
ਜਿੰਦਗੀ ਦੇ ਚਲਦਿਆਂ ਕਈ ਉੱਚੇ ਨੀਵੇਂ ਰਾਹ ਆਉਂਦੇ ਰਹਿੰਦੇ ਨੇ, ਜਿਹਨਾਂ ਵਿਚੋਂ ਠੇਡਾ ਖਾ ਮਨੁੱਖ ਡਿੱਗਦਾ ਵੀ ਫਿਰ ਉੱਠਦਾ, ਥੋੜਾ ਹੋਰ ਸਫ਼ਰ ਪੂਰਾ ਕਰਦਾ ਤੇ ਫਿਰ ਕੋਈ ਬਿਪਤਾ ਪੈ ਜਾਂਦੀ ਹੈ। ਹਰ ਇਨਸਾਨ ਆਪਣੇ ਜੀਵਨ ਵਿੱਚ ਉਲਝਿਆ ਪਿਆ ਹੈ। ਕਈ ਵਾਰ ਹਾਲਾਤ ਏਦਾਂ ਦੇ ਬਣ ਜਾਂਦੇ ਕਿ ਮਨੁੱਖ ਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜੇ ਆਉਂਦੀ ਵੀ ਹੈ ਤਾਂ ਸੁੱਤਾ ਪਿਆ ਉੱਭੜਵਾਹੇ ਉੱਠ ਪੈਂਦਾ ਹੈ। ਚੁਣੌਤੀਆਂ, ਦੁੱਖਾਂ ਅਭੀਆਂ ਨਭੀਆਂ ਦੇਖਦਾ ਬੰਦਾ ਕਈ ਵਾਰ ਨਿਰਾਸ਼ਤਾ ਦੇ ਆਲਮ ਵਿੱਚ ਐਸਾ ਡੁੱਬਦਾ ਹੈ ਕਿ ਉਹ ਸਾਰੀ ਜਿੰਦਗੀ ਆਪਣੇ ਆਪ ਨੂੰ ਉਸ ਆਲਮ ਵਿਚੋਂ ਕੱਢ ਹੀ ਨਹੀਂ ਪਾਉਂਦਾ। ਪਰ ਮੈਨੂੰ ਲੱਗਦਾ ਹੈ ਕਿ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ, ਦੁੱਖ, ਬਿਖੜੇ ਰਾਹ ਮਨੁੱਖੀ ਜੀਵਨ ਵਿੱਚ ਕਿਉਂ ਨਾ ਆ ਜਾਵਣ, ਜਿੰਨੀ ਦੇਰ ਮਨੁੱਖ ਟੁੱਟਣ ਲਈ, ਹਾਰਨ ਲਈ, ਨਿਰਾਸ਼ਤਾ ਚ ਡੁੱਬਣ ਲਈ ਤਿਆਰ ਨਹੀਂ ਉਨੀ ਦੇਰ ਦੁਨੀਆਂ ਦੀ ਕੋਈ ਵੀ ਸ਼ਕਤੀ ਮਨੁੱਖ ਨੂੰ ਦੁੱਖੀ ਨਹੀਂ ਕਰ ਸਕਦੀ। ਅਸਲ ਵਿੱਚ ਕੁਦਰਤ ਨੇ ਹਰ ਮਨੁੱਖ ਅੰਦਰ ਇਹ ਸ਼ਕਤੀ ਪਾਈ ਹੈ, ਪਰ ਉਸਨੂੰ ਉਜਾਗਰ ਕਰਨਾ ਮਨੁੱਖ ਦਾ ਕਰਮ ਹੈ। ਮੈ ਆਪਣੇ ਪਿਤਾ ਜੀ ਦੇ ਚਿਹਰੇ ਉੱਪਰ ਹਮੇਸ਼ਾ ਮੁਸਕਰਾਹਟ ਵੇਖ ਉਹਨਾਂ ਨੂੰ ਪੁੱਛਦੀ ਹੁੰਦੀ ਹਾਂ ਕਿ ਇਸ ਦਾ ਕੀ ਰਾਜ ਹੈ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਸੰਤੁਸ਼ਟੀ, ਰੱਬ ਜਿਸ ਵੀ ਹਾਲਾਤ ਵਿੱਚ ਰੱਖੇ ਉਸ ਵਿੱਚ ਸੰਤੁਸ਼ਟ ਰਹੋ, ਕਦੇ ਦੁੱਖਾਂ ਨੂੰ ਵੇਖ ਘਬਰਾਓ ਨਹੀਂ, ਟਾਕਰਾ ਕਰੋ, ਲੜੋ।