
ਕਿੰਨੇ ਚਾਅ ਨਾਲ ਅੱਬੂ ਵਿਆਹ ਕੇ ਲਿਆਏ ਸਨ ਆਪਣੀ ਨੂੰਹ ਰਾਣੀ ਨੂੰ । ਭਰਾ ਦੇ ਵਿਆਹ ਦੇ ਦ੍ਰਿਸ਼ ਅੱਜ ਸਨਾ ਨੂੰ ਫਿਰ ਯਾਦ ਆ ਗਏ । ਅੰਮੀ ਦਰਦ ਨਾਲ ਬੇਹਾਲ ਹੋ ਗਈ ਸੀ ਤਾਂ ਡਾਕਟਰ ਕੋਲ ਲੈਕੇ ਆਈ ਸੀ । ਡਾਕਟਰ ਨੇ ਤੁਰੰਤ ਪਿੱਤਾ ਕੱਢਣ ਦੀ ਸਲਾਹ ਦਿੱਤੀ । ਹੋਰ ਦੇਰੀ ਖਤਰਨਾਕ ਹੋ ਸਕਦੀ ਸੀ । ਅੰਦਰ ਆਪਰੇਸ਼ਨ ਚਲ ਰਿਹਾ ਸੀ ਤੇ ਇਧਰ ਸਨਾ ਮਾਂ ਦੀ ਤਕਲੀਫ਼ ਬਾਰੇ ਸੋਚ ਕੇ ਕਈ ਵਾਰ ਅੱਖਾਂ ਪੂੰਝ ਚੁੱਕੀ ਸੀ । ਵਾਰ ਵਾਰ ਭਰਾ ਭਰਜਾਈ ਦੇ ਆਪਣੇ ਫ਼ਰਜ਼ਾਂ ਤੋਂ ਭੱਜਣ ਕਰਕੇ ਦੁਖੀ ਸੀ । ਇਹ ਨਹੀਂ ਸੀ ਕਿ ਅੰਮੀ ਉਸ ਤੇ ਕੋਈ ਬੋਝ ਸੀ ,ਪਰ ਅੰਮੀ ਦੇ ਦਿਲ ਦੀਆਂ ਉਹ ਜਾਣਦੀ ਸੀ ।ਧੀਆਂ ਲੱਖ ਮਾਂ ਬਾਪ ਨੂੰ ਅੱਖਾਂ ਤੇ ਬਿਠਾ ਕੇ ਰੱਖਣ , ਮਾਂ ਬਾਪ ਦੇ ਦਿਲ ਵਿਚੋਂ ਕਦੇ ਬੇਟਿਆਂ ਬਾਰੇ ਆਸ ਨਹੀਂ ਮਰਦੀ । ਇਹੋ ਆਪ੍ਰੇਸ਼ਨ ਭਰਾ ਭਰਜਾਈ ਕਰਾ ਰਹੇ ਹੁੰਦੇ , ਮਾਂ ਨੇ ਹੌਸਲੇ ਨਾਲ ਹੀ ਤਕੜੀ ਹੋ ਜਾਣਾ ਸੀ । ਪਰ ਕਿਥੇ ਕਹਿੰਦੇ ਨੇ ਨਸੀਬਾਂ ਵਾਲੇ ਹੁੰਦੇ ਉਹ ਲੋਕ ਜਿਨ੍ਹਾਂ ਨੂੰ ਬੁਢੇਪੇ ਵਿੱਚ ਨੂੰਹ ਪੁੱਤ ਸਾਂਭਦੇ । ਅੱਬੂ ਬਹੁਤ ਚਾਈ ਚਾਈ ਮਹਿਨਾਜ ਨੂੰ ਆਪਣੀ ਨੂੰਹ ਬਣਾ ਕੇ ਲਿਆਏ ਸਨ । ਰਿਸ਼ਤਾ ਅਖਬਾਰ ਵਿੱਚੋ ਹੀ ਦੇਖਿਆ ਸੀ । ਅੱਬੂ ਕਹਿਣ ਲਗੇ ਚਲੋ ਕੁੜੀ ਪੜੀ ਲਿਖੀ ਨੌਕਰੀ ਕਰਦੀ ਹੈ । ਆਪਣਾ ਕਮਾਉਣਗੇ ਤੇ ਖਾਣਗੇ । ਖਾਨਦਾਨ ਵਿਚੋਂ ਇੰਨੀ ਪੜੀ ਕੁੜੀ ਮੁਮਕਿਨ ਨਹੀਂ ਸੀ । ਸੁਲੇਮਾਨ ਦੇ ਬਰਾਬਰ ਦੀ ਪੜਾਈ ਕੀਤੀ ਹੋਈ ਸੀ ਮਹਿਨਾਜ ਨੇ ।