇਦਨਸ਼ੀਲਤਾ ਤਾਂ ਪਰਿੰਦਿਆਂ ਦੇ ਦਰਦ ਨੂੰ ਵੀ ਆਪਣਾ ਦਰਦ ਸਮਝਦੀ ਹੈ :
ਇੱੱਕ ਪਰਿੰਦਾ/ਰੋਜ਼ ਸਵੇਰੇ ਦਸਤਕ ਦਿੰਦਾ ਹੈ
ਮੇਰੇ ਘਰ ਦੀ ਖਿੜਕੀ ‘ਤੇ
ਲੱਗਦਾ ਹੈ ਖਿੜਕੀ ਵਾਲੀ ਲੱਕੜ
ਉਸੇ ਦਰਖਤ ਦੀ ਹੈ
ਜਿਸ ਉੱਤੇ ਕਦੀ ਉਸਦਾ ਆਲ੍ਹਣਾ ਹੁੰਦਾ ਸੀ (ਪੰਨਾ-43)
ਪਰਿੰਦੇ ਦੇ ਦਰਦ ਦੀ ਟੋਹ ਮਹਿਸੂਸ ਕਰਦੀ ਭਾਵੁਕ ਸੁਰ ਵਿੱਚ ਲਿਖੀ ਇਹ ਕਵਿਤਾ ਬਹੁਤ ਅਰਥ ਭਰਪੂਰ ਹੈ।
ਉਦਾਸ ਚਿਹਰੇ/ਉਦਾਸ ਪਰਿੰਦੇ
ਉਦਾਸ ਹਵਾ/ਉਦਾਸ ਜ਼ਮੀਂ/ਉਦਾਸ ਆਸਮਾਨ
ਇਹ ਸਿਰਜਦੇ ਨੇ
ਇਕ ਉਦਾਸ ਕਾਇਨਾਤ ਨੂੰ (ਪੰਨਾ-28)
ਕਵੀ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਰਿੰਦਾ ਵੀ ਜ਼ਿੰਦਗੀ ਦੇ ਗੀਤ ਗਾ ਰਿਹਾ ਹੋਵੇ :
ਇਹ ਰੁੱਖ/ਪਰਿੰਦਿਆਂ ਦੀ ਦਿਲਚਸਪ ਪਸੰਦ ਸੀ
ਕੀ ਪਤਾ ਸੀ/ਪਤਝੜ ਦੇ ਆਉਣ ਨਾਲ ਪਰਿੰਦਿਆਂ ਨੇ
ਸਿਸਕ ਸਿਸਕ ਕੇ ਰੋਣਾ ਹੀ
ਚੱਲੋ ਨਹੁੰਆਂ ਤੋਂ ਮਾਸ
ਇਕ ਦਿਨ ਅਲੱਗ ਹੋਣਾ ਹੀ ਸੀ (ਪੰਨਾ-56)
ਕਵੀ ਪਰਿੰਦਿਆਂ ਨੂੰ ਮੁਹੱਬਤ ਕਰਨ,ਉਨ੍ਹਾਂ ਨੂੰ ਅਨਾਜ ਮੁਹੱਈਆ ਕਰਾਉਣ, ਮੌਸਮਾਂ ਦੀ ਕਰੋਪੀ ਤੋਂ ਬਚਾਉਣ ਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਸਲਾਹ ਦਿੰਦਾ ਹੈ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਉਦਾਸੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀ ਹੈ, ਉਸਦਾ ਜ਼ਿੰਦਗੀ ਵਿੱਚ ਮਹੱਤਵ ਵੀ ਬਹੁਤ ਗਹਿਰਾ ਹੈ। ਮਨ ਉਦਾਸ ਹੈ ਤਾਂ ਮਨੁੱਖ ਨੂੰ ਆਪਣਾ ਘਰ ਵੀ ਸੁੰਨਸਾਨ ਤੇ ਵੀਰਾਨ ਜਾਪਦਾ ਹੈ। ਹਰੇਕ ਸ਼ਖ਼ਸ ਅੰਦਰ ਕਿਸੇ ਨਾ ਕਿਸੇ ਕਾਰਨ ਵਸ ਘਰ ਕਰੀ ਬੈਠੀ ਉਦਾਸੀ ਦੀ ਗੱਲ ਕਰਨਾ ਕਵੀ ਨੂੰ ਚੰਗਾ ਲੱਗਦਾ ਹੈ। ਇੰਜ ਜਿਵੇਂ ਉਹ ਆਪਣੇ ਅੰਦਰ ਵੱਸਦੀ ਉਦਾਸੀ ਦਾ ਵਿਰੇਚਨ ਕਰ ਰਿਹਾ ਹੁੰਦਾ ਹੈ। ਇਕ ਗੱਲ ਨਿਸਚਿਤ ਹੈ ਕਿ ਉਦਾਸੀ ਮਨੁੱਖ ਦੇ ਦਰਦ ਵਿੱਚ ਵਾਧਾ ਕਰਦੀ ਹੈ। ਉਸਨੂੰ ਬੇਚੈਨ ਕਰਦੀ ਹੈ। ਜ਼ਿੰਦਗੀ ਦੀ ਕਾਲ਼ੀ-ਬੋਲ਼ੀ ਰਾਤ ਉਸਨੂੰ ਪਰੇਸ਼ਾਨ ਕਰਦੀ ਹੈ। ਉਸਦੀ ਤਨਹਾਈ ਦੇ ਦਰਦ ਨੂੰ ਵਧਾਉਂਦੀ ਹੈ। ਉਦਾਸੀ ਵਿੱਚ ਨਾਕਾਰਾਤਮਿਕ ਤੇ ਢਾਊ ਵਿਚਾਰ ਮਨੁੱਖ ਦੇ ਜ਼ਿਹਨ ‘ਤੇ ਹਾਵੀ ਹੋ ਜਾਂਦੇ ਹਨ।ਉਸਨੂੰ ਉਮੀਦ ਦੀ ਕਿਰਨ ਵਿਖਾਉਣ ਵਾਲਾ ਕੋਈ ਵੀ ਰਸਤਾ ਨਜ਼ਰ ਨਹੀਂ ਆਉਂਦਾ।ਉਦਾਸੀ ਦੀ ਅਉਧ ਹੰਢਾ ਰਿਹਾ ਮਨੁੱਖ ਅਸਲ ਵਿੱੱਚ ਬਹੁਤ ਵੱਡੀ ਸਜ਼ਾ ਦਾ ਭਾਗੀ ਹੋਣ ਦਾ ਸੰਤਾਪ ਭੋਗ ਰਿਹਾ ਹੁੰਦਾ ਹੈ। ਪ੍ਰਸਿੱਧ ਕਵੀ ਪੀ.ਬੀ.ਸ਼ੈਲੇ ਨੇ ਉਦਾਸ ਵਿਚਾਰਾਂ ਨੂੰ ਪ੍ਰਗਟ ਕਰਨ ਵਾਲੇ ਗੀਤਾਂ/ਨਜ਼ਮਾਂ ਨੂੰ ਬੇਹੱਦ ਮਿੱਠੀਆਂ ਰਚਨਾਵਾਂ ਹੁੰਦੀਆਂ ਹੋਣ ਕਰਕੇ ਵਡਿਆਇਆ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਸੁਖਰਾਜ ਸਿੰਘ ਨੇ ਇਸੇ ਭਾਵਨਾ ਤਹਿਤ ਜ਼ਿੰਦਗੀ ਦੇ ਅੰਬਰ ‘ਤੇ ਛਾਏ ਉਦਾਸੀ ਦੇ ਸੰਘਣੇ ਬੱਦਲਾਂ ਦੀ ਗੱਲ ਥਾਂ-ਪਰ-ਥਾਂ ਕੀਤੀ ਹੈ। ਕਈ ਲੋਕਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਅਜਿਹਾ ਹੁੰਦਾ ਹੈ। ਪਰ ਕਵੀ ਦੀ ਰਚਨਾ ਜਦੋਂ ਲੋਕਾਂ ਦਾ ਸਰਮਾਇਆ ਬਣ ਜਾਂਦੀ ਹੈ ਉਸਦਾ ਸੁਨੇਹਾ ਹਾਂ-ਪੱਖੀ ਹੀ ਹੋਣਾ ਚਾਹੀਦਾ ਹੈ। ਕਵੀ ਨੂੰ ਜ਼ਿੰਦਗੀ ਦੇ ਹਨੇਰੇ ਵਿੱਚੋਂ ਵੀ ਚਾਨਣ ਦੀ ਲੀਕ ਦੀ ਤਲਾਸ਼ ਕਰਨੀ ਚਾਹੀਦੀ ਹੈ ਤੇ ਕੋਈ ਰਸਤਾ ਸੁਝਾਉਣਾ ਚਾਹੀਦਾ ਹੈ। ਕਦੇ ਕਦਾਈਂ ਹਵਾ ਵਿੱਚ ਲਹਿਰਾਉਂਦਾ ਕੋਈ ਪੱਤਾ,ਟਹਿਣੀ ‘ਤੇ ਖਿੜਿਆ ਕੋਈ ਫੁੱਲ, ਚਹਿਚਹਾਉਂਦਾ ਜਾਂ ਉਡਾਣ ਭਰ ਰਿਹਾ ਕੋਈ ਪਰਿੰਦਾ, ਆਪਣੀ ਚਾਲੇ ਰਵਾਨੀ ਵਿੱਚ ਵਹਿੰਦੀ ਜਾਂਦੀ ਨਦੀ,ਅਠਖੇਲੀਆਂ ਕਰ ਰਹੇ ਜਨੌਰ,ਹੱਸਦਾ ਖੇਡਦਾ ਕੋਈ ਬੱਚਾ ਵੀ ਖੁਸ਼ ਰਹਿਣ ਤੇ ਖੁਸ਼ੀਆਂ ਵੰਡਣ ਦਾ ਸੰਦੇਸ਼ ਦੇ ਰਿਹਾ ਹੋ ਸਕਦਾ ਹੈ।
ਅਸਲ ਵਿੱਚ ਮਨ ਅੰਦਰ ਵੱਸਦੀ ਦੁਨੀਆ ਤੇ ਚੌਗਿਰਦਾ ਵੀ ਮਨ ਦੀ ਅਵਸਥਾ ਨੂੰ ਪ੍ਰਭਾਵਿਤ ਕਰਦੇ ਹਨ। ਜ਼ਿੰਦਗੀ ਦੇ ਹੱਸਦੇ ਪਾਸੇ ਵੱਲ ਝਾਤੀ ਪੁਆ ਕੇ ਮਨੁੱਖ ਨੂੰ ਖਾਬਸ਼ੀਲ ਬਣਾਉਣ ਲਈ, ਖੰਭਾਂ ਨੂੰ ਹਰਕਤ ਵਿੱਚ ਲਿਆਉਣ ਲਈ, ਉਡਾਰੂ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸੇ ਨੂੰ ਸਾਹਿਤ ਦਾ ਪ੍ਰਯੋਜਨ ਸਮਝਿਆ ਜਾਣਾ ਚਾਹੀਦਾ ਹੈ।
ਮਨੁੱਖੀ ਮਨ ਵਿੱਚ ਭੇਦ,ਵਿਚਾਰਾਂ ਦੀ ਵੱਖਰਤਾ,ਮੱਤਭੇਦਾਂ ਆਦਿ ਦਾ ਹੋਣਾ ਸੁਭਾਵਿਕ ਹੁੰਦਾ ਹੈ। ਇਸ ਵਿੱਚ ਜ਼ਿੰਦਗੀ ਦਾ ਬਹੁਤ ਗਹਿਰਾ ਰਹੱਸ ਛੁਪਿਆ ਹੈ। ਨਫਰਤ ਦੇ ਬੀਜ ਬੀਜਣ ਵਾਲੇ ਮਨੁੱਖ ਨੂੰ ਕਵੀ ਸਵਾਲਾਂ ਦੇ ਕਟਹਿਰੇ ਵਿੱਚ ਖੜਿਆਂ ਕਰਦਾ ਹੈ। ਦੰਗੇ ਕਰਾਉਣ ਵਾਲਿਆਂ, ਲਹੂ ਵਹਾਉਣ ਵਾਲਿਆਂ, ਬਲ਼ਦੀ ‘ਤੇ ਤੇਲ ਪਾਉਣ ਵਾਲਿਆਂ,ਵਿਨਾਸ਼ਕਾਰੀ ਤੇ ਢਾਊ ਸ਼ਕਤੀਆਂ ਵਿਰੁੱੱਧ ਕਵੀ ਦੀ ਕਲਮ ਆਵਾਜ਼ ਉਠਾਉਂਦੀ ਹੈ।
ਕਵੀ ਸਮਝਦਾ ਹੈ ਕਿ ਜੇ ਹਉਮੈ ਮਨੁੱਖ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ ਤਾਂਂ ਨਿਮ੍ਰਤਾ ਦੇ ਗਹਿਣੇ ਨਾਲ ਜ਼ਿੰਦਗੀ ਨੂੰ ਸ਼ਿੰਗਾਰਿਆ ਵੀ ਜਾ ਸਕਦਾ ਹੈ। ਕਵਿਤਾ ਮਨੁੱਖ ਨੂੰ ਜੀਵਨ-ਜਾਚ ਸਿਖਾਉਂਦੀ ਹੈ ਤੇ ਮਾਨਵਤਾ ਨੂੰ ਜੋੜਨ ਦਾ ਮਕਸਦ ਨਿਭਾਉਂਦੀ ਹੈ। ਮਨੁੱਖੀ ਮਨ ਬਹੁਤ ਵੱਡੀ ਸੰਚਾਲਿਕ ਸ਼ਕਤੀ ਹੁੰਦਾ ਹੈ। ਮਨ ਵਿਚਲੀ ਊਰਜਾ ਨਾਲ ਹੀ ਮਨੁੱਖ ਉਡਿਆ ਫਿਰਦਾ ਹੈ। ਬੇਸ਼ੱਕ ਹਰ ਰੋਜ਼ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ ਪਰ ਹਰੇਕ ਦਿਨ ਦੇ ਨਵਾਂ ਦਿਨ ਹੋਣ ਦੀ ਅਸਲੀਅਤ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ।
ਖੰਡਰ ਤੇ ਸਿਵੇ ਦੇ ਸੁਭਾਅ ਬਾਰੇ ਕਵੀ ਬੜੇ ਭਾਰੀ ਮਨ ਨਾਲ ਗੱਲ ਛੇੜਦਾ ਹੈ।ਇਸ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਖੰਡਰਾਂ ਵਿੱਚ ਸਮਾਂ ਦਫਨ ਹੈ ਤੇ ਸਿਵਿਆਂ ਵਿੱਚ ਮਨੁੱਖ ! ਸਮੇਂ ਦੇ ਬਹੁਤ ਬਲਵਾਨ ਹੋਣ ਦੇ ਸੱਚ ਨੂੰ ਕਵੀ ਆਪਣੇ ਨਜ਼ਰੀਏ ਤੇ ਢੰਗ-ਤਰੀਕੇ ਨਾਲ ਪੇਸ਼ ਕਰਦਾ ਹੈ। ਕਵੀ ਮਨੁੱਖ ਨੂੰ ਧਰਤੀ ਤੋਂ ਕੰਡੇ ਚੁਗਣ ਤੇ ਇਸਨੂੰ ਗੁਲਜ਼ਾਰ ਕਰਨ ਲਈ ਪੂਰੀ ਵਾਹ ਲਾਉਣ ਦਾ ਸੱਦਾ ਦਿੰਦਾ ਹੈ। ਪ੍ਰਕਿਰਤੀ ਵਿੱਚ ਖੇੜੇ ਦਾ ਪਾਸਾਰ ਕਰਨ, ਬਸੰਤ ਵਰਗੀ ਖੇੜੇ ਨਾਲ ਭਰਪੂਰ ਰੁੱਤ ਮਹਿਕਾਉਣ, ਖੁਸ਼ੀਆਂ ਤੇ ਖੁਸ਼ਹਾਲੀ ਦਾ ਸੁਨੇਹਾ ਦੇਣ ਲਈ ਕਹਿੰਦਾ ਹੈ। ਕਵੀ ਖੂਬਸੂਰਤ ਮੁਟਿਆਰਾਂ ਦੇ ਭੋਲ਼ੇਪਨ, ਉਨ੍ਹਾਂ ਦੀ ਮਾਸੂਮੀਅਤ,ਅੱਲ੍ਹੜਪੁਣੇ,ਖ਼ੁਮਾਰੀ,ਸੱ
ਕਵੀ ਉਸ ਮਾਲਕ ਦੀ ਉਸਤਤ ਕਰਨ,ਉਸਦੀ ਰਜ਼ਾ ਵਿੱਚ ਰਹਿਣ, ਉਦਾਸੀ ਦੇ ਆਲਮ ਵਿੱਚੋਂ ਬਾਹਰ ਨਿਕਲਣ ਤੇ ਰੂਹ ਨੂੰ ਮਹਿਕਾਉਣ ਦੇ ਉਪਰਾਲਿਆਂ ਵਿੱਚ ਜੁਟ ਜਾਂਦਾ ਹੈ। ਸੱਚਾ ਇਸ਼ਕ ਇਬਾਦਤ ਬਣ ਜਾਣ ਤੱਕ ਦਾ ਸਫ਼ਰ ਤੈਅ ਕਰਦਾ ਹੈ।ਕਵੀ ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖਣ ਲਈ ਕਹਿੰਦਾ ਹੈ:
*ਬੇਖ਼ੁਦੀ ‘ਚ ਜ਼ਰਾ ਗਹਿਰਾ ਉਤਰਨਾ ਹੈ
ਤਾਂ ਉਸਦੀ ਗੱਲ ਕਰੋ/………………..
ਪਰ ਜੇ ਇਸ਼ਕ ਏ ਜਨੂੰਨ ਵਿੱਚ ਖ਼ੁਦ ਨੂੰ ਲੁਟਾਉਣਾ ਹੈ
ਤਾਂ ਉਸ ਦੀ ਗੱਲ ਕਰੋ। (ਪੰਨਾ-22)
*ਜਿਉਂ ਜਿਉਂ ਮੈਂ ਜ਼ਿੰਦਗੀ ਦੇ ਨੇੜੇ ਹੁੰਦਾ ਜਾ ਰਿਹਾ ਹਾਂ
ਤਲਖ਼ ਸੱਚਾਈਆਂ ਦੇ ਰੂਬਰੂ ਵੀ ਹੁੰਦਾ ਜਾ ਰਿਹਾ ਹਾਂ
ਜ਼ਿੰਦਗੀ ਹਰ ਰੋਜ਼ ਨਵੇਂ ਰੰਗ ਹੈ ਵਿਖਾਉਂਦੀ
ਉਨ੍ਹਾਂ ਨੂੰ ਗੁਲਦਸਤੇ ਵਿੱਚ ਸਜਾ ਰਿਹਾ ਹਾਂ(ਪੰਨਾ-47)
ਕਵੀ ਕਹਿੰਦਾ ਹੈ ਕਿ ਉਸ ਅੰੰਦਰ ਕੁਝ ਨਾ ਕੁਝ ਕਹਿਣ ਲਈ ਖਲਬਲੀ ਮੱਚਦੀ ਰਹਿੰਦੀ ਹੈ। ਉਹ ਬਹੁਤ ਕੁਝ ਲਿਖਣਾ ਚਾਹੁੰਦਾ ਹੈ ਪਰ ਨਾ ਉਸ ਕੋਲ ਸ਼ਬਦਾਂ ਦਾ ਖ਼ਜ਼ਾਨਾ ਹੈ ਤੇ ਨਾ ਉਸਨੂੰ ਸ਼ਬਦਾਂ ਦਾ ਸਾਥ ਨਸੀਬ ਹੁੰਦਾ ਹੈ।
ਅੱਖਾਂ ਦੀ ਰੌਸ਼ਨੀ ਕੁਦਰਤ ਦਾ ਅਤੀ ਉੱਤਮ ਵਰਦਾਨ ਹੈ। ਜਿਨ੍ਹਾਂ ਦੀਆਂ ਅੱਖਾਂ ਵਿੱੱਚ ਰੌਸ਼ਨੀ ਨਹੀਂ ਹੁੰਦੀ ਜਾਂ ਗਵਾਚ ਜਾਂਦੀ ਹੈ,ਕਵੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਪਰਤ ਆਉਣ ਲਈ ਦੁਆ ਕਰਦਾ ਹੈ।
ਕਵੀ ਸਮਝਦਾ ਹੈ ਕਿ ਸੱਚ ਕਹਿਣਾ ਬਹੁਤ ਕਠਿਨ ਹੁੰਦਾ ਹੈ। ਸੱਚ ਕਹਿਣਾ, ਸੁਣਨਾ ਤੇ ਬਰਦਾਸ਼ਤ ਕਰਨਾ ਮਨੁੱਖ ਲਈ ਕਈ ਮੁਸੀਬਤਾਂ ਖੜੀਆਂ ਕਰ ਸਕਦਾ ਹੈ। ਜ਼ਿੰਦਗੀ ਦਾ ਤਾਣਾ-ਬਾਣਾ ਉਲਝਾਅ ਸਕਦਾ ਹੈ। ਜੀਵਨ ਵਿੱਚ ਕਈ ਸਥਿਤੀਆਂ ਅਜਿਹੀਆਂ ਵੀ ਪੈਦਾ ਹੁੰਦੀਆਂ ਹਨ ਜੋ ਵੱਡੀ ਚੁਣੌਤੀ ਬਣ ਕੇ ਪ੍ਰਗਟ ਹੁੰਦੀਆਂ ਹਨ। ਪਰ ਨਾਲ ਹੀ ਉਹ ਭਵਿੱਖ ਵਿੱਚ ਬਿਹਤਰ ਨਤੀਜੇ ਵਿਖਾਉਣ ਲਈ ਵਧੀਆ ਅਵਸਰ ਵੀ ਪ੍ਰਦਾਨ ਕਰ ਰਹੀਆਂ ਹੁੰਦੀਆਂ ਹਨ।
ਕਵੀ ਵਿਸ਼ਵ ਦੇ ਕਈ ਖੂਬਸੂਰਤ ਤੇ ਪ੍ਰਸਿੱਧ ਦੇਸ਼ਾਂ/ਸ਼ਹਿਰਾਂ ਦੇ ਕਾਵਿ-ਚਿੱਤਰ ਉਲੀਕਦਾ ਹੈ। ਉਨ੍ਹਾਂ ਵਿੱਚੋਂ ਸਵਿਟਜ਼ਰਲੈਂਡ,ਵੀਨਸ,ਪਰੀਆਂ ਦਾ ਸ਼ਹਿਰ ਕਾਰਲਸਰੋਹੇ, ਰੋਮ,ਲੰਡਨ,ਨਿਊਯਾਰਕ, ਪੈਰਿਸ ਆਦਿ ਦੀ ਚਿੱਤਰੀ ਮਨਮੋਹਕ ਦ੍ਰਿਸ਼ਾਵਲੀ ਪਾਠਕ ਦੀ ਸੂਝ ਨੂੰ ਟੁੰਬਣ ਦੇ ਸਮਰੱਥ ਹੈ। ਇਨ੍ਹਾਂ ਵਿੱਚੋਂ ਕਈਆਂ ਨੂੰ ਰੂਹਾਨੀਅਤ ਦੇ ਸ਼ਹਿਰ ਕਿਹਾ ਜਾਂਦਾ ਹੈ। ਕਈ ਮੋਹ,ਮਾਇਆ, ਤੜਪ,ਭੱਜ-ਦੌੜ ਤੇ ਉਦਾਸ ਸ਼ਹਿਰਾਂ ਵਜੋਂ ਵੀ ਜਾਣੇ ਜਾਂਦੇ ਹਨ। ਕਈ ਸ਼ਹਿਰਾਂ ਦੀਆਂ ਆਕਾਸ਼ ਛੂੰਹਦੀਆਂ ਇਮਾਰਤਾਂ,ਸੈਲਾਨੀਆਂ ਦੀ ਉਥੇ ਜਾਣ ਦੀ ਖਿੱਚ, ਉਨ੍ਹਾਂ ਦੇਸਾਂ/ਸ਼ਹਿਰਾਂ ਦੇ ਸੱਭਿਆਚਾਰ, ਉਥੋਂ ਦੀ ਕਦਰ-ਪ੍ਰਣਾਲੀ, ਪ੍ਰਬੰਧਨ ਆਦਿ ਬਾਰੇ ਕਵੀ ਆਪਣੇ ਪ੍ਰਭਾਵ ਉਲੀਕਦਾ ਹੈ। ਟਾਈਟੈਨਿਕ ਹਾਦਸੇ ਨੂੰ ਯਾਦ ਕਰਕੇ ਕਵੀ ਦਾ ਮਨ ਹਲੂਣਿਆ ਜਾਂਦਾ ਹੈ।
ਪਰੀਆਂ ਦੇ ਸ਼ਹਿਰ ਕਾਰਲਸਰੋਹੇ ਦੀ ਖੂਬਸੂਰਤੀ, ਸ਼ਹਿਰ ਦੀ ਜੀਵਨ ਰੇਖਾ ਬਣਦੀ ਰਾਇਨ ਨਦੀ ਦੀ ਸੁੰਦਰਤਾ, ਉਥੋਂ ਦੇ ਮੌਸਮ ਦੀ ਖੁਸ਼ਗਵਾਰੀ ਅਤੇ ਹੁਸੀਨ ਸ਼ਹਿਰ ਦੀ ਗਤੀਸ਼ੀਲਤਾ ਦੀ ਰੂਹ ਤੱਕ ਦੀ ਹੂਕ ਨੂੰ ਕਵੀ ਸੁਣਦਾ ਹੈ। ਉਥੋਂ ਦੇ ਲੋਕਾਂ ਦੀ ਸਲੀਕਾ-ਯਾਫ਼ਤਾ ਜ਼ਿੰਦਗੀ ਦਾ ਚਲਨ, ਸ਼ਹਿਰ ਨੂੰ ਵੇਖਣ ਮਾਣਨ ਵਾਲੇ ਦੇ ਮਨ ‘ਤੇ ਜਾਦੂਈ ਅਸਰ ਪਾਉਣ ਵਾਲੀਆਂ ਸ਼ਹਿਰ ਦੀਆਂ ਫ਼ਿਜ਼ਾਵਾਂ,ਸ਼ਹਿਰ ਦੀ ਰੌਣਕ ਆਦਿ ਨੂੰ ਕਵੀ ਮੋਹ ਲੈਣ ਵਾਲੇ ਦਿਲਕਸ਼ ਸਥਾਨ ਦਾ ਦਰਜਾ ਦਿੰਦਾ ਹੈ। ਉਨ੍ਹਾਂ ਲੋਕਾਂ ਦੇ ਜੀਵਨ ਜੀਉਣ ਦੇ ਹੁਨਰ ਨੂੰ ਵੇਖ/ਸਮਝ ਕੇ ਕਵੀ ਦੰਗ ਰਹਿ ਜਾਂਦਾ ਹੈ। ਸਵਰਗ ਜਿਹੇ ਹੋਣ ਦਾ ਅਹਿਸਾਸ ਕਰਾਉਂਦੇ ਸ਼ਹਿਰ ਵੀਨਸ ਦਾ ਗੁਣ ਗਾਇਨ ਕਰਦਿਆਂ ਕਵੀ ਉਸ ਸ਼ਹਿਰ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੁੰਦਾ ਹੈ। ਲੋਕਾਂ ਦੇ ਉਸ ਸ਼ਹਿਰ ਪ੍ਰਤੀ ਪਿਆਰ ਦੀ ਸਿਖਰ ਕਿ ਉਨ੍ਹਾਂ ਨੇ ਉਸਦੇ ਕਈ ਨਾਂ ਰੱਖੇ ਹਨ। ਕਵੀ ਉਸ ਸ਼ਹਿਰ ਦੀ ਨਗਰ ਨਿਰਮਾਣ ਕਲਾ ਦਾ ਲੋਹਾ ਮੰਨਦਾ ਹੈ। ਉਸ ਸ਼ਹਿਰ ਅੰਦਰ ਕਿਸੇ ਅਜੀਬ ਜਿਹੀ ਚੁੰਬਕੀ ਖਿੱਚ ਹੋਣ ਦਾ ਉਹ ਕਾਇਲ ਹੈ। ਸ਼ਹਿਰ ਦੀਆਂ ਸਦੀਵੀ ਅਨੰਦ ਦੇਣ ਵਾਲੀਆਂ ਯਾਦਾਂ ਨੂੰ ਦਿਲ ਵਿੱਚ ਸਮੋਈ ਬੈਠਾ ਕਵੀ ਉਥੋਂ ਦੀਆਂ ਹੁਸੀਨ ਯਾਦਾਂ ਨੂੰ ਮਹਿਫ਼ੂਜ਼ ਰੱਖਣਾ ਚਾਹੁੰਦਾ ਹੈ।ਅਜਿਹੀਆਂ ਕਵਿਤਾਵਾਂ ਕਵੀ ਦੀ ਵਿਸ਼ਵ ਚੇਤਨਾ, ਵਿਸ਼ਵ ਦ੍ਰਿਸ਼ਟੀ ਤੇ ਸਮੂਹਿਕ ਮਾਨਵੀ ਚੇਤਨਾ ਵੱਲ ਸੰਕੇਤ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਤੀਬਰ ਸਮਾਜਿਕ ਸਰੋਕਾਰਾਂ ਤੋਂ ਲੈ ਕੇ ਵਿਸ਼ਵ ਚੇਤਨਾ ਦੇ ਪਸਾਰਾਂ ਤੱਕ ਉਡਾਣ ਭਰਨ ਵਾਲੀਆਂ ਕਵਿਤਾਵਾਂ ਕਿਹਾ ਜਾ ਸਕਦਾ ਹੈ। ਇਹ ਚੇਤਨਾ ਇਨ੍ਹਾਂ ਕਵਿਤਾਵਾਂ ਦਾ ਬੁਨਿਆਦੀ ਅੰਸ਼ ਬਣਦੀ ਹੈ। ਬੇਸ਼ੱਕ ਕਿਸੇ ਸਥਾਨ/ਵਿਅਕਤੀ ਦੀ ਖੂਬਸੂਰਤੀ ਨੂੰ ਕਿਸੇ ਹੋਰ ਨਾਲ ਤੁਲਨਾਇਆ ਨਹੀਂ ਜਾ ਸਕਦਾ ਫਿਰ ਵੀ ਸਾਡਾ ਦੇਸ ਅਜੇ ਤੱਕ ਗ਼ਰੀਬੀ, ਭੁੱਖਮਰੀ,ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਦੀਆਂ ਸਮੱਸਿਆਵਾਂ ਨਾਲ ਹੀ ਨਹੀਂ ਸਿੱਝ ਸਕਿਆ।
ਕਵਿਤਾ ਦੇ ਸਫ਼ਰ ਨੂੰ ਮਾਣਦਾ ਕਵੀ ਸਫ਼ਰ ਵਿੱਚ ਰਹਿਣਾ ਪਸੰਦ ਕਰਦਾ ਹੈ। ਸਫ਼ਰ ਨੂੰ ਉਹ ਮਹਿਜ਼ ਇਕ ਮੌਕਾ/ਬਹਾਨਾ ਸਮਝਦਾ ਹੈ। ਸਫ਼ਰ ਜ਼ਿੰਦਗੀ ਦਾ ਹੋਵੇ ਜਾਂ ਰੇਲ ਦਾ, ਸਫ਼ਰ ਤਾਂ ਇਕ ਇਤਫ਼ਾਕ ਹੈ। ਹਸਰਤਾਂ ਦਾ ਸਫ਼ਰ ਤੇ ਸਫ਼ਰ ਦੀਆਂ ਹਸਰਤਾਂ ਸਲਾਮਤ ਰਹਿਣੀਆਂਂ ਚਾਹੀਦੀਆਂ ਹਨ। ਰੇਲ ਰਾਹੀਂ ਮਹਾਂਂ ਨਗਰ ਤੋਂ ਪਿੰਡ ਤੱਕ ਕੀਤੇ ਸਫ਼ਰ ਨੂੰ ਕਵੀ ਜ਼ਿੰਦਗੀ ਦੇ ਸਫ਼ਰ ਨਾਲ ਤੁਲਨਾਉਂਦਾ ਹੈ। ਸਫ਼ਰ ਦੌਰਾਨ ਆਉਂਦੀਆਂ ਰੁਕਾਵਟਾਂ,ਖਾਧੀਆਂ ਠੋਕਰਾਂ ਵੱਲ ਵੀ ਉਹ ਸੰਕੇਤ ਕਰਦਾ ਹੈ। ਮਨ ਦੀ ਉਡਾਣ ਨਾਲ ਕੀਤੇ ਸਫ਼ਰ ਦੇ ਮਹੱਤਵ ਨੂੰ ਵੀ ਕਲਮਕਾਰ ਨੇ ਉਜਾਗਰ ਕੀਤਾ ਹੈ। ਪਰਵਾਸੀ ਪਰਿੰਦਿਆਂ ਦੇ ਸਫ਼ਰ ਦੀ ਗੱਲ ਵੀ ਕਵੀ ਹੁੱਬ ਕੇ ਕਰਦਾ ਹੈ। ਉਹ ਉੱਚੇ ਪਹਾੜਾਂ ਤੋਂ ਉਡ ਕੇ ਹਜ਼ਾਰਾਂ ਕੋਹਾਂ ਦਾ ਪੰਧ ਤੈਅ ਕਰਕੇ ਮੈਦਾਨਾਂ ਤੱਕ ਆਪਣੀ ਮੰਜ਼ਿਲ ਵੱਲ ਆਉਂਦੇ ਹਨ। ਪਰਿੰਦੇ ਵੀ ਕਿਸੇ ਅਦੁੱਤੀ ਇਸ਼ਕ ਦੇ ਸੂਤਰ ਵਿੱਚ ਬੱਝੇ ਹੁੰਦੇ ਹਨ। ਉਹ ਇਸ ਇਸ਼ਕ ਦੀ ਅਹਿਮੀਅਤ ਨੂੰ ਸਮਝਦੇ ਹਨ ਪਰ ਮਨ ਅੰੰਦਰਲੀ ਸੂਝ ਤੋਂ ਸੱਖਣਾ,ਘੇਸਲ,ਅਵੇਸਲਾ ਤੇ ਅਣਜਾਣ ਮਨੁੱਖ ਜ਼ਿੰਦਗੀ ਦੇ ਅਜਿਹੇ ਭੇਦ ਦੀਆਂ ਰਮਜ਼ਾਂ ਨੂੰ ਨਹੀਂ ਸਮਝ ਸਕਦਾ।
ਕਵੀ ਸਮਕਾਲ ਦੇ ਸਮਾਜਿਕ ਜੀਵਨ ਦੀਆਂ ਵਿਭਿੰਨ ਸਮੱਸਿਆਵਾਂ ਨੂੰ ਤੇ ਜੀਵਨ ਦੀਆਂ ਵਿਸੰਗਤੀਆਂ ਨੂੰ ਬਾਖੂਬੀ ਸਮਝਦਾ ਹੈ ਤੇ ਸਮਦ੍ਰਿਸ਼ਟੀ ਨਾਲ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਤੀਖਣ ਸੂਝ ਰੱਖਦਾ ਹੈ। ਫਿਰ ਕਵਿਤਾ ਦੇ ਮੇਚ ਆ ਸਕਣ ਵਾਲੇ ਸਰੋਕਾਰਾਂ ਦੇ ਰੂਪ ਵਿੱਚ ਉਹ ਉਨ੍ਹਾਂ ਦਾ ਕਾਵਿ-ਰੂਪਾਂਤਰਣ ਕਰਦਾ ਹੈ। ਕਈ ਕਵਿਤਾਵਾਂ ਵਿੱਚ ਧਰਮ ਦੇ ਰਵਾਦਾਰੀ ਵਾਲੇ, ਸਮਤੁਲਤਾ ਵਾਲੇ,ਸਦਭਾਵਨਾ ਵਾਲੇ, ਦਇਆ ਭਾਵਨਾ ਵਾਲੇ,ਸੇਵਾ ਵਾਲੇ, ਨਿਮ੍ਰਤਾ ਵਾਲੇ ਸਰੂਪ ਵੱਲ ਵੀ ਸੰਕੇਤ ਕੀਤੇ ਗਏ ਮਿਲਦੇ ਹਨ। ਉਸਦੀ ਕਵਿਤਾ ਅਨੁਭਵ-ਮੁਖੀ ਹੈ।ਉਸਦੇ ਅਨੁਭਵ ਦੀ ਵੰਨ-ਸੁਵੰਨਤਾ ਪਾਠਕ ਨੂੰ ਜਿਸ ਵੀ ਅਨੁਭਵ ਦੇ ਸਨਮੁੱਖ ਕਰਦੀ ਹੈ,ਪਾਠਕ ਨੂੰ ਉਹ ਅਨੁਭਵ ਆਪਣਾ ਹੀ ਪ੍ਰਤੀਤ ਹੁੰਦਾ ਹੈ। ਕਈ ਕਵਿਤਾਵਾਂ ਵਿੱਚ ਪੇਸ਼ ਕਾਵਿ-ਦ੍ਰਿਸ਼ਾਂ ‘ਤੇ ਨਜ਼ਰ ਘੁੰਮਾਉਂਦਿਆਂ ਮੈਂ ਇਸ ਤਰ੍ਹਾਂ ਦਾ ਪ੍ਰਭਾਵ ਗ੍ਰਹਿਣ ਕਰਦਾ ਹਾਂ ਕਿ ਕਵਿਤਾ ਰਚਦਿਆਂ-ਰਚਦਿਆਂ ਕਵੀ ਉਸਦੀ ਧੁਰ ਆਤਮਾ ਵਿੱਚ ਲਹਿ ਜਾਂਦਾ ਹੈ। ਰਚਨਾ ਨਾਲ ਉਹ ਇਸ ਹੱਦ ਤੱਕ ਇੱੱਕਮਿੱਕ ਤੇ ਇਕਸੁਰ ਹੋ ਜਾਂਦਾ ਹੈ ਕਿ ਉਹ ਖ਼ੁਦ ਕਵਿਤਾ ਬਣ ਜਾਂਦਾ ਪ੍ਰਤੀਤ ਹੁੰਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਕਵੀ ਆਪਣੇ ਵਿਸ਼ਾਲ ਅਨੁਭਵ-ਖੇਤਰ ਵਿੱਚੋਂ ਕੁਝ ਕੁ ਨੂੰ ਚੁਣਦਾ ਹੈ,ਕਦੇ ਉਨ੍ਹਾਂ ਦੀ ਪੁਣ-ਛਾਣ ਕਰਦਾ ਹੈ, ਕਦੇ ਕੁਝ ਕੁ ਨੂੰ ਕਸ਼ੀਦ ਕਰਦਾ ਜਾਂਦਾ ਹੈ ਤੇ ਉਸਨੂੰ ਕਵਿਤਾ ਦੇ ਰੂਪ ਵਿੱਚ ਢਾਲਣ ਦੇ ਆਹਰ ਵਿੱਚ ਜੁਟ ਜਾਂਦਾ ਹੈ। ਜ਼ਿੰਦਗੀ ਵਿੱਚ ਪੈਦਾ ਹੋ ਜਾਂਦੀਆਂ ਦਰਾਰਾਂ ਬਾਰੇ ਤੇ ਉਨ੍ਹਾਂ ਦੇ ਅਸਰ ਬਾਰੇ ਕਵੀ ਬੜੀ ਸ਼ਿੱਦਤ ਨਾਲ ਆਪਣੇ ਵਿਚਾਰ ਪੇਸ਼ ਕਰਦਾ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਦਰਾਰਾਂ ਭਰਦੀਆਂ ਨਹੀਂ। ਬੰਦਾ ਜਦੋਂ ਦਰਾਰਾਂ ਨੂੰ ਆਪਣੇ ਨਾਲ ਚੁੱਕੀ ਫਿਰਦਾ ਹੈ ਤਾਂ ਜੀਵਨ ਬਹੁਤ ਕਠਿਨ ਤੇ ਕਠੋਰ ਹੋ ਜਾਂਦਾ ਹੈ।
ਰੁੱਖ,ਪਰਿੰਦੇ,ਉਡਾਣ,ਸਫ਼ਰ,ਝਰਨਾ,ਖੰ
ਕਾਵਿ ਸਿਰਜਣਾ ਨਿਰੰਤਰ ਪ੍ਰਕਿਰਿਆ ਹੁੰਦੀ ਹੈ। ਸੱਚੇ ਹਰਫ਼, ਸੱਚੀ ਕਵਿਤਾ, ਸੱਚਾ ਗੀਤ ਅਜੇ ਕਵੀ ਨੇ ਲਿਖਣਾ ਹੈ। ਸੱਚੇ ਬੋਲ ਅਜੇ ਉਸਨੇ ਉਚਾਰਨੇ ਹਨ। ਡੂੰਘੇ ਅਰਥਾਂ ਅਤੇ ਦ੍ਰਿਸ਼ਟੀਕੋਣ ਨਾਲ ਜੁੜੀ ਕਵਿਤਾ ਦੇ ਸਿਰਜਕ ਸੁਖਰਾਜ ਸਿੰਘ ਕੋਲ ਕਵਿਤਾ ਦੇ ਮਾਧਿਅਮ ਰਾਹੀਂ ਵਿਚਾਰ ਪ੍ਰਗਟ ਕਰਨ ਦਾ ਹੁਨਰ ਹੈ। ਉਸਦੀ ਕਵਿਤਾ ਪਾਠਕ ਤੱਕ ਵਿਚਾਰਾਂ ਦਾ ਸਹਿਜ ਸੰਚਾਰ ਕਰਨ ਦਾ ਗੁਰ ਨਿਭਾਉਂਦੀ ਹੈ। ਕਾਵਿ ਭਾਸ਼ਾ ਉਪਰ ਕਵੀ ਨੂੰ ਪਕੜ ਹਾਸਲ ਹੈ। ਕਾਵਿ-ਸਾਧਨਾਂ ਵਿੱਚ ਜੁਟੇ ਤੇ ਨਿਰੰਤਰ ਕਾਰਜਸ਼ੀਲ ਰਹਿਣ ਵਾਲੇ ਕਵੀ ਸੁਖਰਾਜ ਸਿੰਘ ਕੋਲੋਂ ਭਵਿੱਖ ਵਿੱਚ ਗੁਣਾਤਮਿਕ ਤੇ ਕਲਾਤਮਿਕ ਪੱਖ ਤੋਂ ਹੋਰ ਵਧੇਰੇ ਸੰਭਾਵਨਾਵਾਂ ਯੁਕਤ ਤੇ ਪੁਖ਼ਤਾ ਰਚਨਾਕਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ।