
ਕਰੋਨਾ ਦੂਜੀ ਲਹਿਰ ਇਸ ਵੇਲੇ ਬੜੇ ਜੋਰ ‘ਤੋਂ ਹੈ। ਬੜੀ ਹੀ ਡਰਾਵਣੀ ਸਥਿਤੀ ਬਣੀ ਹੋਈ ਹੈ। ਲਹਿਰ ਇਸ ਵੇਲੇ ਭਿਆਨਕ ਰੂਪ ਧਾਰ ਚੁੱਕੀ ਹੈ।
ਇਸ ਸਾਲ ਫਿਰ ਉਹੀ ਦਿਨ ਹਨ। ਸਰਕਾਰਾਂ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨਾਂ ਵਿੱਚ ਬੈਠੇ ਹੀ ਪ੍ਰਮੋਟ ਕਰ ਦਿੱਤਾ ਹੈ। ਬਾਰਵੀਂ ਦੇ ਇਮਤਿਹਾਨ ਵੀ ਹੁੰਦੇ ਨਜ਼ਰ ਨਹੀਂ ਆਉਂਦੇ। ਸੀ ਬੀ ਐੱਸ. ਈ. ਦੇ ਪੈਟਰਨ ਤੇ ਪੰਜਾਬ ਐਜੂਕੇਸ਼ਨ ਬੋਰਡ ਨੇ ਵੀ ਵਿਦਿਅਕ ਅਦਾਰਿਆਂ ਤੋਂ ਪ੍ਰੀ-ਬਰਡ ਇਮਤਿਹਾਨਾਂ ਦੇ ਰਿਜ਼ਲਟ ਮੰਗ ਲਏ ਹਨ। ਹਾਲਾਤ ਦੇ ਮੱਦੇਨਜ਼ਰ ਮਹਿਸੂਸ ਕੀਤਾ ਜਾਂਦਾ ਹੈ ਕਿ ਪਲੱਸ ਟੂ ਦੋ ਵਿਦਿਆਰਥੀਆਂ ਦਾ ਇਨ੍ਹਾਂ ਦੇ ਬੇਸ ਤੇ ਹੀ ਨਤੀਜਾ ਕੱਢ ਦਿੱਤਾ ਜਾਵੇਗਾ, ਭਾਵ ਕਿ ਵਿਦਿਆਰਥੀ ਆਪਣੇ ਫਾਈਨਲ ਇਮਤਿਹਾਨਾਂ ਵਿੱਚ ਸ਼ਾਇਦ ਨਹੀਂ ਬੈਠਣਗੇ। ਬਹੁਤ ਸਾਰੇ ਵਿਦਿਆਰਥੀ ਅਤੇ ਮਾਪੇ ਫਿਰ ਖੁਸ਼ ਹੋਣਗੇ ਆਪੋ ਆਪਣੀਆਂ ਵਜ੍ਹਾ ਕਰਕੇ । ਸਕੂਲਾਂ, ਕਾਲਜਾਂ ਦੀਆਂ ਫੀਸਾਂ ਫੇਰ ਮਰ ਜਾਣਗੀਆਂ। ਹਰ ਸੈਕਟਰ ਇਸ ਵੇਲੇ ਆਪੋ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ।
ਇਹ ਵਕਤ ਤਾਂ ਕਦੀ ਨਾ ਕਦੀ ਨਿਕਲ ਹੀ ਜਾਵੇਗਾ। ਪਰ ਕਿਸੇ ਨੇ ਸੋਚਿਆ ਹੈ ਕਿ ਕੀ ਹੋਵੇਗਾ ਇਹ ਪ੍ਰਮੋਟ ਹੋਏ ਵਿਦਿਆਰਥੀਆਂ ਦਾ ਭਵਿੱਖ ਨੂੰ ਪਹਿਲੇ ਆਨਲਾਈਨ ਪੜ੍ਹਾਈ… ਜਿਹੜੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਟਿਕਾਣਾ ਮੁਸ਼ਕਲ ਹੁੰਦਾ ਸੀ ਉਹ ਆਨਲਾਈਨ ਮਾਧਿਅਮ ਰਾਹੀਂ ਵੀ ਕੀ ਪੜ੍ਹੇ ਹੋਣਗੇ ? ਅਤੇ ਹੁਣ ਉਨ੍ਹਾਂ ਸਭਨਾਂ ਨੂੰ ਪ੍ਰਮੋਟ ਕਰ ਦੇਣਾ।
ਕੀ ਮਾਪੇ, ਕੀ ਅਧਿਆਪਕ ਇੱਥੇ ਤੱਕ ਕਿ ਪੜ੍ਹਣ ਵਾਲੇ ਵਿਦਿਆਰਥੀ ਵੀ ਮਹਿਸੂਸ ਕਰਦੇ ਹਨ ਕਿ ਆਨਲਾਈਨ ਤਰੀਕੇ ਨਾਲ ਵਿਦਿਆਰਥੀਆਂ ਨੂੰ ਕੁੱਝ ਖ਼ਾਸ ਸਮਝ ਨਹੀਂ ਆਉਂਦੀ। ਜਿੱਥੇ ਮਾਂ-ਬਾਪ ਪੜੇ ਲਿਖੇ ਨਹੀਂ ਹਨ ਜਾਂ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਲੈ ਕੇ ਸੰਜੀਦਾ ਨਹੀਂ ਹਨ, ਉਹ ਬੱਚੇ ਤਾਂ ਅਕਸਰ ਆਨਲਾਈਨ ਹੁੰਦੇ ਹੀ ਨਹੀਂ। ਹਮੇਸ਼ਾ ਬਹਾਨੇ ਹੁੰਦੇ ਹਨ…ਮੈਡਮ ਨੇਟ ਨਹੀਂ ਆਉਂਦਾ।” ਮੈਡਮ ਜੀ, ਫੋਨ ਕੋਲ ਨਹੀਂ ਸੀ । ਗੱਲ ਕੀ, ਉਹ ਤਾਂ ਕਲਾਸਾਂ ਲਗਾਉਂਦੇ ਹੀ ਨਹੀਂ। ਟੀਚਰ ਵਿਚਾਰੋ ਤਾਂ ਨੱਬੇ ਪ੍ਰਤੀਸਤ ਵਿਦਿਆਰਥੀ ਨਾ ਹੋਣ ਤੇ ਵੀ ਮਜਬੂਰੀ ਵੱਸ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਜਾਂਦੇ ਹਨ। ਪ੍ਰਯੋਗੀ ਵਿਸ਼ਿਆਂ ਦਾ ਆਨ-ਲਾਈਨ ਮਾਧਿਅਮ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ। ਪੇਡੂ ਜਾਂ ਪਿਛੜੇ ਖੇਤਰਾਂ ਵਿੱਚ ਜਿੱਥੇ ਮੋਬਾਇਲ ਨੈੱਟਵਰਕ ਜ਼ਿਆਦਾ ਵਿਕਸਤ ਨਹੀਂ ਹੈ ਅਤੇ ਉੱਥੋਂ ਦੇ ਲੋਕ ਵੀ ਟੈਕਨਾਲੋਜੀ ਨੂੰ ਲੈ ਕੇ ਜਿਆਦਾ ਜਾਣੂ ਨਹੀਂ ਹਨ, ਉੱਥੇ ਬੱਚਿਆਂ ਦੀ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਜਾ ਰਹੀ ਪੜਾਈ ਕਿੰਨੀ ਕੁ ਕਾਰਗਰ ਸਾਬਤ ਹੋ ਰਹੀ ਹੋਵੇਗੀ, ਅਸੀਂ ਅੰਦਾਜ਼ਾ ਲਗਾ ਸਕਦੇ ਹਾਂ।
ਇਹ ਮੰਨ ਕੇ ਚੱਲੀਏ ਕਿ ਆਨਲਾਈਨ ਤਰੀਕੇ ਨਾਲ ਕੀਤੀ ਪੜਾਈ ਕਿਸੇ ਵੀ ਤਰ੍ਹਾਂ ਕਲਾਸ ਰੂਮ ਟੀਚਿੰਗ ਦੀ ਜਗਾ ਨਹੀਂ ਲੈ ਸਕਦੀ। ਅਜਿਹੇ ਹਾਲਾਤ ਵਿੱਚ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨਾਂ ਦੇ ਪ੍ਮੋਟ ਕਰ ਦੇਣਾ ਹਾਲਾਤ ਦੇ ਮੱਦੇਨਜ਼ਰ ਤਾਂ ਸ਼ਾਇਦ ਠੀਕ ਜਾਪਦਾ ਹੈ ਪਰ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ ਇਹ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਚੁਣੌਤੀ ਹੋਵੇਗੀ। ਕੱਲ੍ਹ ਨੂੰ ਇਹ ਵਿਦਿਆਰਥੀ ਜਦੋਂ ਕਿਸੇ ਪੈਨਲ ਦੇ ਸਾਹਮਣੇ ਕਿਸੇ ਨੌਕਰੀ ਦੀ ਇੰਟਰਵਿਊ ਲਈ ਬੈਠੇ ਹੋਣਗੇ ਤਾਂ ਇਨ੍ਹਾਂ ਦਾ ਪ੍ਰੋਫਾਈਲ ਦੇਖ ਕੇ ਉਨ੍ਹਾਂ ਨੂੰ ਜ਼ਰੂਰ ਯਾਦ ਆਵੇਗਾ ਕਿ ਇਹ ਤਾਂ ਪ੍ਮੋਟ ਕੀਤਾ ਗਿਆ ਸੀ ਤਾਂ ਯਕੀਨੀ ਤੌਰ ਤੇ ਇਸ ਦਾ ਅਸਰ ਉਨ੍ਹਾਂ ਦੇ ਫੈਸਲਾ ਲੋਣ ਤੇ ਜ਼ਰੂਰ ਪਵੇਗਾ। ਹੋਰ ਤੇ ਹੋਰ ਇਨ੍ਹਾਂ ‘ਚੋਂ ਜ਼ਿਆਦਾ ਨੂੰ ਤਾਂ ਡਿਗਰੀਆਂ ਹੋਣ ਦੇ ਬਾਵਜੂਦ ਵੀ ਆਪਣੇ ਆਪ ਤੇ ਭਰੋਸਾ ਨਹੀਂ ਹੋਵੇਗਾ। ਕਿਉਂਕਿ ਉਨ੍ਹਾਂ ਨੂੰ ਆਪਣੇ ਵਿਸ਼ੇ ਦਾ ਗਿਆਨ ਹੀ ਨਹੀਂ ਹੋਣਾ। ਹੁਣ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚ ਪਾਇਆ ਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਸੌ ਫੀਸਦੀ ਨੰਬਰ ਆਏ ਹਨ ਅਤੇ ਉਹ ਵੀ ਲੱਗਭੱਗ ਸਾਰੇ ਵਿਸ਼ਿਆਂ ਵਿੱਚ। ਇਹ ਕਿਸ ਤਰ੍ਹਾਂ ਵਾਪਰਿਆ ਹੋਵੇਗਾ, ਅਸੀਂ ਸਭ ਇਸ ਦਾ ਭਲੀਭਾਂਤ ਅੰਦਾਜ਼ਾ ਲਗਾ ਸਕਦੇ ਹਾਂ।
ਅੱਜ ਸ਼ਾਇਦ ਇਸ ਬਾਰੇ ਕੋਈ ਨਹੀਂ ਸੋਚ ਰਿਹਾ ਜਾਂ ਕਹਿ ਲਵੋ ਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਹੋਰ ਕੋਈ ਵਿਕਲਪ ਨਜ਼ਰ ਨਹੀਂ ਆਉਂਦਾ। ਇਹ ਵੀ ਸੱਚ ਹੈ ਕਿ ਜਾਨ ਹੈ ਤਾਂ ਜਹਾਨ ਹੈ।ਪਰ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਵੇਗੀ। ਜਿਸ ਤਰ੍ਹਾਂ ਸਮੇਂ ਨੂੰ ਮੋੜਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਵਿਦਿਆਰਥੀਆਂ ਦਾ ਇਹ ਸਮਾਂ ਨਹੀਂ ਮੁੜ ਸਕੇਗਾ। ਸੋ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕੇਰੋਨਾ ਮਹਾਮਾਰੀ ਦੀ ਘੜੀ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਆਪਣੀ ਪੜ੍ਹਾਈ ਨੂੰ ਪੂਰੀ ਇਮਾਨਦਾਰੀ ਨਾਲ ਕਰਨ।ਉਹ ਇਹ ਨਾ ਸੋਚਣ ਕਿ ਚਲੋਂ ਪੜ੍ਹਾਈ ਤੋਂ ਜਾਨ ਛੁੱਟ ਗਈ, ਸਗੋਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨੂੰ ਭਾਂਪਦੇ ਹੋਏ ਬਹੁਤ ਸੰਜੀਦਗੀ ਨਾਲ ਆਪਣੀ ਪੜ੍ਹਾਈ ਕਰਨ। ਇੱਕ ਸਾਲ ਤੋਂ ਆਨਲਾਈਨ ਪੜ੍ਹਾਈ ਕਰਦੇ-ਕਰਦੇ ਉਨ੍ਹਾਂ ਨੂੰ ਹੁਣ ਤੱਕ ਸਮਝ ਜਾਣਾ ਚਾਹੀਦਾ ਹੈ ਕਿ ਇਹ ਦੌਰ ਉਨ੍ਹਾਂ ਦੇ ਮਾਪਿਆਂ ਲਈ ਵੀ ਕਿੰਨਾ ਕਠਿਨ ਹੈ। ਕਿਸ ਤਰ੍ਹਾਂ ਬਹੁਤਿਆਂ ਨੇ ਕਿੰਨੇ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਪੜਾਈ ਲਈ ਸਮਾਰਟ ਫੋਨ ਲੈ ਕੇ ਦਿੱਤੇ ਹਨ। ਉਨ੍ਹਾਂ ਵੱਲੋਂ ਕੀਤੀ ਗਈ ਥੋੜੀ ਜਿਹੀ ਅਣਗਹਿਲੀ ਕਿਤੇ ਉਨ੍ਹਾਂ ਦੇ ਮਾਪਿਆਂ ਦੇ ਸਾਰੇ ਸੁਪਨਿਆਂ ਨੂੰ ਢਹਿ-ਢੇਰੀ ਨਾ ਕਰ ਦੇਵੇ।