Health & Fitness Articles

ਅਖੇ ਕਰੋਨਾ ਦਾ ਟੀਕਾ ਲਗਵਾਉਣ ਨਾਲ ਆਦਮੀ ਨਾਮਰਦ ਹੋ ਜਾਂਦਾ ਹੈ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਇਸ ਵੇਲੇ ਸਰਕਾਰ ਦੀ ਕਰੋਨਾ ਟੀਕਾਕਰਣ ਮੁਹਿੰਮ ਨੂੰ ਸਭ ਤੋਂ ਵੱਧ ਨੁਕਸਾਨ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਪਹੁੰਚਾ ਰਹੀਆਂ ਹਨ। ਸਵੈ ਘੋਸ਼ਿਤ ਡਾਕਟਰ ਹਰ ਰੋਜ਼ ਲੋਕਾਂ ਨੂੰ ਟੀਕਾ ਲਗਵਾਉਣ ਦੇ ਨੁਕਸਾਨ ਅਤੇ ਘਰੇਲੂ ਨੁਸਖਿਆਂ ਨਾਲ ਕਰੋਨਾ ਤੋਂ ਬਚਣ ਦੇ ਵਾਹਯਾਤ ਤਰੀਕੇ ਦੱਸ ਰਹੇ ਹਨ। ਇੱਕ ਸਵੈ ਘੋਸ਼ਿਤ ਡਾਕਟਰ ਨੇ ਇੱਕ ਨੁਸਖਾ ਵਟਸਐੱਪ ‘ਤੇ ਪਾਇਆ ਹੈ ਕਿ ਜੇ ਮੁਸ਼ਕ ਕਪੂਰ ਅਤੇ ਅਜਵਾਇਣ ਨੂੰ ਬਰਾਬਰ ਮਾਤਰਾ ਵਿੱਚ ਕੱਪੜੇ ਦੀ ਪੋਟਲੀ ਵਿੱਚ ਬੰਨ੍ਹ ਕੇ ਲਗਾਤਾਰ ਸੁੰਘਿਆ ਜਾਵੇ ਤਾਂ ਸਰੀਰ ਵਿੱਚ ਆਕਸੀਜਨ ਪੂਰੀ ਹੋ ਜਾਂਦੀ ਹੈ। ਮੁਸ਼ਕ ਕਪੂਰ ਇੱਕ ਖਤਰਨਾਕ ਕੈਮੀਕਲ ਹੈ ਜੋ ਕਦੇ ਵੀ ਸਾਹ ਰਾਹੀਂ ਨਹੀਂ ਲੈਣਾ ਚਾਹੀਦਾ ਤੇ ਨਾ ਹੀ ਇਸ ਨੂੰ ਖਾਣਾ ਚਾਹੀਦਾ ਹੈ। ਇਸ ਦੇ ਗੰਭੀਰ ਸਰੀਰਕ ਦੁਸ਼ਪ੍ਰਭਾਵ, ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਚਾਰੇ ਜਾ ਰਹੇ ਨੁਸਖੇ ਮੁਤਾਬਕ ਇਸ ਨੂੰ ਲਗਾਤਾਰ ਸੁੰਘਿਆ ਗਿਆ ਤਾਂ ਆਕਸੀਜ਼ਨ ਤਾਂ ਭਾਵੇਂ ਪੂਰੀ ਨਾ ਹੋਵੇ, ਸਵਾਸ ਜਰੂਰ ਪੂਰੇ ਹੋ ਜਾਣਗੇ। ਵੈਸੇ ਫਿਰ ਆਕਸੀਜ਼ਨ ਦੀ ਜਰੂਰਤ ਹੀ ਨਹੀਂ ਪੈਣੀ।

ਇੱਕ ਸਭ ਤੋਂ ਵੱਡਾ ਵਹਿਮ ਇਹ ਫੈਲਾਇਆ ਜਾ ਰਿਹਾ ਹੈ ਕਿ ਕਰੋਨਾ ਦਾ ਟੀਕਾ ਲਗਵਾਉਣ ਨਾਲ ਆਦਮੀ ਨਾਮਰਦ ਹੋ ਜਾਂਦਾ ਹੈ। ਭਾਰਤ ਅਤੇ ਚੀਨ, ਜਿਨ੍ਹਾਂ ਵਿੱਚੋਂ ਹਰੇਕ ਦੀ ਅਬਾਦੀ ਡੇਢ ਸੌ ਕਰੋੜ ਤੋਂ ਟੱਪਣ ਵਾਲੀ ਹੈ, ਸੰਸਾਰ ਵਿੱਚ ਆਪਣੀ ਮਰਦਾਨਗੀ ਬਾਰੇ ਸਭ ਤੋਂ ਵੱਧ ਫਿਕਰ ਕਰਨ ਵਾਲੀਆਂ ਕੌਮਾਂ ਹਨ। ਇਸ ਤੋਂ ਬਾਅਦ 10 – 10 ਵਿਆਹ ਕਰਵਾਉਣ ਵਾਲੇ ਅਰਬੀ ਸ਼ੇਖਾਂ ਦੀ ਵਾਰੀ ਆਉਂਦੀ ਹੈ। ਚੀਨੀ ਤਾਂ ਮਰਦਾਨਗੀ ਵਧਾਉਣ ਲਈ ਹਰ ਪ੍ਰਕਾਰ ਦੀ ਖੇਹ ਸਵਾਹ ਖਾ ਜਾਂਦੇ ਹਨ। ਉਥੇ ਇਸ ਪ੍ਰਕਾਰ ਦੀਆਂ ਸ਼ਰਾਬਾਂ ਮਿਲਦੀਆਂ ਹਨ ਜਿਨ੍ਹਾਂ ਦੀ ਬੋਤਲਾਂ ਵਿੱਚ ਸੱਪ, ਬਿੱਛੂ ਅਤੇ ਕੇਕੜੇ ਆਦਿ ਪਾਏ ਹੋਏ ਹੁੰਦੇ ਹਨ। ਚੀਨੀ ਮਰਦਾਨਾ ਸ਼ਕਤੀ ਵਧਾਉਣ ਦੇ ਨਾਮ ‘ਤੇ ਰਿੱਛ ਦਾ ਪਿੱਤਾ, ਗੈਂਡੇ ਦਾ ਸਿੰਗ ਅਤੇ ਬਾਘ ਦੀਆਂ ਹੱਢੀਆਂ ਦਾ ਚੂਰਾ ਤੱਕ ਖਾ ਜਾਂਦੇ ਹਨ। ਭਾਰਤ ਦੇ ਜੰਗਲਾਂ ਵਿੱਚ ਅਵੈਧ ਤੌਰ ‘ਤੇ ਸ਼ਿਕਾਰ ਕੀਤੇ ਜਾਣ ਵਾਲੇ ਜਿਆਦਾਤਰ ਸ਼ੇਰ, ਤੇਂਦੂਏ ਅਤੇ ਬਾਘ ਆਦਿ ਦੀਆਂ ਲਾਸ਼ਾਂ ਵਿੱਚੋਂ ਮਰਦਾਨਾ ਸ਼ਕਤੀ ਵਧਾਉਣ ਵਾਲੇ ਅੰਗ ਕੱਢ ਕੇ ਚੀਨ ਨੂੰ ਹੀ ਸਮੱਗਲ ਹੁੰਦੇ ਹਨ। ਉਥੇ ਇਹ ਸੋਨੇ ਦੇ ਭਾਅ ਵਿਕਦੇ ਹਨ।

ਭਾਰਤ ਦਾ ਹਾਲ ਵੀ ਇਸੇ ਤਰਾਂ ਦਾ ਹੀ ਹੈ। ਇਥੇ ਹਰ ਆਦਮੀ ਨੂੰ ਵਹਿਮ ਹੈ ਕਿ ਮੇਰੀ ਮਰਦਾਨਾ ਸ਼ਕਤੀ ਘਟ ਰਹੀ ਹੈ। ਇਸੇ ਕਾਰਨ ਭਾਰਤ ਵਿੱਚ ਸ਼ੇਰ ਵਰਗੀ ਮਰਦਾਨਾ ਸ਼ਕਤੀ ਦੁਬਾਰਾ ਪ੍ਰਦਾਨ ਕਰਨ ਵਾਲੇ ਖਾਨਦਾਨੀ ਹਕੀਮਾ ਅਤੇ ਵੈਦਾਂ ਦੀਆਂ ਦੁਕਾਨਾਂ ਥਾਂ ਥਾਂ ‘ਤੇ ਖੁਲ੍ਹੀਆਂ ਹੋਈਆਂ ਹਨ ਤੇ ਤਕਰੀਬਨ ਸਾਰੀਆਂ ਹੀ ਕਾਮਯਾਬ ਹਨ। ਨਵਾਬੀ ਅਤੇ ਬਾਦਸ਼ਾਹੀ ਕੋਰਸਾਂ ਬਾਰੇ ਅਨੇਕਾਂ ਅਖਬਾਰਾਂ ਵਿੱਚ ਰੋਜ਼ਾਨਾਂ ਇਸ਼ਤਿਹਾਰ ਛਪਦੇ ਹਨ। ਉਹ ਗੱਲ ਅਲੱਗ ਹੈ ਇਨ੍ਹਾਂ ਦਵਾਈਆਂ ਵਿੱਚ ਕਿਸੇ ਕੁਸ਼ਤੇ ਦੀ ਜਗ੍ਹਾ ਵਿਆਗਰਾ ਦੀਆਂ ਗੋਲੀਆਂ ਅਤੇ ਸਟੀਰਾਇਡ ਕੁੱਟ ਕੇ ਮਿਲਾਏ ਹੁੰਦੇ ਹਨ। ਭਾਰਤ ਦਾ ਇੱਕ ਠੱਗ ਬਾਬਾ ਧੀਰੇਂਦਰ ਬ੍ਰਹਮਚਾਰੀ ਹੁੰਦਾ ਸੀ। ਉਹ ਆਪ ਤਾਂ ਬ੍ਰਹਮਚਾਰੀ ਕਹਾਉਂਦਾ ਸੀ ਪਰ ਲੋਕਾਂ ਵਿੱਚ ਪ੍ਰਚਾਰ ਕਰਦਾ ਸੀ ਕਿ ਚਿੜੇ ਖਾਣ ਨਾਲ ਮਰਦਾਨਾ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ। ਉਸ ਦੇ ਪਿੱਛੇ ਲੱਗ ਕੇ ਲੋਕਾਂ ਨੇ ਮਾਰ ਮਾਰ ਕੇ ਚਿੜੇ ਖਤਮ ਕਰ ਦਿੱਤੇ ਸਨ। ਸਫਰ ਕਰਦਿਆਂ ਸੜਕਾਂ ਦੇ ਨਜ਼ਦੀਕ ਕੰਧਾਂ ‘ਤੇ ਲਿਖੇ ਇਸ਼ਤਿਹਾਰ ਵੇਖੀਏ ਤਾਂ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਅੱਧਾ ਪੰਜਾਬ ਨਾਮਰਦ ਹੋ ਗਿਆ ਹੈ ਤੇ ਬਾਕੀ ਦਾ ਅਮਲੀ। ਇੱਕ ਕੰਧ ‘ਤੇ ਲਿਖਿਆ ਹੋਵੇਗਾ, ਵਿਆਹ ਤੋਂ ਘਬਰਾਹਟ ਕਿਉਂ? ਅੱਜ ਹੀ ਮਿਲੋ ਫਲਾਣੇ ਤਾਕਤ ਦੇ ਬਾਦਸ਼ਾਹ ਨੂੰ ਲੁਧਿਆਣੇ ਬੱਸ ਸਟੈਂਡ ਦੇ ਸਾਹਮਣੇ ਹੋਟਲ ਘਾਲਾਮਾਲਾ ਵਿੱਚ। ਦੂਸਰੀ ਕੰਧ ‘ਤੇ ਲਿਿਖਆ ਹੋਵੇਗਾ, ਸਮੈਕ, ਅਫੀਮ, ਡੋਡੇ ਛੱਡੋ, ਕੋਹੜ ਵੱਢੋ।

ਹੁਣ ਲੋਕਾਂ ਨੇ ਕਰੋਨਾ ਦੇ ਟੀਕੇ ਬਾਰੇ ਐਨਾ ਝੂਠ ਤੂਫਾਨ ਫੈਲਾ ਦਿੱਤਾ ਹੈ ਕਿ ਚੰਗੇ ਭਲੇ ਸਿਆਣੇ ਲੋਕ ਵੀ ਟੀਕਾ ਲਗਵਾਉਣ ਤੋਂ ਕਤਰਾ ਰਹੇ ਹਨ। ਬਾਕੀ ਦਿਆਂ ਦੀ ਤਾਂ ਗੱਲ ਹੀ ਕੀ ਕਰਨੀ, ਸਾਡੇ ਮੁਲਾਜ਼ਮਾਂ ਨੂੰ ਵੀ ਬਹੁਤ ਮੁਸ਼ਕਿਲ ਨਾਲ ਟੀਕਾ ਲਗਵਾਉਣ ਲਈ ਰਾਜ਼ੀ ਕਰਨਾ ਪਿਆ ਸੀ। 50% ਤੋਂ ਵੱਧ ਨੇ ਤਾਂ ਅਜੇ ਵੀ ਆਪਣੇ ਪਰਿਵਾਰਾਂ ਨੂੰ ਟੀਕਾ ਨਹੀਂ ਲਗਵਾਇਆ। ਜੇ ਕਿਸੇ ਨੂੰ ਪੁੱਛੀਏ ਕਿ ਟੀਕਾ ਲਗਵਾ ਲਿਆ ਕਿ ਨਹੀਂ? ਤਾਂ ਅੱਗੋਂ ਜਵਾਬ ਦੇਣਗੇ ਕਿ ਕਹਿੰਦੇ ਹਨ ਕਿ ਟੀਕਾ ਲਗਵਾਉਣ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜੇ ਪੁੱਛੀਏ ਕਿ ਕਿਸ ਨੇ ਕਿਹਾ ਤਾਂ ਜਵਾਬ ਆਏਗਾ ਕਿ ਲੋਕ ਕਹਿੰਦੇ ਹਨ। ਜਦੋਂ ਕਰੋਨਾ ਦੀ ਪਹਿਲੀ ਲਹਿਰ ਆਈ ਸੀ ਤਾਂ ਲੋਕ ਅੱਡੀਆਂ ਚੁੱਕ ਚੁੱਕ ਕੇ ਟੀਕੇ ਨੂੰ ਉਡੀਕਦੇ ਸਨ ਤੇ ਹੁਣ ਜੇ ਸਰਕਾਰ ਮੁਫਤ ਵਿੱਚ ਟੀਕਾ ਲਗਾ ਰਹੀ ਹੈ ਤਾਂ ਕੋਈ ਲਗਵਾ ਕੇ ਰਾਜ਼ੀ ਨਹੀਂ। ਇੱਕ ਸਿਆਣੇ ਨੇ ਤਾਂ ਇਹ ਗੱਲ ਫੈਲਾਈ ਰੱਖੀ ਹੈ ਕਿ ਇਸ ਵਿੱਚ ਸਰਕਾਰ ਨੇ ਚਿੱਪ ਪਾਈ ਹੋਈ ਹੈ ਤਾਂ ਜੋ ਸਾਰੇ ਨਾਗਰਿਕਾਂ ‘ਤੇ ਨਿਗ੍ਹਾ ਰੱਖੀ ਜਾ ਸਕੇ। ਬੰਦਾ ਪੁੱਛੇ ਕਿ ਤੈਨੂੰ ਚਿੱਪ ਦਾ ਕੀ ਖਤਰਾ, ਤੂੰ ਕਿਹੜਾ ਪਾਕਿਸਤਾਨ ਦਾ ਬਾਰਡਰ ਟੱਪਣਾ ਹੈ?

ਸਾਡੇ ਲੋਕ ਆਪਣੀ ਮਰਦਾਨਾ ਸ਼ਕਤੀ ਬਾਰੇ ਐਨੇ ਚੇਤੰਨ ਹਨ ਕਿ ਇੱਕ ਵਾਰ ਕੋਈ ਵਿਅਕਤੀ ਦੁਕਾਨ ਤੋਂ ਸਿਗਰਟਾਂ ਦੀ ਡੱਬੀ ਲੈਣ ਲਈ ਗਿਆ। ਜਦੋਂ ਉਸ ਨੇ ਵੈਧਾਨਿਕ ਚੇਤਾਵਨੀ ਪੜ੍ਹੀ ਤਾਂ ਉਸ ‘ਤੇ ਲਿਖਿਆ ਹੋਇਆ ਸੀ ਸਿਗਰਟਾਂ ਪੀਣ ਨਾਲ ਆਦਮੀ ਨਾਮਰਦ ਹੋ ਜਾਂਦਾ ਹੈ। ਉਸ ਨੇ ਡੱਬੀ ਭਵਾਂ ਕੇ ਦੁਕਾਨਦਾਰ ਦੇ ਮੂੰਹ ‘ਤੇ ਮਾਰੀ, “ਇਹ ਕੀ ਗੰਦ ਵੇਚੀ ਜਾਨਾ ਏਂ? ਮੈਨੂੰ ਉਹ ਸਿਗਰਟਾਂ ਦੇ ਜਿਨ੍ਹਾਂ ਨੂੰ ਪੀਣ ਨਾਲ ਕੈਂਸਰ ਹੁੰਦਾ ਹੈ।” ਸਰਕਾਰ ਜੇ ਚਾਹੁੰਦੀ ਹੈ ਕਿ ਸਾਰੇ ਲੋਕ ਕਰੋਨਾ ਦਾ ਟੀਕਾ ਲਗਵਾ ਲੈਣ ਤਾਂ ਉਸ ਨੂੰ ਇਹ ਅਫਵਾਹ ਫੈਲਾ ਦੇਣੀ ਚਾਹੀਦੀ ਹੈ ਕਿ ਇਹ ਟੀਕਾ ਲਗਵਾਉਣ ਨਾਲ ਮਰਦਾਨਾ ਸ਼ਕਤੀ ਬਹੁਤ ਜਿਆਦਾ ਵਧ ਜਾਂਦੀ ਹੈ। ਫਿਰ ਵੇਖਿਉ ਕਿਵੇਂ ਹਸਪਤਾਲਾਂ ਅੱਗੇ ਲਾਈਨਾਂ ਲੱਗਦੀਆਂ ਹਨ। ਕਰੋਨਾ ਤੋਂ ਫਿਲਹਾਲ ਬਚਾਅ ਦਾ ਇੱਕੋ ਇੱਕ ਤਰੀਕਾ ਟੀਕਾਕਰਣ ਹੀ ਹੈ। ਇਹ ਗੱਲ ਠੀਕ ਹੈ ਕਿ ਕਈ ਵਿਅਕਤੀਆਂ ਨੂੰ ਦੋ ਟੀਕੇ ਲਗਵਾਉਣ ਤੋਂ ਬਾਅਦ ਵੀ ਕਰੋਨਾ ਹੋ ਗਿਆ ਹੈ। ਪਰ ਉਹ ਕਰੋਨਾ ਐਨਾ ਖਤਰਨਾਕ ਨਹੀਂ ਹੁੰਦਾ ਤੇ ਮਰੀਜ਼ ਦੀ ਜਾਨ ਬਚ ਜਾਂਦੀ ਹੈ। ਜੋ ਲੋਕ ਇਹ ਸੋਚਦੇ ਹਨ ਕਿ ਟੀਕਾ ਲਗਵਾਉਣ ਤੋਂ ਬਾਅਦ ਸਿਹਤ ਸਬੰਧੀ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਟੀਕਾ ਲਗਵਾਏ ਬਗੈਰ ਕਰੋਨਾ ਨਾਲ ਮੌਤ ਹੋ ਗਈ ਤਾਂ ਨਾ ਸਿਹਤ ਰਹਿਣੀ ਹੈ ਤੇ ਨਾ ਸਿਹਤ ਸਬੰਧੀ ਮੁਸ਼ਕਿਲਾਂ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin