Articles Travel

ਸਫ਼ਰਨਾਮਾ: ਬਾਤਾਂ ਅਟਾਰੀਓਂ ਪਾਰ ਦੀਆਂ

ਲੇਖਕ: ਗਗਨਦੀਪ ਸਿੰਘ ਗੁਰਾਇਆ, ਐਡਵੋਕੇਟ,
ਫ਼ਤਹਿਗੜ੍ਹ ਸਾਹਿਬ

ਰਾਵੀ ਤੇ ਸਤਲੁਜ ਦੇ ਕੰਢਿਆਂ ਦੀ ਮਿੱਟੀ ਇੱਕੋ ਹੀ ਹੈ।ਇਸ ਮਿੱਟੀ ਤੋਂ ਸਾਡੇ ਕਲਬੂਤ ਵਿਚਰੇ।ਇੱਕੋ ਸੂਰਜ ਲਹਿੰਦੇ ਚੜ੍ਹਦੇ ਸਾਨੂੰ ਹਯਾਤੀ ਦਾ ਸੇਕ ਦਿੱਤਾ। 1947 ਦੀ ਵੰਡ ਨੇ ਭੋਇੰ ਦੇ ਟੁਕੜੇ ਤੇ ਐਸੀ ਲਕੀਰ ਖਿੱਚੀ ਕਿ ਭਰਾਵਾਂ ਵਾਂਗੂੰ ਵੱਸਦੇ ਸੱਤ ਬੇਗਾਨੇ ਹੋ ਗਏ। ਹਕੂਮਤਾਂ ਨੇ ਐਸੇ ਪਾਕ ਪਵਿੱਤਰ ਰਿਸ਼ਤਿਆਂ ਵਿੱਚੋਂ ਵੀ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ। ਬਹੁਤ ਸਾਰੇ ਬਜ਼ੁਰਗ ਆਪਣੀ ਜੰਮਣ ਭੋਇੰ ਨੂੰ ਵੇਖਣ ਤੋਂ ਤਰਸਦੇ ਹੀ ਰੁਖ਼ਸਤ ਹੋ ਗਏ,ਪਰ ਕੁਦਰਤ ਨੂੰ ਐਸੇ ਕਤਈ ਮਨਜ਼ੂਰ ਨਹੀਂ ਸੀ।ਅਰਦਾਸਾਂ ਰੰਗ ਲਿਆਈਆਂ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ। ਸਾਡੇ ਬਜ਼ੁਰਗ ਵੀ ਆਪਣੇ ਵਤਨਾਂ ਨੂੰ ਵੇਖਣ ਦੀ ਤਾਂਘ ਦਿਲ ਵਿੱਚ ਲੈ ਕੇ ਹੀ ਅੱਖਾਂ ਮੀਟ ਗਏ।

ਚੜ੍ਹਦੇ ਪੰਜਾਬ ਵਾਲਿਆਂ ਦੇ ਮਨਾਂ ਵਿੱਚ ਬੜੇ ਭਰਮ ਭੁਲੇਖੇ ਪਾਏ ਗਏ ਕਿ ਜੇ ਪਾਕਿਸਤਾਨ ਜਾ ਆਏ ਤਾਂ ਪੱਛਮੀ ਦੇਸ਼ਾਂ ਦਾ ਵੀਜ਼ਾ ਨਹੀਂ ਲੱਗਦਾ,ਜੋ ਕਿ ਮੁੱਢੋ ਹੀ ਨਿਰਮੂਲ ਸੀ।ਮੇਰੇ ਦਿਲ ਵਿੱਚ ਵੀ ਕਈ ਵਾਰੀ ਬਾਬਾ ਨਾਨਕ ਜੀ ਦੀ ਧਰਤੀ ਤੇ ਆਪਣੇ ਪੁਰਖਿਆਂ ਦੇ ਪਿੰਡ ਵੇਖਣ ਦੀ ਤਾਂਘ ਨੇ ਜਨਮ ਲਿਆ ਤਾਂ ਜੋ ਬਜ਼ੁਰਗਾਂ ਦੀ ਅਧੂਰੀ ਰਹਿ ਗਈ ਤਾਂਘ ਨੂੰ ਉਨ੍ਹਾਂ ਦਾ ਪੋਤਰਾ ਪੂਰਾ ਕਰ ਸਕੇ,ਪਰ ਸਬੱਬ ਹੀ ਨਾ ਬਣ ਸਕਿਆ ।ਗੁਰੂ ਨਾਨਕ ਸਾਹਿਬ ਦੀ 550 ਸਾਲਾ ਜਨਮ ਸ਼ਤਾਬਦੀ ਨੇ ਇਹ ਤਾਂਘ ਪੂਰੀ ਕਰ ਵਿਖਾਈ।ਮਨ ਵਿੱਚ ਪੱਕਾ ਧਾਰਿਆ ਹੋਇਆ ਸੀ ਕਿ ਬਾਬਾ ਨਾਨਕ ਜੀ ਦੀ ਚਰਨ ਛੋਹ ਤੇ ਕਰਮ ਭੂਮੀ ਦੇ ਦੀਦਾਰ ਅਤੇ ਆਪਣੇ ਬਜ਼ੁਰਗਾਂ ਦੇ ਪਿੰਡ ਨੂੰ ਜ਼ਰੂਰ ਨਿਹਾਰ ਕੇ ਆਉਣਾ,ਭਾਵੇਂ ਪੱਛਮੀ ਦੇਸ਼ਾਂ ਦਾ ਵੀਜ਼ਾ ਲੱਗੇ ਭਾਵੇਂ ਨਾ ਲੱਗੇ। ਬਾਅਦ ਵਿੱਚ ਜਦੋਂ ਖੋਜ ਕੀਤੀ ਤਾਂ ਪਤਾ ਲੱਗਾ ਕਿ ਪਾਕਿਸਤਾਨ ਦੇ ਲੱਗਭੱਗ 27 ਲੱਖ ਲੋਕ ਵੱਖ ਵੱਖ ਪੱਛਮੀ ਦੇਸ਼ਾਂ ਵਿੱਚ ਪੱਕੇ ਤੋਂ ਉੱਤੇ ਰਹਿ ਰਹੇ ਹਨ ਅਤੇ ਚੜ੍ਹਦੇ ਪੰਜਾਬ ਦੇ ਹਜ਼ਾਰਾਂ ਹੀ ਲੋਕ ਪਹਿਲੀ ਵਾਰੀ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਾਅਦ ਵੱਖ ਵੱਖ ਦੇਸ਼ਾਂ ਵਿੱਚ ਗੇੜਾ ਲਾ ਚੁੱਕੇ ਨੇ ਤੇ ਕਈ ਪੱਕੇ ਵਸਨੀਕ ਵੀ ਬਣੇ ਹੋਏ ਨੇ। ਸੋ ਨਵੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਮੈਂ ਆਪਣੇ ਵਕੀਲ ਸਾਥੀਆਂ ਨੂੰ ਤਿਆਰ ਕਰਕੇ ਬਹੁਤ ਸਾਰੀਆਂ ਸੱਧਰਾਂ ਮਨ ਵਿੱਚ ਲੈ ਕੇ ਲਹਿੰਦੇ ਪੰਜਾਬ ਦੀ ਧਰਤੀ ਵੱਲ ਚਾਲੇ ਪਾ ਦਿੱਤੇ।
ਜਿਵੇਂ ਹੀ ਵਾਹਘਾ ਪਾਰ ਕੀਤਾ ਤਾਂ ਅਜੀਬ ਜਿਹਾ ਚਾਅ ਚੜ੍ਹਿਆ।ਲਹਿੰਦੇ ਦੇ ਭਰਾਵਾਂ ਨੇ ਗਲਵੱਕੜੀਆਂ ਪਾ ਕੇ ਤੇ ਬਗਲਗੀਰ ਹੋ ਕੇ ਸਵਾਗਤ ਕੀਤਾ। ਉਨ੍ਹਾਂ ਦੀ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਸਾਨੂੰ ਲੱਗਾ ਹੀ ਨਾ ਕਿ ਓਪਰੇ ਮੁਲਕ ਵਿੱਚ ਆਏ ਹੋਈਏ। ਇੱਕ ਨਵੀਂ ਵਿਆਹੀ ਵਹੁਟੀ ਦੇ ਸਹੁਰਿਆਂ ਤੋਂ ਪੇਕੇ ਜਾਣ ਵਰਗਾ ਮਹਿਸੂਸ ਹੋਇਆ। ਉਹੀ ਜੀਅ, ਉਹੀ ਰਹਿਣ ਸਹਿਣ, ਉਹੀ ਬੋਲੀ, ਉਹੀ ਧਰਤ,ਮਨ ਖ਼ੁਸ਼ੀ ਵਿੱਚ ਖੀਵਾ ਹੋ ਉੱਠਿਆ। ਜਿਉਂ ਜਿਉਂ ਨਨਕਾਣੇ ਦੀ ਧਰਤੀ ਵੱਲ ਪੈਂਡਾ ਤੈਅ ਕਰ ਰਹੇ ਸੀ ਤਾਂ ਸਿੱਖੀ ਦੀ ਜਨਮ ਭੋਇੰ ਦੇ ਦੀਦਾਰਾਂ ਦੀ ਤਾਂਘ ਮਨ ਵਿੱਚ ਉਛਾਲੇ ਮਾਰ ਰਹੀ ਸੀ। ਰਸਤੇ ਵਿੱਚ ਸੜਕ ਦੇ ਦੋਵੇਂ ਪਾਸੇ ਆਵਾਮ ਨੇ ਹੱਥ ਹਿਲਾ ਕੇ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਇਸਤਕਬਾਲ ਕੀਤਾ। ਨਨਕਾਣਾ ਸਾਹਿਬ ਵਿੱਚ ਸਫ਼ਾਈ ਤੇ ਸੁਰੱਖਿਆ ਦਾ ਬਾਕਮਾਲ ਤੇ ਪੁਖਤਾ ਇੰਤਜ਼ਾਮ ਸੀ। ਨਗਰ ਕੀਰਤਨ ਲਈ ਸਾਰੇ ਬਾਜ਼ਾਰ ਵਿੱਚ ਸੁੰਦਰ ਗਲੀਚੇ ਦੀ ਵਿਛਾਈ ਕੀਤੀ ਹੋਈ ਸੀ। ਸਿੰਧੀ ਲੋਕਾਂ ਦੀ ਗੁਰੂ ਨਾਨਕ ਸਾਹਿਬ ਵਿੱਚ ਬਹੁਤ ਆਸਥਾ ਹੈ। ਉਹ ਸਾਰੀ ਰਾਤ ਦੀਵਾਨ ਵਿੱਚ ਕੀਰਤਨ/ਗਾਇਨ ਸਰਵਣ ਕਰਦੇ ਅਤੇ ਸ਼ਰਧਾ ਨਾਲ ਸੇਵਾ ਕਰਦੇ ਨੇ।ਘੱਟ ਗਿਣਤੀ ਹੁੰਦੇ ਹੋਏ ਵੀ ਉਹ ਉੱਥੇ ਪੂਰੇ ਸੁਰੱਖਿਅਤ ਨੇ ਤੇ ਬੇਝਿਜਕ ਹੋ ਕੇ ਰਾਤਾਂ ਨੂੰ ਸਫਰ ਕਰਦੇ ਨੇ। ਸਿੰਧ ਵਿੱਚ ਲੱਗਭੱਗ 1000 ਪਰਿਵਾਰ ਸਿੰਧੀ ਸਿੱਖਾਂ ਦੇ ਨਿਵਾਸ ਕਰਦੇ ਨੇ। ਸਿੱਖਾਂ ਦੇ ਲੱਗਭੱਗ ਚਾਰ ਸੌ ਪਰਿਵਾਰ ਨਨਕਾਣਾ ਸਾਹਿਬ ਵਿੱਚ ਰਹਿੰਦੇ ਹਨ ਤੇ ਲੋਕਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਹਨ। ਲੋਕਲ ਸਿੱਖ ਖ਼ੈਬਰ ਪਖ਼ਤੂਨ ਤੋਂ ਆਉਣ ਕਰਕੇ ਆਪਸ ਵਿੱਚ ਪਸ਼ਤੋ ਬੋਲਦੇ ਹਨ।ਉਰਦੂ, ਪੰਜਾਬੀ, ਸਿੰਧੀ, ਬਲੋਚ, ਹਿੰਦੀ ਆਦਿ ਆਮ ਬੋਲ ਚਾਲ ਦੀਆਂ ਬੋਲੀਆਂ ਹਨ। ਸਿੰਧੀ ਸਿੱਖ ਵਪਾਰੀ ਹੋਣ ਕਰਕੇ ਪੈਸੇ ਪੱਖੋਂ ਅਮੀਰ ਹਨ ਤੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗੁਰਬਾਣੀ ਜ਼ੁਬਾਨੀ ਕੰਠ ਹੈ। ਉਧਰ ਲੜਕੀਆਂ ਨੂੰ ਉੱਚ ਵਿੱਦਿਆ ਪੜ੍ਹਾਉਣ ਦਾ ਰਿਵਾਜ ਘੱਟ ਹੈ। ਗੁਰਦੁਆਰਿਆਂ ਵਿੱਚ ਸਿੰਧੀ ਲੋਕਾਂ ਨੇ ਵੱਖ ਵੱਖ ਪਕਵਾਨਾਂ ਦੇ ਬਹੁਤ ਸਾਰੇ ਲੰਗਰ ਲਗਾਏ ਹੋਏ ਸਨ। ਉਹ ਪੂਰੇ ਪਰਿਵਾਰਾਂ ਸਮੇਤ ਸੈਂਕੜੇ ਮੀਲਾਂ ਤੋਂ ਚੱਲ ਕੇ ਗੁਰਪੁਰਬ ਤੇ ਨਨਕਾਣਾ ਸਾਹਿਬ ਪਹੁੰਚਦੇ ਹਨ। ਪੂਰੇ ਸਮਾਗਮ ਦੌਰਾਨ ਲੋਕਲ ਨਗਰ ਕੌਂਸਲ ਨੇ ਬਾਜ਼ਾਰਾਂ ਦੀ ਹਦੂਦ ਦੀ ਸਫਾਈ ਲਈ ਖਾਸ ਖਿਆਲ ਰੱਖਿਆ।
ਲਹਿੰਦੇ ਪੰਜਾਬ ਦੀ ਮਿੱਟੀ ਬੜੀ ਜ਼ਰਖੇਜ਼ ਹੈ।ਫ਼ਸਲਾਂ ਉੱਤੇ ਕੀੜੇ ਮਾਰ ਦਵਾਈਆਂ ਦਾ ਬਹੁਤ ਘੱਟ ਇਸਤੇਮਾਲ ਕੀਤਾ ਜਾਂਦਾ ਹੈ।ਫ਼ਸਲਾਂ ਚੜ੍ਹਦੇ ਪੰਜਾਬ ਵਾਲੀਆਂ ਹੀ ਹੁੰਦੀਆਂ ਹਨ।ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ। ਕਿੱਕਰ,ਟਾਹਲੀਆਂ ਤੇ ਹੋਰ ਪੁਰਾਤਨ ਦਰੱਖਤ ਖੇਤਾਂ ਵਿੱਚ ਓਦਾਂ ਹੀ ਖਲੋਤੇ ਹਨ। ਲੋਕ ਪਿੰਡਾਂ ਵਿੱਚ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਨ। ਇੱਕ ਘਰ ਵਿੱਚ ਕਈ ਕਈ ਜੀਅ ਹਨ।ਖੇਤਾਂ ਵਿੱਚ ਹਰਿਆਲੀ ਬਹੁਤ ਹੈ।ਸਿੰਜਾਈ ਵਾਸਤੇ ਕੁਦਰਤੀ ਪਾਣੀ ਤੇ ਨਹਿਰਾਂ ਦਾ ਪਾਣੀ ਵਰਤਿਆ ਜਾਂਦਾ ਹੈ। ਜਰਨੈਲੀ ਸੜਕ ਦੇ ਦੋਵੇਂ ਪਾਸੇ ਹਰੀ ਪੱਟੀ ਰਾਖਵੀਂ ਹੈ। ਧਰਤੀ ਵਿੱਚੋਂ ਬੋਰ ਕਰਕੇ ਬਹੁਤ ਘੱਟ ਪਾਣੀ ਕੱਢਿਆ ਜਾਂਦਾ ਹੈ।ਪਿੰਡਾਂ ਤੱਕ ਵੀ ਘਰਾਂ ਵਿੱਚ ਗੈਸ ਸਪਲਾਈ ਪਾਈਪ ਲਾਈਨ ਰਾਹੀਂ ਹੈ। ਹਰ ਘਰ ਦੇ ਬਾਹਰ ਗੈਸ ਦਾ ਮੀਟਰ ਲੱਗਾ ਹੋਇਆ। ਆਵਾਮ ਦਾ ਕੌਮੀ ਪਹਿਰਾਵਾ ਸਲਵਾਰ ਕਮੀਜ਼ ਹੈ ਤੇ ਅਫ਼ਸਰ, ਨੇਤਾ,ਆਮ ਲੋਕ,ਸਾਰੇ ਇਸ ਕੌਮੀ ਲਿਬਾਸ ਨੂੰ ਹੀ ਤਰਜੀਹ ਦਿੰਦੇ ਹਨ। ਪਿੰਡਾਂ ਦਾ ਵਾਤਾਵਰਣ ਪ੍ਰਦੂਸ਼ਣ ਮੁਕਤ ਹੈ ਲੋਕ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਲੋਕਾਂ ਦੇ ਜੁੱਸੇ ਬੜੇ ਤਕੜੇ ਹਨ।
ਪਾਕਿਸਤਾਨ ਆਪਣੀ ਚਾਲੇ ਆਪ ਚੱਲ ਰਿਹਾ ਹੈ, ਜਿਵੇਂ ਮਸਤ ਹਾਥੀ ਤੁਰਦਾ ਹੋਵੇ।ਕੋਈ ਜ਼ਿਆਦਾ ਤੜਕ ਭੜਕ ਨਹੀਂ। ਤੰਬਾਕੂ ਨੂੰ ਛੱਡ ਕੇ ਹੋਰ ਨਸ਼ੇ ਦੀ ਬਹੁਤ ਘੱਟ ਵਰਤੋਂ ਹੈ। ਸੜਕਾਂ ਉੱਤੇ ਕੋਈ ਆਵਾਰਾ ਪਸ਼ੂ ਦਿਖਾਈ ਨਹੀਂ ਦਿੰਦਾ। ਲੋਕਾਂ ਦੀਆਂ ਖੁਰਾਕਾਂ ਖੁੱਲ੍ਹੀਆਂ ਹਨ।ਉੱਚ ਪੱਧਰ ‘ਤੇ ਮੈਡੀਕਲ ਸਹੂਲਤਾਂ ਦੀ ਘਾਟ ਹੈ।ਇਸੇ ਕਰਕੇ ਕਿਡਨੀ ਟਰਾਂਸਪਲਾਂਟ ਜਾਂ ਹੋਰ ਵੱਡੇ ਆਪ੍ਰੇਸ਼ਨਾਂ ਲਈ ਉਨ੍ਹਾਂ ਨੂੰ ਭਾਰਤ ਆਉਣਾ ਪੈਂਦਾ ਹੈ। ਪਾਣੀ ਦਾ ਪੱਧਰ ਵੀ ਕਾਫੀ ਉੱਚਾ ਹੈ।ਮੋਟਰ ਵੇਅ (ਜਰਨੈਲੀ ਸੜਕ) ਬਹੁਤ ਉੱਚ ਪੱਧਰ ਦੀ ਹੈ।ਉਸ ਨੂੰ ਸਿੱਧਾ ਤੇ ਸਮਤਲ ਰੱਖਿਆ ਹੋਇਆ ਹੈ ਤੇ ਸੜਕਾਂ ਨੂੰ ਪੁਲ ਬਣਾ ਕੇ ਉਸ ਉੱਪਰੋਂ ਪਾਰ ਕਰਵਾਇਆ ਹੋਇਆ।ਮੋਟਰ ਵੇਅ ਉੱਪਰ ਘੱਟ ਰਫ਼ਤਾਰ ਗੱਡੀਆਂ ਦੇ ਚੜ੍ਹਨ ਦੀ ਮਨਾਹੀ ਹੈ। ਬੱਸ ਟਰਾਂਸਪੋਰਟ ਵਿਵਸਥਾ ਬਹੁਤ ਹੀ ਵਧੀਆ ਹੈ। ਔਰਤ ਦੀ ਸੀਟ ਨਾਲ ਸਿਰਫ਼ ਔਰਤ ਹੀ ਬੈਠ ਸਕਦੀ ਹੈ,ਬੇਗਾਨਾ ਮਰਦ ਨਹੀਂ।ਸੀਟ ਖ਼ਾਲੀ ਲੈ ਜਾਣੀ ਮਨਜ਼ੂਰ ਹੈ।ਆਟੋ ਵਿੱਚ ਵੀ ਔਰਤ ਦੀ ਮਰਜ਼ੀ ਤੋਂ ਬਿਨਾਂ ਬੇਗਾਨਾ ਮਰਦ ਨਹੀਂ ਬੈਠ ਸਕਦਾ।ਉਥੇ ਰਿਕਸ਼ੇ ਨਹੀਂ ਹਨ।ਇਨਸਾਨ ਦਾ ਇਨਸਾਨ ਨੂੰ ਖਿੱਚਣਾ ਧਾਰਮਿਕ ਅਸੂਲਾਂ ਦੇ ਖ਼ਿਲਾਫ਼ ਮੰਨਦੇ ਹਨ।ਮੋਟਰਵੇਅ ਉਪਰ ਹਰ ਕੋਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦਾ ਹੈ। ਪੰਜਾ ਸਾਹਿਬ ਹਸਨ ਅਬਦਾਲ ਵਿੱਚ ਲਗਪਗ 150 ਸਿੱਖ ਪਰਿਵਾਰ ਰਹਿੰਦੇ ਹਨ।ਉਧਰ ਪੁਰਾਤਨ ਵਿਰਾਸਤ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ। ਸੈਂਕੜੇ ਵਰ੍ਹੇ ਪੁਰਾਣੀਆਂ ਇਮਾਰਤਾਂ ਅੱਜ ਵੀ ਪੂਰੀਆਂ ਕਾਇਮ ਨੇ।ਕਿਸੇ ਵੀ ਪੁਰਾਤਨ ਇਮਾਰਤ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ।ਬਲਕਿ ਨਵੀਂ ਇਮਾਰਤ ਵੀ ਪੁਰਾਤਨ ਦਿੱਖ ਦੇ ਮੁਤਾਬਕ ਹੀ ਤਿਆਰ ਕੀਤੀ ਜਾਂਦੀ ਹੈ।
ਲੋਕ ਬੜੇ ਮੁਹੱਬਤੀ ਨੇ।ਜੇਕਰ ਕਿਸੇ ਨੇ ਪ੍ਰਹੁਣਾਚਾਰੀ ਦੀ ਤਹਿਜ਼ੀਬ ਸਿੱਖਣੀ ਹੋਵੇ ਤਾਂ ਉਹ ਜ਼ਰੂਰ ਇੱਕ ਗੇੜਾ ਪਾਕਿਸਤਾਨ ਲਹਿੰਦੇ ਪੰਜਾਬ ਦਾ ਲਗਾ ਕੇ ਆਵੇ।ਲੋਕ ਦਿਲੋਂ ਮਹਿਮਾਨ ਨਵਾਜੀ ਕਰਦੇ ਨੇ,ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ। ਲਾਹੌਰ ਵਿੱਚ ਘੁੰਮਦਿਆਂ ਇੱਕ ਚੌਕ ਤੇ ਪੁਲਿਸ ਦੇ ਸਬ ਇੰਸਪੈਕਟਰ ਨੇ ਸਾਨੂੰ ਘੁੰਮਣ ਵਾਸਤੇ ਆਪਣੀ ਕਾਰ ਦੀਆਂ ਚਾਬੀਆਂ ਹੀ ਫੜਾ ਦਿੱਤੀਆਂ।ਜਿੰਨੇ ਦਿਨ ਅਸੀਂ ਰਹੇ,ਅਜ਼ਹਰ ਮੱਲ੍ਹੀ ਵਾਸੀ ਨੁਸ਼ਹਿਰਾ ਵਿਰਕਾਂ ਦਿਨ ਰਾਤ ਸਾਨੂੰ ਆਪਣੀ ਕਾਰ ਵਿੱਚ ਘਮਾਉਂਦਾ ਰਿਹਾ। ਕੁਰੜ ਵਾਸੀ ਮੁਹੰਮਦ ਆਸ਼ਿਕ ਗੋਂਦਲ ਦੀ ਮਹਿਮਾਨ ਨਿਵਾਜ਼ੀ ਦੇ ਚੜ੍ਹਦੇ ਪੰਜਾਬ ਦੇ ਨੇਤਾ, ਅਫ਼ਸਰ ਤੇ ਲੇਖਕ ਆਦਿ ਵੀ ਬੜੇ ਕਾਇਲ ਨੇ। ਲਾਹੌਰ ਵਿੱਚ ਕੋਈ ਸਾਡੇ ਨਾਲ ਤਸਵੀਰਾਂ ਲੈ ਰਿਹਾ ਸੀ ਤੇ ਕੋਈ ਆਪਣੇ ਘਰ ਦਾਅਵਤਾਂ ਤੇ ਬੁਲਾ ਰਿਹਾ ਸੀ। ਅਸੀਂ ਹੋਟਲ ਤੇ ਖਾਣਾ ਖਾਣ ਲਈ ਜਾਣਾ ਤਾਂ ਪੈਸੇ ਕੋਈ ਹੋਰ ਹੀ ਸੱਜਣ ਬਿਨਾਂ ਦੱਸੇ ਦੇ ਜਾਂਦਾ ਸੀ।ਪਾਰਕਾਂ ਤੇ ਹੋਰ ਘੁੰਮਣਯੋਗ ਥਾਵਾਂ ਤੇ ਕਿਸੇ ਸੁਰੱਖਿਆ ਕਰਮਚਾਰੀ ਨੇ ਸਾਨੂੰ ਮਹਿਮਾਨ ਆਖਦਿਆਂ ਕਿਤੇ ਵੀ ਸਾਡੀ ਤਲਾਸ਼ੀ ਨਹੀਂ ਲਈ। ਜਦੋਂ ਮੈਂ ਆਪਣੇ ਪੁਰਖਿਆਂ ਦੇ ਡਸਕਾ ਤਹਿਸੀਲ ਵਿੱਚ ਪੈਂਦੇ ਪਿੰਡ ਭੜਥਾਂ ਵਾਲਾ ਗਿਆ ਤਾਂ ਲੋਕਾਂ ਨੇ ਹਰ ਗਲੀ ਮੋੜ ਤੇ ਹਰ ਪਿੰਡ ਵਿੱਚ ਹਾਰ ਪਾ ਕੇ ਤੇ ਫੁੱਲਾਂ ਨਾਲ ਜਲੂਸ ਵਰਗਾ ਸਵਾਗਤ ਕੀਤਾ ਤੇ ਮੈਨੂੰ ਪਿੰਡ ਵਿਚਲੇ ਸਾਡੇ ਪੁਰਾਤਨ ਘਰ ਤੇ ਹਵੇਲੀ ਵੀ ਵਿਖਾਏ।
ਲਾਹੌਰ ਕਿਸੇ ਸਮੇਂ ਸਰਕਾਰੇ ਖ਼ਾਲਸਾ ਦੀ ਰਾਜਧਾਨੀ ਰਿਹਾ ਹੈ।ਇੱਥੇ ਵੇਖਣਯੋਗ ਬਹੁਤ ਥਾਵਾਂ ਹਨ।ਸਿੱਖ ਰਾਜ ਦੀ ਆਖਰੀ ਨਿਸ਼ਾਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਅੱਜ ਵੀ ਬਹੁਤ ਸੰਭਾਲ ਕੇ ਰੱਖਿਆ ਹੋਇਆ। ਇੱਥੇ ਸਿੱਖ ਰਾਜ ਵੇਲੇ ਦੇ ਸ਼ਾਸਤਰ ਅੱਜ ਵੀ ਮਹਿਫੂਜ ਨੇ। ਇਸ ਤੋਂ ਇਲਾਵਾ ਅਲਾਮਾ ਇਕਬਾਲ ਪਾਰਕ,ਮੀਨਾਰੇ ਪਾਕਿਸਤਾਨ, ਅਨਾਰਕਲੀ ਬਜ਼ਾਰ, ਲਿਬਰਟੀ ਮਾਰਕੀਟ, ਬਾਦਸ਼ਾਹੀ ਮਸਜਿਦ,ਪੰਜਾਬ ਯੂਨੀਵਰਸਿਟੀ ਕੈਂਪਸ,ਦਰਗਾਹ ਸਾਈਂ ਮੀਆਂ ਮੀਰ ਜੀ, ਦਿਆਲ ਸਿੰਘ ਲਾਇਬ੍ਰੇਰੀ, ਲਾਹੌਰ ਅਜਾਇਬਘਰ,ਸ਼ਾਲੀਮਾਰ ਬਾਗ ਤੇ ਹੋਰ ਕਈ ਮਕਬਰੇ ਹਨ।ਗੁਰਦੁਆਰਾ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਜਿੱਥੇ ਮੀਰ ਮੰਨੂੰ ਦੀ ਜੇਲ ਵਿੱਚ ਸਿੱਖ ਬੀਬੀਆਂ ਤੇ ਨਿੱਕੇ ਬਾਲਾਂ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਆਦਿ ਮੁਕੱਦਸ ਅਸਥਾਨ ਹਨ।
ਲਾਹੌਰ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਏਸ਼ੀਆ ਦੀ ਸਭ ਤੋਂ ਵੱਡੀ ਬਾਰ ਮੰਨੀ ਜਾਂਦੀ ਹੈ।ਇੱਥੇ ਵਕੀਲਾਂ ਦੀ ਲਗਭਗ 25000 ਗਿਣਤੀ ਹੈ।ਲਾਹੌਰ ਹਾਈ ਕੋਰਟ ਵਿੱਚ ਸਾਡੇ ਵਕੀਲ ਮਿੱਤਰ ਅਫ਼ਜ਼ਲ ਵਸਤੀ, ਨਾਸਰ ਵਸਤੀ ਯਾਸਰ ਇਲਿਆਸ ਤੇ ਹੋਰ ਵਕੀਲਾਂ ਨੇ ਸਾਨੂੰ ਸੱਦ ਕੇ ਸਨਮਾਨਿਤ ਕੀਤਾ।ਲਾਹੌਰ ਦੇ ਰਾਤ ਦੇ ਡਰਾਮੇ ਬੜੇ ਮਸ਼ਹੂਰ ਨੇ। ਲੋਕ ਪਰਿਵਾਰਾਂ ਸਮੇਤ ਬੜੇ ਚਾਅ ਨਾਲ ਡਰਾਮਿਆਂ ਦਾ ਆਨੰਦ ਮਾਣਦੇ ਨੇ। ਸਾਨੂੰ ਵੀ ਸਾਡੇ ਮੇਜ਼ਬਾਨਾਂ ਨੇ ਡਰਾਮਾ ਵਿਖਾਇਆ। ਉਰਦੂ ਦੇ ਮਹਾਨ ਸ਼ਾਇਰ ਅੱਲਾਮਾ ਮੁਹੰਮਦ ਇਕਬਾਲ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਸਾਨੂੰ ਸਨਮਾਨਿਤ ਕੀਤਾ ਤੇ ਇਕਬਾਲ ਦੀਆਂ ਕਿਤਾਬਾਂ ਸੌਗਾਤ ਵਿੱਚ ਦਿੱਤੀਆਂ।ਲਾਹੌਰ ਵਿੱਚ ਮੰਗਤਿਆਂ ਦੀ ਵੀ ਬੜੀ ਭਰਮਾਰ ਹੈ ਜੋ ਬਾਜ਼ਾਰਾਂ ਵਿੱਚ ਵੱਡੀ ਤਾਦਾਦ ਵਿੱਚ ਮੰਗਦੇ ਵੇਖੇ ਜਾ ਸਕਦੇ ਨੇ।
 ਨਨਕਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਵੰਡ ਵੇਲੇ ਦੇ ਉਜਾੜੇ ਤੋਂ ਪ੍ਰਭਾਵਿਤ ਲੋਕ ਅਕਸਰ ਚੜ੍ਹਦੇ ਪੰਜਾਬ ਦੇ ਆਪਣੇ ਗਰਾਈਆਂ ਨੂੰ ਮਿਲਣ ਦੀ ਤਾਂਘ ਦਿਲ ਵਿੱਚ ਰੱਖ ਕੇ ਪਿਆਰਿਆਂ ਨੂੰ ਹਾਕਾਂ ਮਾਰ ਕੇ ਲੱਭਦੇ ਨੇ। ਨੱਬੇ ਸਾਲ ਦਾ ਖੁਰਸ਼ੀਦ ਹੁਸ਼ਿਆਰਪੁਰੀ ਉਨ੍ਹਾਂ ਵਿੱਚੋਂ ਇੱਕ ਹੈ ਜੋ ਹਰ ਗੁਰਪੁਰਬ ਤੇ ਭਰੇ ਮਨ ਨਾਲ ਆਪਣੇ ਗਰਾਈਆਂ ਨੂੰ ਟੋਲਦਾ ਫਿਰਦਾ ਤੇ ਉਸ ਦੇ ਪਾਕਿ ਦਿਲ ਚੋਂ ਗੀਤਾਂ ਰੂਪੀ ਨਿਕਲੇ ਵੈਰਗਮਈ ਬੋਲ ਯਾਤਰੀਆਂ ਦਾ ਦਿਲ ਟੁੰਬ ਜਾਂਦੇ ਨੇ।ਇਸ ਤਰ੍ਹਾਂ ਗੁਰਦੁਆਰੇ ਦੇ ਬਾਹਰ ਬਾਜ਼ਾਰ ਵਿੱਚ ਹੀ ਵੰਡ ਦੇ ਵਿਛੜਿਆਂ ਦੀ ਮਹਿਫਲ ਜੰਮ ਜਾਂਦੀ ਹੈ।
ਲਾਹੌਰ ਦਾ ਪੋਸ਼ ਏਰੀਆ ਜਿਵੇਂ ਕਿ ਬਾਹਰੀਆ ਟਾਊਨ ਆਦਿ ਬਿਲਕੁਲ ਚੰਡੀਗੜ੍ਹ ਦਾ ਭੁਲੇਖਾ ਪਾਉਂਦੇ ਹਨ। ਲਾਹੌਰ ਸਾਰੀ ਰਾਤ ਜਾਗਦਾ ਹੈ। ਦੁਪਹਿਰੋਂ ਬਾਅਦ ਅੰਗੜਾਈ ਲੈ ਕੇ ਤਰਕਾਲਾਂ ਪੈਂਦੇ ਹੀ ਜੋਬਨ ਤੇ ਹੋ ਜਾਂਦਾ ਹੈ ਤੇ ਰਾਤ ਦੇ ਵਧਣ ਨਾਲ ਇਸ ਦੇ ਜੋਬਨ ‘ਚ ਵੀ ਨਿਖਾਰ ਵੱਧਦਾ ਜਾਂਦਾ। ਲੋਕ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਅਤੇ ਪੰਜਾਬੀ ਗੀਤਾਂ ਨੂੰ ਬਹੁਤ ਪਸੰਦ ਕਰਦੇ ਨੇ। ਉਹ ਪੰਜਾਬੀ ਜ਼ੁਬਾਨ ਦੇ ਬਹੁਤ ਖੈਰ ਖਵਾਹ ਹਨ। ਉਨ੍ਹਾਂ ਦਾ ਪੰਜਾਬੀ ਬੋਲਣ ਦਾ ਲਹਿਜਾ ਬੜਾ ਮਿੱਠਾ ਹੈ, ਜਿਹੜਾ ਧੁਰ ਅੰਦਰ ਦਿਲ ਵਿਚ ਲਹਿ ਜਾਂਦੈ। ਲਿਖਣ ਵੇਲੇ ਅਸੀਂ ਗੁਰਮੁਖੀ ਚ ਲਿਖਦੇ ਹਾਂ ਤੇ ਉਨ੍ਹਾਂ ਦੀ ਲਿੱਪੀ ਸ਼ਾਹਮੁਖੀ ਹੈ। ਲੋਕ ਦਿਲ ਦੇ ਬੜੇ ਅਮੀਰ ਨੇ। ਉੱਥੇ ਅਸੀਂ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਦਾ ਵੀ ਆਨੰਦ ਲਿਆ। ਔਰਤਾਂ ਅਤੇ ਮਰਦਾਂ ਵਿਚਕਾਰ ਇੱਕ ਪਰਦਾ ਲੱਗਾ ਹੋਇਆ ਹੁੰਦਾ ਹੈ। ਗੀਤ ਸੰਗੀਤ ਤੇ ਡੀਜੇ ਰਾਤ ਨੂੰ ਮਿੱਥੇ ਸਮੇਂ ਤੇ ਬੰਦ ਹੋ ਜਾਂਦਾ ਹੈ।ਕਾਨੂੰਨ ਅਨੁਸਾਰ ਵਿਆਹ ਵਿੱਚ ਮਹਿਮਾਨਾਂ ਦੀ ਗਿਣਤੀ ਅਤੇ ਦਾਅਵਤਾਂ ਵਿੱਚ ਪਕਵਾਨਾਂ ਦੀ ਗਿਣਤੀ ਦੀ ਹੱਦ ਤੈਅ ਹੈ। ਕੋਈ ਉਲੰਘਣਾ ਨਹੀਂ ਕਰਦਾ। ਕਿਸੇ ਵੀ ਪਾਰਟੀ ਵਿੱਚ ਸ਼ਰੇਆਮ ਸ਼ਰਾਬ ਨਹੀਂ ਵਰਤਾਈ ਜਾਂਦੀ ਕਿਉਂਕਿ ਇਸਲਾਮਿਕ ਦੇਸ਼ ਹੋਣ ਕਰਕੇ ਪਾਕਿਸਤਾਨ ਵਿੱਚ ਸ਼ਰਾਬ ਦੀ ਮਨਾਹੀ ਹੈ। ਲਹਿੰਦੇ ਪੰਜਾਬ ਦੀ ਜ਼ਿੰਦਗੀ ਦੀ ਰਫ਼ਤਾਰ ਵਿੱਚ ਠਹਿਰਾਓ,ਸਬਰ ਤੇ ਸੰਤੋਖ ਵੱਧ ਦਿਖਾਈ ਦਿੰਦਾ ਹੈ। ਵਿਦੇਸ਼ਾਂ ਵਿੱਚ ਭੱਜਣ ਦੀ ਦੌੜ ਬਹੁਤ ਘੱਟ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਭੱਜ ਨੱਠ ਤੇ ਕਾਹਲੀ ਘੱਟ ਹੈ।
ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਿਸ ਦਿਨ ਉਦਘਾਟਨ ਹੋਣਾ ਸੀ, ਉਸ ਦਿਨ ਅਸੀਂ ਉੱਥੇ ਮੌਜੂਦ ਸੀ।ਵਜ਼ੀਰੇ ਆਜ਼ਮ ਇਮਰਾਨ ਖਾਂ ਤੇ ਦੋਵੇਂ ਦੇਸ਼ਾਂ ਦੇ ਖਾਸ ਮਹਿਮਾਨ ਸੰਗਤ ਵਿੱਚ ਹੀ ਬੈਠੇ ਸਨ ਤੇ ਕੋਈ ਉਚੇਚਾ ਮੰਚ ਨਹੀਂ ਸੀ ਲੱਗਾ। ਅਦਬੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ। ਸਾਰਾ ਮਾਹੌਲ ਆਪਸੀ ਪਿਆਰ,ਸਤਿਕਾਰ ਤੇ ਧਾਰਮਿਕ ਰੰਗਤ ਵਿਚ ਰੰਗਿਆ ਗਿਆ ਸੀ। ਇਹ ਲਾਂਘਾ ਤਵਾਰੀਖ ਦੇ ਪੰਨਿਆਂ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਇਹ ਦੋਵੇਂ ਦੇਸ਼ਾਂ ਦੇ ਵਿਛੜੇ ਅਵਾਮ ਨੂੰ ਮਿਲਾਉਣ ਲਈ ਇੱਕ ਪੁਲ ਦਾ ਕੰਮ ਕਰ ਰਿਹਾ ਹੈ। ਸੋ ਚੜ੍ਹਦੇ ਪੰਜਾਬ ਦੇ ਲੋਕ ਪੱਛਮੀ ਦੇਸ਼ਾਂ ਚ ਜਾਣ ਦੀ ਲਾਲਸਾ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ‘ਤੇ ਭਾਰੂ ਨਾ ਹੋਣ ਦੇਣ। ਓਦਾਂ ਵੀ ਜਿਸ ਨੇ ਲਹਿੰਦਾ ਪੰਜਾਬ ਨਹੀਂ ਵੇਖਿਆ, ਉਹ ਪੂਰਾ ਪੰਜਾਬੀ ਹੋ ਹੀ ਨਹੀਂ ਸਕਦਾ ਕਿਉਂਕਿ ਓਧਰਲਾ ਪੰਜਾਬ ਏਧਰਲੇ ਪੰਜਾਬ ਨਾਲੋਂ ਕਈ ਗੁਣਾ ਵੱਡਾ ਹੈ ਤੇ ਸਾਂਝਾ ਪੁਰਾਤਨ ਸਾਹਿਤ, ਸੱਭਿਆਚਾਰ ਉਧਰ ਹੀ ਮੌਜੂਦ ਹੈ।
ਲਹਿੰਦੇ ਪੰਜਾਬ ਵਿੱਚ ਕਈ ਸੱਜਣਾ ਮਿੱਤਰਾਂ ਨਾਲ ਰਿਸ਼ਤੇਦਾਰੀ ਨਾਲੋਂ ਵੀ ਗੂੜ੍ਹੀਆਂ ਸਾਂਝਾਂ ਬਣੀਆਂ ਜੋ ਤਾਅ ਜ਼ਿੰਦਗੀ ਦਾ ਸਰਮਾਇਆ ਰਹਿਣਗੀਆਂ। ਉਨ੍ਹਾਂ ਵਿੱਚੋਂ ਵੱਡਾ ਵੀਰ ਬਿੱਲਾ ਅਦੀਲ ਲਾਹੌਰ, ਲੇਖਿਕਾ ਸਭਾ ਪ੍ਰਵੇਜ਼ ਕਿਆਨੀ ਜਿਸ ਦੀ ਪੰਜਾਬੀ ਦੀ ਕਵਿਤਾ ਤੇ ਵਾਰਤਕ ਉੱਪਰ ਕਮਾਲ ਦੀ ਪਕੜ ਹੈ ਤੇ ਪੇਸ਼ਕਾਰੀ ਵੀ ਲਾਜਵਾਬ ਹੈ,ਭਰਾਵਾਂ ਵਰਗਾ ਯਾਰ ਅਜ਼ਹਰ ਮੱਲੀ, ਚਾਚਾ ਮੁਹੰਮਦ ਆਸ਼ਿਕ ਗੋਂਦਲ, ਮਸ਼ਹੂਰ ਕਾਲਮਨਵੀਸ ਅਜ਼ਹਰ ਵਿਰਕ, ਐਡਵੋਕੇਟ ਅਫਜ਼ਲ ਵਸਤੀ, ਰਾਣਾ ਇਕਰਾਮ, ਅਜੀਤ ਦਾ ਚਰਚਿਤ ਪੱਤਰਕਾਰ ਬਾਬਰ ਜਲੰਧਰੀ, ਯਾਸਰ ਇਲਿਆਸ ਐਡਵੋਕੇਟ,ਪੂਰਵਾ ਮਸੂਦ ਤੇ ਸਾਕਿਬ ਪੰਜਾਬੀ ਜੋ ਕਿ ਪੰਜਾਬੀ ਬੋਲੀ ਉੱਤੇ ਬੜਾ ਪੁਖ਼ਤਾ ਕੰਮ ਕਰ ਰਹੇ ਨੇ, ਹੈਦਰ ਮੱਲ੍ਹੀ ਅਤੇ ਹੋਰ ਬਹੁਤ ਸਾਰੇ ਬੇਲੀ  ਜਿਨ੍ਹਾਂ ਨੇ ਢੇਰ ਮੁਹੱਬਤਾਂ ਬਖ਼ਸ਼ੀਆਂ।
ਇਸ ਤਰ੍ਹਾਂ ਅਸੀਂ ਪੰਦਰਾਂ ਦਿਨਾਂ ਦੀ ਯਾਤਰਾ ਦੌਰਾਨ ਨਾ ਭੁੱਲਣਯੋਗ ਯਾਦਾਂ ਦਾ ਸਰਮਾਇਆ ਤੇ ਸੱਜਣਾਂ ਦੀ ਬੇਤਹਾਸ਼ਾ ਮੁਹੱਬਤ ਦਿਲਾਂ ਵਿੱਚ ਲੈ ਕੇ,ਫੇਰ ਮਿਲਣ ਦੀ ਤਾਂਘ ਨਾਲ ਲਹਿੰਦੇ ਪੰਜਾਬ ਤੋਂ ਵਿਦਾਇਗੀ ਲਈ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin