Articles

ਕੌੜੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਅਕਸਰ ਕਿਹਾ ਜਾਂਦਾ ਹੈ ਕਿ ਤਲਵਾਰ ਦੇ ਫੱਟ ਤਾਂ ਰਾਜੀ ਹੋ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਭਰਦੇ। ਅੱਜ ਦੇ ਅਧੁਨਿਕ ਦੌਰ ਵਿੱਚ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਮਸਤ ਹੈ, ਸੁਖ ਸਹੂਲਤਾਂ ਲੋਕਾਂ ਕੋਲ ਬਹੁਤ ਨੇ ਪਰ ਬੋਲਾਂ ਦਾ ਮਿੱਠਾਪਣ, ਸਹਿਣਸ਼ੀਲਤਾ, ਪਿਆਰ ਮਹੁੱਬਤ, ਪਰਿਵਾਰਕ ਸਾਂਝ ਕਿਤੇ ਖੰਭ ਲਾ ਉੱਡ ਗਈ ਹੈ। ਬਹੁਤ ਵਿਰਲੇ ਘਰ ਪਰਿਵਾਰ ਵੇਖਣ ਨੂੰ ਮਿਲਦੇ ਹਨ, ਜਿੱਥੇ ਆਪਸੀ ਪ੍ਰੇਮ ਪਿਆਰ ਨਾਲ ਟੱਬਰ ਸੁਖੀ ਵਸ ਰਿਹਾ ਹੈ ਨਹੀਂ ਤਾਂ ਬਹੁਤਾਂਤ ਘਰਾਂ ਵਿੱਚ ਆਪਣੇ ਹੀ ਖੂਨ ਆਪਣੇ ਹੀ ਪਰਿਵਾਰਕ਼ ਮੈਬਰਾਂ ਨਾਲ ਸ਼ਰੀਕੇਬਾਜ਼ੀ  ਨੇ ਪਰਿਵਾਰਕ ਸਾਂਝ ਖਤਮ ਕਰ ਦਿੱਤੀ ਹੈ। ਮੈਨੂੰ ਅੱਜ ਵੀ ਯਾਦ ਹੈ ਸਾਡੇ ਘਰ ਇੱਕ ਸੀਰੀ ਰੱਖਿਆ ਹੁੰਦਾ ਸੀ , ਮੈਂ ਉਸਨੂੰ ਕੰਮ ਸਹੀ ਨਾ ਕਰਨ ਲਈ ਜਰਾ ਉੱਚੇ ਬੋਲ ਬੋਲ ਦਿੱਤੇ। ਕੋਲ ਬੈਠੀ ਮੇਰੇ ਦਾਦੀ ਜੀ ਕਹਿਣ ਲੱਗੇ ” ਪੁੱਤ ਕੌੜੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ” ਉਮਰ ਨਿਆਣੀ ਹੋਣ ਕਰਕੇ ਉਸ ਸਮੇਂ ਇਹਨਾਂ ਗੱਲਾਂ ਦੀ ਕੁਝ ਜਿਆਦਾ ਸਮਝ ਨਹੀਂ ਸੀ, ਪਰ ਦਾਦੀ ਵੱਲੋਂ ਜਦੋਂ ਉਦਹਾਰਣਾਂ ਦੇ ਅਰਥ ਸਮਝਾਏ ਤਾਂ ਮਿੱਠਾ ਬੋਲਣ ਦਾ ਪ੍ਰਣ ਲਿਆ। ਹਰ ਇਨਸਾਨ ਵਿੱਚ ਇੱਕ ਦਿਲ ਹੈ, ਹਰ ਇਨਸਾਨ ਦੇ ਜਜ਼ਬਾਤ ਅਤੇ ਅਹਿਸਾਸ ਹੁੰਦੇ ਹਨ, ਉਹ ਚਾਹੇ ਅਮੀਰ ਹੇਵੇ  ਚਾਹੇ ਗਰੀਬ। ਦਾਦੀ ਦੀ ਇਹ ਗੱਲ ਵੀ ਸੋ ਆਨੇ ਸੱਚ ਹੈ ਕਿ ਕਰਤਾਰ ਤੋਂ ਡਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਵੀ ਸਾਨੂੰ ਮਿੱਠਾ ਬੋਲਣ, ਹਲੀਮੀ ਵਿੱਚ ਰਹਿਣ ਦਾ ਸਬਕ ਦਿੰਦੀ ਹੈ। ਪਰ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਬਹੁਤ ਘੱਟ ਚਿਹਰੇ ਹਨ ਜੋ ਹੱਸਦੇ ਖੇਡਦੇ ਹਨ, ਬੇਲੋੜੀਆਂ ਇਛਾਵਾਂ ਵਧਾ ਵਧਾ ਕੇ ਲੋਕ ਆਪਣੀ ਜ਼ਿੰਦਗੀ ਬੋਝ ਬਣਾ ਚੁੱਕੇ ਹਨ। ਅਸੀਂ ਅਕਸਰ ਸੁਣਦੇ ਹਾਂ ਕਿ ਜੇਕਰ ਕੋਈ ਇਨਸਾਨ ਸਾਡੇ ਕਰਕੇ ਦੁਖੀ, ਉਦਾਸ ਜਾਂ ਨਿਰਾਸ਼ ਹੋ ਰਿਹਾ ਹੈ ਤਾਂ ਉਸਦਾ ਫਲ ਸਾਨੂੰ ਦੇਣਾ ਪੈਂਦਾ ਹੈ। ਇਹ ਧਰਤੀ ਗੋਲ ਹੈ, ਜੋ ਵੀ ਕਰਮ ਕਰਾਂਗੇ ਉਹ ਘੁੰਮ ਘੁੰਮਾ  ਕੇ ਸਾਡੇ ਕੋਲ ਵਾਪਿਸ ਜਰੂਰ ਆਉਂਦੇ ਹਨ। ਜੋ ਬੀਜਾਂਗੇ ਉਹ ਸਾਨੂੰ ਹਰ ਹਾਲ ਵੱਢਣਾ ਪਵੇਗਾ। ਹਰ ਦਿਲ ਅੰਦਰ ਪ੍ਰਮਾਤਮਾ ਦਾ ਵਾਸ ਹੈ, ਕਿਸੇ ਦਾ ਦਿਲ ਦੁਖਾਉਣ, ਕਿਸੇ ਨੂੰ ਬੁਰੇ ਸ਼ਬਦ ਬੋਲਣ ਤੋਂ ਪਹਿਲਾਂ ਸੋ ਵਾਰ ਸੋਚੋ। ਕਿਉਂਕਿ ਬੋਲ ਹਮੇਸ਼ਾ ਦਿਲ ਤੇ ਲਿਖੇ ਜਾਂਦੇ ਹਨ, ਜਦੋਂ ਵੀ ਕੌੜੇ ਬੋਲ ਬੋਲਣ ਵਾਲਾ ਵਿਅਕਤੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਸਾਡੇ ਅੰਦਰ ਲੱਗੇ ਫੱਟ ਰਿਸਣ ਲੱਗਦੇ ਹਨ, ਜਿੰਨਾ ਦੀ ਚੀਸ ਬਹੁਤ ਦੁਖਦਾਈ ਹੁੰਦੀ ਹੈ, ਖਾਸ ਕਰ ਉਦੋਂ ਜਦੋਂ ਇਹ ਫੱਟ ਕੋਈ ਆਪਣਾ ਮਾਰੇ। ਅੱਜ ਬਹੁਤ ਸਾਰੇ ਪਰਿਵਾਰਾਂ ਵਿੱਚ ਹਾਲ ਵੇਖਣ ਨੂੰ ਮਿਲਦਾ ਹੈ ਕਿ ਕਈ ਘਰਾਂ ਦੇ ਬੱਚੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹਨ ਅਤੇ ਕਈ ਮਾਪੇ ਅਜਿਹਾ ਤਾਨਾਸ਼ਾਹੀ ਰੂਪ ਧਾਰ ਕੇ ਬੈਠੇ ਹੁੰਦੇ ਹਨ ਕਿ ਉੱਥੇ ਬੱਚਿਆਂ ਦਾ ਜੀਣਾ ਮੁਸ਼ਕਿਲ ਹੋਇਆ ਹੁੰਦਾ ਹੈ, ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਹੈ ਕੋਈ ਵੀ ਵਰਤਾਓ ਜਦੋਂ ਆਪਣੀ ਹੱਦ ਪਾਰ ਕਰਦਾ ਹੈ ਤਾਂ ਉਹ ਅਸਹਿਣਸ਼ੀਲ ਹੁੰਦਾ ਹੈ। ਯਤਨ ਕਰੋ ਕਿ ਹਰ ਦੁਵਿਧਾ ਦਾ ਹੱਲ ਹਲੀਮੀ ਨਾਲ ਕੱਢਿਆ ਜਾਵੇ ਤਾਂ ਜੋ ਕੌੜੇ ਬੋਲ ਬੋਲਣ ਦੀ ਨੋਬਤ ਨਾ ਆਵੇ।ਮਿੱਠਾ ਬੋਲਣ  ਨਾਲ ਤੁਸੀਂ ਕੇਵਲ ਆਪਣੇ ਰਿਸ਼ਤੇ ਹੀ ਨਹੀਂ ਬਚਾ ਸਕੋਗੇ ਬਲਕਿ ਆਪਣੀ ਸ਼ਖਸੀਅਤ ਨੂੰ ਵੀ ਨਿਖਾਰੋਗੇ। ਚੰਗਾ ਬੋਲਣਾ ਸਾਡੀ ਇੱਕ ਵਧੀਆ ਸ਼ਖਸੀਅਤ ਹੋਣ ਦਾ ਨਮੂਨਾ ਹੈ। ਸੋ ਯਤਨ ਰਹੇ ਕਿ ਸਾਡੇ ਮੂੰਹੋਂ ਕੋਈ ਵੀ ਅਜਿਹਾ ਬੋਲ ਨਾ ਨਿਕਲੇ ਜੋ ਕਿਸੇ ਨੂੰ ਦੁਖੀ ਕਰੇ ਅਤੇ ਸਾਡੀ ਸ਼ਖਸੀਅਤ ਉੱਪਰ ਇੱਕ  ਨਕਾਰਤਮਕ ਪ੍ਰਭਾਵ ਪਾਵੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin