
ਸਾਡੀਆਂ ਆਤਮਾਵਾਂ ਦੀ ਸਭ ਤੋਂ ਡੂੰਘੀ ਲੋੜ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਮਨੁੱਖ ਜਾਤੀ ਦਾ ਭਲਾ ਕਰਨ ਵਾਲੇ ਮਹਿਸੂਸ ਕਰੀਏ। ਜਦੋਂ ਅਸੀਂ ਮਨੁੱਖ ਜਾਤੀ ਦੇ ਉੱਚੇ ਸੁੱਚੇ ਲਾਭਾ ਨਾਲ ਆਪਣੇ ਆਪ ਨੂੰ ਜੋੜਦੇ ਹਾਂ, ਕੇਵਲ ਉਦੋਂ ਹੀ ਅਸੀਂ ਆਪਣੇ ਸਮਾਜਿਕ ਅਤੇ ਇਸ ਲਈ ਆਪਣੇ ਪੂਰਨ ਮਨੋਰਥਾਂ ਵਾਲੇ ਹੋਕੇ ਹੀ ਸੰਸਾਰ ਵਿੱਚ ਵਿਚਰਦੇ ਹਾਂ, ਜਦੋਂ ਅਸੀਂ ਆਪਣੇ ਆਪ ਸੰਸਾਰ ਭਲਾਈ ਦੇ ਵਸੀਲੇ ਬਣਾ ਲੈਂਦੇ ਹਾਂ ਤਾਂ ਸਾਡੀਆਂ ਆਤਮਾ ਦੀਆਂ ਲੋੜਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਤਹਾਸ ਗਵਾਹ ਹੈ ਕਿ ਜੈਰੇਮੀਆਂ ਤੋਂ ਲੈਕੇ ਲਿੰਕਨ ਤਕ ਸੰਸਾਰ ਦੀ ਤਵਾਰੀਖ ਦੇ ਸਭ ਤੋਂ ਵੱਧ ਉਸਾਰੂ ਪ੍ਰਤਿਭਾਸ਼ੀਲ ਮਨੁੱਖ ਕੇਵਲ ਉਹੀ ਹਨ ਜਿੰਨਾਂ ਨੇ ਆਪਣੇ ਮਨੁੱਖੀ ਮਕਸਦ ਦੀ ਪਹਿਚਾਣ ਕੀਤੀ ਅਕਾਲ ਪੁਰਖ ਦੀ ਅਵਾਜ਼ ਨੂੰ ਆਪਣੇ ਅੰਦਰੋਂ ਸੁਣਿਆ ਅਤੇ ਆਪਣੇ ਆਪ ਨੂੰ ਮਨੁੱਖੀ ਨਸਲ ਦੀ ਸੇਵਾ ਲਈ ਤਨ, ਮਨ ਅਤੇ ਧਨ ਸਹਿਤ ਅਰਪਨ ਕਰ ਦਿੱਤਾ। ਅਜਿਹੇ ਵਿਅਕਤੀਗਤ ਵਾਲੇ ਲੋਕ ਕਰੋੜਾਂ ਗੁੰਮਨਾਮ ਚਿਹਰਿਆਂ ਵਿਚੋਂ ਵੀ ਚਮਕ ਪੈਂਦੇ ਹਨ। ਅੱਜ ਦਾ ਯੁੱਗ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਸੁਖ ਸਹੂਲਤਾਂ ਤਾਂ ਵੱਧ ਰਹੀਆਂ ਹਨ, ਪਰ ਸਾਡੇ ਜੀਵਨ ਅਸਲ ਮਨੋਰਥ ਤੋਂ ਭਟਕ ਰਹੇ ਹਨ। ਅਸੀਂ ਸਰੀਰਕ ਲੋੜਾਂ ਦੀ ਪੂਰਤੀ ਕਰਨ ਦੇ ਚੱਕਰ ਵਿੱਚ ਆਪਣੀ ਆਤਮਾ ਦੀਆਂ ਲੋੜਾਂ ਨੂੰ ਭੁੱਲ ਕੇ ਜੀਵਨ ਬਤੀਤ ਕਰ ਰਹੇ ਹਾਂ। ਖੌਰੇ ਇਸੇ ਕਰਕੇ ਸਾਡੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਸਾਡੀ ਆਤਮਾ ਕਦੇ ਤ੍ਰਿਪਤ ਨਹੀਂ ਹੁੰਦੀ। ਮਨ ਹਮੇਸ਼ਾ ਉਡੋਂ ਉਡੋਂ ਕਰਦਾ ਪੂਰੇ ਬ੍ਰਹਿਮੰਡ ਦੇ ਚੱਕਰ ਕੱਢ ਕੇ ਆ ਜਾਂਦਾ ਹੈ। ਖੌਰੇ ਇਸੇ ਕਰਕੇ ਚੋਰੀਆਂ, ਮਕਾਰੀਆਂ, ਧੋਖੇ ਧੜੀਆਂ, ਭ੍ਰਿਸ਼ਟਾਚਾਰ ਆਦਿ ਦਾ ਬੋਲਬਾਲਾ ਜਿਆਦਾ ਹੋ ਗਿਆ ਹੈ। ਇਸ ਧਰਤੀ ਉੱਪਰ ਪਰਮਾਤਮਾ ਨੇ ਜਿਸ ਨੂੰ ਵੀ ਭੇਜਿਆ ਇੱਕ ਖਾਸ ਮਕਸਦ ਹੇਠ ਭੇਜਿਆ, ਆਤਮਾ ਨੂੰ ਪਰਮਾਤਮਾ ਦਾ ਅੰਸ਼ ਨਿਵਾਜ ਅਕਾਲ ਪੁਰਖ ਨੇ ਸਾਨੂੰ ਆਪਣੇ ਵਿਅਕਤੀਗਤ ਨੂੰ ਨਿਖਾਰਨ ਲਈ ਭੇਜਿਆ ਪਰ ਅਸੀਂ ਆਪਣੇ ਸ਼ਰੀਰਕ ਸੁੱਖਾਂ ਪਿੱਛੇ ਐਨੇ ਵਿਅਸਤ ਹੋ ਗਏ ਕਿ ਅਸੀਂ ਆਪਣੇ ਅਸਲੀ ਮਕਸਦ ਨੂੰ ਹੀ ਭੁੱਲ ਗਏ।