Articles

ਇਜ਼ਰਾਈਲ – ਹੱਮਾਸ ਸੰਘਰਸ਼, ਨਵੀਆਂ ਸਿਖਰਾਂ ਵੱਲ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਕਰੀਬ ਪੰਦਰਾਂ ਦਿਨ ਪਹਿਲਾਂ ਇਜ਼ਰਾਈਲ ਦੀ ਰਾਜਧਾਨੀ ਜੇਰੂਸ਼ਲਮ ਵਿੱਚ ਸਥਿੱਤ ਇਸਲਾਮ ਦੇ ਪਵਿੱਤਰ ਸਥਾਨ ਹਰਮ ਅਲ ਸ਼ਰੀਫ ਨਜ਼ਦੀਕ ਮੁਸਲਮਾਨਾਂ ਅਤੇ ਇਜ਼ਰਾਈਲੀ ਪੁਲਿਸ ਵਿੱਚ ਹੋਏ ਸੰਘਰਸ਼ ਨੇ ਹੁਣ ਭਿਆਨਕ ਖੂਨੀ ਰੂਪ ਧਾਰਨ ਕਰ ਲਿਆ ਹੈ। ਜੇਰੂਸ਼ਲਮ ਵਿੱਚ ਰਹਿੰਦੇ ਅਰਬੀ ਮੁਸਲਮਾਨ ਖੁਦ ਨੂੰ ਜੱਦੀ ਪੁਸ਼ਤੀ ਘਰਾਂ ਤੋਂ ਉਜਾੜ ਕੇ ਉਥੇ ਯਹੂਦੀ ਬਸਤੀਆਂ ਵਸਾਉਣ ਦੀ ਸਰਕਾਰੀ ਨੀਤੀ ਦਾ ਵਿਰੋਧ ਕਰ ਰਹੇ ਸਨ, ਜਿਨ੍ਹਾਂ ‘ਤੇ ਇਜ਼ਰਾਈਲੀ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਅਤੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ। ਇਸ ਕਾਰਨ ਦਰਜ਼ਨਾਂ ਵਿਖਾਵਾਕਾਰੀ ਗੰਭੀਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਜਲਦੀ ਹੀ ਯਹੂਦੀਆਂ ਅਤੇ ਅਰਬੀਆਂ ਵਿੱਚ ਦੰਗੇ ਭੜਕ ਪਏ ਤੇ ਕੁਝ ਦਿਨਾਂ ਬਾਅਦ ਗਾਜ਼ਾ ਪੱਟੀ ਦੀ ਸ਼ਾਸ਼ਕ ਅੱਤਵਾਦੀ ਜਥੇਬੰਦੀ ਹੱਮਾਸ ਵੀ ਇਸ ਘਮਸਾਣ ਵਿੱਚ ਕੁੱਦ ਪਈ। ਉਸ ਨੇ 2014 ਦੀ ਜੰਗਬੰਦੀ ਭੰਗ ਕਰ ਦਿੱਤੀ ਅਤੇ ਇਜ਼ਰਾਈਲੀ ਸ਼ਹਿਰਾਂ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਰਾਕਟ ਦਾਗਣੇ ਸ਼ੁਰੂ ਕਰ ਦਿੱਤੇ। ਉਸ ਦੇ ਰਾਕਟ ਤੈਲਅਵੀਵ ਤੱਕ ਪਹੁੰਚ ਰਹੇ ਹਨ। ਇਜ਼ਰਾਈਲ ਨੇ ਇਸ ਦਾ ਜਵਾਬ ਬੇਕਿਰਕ ਹਵਾਈ ਹਮਲਿਆਂ ਨਾਲ ਦਿੱਤਾ ਹੈ ਜਿਸ ਨੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਹਨ। ਅਲ ਜ਼ਜ਼ੀਰਾ ਟੀ.ਵੀ. ਚੈਨਲ ਦੇ ਦਫਤਰ ਸਮੇਤ ਦਰਜ਼ਨਾਂ ਇਮਾਰਤਾਂ ਮਿੱਟੀ ਦਾ ਢੇਰ ਬਣਾ ਦਿੱਤੀਆਂ ਗਈਆਂ ਹਨ। ਹੁਣ ਤੱਕ 200 ਤੋਂ ਵੱਧ ਗਾਜ਼ਾ ਵਾਸੀ ਅਤੇ 10 ਤੋਂ ਵੱਧ ਇਜ਼ਰਾਈਲੀ ਇਸ ਜੰਗ ਦੀ ਭੇਂਟ ਚੜ੍ਹ ਚੁੱਕੇ ਹਨ।

ਇਜ਼ਰਾਈਲ ਹਮੇਸ਼ਾਂ ਆਪਣੇ ਗੁਆਂਢੀ ਦੇਸ਼ਾਂ ਨੂੰ ਡਰਾ ਧਮਕਾ ਤੇ ਦਬਾ ਕੇ ਰੱਖਦਾ ਹੈ। ਨਪੇ ਤੁਲੇ ਹਮਲੇ ਅਤੇ ਦੁਸ਼ਮਣ ‘ਤੇ ਰਹਿਮ ਕਰਨਾ ਉਸ ਦੀ ਨੀਤੀ ਨਹੀਂ ਹੈ। ਉਹ ਦੁਸ਼ਮਣ ਦੇਸ਼ ਦੇ ਮਨ ਵਿੱਚ ਡਰ ਬਿਠਾਉਣ ਲਈ ਇੱਕ ਦੇ ਬਦਲੇ ਸੌ ਬੰਬ ਸੁੱਟਣ ਦੀ ਪਾਲਸੀ ‘ਤੇ ਚੱਲਦਾ ਹੈ। ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਵੱਲੋਂ ਉਸ ਦੀ ਬੇਤਹਾਸ਼ਾ ਬੰਬਾਰੀ ਦੁਆਰਾ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਦੀ ਕੀਤੀ ਜਾ ਰਹੀ ਸਖਤ ਨਿੰਦਾ ਦੀ ਇਜ਼ਰਾਈਲ ਨੇ ਹੁਣ ਤੱਕ ਕੋਈ ਪ੍ਰਵਾਹ ਨਹੀਂ ਕੀਤੀ। ਉਹ ਹੱਮਾਸ ਵੱਲੋਂ ਕੀਤੇ ਜਾ ਰਹੇ ਰਾਕਟ ਹਮਲੇ ਪੂਰੀ ਤਰਾਂ ਬੰਦ ਕਰਾਉਣ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਸਿਰ ਧੜ ਦੀ ਬਾਜ਼ੀ ਲਗਾ ਕੇ ਕੀਤੀ ਜਾ ਰਹੀ ਗੋਲਾਬਾਰੀ ਤੋਂ ਇਹ ਪ੍ਰਭਾਵ ਮਿਲ ਰਿਹਾ ਹੈ ਕਿ ਇਸ ਵਾਰ ਸੰਘਰਸ਼ 2014 ਦੀ ਲੜਾਈ ਨਾਲੋਂ ਜਿਆਦਾ ਲੰਬਾ ਚੱਲੇਗਾ। 2014 ਵਿੱਚ ਹੱਮਾਸ ਅਤੇ ਇਜ਼ਰਾਈਲ ਦਰਮਿਆਨ ਜੰਗ 50 ਦਿਨ ਤੱਕ ਚੱਲੀ ਸੀ ਤੇ 2500 ਦੇ ਕਰੀਬ ਗਾਜ਼ਾ ਵਾਸੀ ਅਤੇ 22 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਸਨ। ਗਾਜ਼ਾ ਪੱਟੀ ਖੁਦਮੁਖਤਿਆਰ ਫਿਲਸਤੀਨ ਅਥਾਰਟੀ ਦਾ ਇੱਕ ਹਿੱਸਾ ਹੈ। ਫਿਲਸਤੀਨ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਪੱਛਮੀ ਕਿਨਾਰਾ ਤੇ ਗਾਜ਼ਾ ਪੱਟੀ। ਪੱਛਮੀ ਕਿਨਾਰੇ ‘ਤੇ ਫਤਿਹ ਰਾਜਨੀਤਕ ਪਾਰਟੀ ਅਤੇ ਗਾਜ਼ਾ ਪੱਟੀ ‘ਤੇ ਹੱਮਾਸ ਦਾ ਕਬਜ਼ਾ ਹੈ। ਪੱਛਮੀ ਕਿਨਾਰੇ ਦਾ ਕੁਲ ਏਰੀਆ 360 ਸੁਕੇਅਰ ਕਿ.ਮੀ. ਤੇ ਅਬਾਦੀ ਤਕਰੀਬਨ 180000 ਹੈ। ਗਾਜ਼ਾ ਪੱਟੀ ਦਾ ਇਲਾਕਾ ਸਿਰਫ 41 ਕਿ.ਮੀ. ਲੰਬਾ ਤੇ 6 ਤੋਂ 12 ਕਿ.ਮੀ. ਚੌੜਾ ਹੈ ਤੇ ਇਹ ਸੰਸਾਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਸ਼ੁਮਾਰ ਹੁੰਦਾ ਹੈ। 2005 ਵਿੱਚ ਇਜ਼ਰਾਈਲ ਨੇ ਹੱਮਾਸ ਦੁਆਰਾ ਕੀਤੇ ਜਾ ਰਹੇ ਨਿੱਤ ਦੇ ਆਤਮਘਾਤੀ ਹਮਲਿਆਂ ਤੋਂ ਦੁਖੀ ਹੋ ਕੇ ਇੱਥੋਂ ਆਪਣੀਆਂ ਫੌਜਾਂ ਕੱਢ ਲਈਆਂ ਤਾਂ ਹੱਮਾਸ ਨੇ ਇਸ ‘ਤੇ ਕਬਜ਼ਾ ਜਮਾ ਲਿਆ ਸੀ। ਫਤਿਹ ਅਤੇ ਹੱਮਾਸ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ।

ਹੱਮਾਸ ਅਤੇ ਇਜ਼ਰਾਈਲ ਵਿੱਚ 2005 ਤੋਂ ਲੈ ਕੇ ਹੁਣ ਤੱਕ ਚਾਰ ਵਾਰ ਜੰਗ ਹੋ ਚੁੱਕੀ ਹੈ। ਫਤਿਹ ਅਤੇ ਹੱਮਾਸ ਦੀ ਆਪਸੀ ਦੁਸ਼ਮਣੀ ਕਾਰਨ ਹੁਣ ਤੱਕ ਪੱਛਮੀ ਕਿਨਾਰਾ ਸ਼ਾਂਤ ਹੀ ਰਿਹਾ ਹੈ ਤੇ ਉਸ ਨੇ ਇਸ ਮਾਰ ਕਾਟ ਦਾ ਕਦੇ ਵਿਰੋਧ ਨਹੀਂ ਸੀ ਕੀਤਾ। ਇਜ਼ਰਾਈਲ ਦੇ ਅਰਬੀਆਂ ਨੇ, ਜੋ ਉਸ ਦੀ ਕੁੱਲ ਅਬਾਦੀ ਦਾ ਕਰੀਬ ਪੰਜਵਾਂ ਹਿੱਸਾ ਬਣਦੇ ਹਨ, ਨੇ ਵੀ ਕਦੇ ਜਿਆਦਾ ਹਿੰਸਾ ਨਹੀਂ ਸੀ ਕੀਤੀ। ਪਰ ਇਸ ਵਾਰ ਮਾਹੌਲ ਅਲੱਗ ਹੀ ਬਣ ਰਿਹਾ ਹੈ। ਪੱਛਮੀ ਕਿਨਾਰੇ ਅਤੇ ਇਜ਼ਰਾਈਲ ਦੇ ਵੱਧ ਅਰਬੀ ਅਬਾਦੀ ਵਾਲੇ ਸ਼ਹਿਰਾਂ, ਬੀਰਸ਼ਾਬਾ, ਰਾਮਲੇ, ਲੋਦ, ਹਾਈਫਾ, ਏਕਰੇ ਅਤੇ ਸਾਖਨੀਨ ਵਿੱਚ ਭਿਆਨਕ ਅਰਬ ਯਹੂਦੀ ਦੰਗੇ ਸ਼ੁਰੂ ਹੋ ਗਏ ਹਨ। ਇੱਕ ਦੂਸਰੇ ਦੇ ਘਰਾਂ, ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੋਵੇਂ ਧਿਰਾਂ ਆਪੋ ਆਪਣੀ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਇੱਕ ਦੂਸਰੇ ਦੀ ਮਾਰ ਕੁਟਾਈ ਕਰ ਰਹੇ ਹਨ। ਕੱਟੜ ਪੰਥੀ ਯਹੂਦੀ ਸੰਗਠਨਾਂ ਨੇ ਸਥਿੱਤੀ ਹੋਰ ਵੀ ਖਰਾਬ ਕਰ ਦਿੱਤੀ ਹੈ, ਜਿਸ ਕਾਰਨ 1966 ਤੋਂ ਬਾਅਦ ਪਹਿਲੀ ਵਾਰ ਇਜ਼ਰਾਈਲ ਨੂੰ ਅਨੇਕਾਂ ਸ਼ਹਿਰਾਂ ਵਿੱਚ ਮਾਰਸ਼ਲ ਲਾਅ ਲਗਾਉਣਾ ਪਿਆ ਹੈ।

ਪਹਿਲਾਂ ਤਾਂ ਇਜ਼ਾਰਈਲ ‘ਤੇ ਰਾਕਟ ਹਮਲੇ ਸਿਰਫ ਗਾਜ਼ਾ ਪੱਟੀ ਤੋਂ ਹੀ ਹੁੰਦੇ ਸਨ, ਪਰ ਇਸ ਵਾਰੀ ਲੈਬਨਾਨ ਅਤੇ ਸੀਰੀਆ ਦੇ ਹੱਮਾਸ ਪੱਖੀ ਅੱਤਵਾਦੀ ਗਰੁੱਪ ਵੀ ਸਰਗਰਮ ਹੋ ਗਏ ਹਨ। ਈਰਾਨ ਦੀ ਲੈਬਨਾਨ ਅਤੇ ਸੀਰੀਆ ਵਿੱਚ ਬਹੁਤ ਜਿਆਦਾ ਕੂਟਨੀਤਕ ਅਤੇ ਸੈਨਿਕ ਦਖਲਅੰਦਾਜ਼ੀ ਹੈ। ਸੀਰੀਆ ਦੀ ਅਸਦ ਸਰਕਾਰ ਤਾਂ ਹੁਣ ਤੱਕ ਸਿਰਫ ਰੂਸ ਅਤੇ ਈਰਾਨ ਦੀ ਹਮਾਇਤ ਕਾਰਨ ਹੀ ਟਿਕੀ ਹੋਈ ਹੈ। ਇਰਾਨ ਲੈਬਨਾਨ ਦੀ ਖਤਰਨਾਕ ਅੱਤਵਾਦੀ ਜਥੇਬੰਦੀ ਹਿੱਜ਼ਬੁਲਾ ਨੂੰ ਹਰ ਪ੍ਰਕਾਰ ਦੀ ਸੈਨਿਕ ਅਤੇ ਆਰਥਿਕ ਮਦਦ ਦੇਂਦਾ ਹੈ। ਕੁਝ ਦਿਨਾਂ ਤੋਂ ਲੈਬਨਾਨ ਅਤੇ ਸੀਰੀਆ ਵਿੱਚੋਂ ਵੀ ਇਜ਼ਰਾਈਲ ‘ਤੇ ਰਾਕਟ ਹਮਲੇ ਸ਼ੁਰੂ ਹੋ ਗਏ ਹਨ ਜੋ ਉਸ ਲਈ ਨਵੀਂ ਮੁਸੀਬਤ ਪੈਦਾ ਕਰ ਰਹੇ ਹਨ। ਕਿਸੇ ਵਿਰੋਧੀ ਦੇਸ਼ ਦੀ ਫੌਜ ਨੂੰ ਹਰਾਉਣਾ ਸੌਖਾ ਹੁੰਦਾ ਹੈ ਪਰ ਗੁਰੀਲਾ ਹਮਲੇ ਕਰਨ ਵਾਲੇ ਦੁਸ਼ਮਣ ਨੂੰ ਹਰਾਉਣਾ ਬਹੁਤ ਹੀ ਮੁਸ਼ਕਿਲ ਮਾਮਲਾ ਹੈ। ਹੱਮਾਸ ਨਾਲ ਚਾਰ ਲੜਾਈਆਂ ਕਰਨ ਤੋਂ ਬਾਅਦ ਇਜ਼ਰਾਈਲ ਇਹ ਗੱਲ ਭਲੀ ਭਾਂਤ ਸਮਝ ਚੁੱਕਾ ਹੈ। ਹੱਮਾਸ ਹਰ ਲੜਾਈ ਤੋਂ ਬਾਅਦ ਦਬਣ ਦੀ ਬਜਾਏ ਸਗੋਂ ਹੋਰ ਤਕੜਾ ਹੋ ਕੇ ਸਾਹਮਣੇ ਆਇਆ ਹੈ। ਪਹਿਲਾਂ ਉਸ ਦੇ ਦੇਸੀ ਰਾਕਟ 20 ਕਿ.ਮੀ. ਤੋਂ ਅੱਗੇ ਨਹੀਂ ਸੀ ਜਾਂਦੇ, ਪਰ ਹੁਣ ਰੂਸ ਅਤੇ ਈਰਾਨ ਦੇ ਬਣੇ ਅਧੁਨਿਕ ਰਾਕਟਾਂ ਦੀ ਮਾਰ ਹੇਠ ਸਾਰਾ ਇਜ਼ਰਾਈਲ ਆ ਗਿਆ ਹੈ। ਹੱਮਾਸ ਦੇ ਆਤਮਘਾਤੀ ਹਮਲਿਆਂ ਦਾ ਐਨਾ ਡਰ ਹੈ ਕਿ ਇਜ਼ਰਾਈਲ ਜ਼ਮੀਨੀ ਹਮਲਾ ਕਰਨ ਦੀ ਜੁੱਰਅਤ ਨਹੀਂ ਕਰ ਰਿਹਾ।

ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਜ਼ਰਾਈਲ ਇਕੱਲਾ ਪੈਂਦਾ ਜਾ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਜੋਅ ਬਿਡੇਨ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਰਗਾ ਕੱਟੜ ਇਜ਼ਰਾਈਲ ਹਮਾਇਤੀ ਨਹੀਂ ਹੈ। ਅਮਰੀਕਾ ਵਿੱਚ ਯਹੂਦੀਆਂ ਦੀ ਬਹੁਤ ਵੱਡੀ ਗਿਣਤੀ ਵੱਸਦੀ ਹੈ ਤੇ ਉਨ੍ਹਾਂ ਦਾ ਅਮਰੀਕਾ ਦੀ ਆਰਥਿਕਤਾ ਅਤੇ ਸਿਆਸਤ ‘ਤੇ ਵੱਡਾ ਪ੍ਰਭਾਵ ਹੈ। ਟਰੰਪ ਦਾ ਜਵਾਈ ਵੀ ਯਹੂਦੀ ਸੀ। ਬਿਡੇਨ ਦੀ ਵਜ਼ਾਰਤ ਵਿੱਚ ਵੀ ਗ੍ਰਹਿ ਮੰਤਰੀ ਐਂਟੋਨੀ ਬਲੰਿਕਨ ਸਮੇਤ ਕਈ ਯਹੂਦੀ ਹਨ ਪਰ ਉਹ ਉਦਾਰਵਾਦੀ ਹਨ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀਆਂ ਕੱਟੜ ਅਰਬ ਵਿਰੋਧੀ ਨੀਤੀਆਂ ਨੂੰ ਪਸੰਦ ਨਹੀਂ ਕਰਦੇ। ਇਸ ਤੋਂ ਇਲਾਵਾ ਨੇਤਨਯਾਹੂ ਨੇ ਬਿਡੇਨ ਦੀ ਇਰਾਨ ਨੀਤੀ ਦੀ ਘੋਰ ਵਿਰੋਧਤਾ ਕੀਤੀ ਸੀ। ਰੂਸ, ਚੀਨ ਅਤੇ ਹੋਰ ਬਹੁਤ ਸਾਰੇ ਪੱਛਮੀ ਦੇਸ਼ ਖੁਲ੍ਹ ਕੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਬੇਗੁਨਾਹ ਗਾਜ਼ਾ ਵਾਸੀਆਂ ਦੇ ਕਤਲੇਆਮ ਦੀ ਘੋਰ ਨਿੰਦਾ ਕਰ ਰਹੇ ਹਨ। ਇਜ਼ਰਾਈਲ ਵੱਲੋਂ ਤਬਾਹ ਕੀਤੇ ਗਏ ਸਕੂਲ, ਘਰ, ਸ਼ਰਣਾਰਥੀ ਸ਼ਿਵਰ ਅਤੇ ਬੱਚਿਆਂ ਦੀਆਂ ਲਾਸ਼ਾਂ ਪੱਛਮੀ ਮੀਡੀਆ ਲਗਾਤਰ ਵਿਖਾ ਰਿਹਾ ਹੈ। ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੀ ਤੁਲਨਾ ਹਿਟਲਰ ਵੱਲੋਂ ਯਹੂਦੀਆਂ ਦੇ ਖਿਲਾਫ ਕੀਤੇ ਗਏ ਜੰਗੀ ਅਪਰਾਧਾਂ ਨਾਲ ਕੀਤੀ ਜਾ ਰਹੀ ਹੈ।

ਹੱਮਾਸ ਅਤੇ ਇਜ਼ਰਾਈਲ ਦਰਮਿਆਨ ਵਾਰ ਵਾਰ ਭੜਕ ਜਾਣ ਵਾਲੇ ਯੁੱਧਾਂ ਦੇ ਕਾਰਨ ਕੋਈ ਵੀ ਅਰਬ ਜਾਂ ਪੱਛਮੀ ਦੇਸ਼ ਫਿਲਹਾਲ ਜੰਗਬੰਦੀ ਦੀ ਵਿਚੋੋਲਗੀ ਕਰਨ ਲਈ ਅੱਗੇ ਨਹੀਂ ਆ ਰਿਹਾ। 2014 ਵਿੱਚ ਕਤਰ ਨੇ ਜੰਗਬੰਦੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਇਜ਼ਰਾਈਲ ਦੀ ਹੱਠਧਰਮੀ ਕਾਰਨ ਪੱੁਠੀ ਪੈ ਗਈ ਸੀ। ਖਤਮ ਹੋਣ ਕਿਨਾਰੇ ਪਹੁੰਚੀ ਜੰਗ ਹੋਰ ਭੜਕ ਪਈ ਸੀ ਤੇ 50 ਦਿਨ ਤੱਕ ਚੱਲਦੀ ਰਹੀ, ਜਿਸ ਕਾਰਨ ਕਤਰ ਦੀ ਭਾਰੀ ਬਦਨਾਮੀ ਹੋਈ ਸੀ। ਪਿਛਲੀ ਵਾਰ ਜੰਗਬੰਦੀ ਕਰਾਉਣ ਵਾਲੇ ਮਿਸਰ ਨੂੰ ਹੀ ਇਸ ਵਾਰ ਦੁਬਾਰਾ ਅੱਗੇ ਆਉਣਾ ਪਿਆ ਹੈ, ਕਿਉਂਕਿ ਇਜ਼ਰਾਈਲ ਤੋਂ ਇਲਾਵਾ ਸਿਰਫ ਉਸ ਦੀ ਸਰਹੱਦ ਗਾਜ਼ਾ ਪੱਟੀ ਨਾਲ ਲੱਗਦੀ ਹੈ। ਮਿਸਰ ਦਾ ਹੱਮਾਸ ‘ਤੇ ਬਹੁਤ ਪ੍ਰਭਾਵ ਹੈ ਕਿਉਂਕਿ ਇਜ਼ਰਾਈਲ ਵੱਲੋਂ ਕੀਤੀ ਗਈ ਸਰਹੱਦੀ ਤੇ ਆਰਥਿਕ ਨਾਕਾਬੰਦੀ ਕਾਰਨ ਗਾਜ਼ਾ ਪੱਟੀ ਦੀ ਹੋਂਦ ਮਿਸਰ ਵੱਲੋਂ ਕੀਤੀ ਜਾਂਦੀ ਸਹਾਇਤਾ ‘ਤੇ ਨਿਰਭਰ ਹੈ। ਮਿਸਰ ਦੇ ਇਜ਼ਰਾਈਲ ਅਤੇ ਹੱਮਾਸ ਨਾਲ ਵਧੀਆ ਸਬੰਧ ਹਨ, ਪਰ ਅਜੇ ਤੱਕ ਮਿਸਰ ਨੂੰ ਵੀ ਕੋਈ ਖਾਸ ਸਫਲਤਾ ਹਾਸਲ ਨਹੀਂ ਹੋਈ। ਅਜੇ ਹੱਮਾਸ ਅਤੇ ਇਜ਼ਰਾਈਲ ਦੀਆਂ ਫੋਜਾਂ ਸੱਜਰ ਸਾਹ ਤੇ ਜੋਸ਼ ਭਰਪੂਰ ਹਨ। ਜਦੋਂ ਤੱਕ ਦੋਵੇਂ ਧਿਰਾਂ ਲੜ ਲੜ ਕੇ ਥੱਕ ਨਾ ਗਈਆਂ, ਜੰਗਬੰਦੀ ਹੋਣ ਦੀ ਉਮੀਦ ਘੱਟ ਹੀ ਹੈ। ਪਰ ਦੋਵਾਂ ਦੇਸ਼ਾਂ ਵਿੱਚ ਪੱਕੀ ਜੰਗਬੰਦੀ ਕਦੇ ਵੀ ਨਹੀਂ ਹੋ ਸਕਦੀ, ਕਿਉਂਕਿ ਫਲਸਤੀਨੀ ਯੋਰੂਸ਼ਲਮ ਨੂੰ ਵਾਪਸ ਮੰਗਦੇ ਹਨ, ਜੋ ਇਜ਼ਰਾਈਲ ਨੇ ਕਦੇ ਵੀ ਨਹੀਂ ਦੇਣਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin