
ਬਚਪਨ ਜੀਵਨ ਦੀ ਉਹ ਅਵਸਥਾ ਹੈ, ਜਿਸ ਵਿੱਚ ਜ਼ਿੰਦਗੀ ਦਾ ਅਧਾਰ ਹੈ, ਨੀਂਹ ਹੈ। ਨੀਂਹ ਜਿੰਨੀ ਮਜ਼ਬੂਤ ਅਤੇ ਡੂੰਘੀ ਰੱਖੋਗੇ, ਇਮਾਰਤ ਦੀ ਮਿਆਦ ਉਨੀਂ ਵੱਧ ਜਾਵੇਗੀ। ਬੱਚੇ ਨੂੰ ਬਚਪਨ ਵਿੱਚ ਜਿਵੇਂ ਦਾ ਮਾਹੌਲ ਸਿਰਜ ਕੇ ਦੇਵੋਂਗੇ, ਜਿਵੇਂ ਦੇ ਸੰਸਕਾਰ ਦੇਵੋਗੇ ਉਵੇਂ ਦਾ ਹੀ ਨਾਗਰਿਕ ਭਵਿੱਖ ਵਿੱਚ ਉਹ ਬਣੇਗਾ। ਮੰਨਿਆ ਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਵੀ ਮੰਨਿਆ ਕਿ ਹਰ ਇੱਕ ਦੀ ਆਪੋ ਆਪਣੀ ਜ਼ਿੰਦਗੀ ਹੈ ਅਤੇ ਆਪਣੇ ਅਨੁਸਾਰ ਜਿਊਣ ਦਾ ਹੱਕ ਰੱਖਦਾ ਹੈ। ਪਰ ਜਦੋਂ ਗੱਲ ਸਮਾਜ ਦੇ ਭਵਿੱਖ ਦੀ ਆਉਂਦੀ ਹੈ ਤਾਂ ਸ਼ਾਇਦ ਹਰ ਇੱਕ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੋਣਾ ਜਰੂਰੀ ਹੈ। ਪਰ ਸਮੇਂ ਦੀ ਤ੍ਰਾਸਦੀ ਕਹਿ ਸਕਦੇ ਹਾਂ ਕਿ ਅੱਜ ਮਾਪੇ ਆਪਣੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਉੱਪਰ ਮਸ਼ਹੂਰ ਕਰਨ ਲਈ ਉਹਨਾਂ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਖੋਖਲੀਆਂ ਕਰੀ ਜਾ ਰਹੇ ਹਨ। ਇੱਥੇ ਮੈਂ ਇੱਕ ਗੱਲ ਹੋਰ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕਲਾ ਨੂੰ ਸਿੱਖਣ ਦੇ ਵਿਰੋਧ ਵਿੱਚ ਨਹੀਂ ਹਾਂ ਪਰ ਹਾਂ ਸਾਨੂੰ ਇਹ ਜਰੂਰ ਧਿਆਨ ਵਿੱਚ ਰੱਖਣਾ ਪਵੇਗਾ ਕਿ ਬੱਚਿਆਂ ਦੀ ਸੋਚ ਸਮਝ ਉੱਤੇ ਇਸਦਾ ਕੀ ਪ੍ਰਭਾਵ ਪੈ ਰਿਹਾ ਹੈ।