Literature Articles

ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮਲਤਾ ਦਮਯੰਤੀ ਜੋੜੀ ਦੀਆਂ ਸਾਹਿਤਕ ਪੈੜਾਂ

ਡਾ. ਅਮਰ ਕੋਮਲ, ਸ਼੍ਰੋਮਣੀ ਸਹਿਤਕਾਰ, ਪੰਜਾਬ

ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮਲਤਾ ਦਮਯੰਤੀ ਜੋੜੀ ਸ਼ਹਿਰ ਧੂਰੀ ਦੀ ਤਾਂ ਪਹਿਚਾਨ ਹੈ ਹੀ, ਇਹ ਜੋੜੀ ਪੰਜਾਬੀ ਸਾਹਿਤਕ ਪਿੜ ਵਿੱਚ ਆਪਣੀਆਂ ਨਿਵੇਕਲੀਆਂ ਪੈੜਾਂ ਪਾ ਰਹੀ ਹੈ। ਜੇ ਸੱਚ ਪੁੱਛੋ ਤਾਂ ਇਨ੍ਹਾਂ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ, ਸਾਹਿਤ ਦੀ ਅਸਲੀ ਪਰਿਭਾਸ਼ਾ ਕੀ ਹੈ ? ਕਲਮਦਾਨ ਆਪਣੇ ਕਹਾਣੀ ਸੰਗ੍ਰਿਹ “ਸੀਤੋ ਫੌਜਣ” ਦੀ ਭੂਮਿਕਾ ਵਿੱਚ ਲਿਖਦਾ ਹੈ। ਸਾਹਿਤ ਮਨ ਦੀ ਉਹ ਖੁਰਾਕ ਹੈ, ਜੋ ਰੋਟੀ ਵਾਂਗ ਸਾਡੀ ਲੋੜ ਹੈ, ਸਾਡੇ ਵਧੀਆ ਭਵਿੱਖ ਵਾਸਤੇ ਸੱਚਾ ਮਾਰਗ ਹੈ, ਸਾਡੇ ਜਿਉਣ ਲਈ ਚਾਅ ਅਤੇ ਹੌਂਸਲੇ ਦਾ ਮਾਧਿਅਮ ਹੈ, ਇਹ ਸਾਡਾ ਭੂਤਕਾਲ, ਵਰਤਮਾਨ ਵੀ ਅਤੇ ਭਵਿੱਖ ਕਾਲ ਤਿੰਨੋ ਹੈ। ਪ੍ਰਿੰਸੀਪਲ ਪ੍ਰੇਮਲਤਾ ਨੇ ਸਾਹਿਤ ਦੀ ਪਰਿਭਾਸ਼ਾ ਇੰਜ ਦਿੱਤੀ ਹੈ – ਜੇਕਰ ਸਮਾਜਿਕ ਕ੍ਰਿਰਿਆਵਾਂ ਅਤੇ ਸਮਾਜਿਸ ਸੋਚ ਦੇ ਸਮੁੰਦਰ ਨੂੰ ਸਾਗਰ ਮੰਥਨ ਦੀ ਤਰ੍ਹਾਂ ਰਿੜਕਿਆ ਜਾਵੇ ਤਾਂ ਸਾਰਿਆਂ ਤੋਂ ਉੱਤਮ ਰਤਨ ਜਿਹੜਾ ਨਿਕਲੇਗਾ, ਉਹ ਸਾਹਿਤ ਹੋਵੇਗਾ। ਇੱਕ ਹੋਰ ਵੱਡੀ ਗੱਲ ਹੈ, ਸਾਹਿਤ ਦੀ ਸਿਰਜਣਾ ਖੁੱਲ੍ਹੇ ਦਿਮਾਗ ਰਾਹੀਂ ਅਤੇ ਸੱਚੇ ਮਾਰਗ ਤੇ ਚੱਲਦਿਆਂ ਹੁੰਦੀ ਹੈ। ਕਈ ਵਾਰ ਮੈਂ ਸੋਚਦੀ ਹਾਂ, ਗੁਰੂਆਂ, ਭਗਤਾਂ ਨੇ ਜਾਂ ਦੇਸ਼ ਵਿੱਚ ਚੱਲੀਆਂ ਵੱਖ-ਵੱਖ ਲਹਿਰਾਂ ਤੋਂ ਪ੍ਰਭਾਵਿਤ ਵਿਅਕਤੀਆਂ ਨੇ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਕੀਤੀ। ਰਾਜ ਕਵੀਆਂ ਨੇ ਵੀ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਕੀਤੀ। ਪਰ ਦੇਸ਼ ਵਿੱਚ ਵੱਡੇ-ਵੱਡੇ ਦੇਹਧਾਰੀ ਬਾਬਿਆਂ, ਜਿਨ੍ਹਾਂ ਨੇ ਆਪਣੇ ਵੱਡੇ-ਵੱਡੇ ਡੇਰੇ ਬਣਾ ਰੱਖੇ ਹਨ, ਸਾਹਿਤ ਦੀ ਇੱਕ ਪੰਕਤੀ ਦੀ ਸਿਰਜਣਾ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਦਾ ਮਾਰਗ ਸੱਚਾ ਨਹੀਂ ਹੈ, ਉਹ ਜਰ, ਜਰਾ ਜੋਰੂ ਦੇ ਮਾਇਆ ਜਾਲ ਵਿੱਚ ਫਸੇ ਹਨ। ਸੱਚਾ ਜੀਵਨ ਅਤੇ ਪ੍ਰਕ੍ਰਿਤੀ ਨਾਲ਼ ਸਾਂਝ ਦਾ ਮਾਰਗ ਹੀ ਸਾਹਿਤ ਸਿਰਜਣਾ ਦਾ ਮਾਰਗ ਹੈ। ਕਿਸੇ ਦੇਸ਼ ਅਤੇ ਲੋਕਾਂ ਦੀ ਤਰੱਕੀ ਦੀ ਪਹਿਚਾਣ ਉਸ ਦੇਸ਼ ਦੀ ਧਰਤੀ ਉੱਪਰ ਰਚੇ ਗਏ ਸਾਹਿਤ ਤੋਂ ਲਗਾਈ ਜਾ ਸਕਦੀ ਹੈ।

ਬਿਲਕੁਲ ਸੱਚੀਆਂ ਗੱਲਾਂ ਹਨ। ਇਸ ਦਮਯੰਤੀ ਜੋੜੀ ਦੀ ਸਾਹਿਤ ਰਚਨਾ ਵੀ ਇਨ੍ਹਾਂ ਵੱਲੋਂ ਦਿੱਤੀ ਗਈ ਸਾਹਿਤ ਦੀ ਪਰਿਭਾਸ਼ਾ ਦੇ ਇਰਦ-ਗਿਰਦ ਵੱਝੀ ਹੋਈ ਹੈ। ਪ੍ਰਿੰਸੀਪਲ ਪ੍ਰੇਮਲਤਾ ਦੀ ਪਲੇਠੀ ਕਿਤਾਬ ਗਿਆਨ ਹੀ ਸੁੰਦਰ ਹੈ ਨੇ 2013 ਵਿੱਚ ਨਿਬੰਧਕਾਰੀ ਖੇਤਰ ਦੇ ਸਾਹਿਤ ਜਗਤ ਵਿੱਚ ਆਪਣੇ ਪੈਰ ਧਰੇ। ਇਸ ਕਿਤਾਬ ਵਿੱਚ ਸਾਰੇ ਹੀ ਨਿਬੰਧ ਖੋਜ਼ ਅਤੇ ਸਮਾਜਿਕ ਸੇਧ ਭਰਪੂਰ ਹਨ। ਕੁਝ ਨਿਬੰਧ ਦਾ ਸੰਖੇਪ ਜ਼ਿਕਰ ਕਰਨਾ ਬਣਦਾ ਹੈ। “9 “ਛ” ਲਹਿਰ” ਨਿਬੰਧ ਵਿੱਚ ਲੇਖਿਕਾ ਨੇ ਹਰ ਇੱਕ “ਛ” ਵਾਤਾਵਰਣ ਦੀ ਰੱਖਿਆ ਨਾਲ਼ ਸੰਬੰਧਿਤ ਇੱਕ ਪਾਠ ਨਾਲ਼ ਜੋੜਿਆ ਹੈ। ਜਿਵੇਂ ਅੱਠ ਨੰਬਰ ਦਾ “ਛ” ਕਹਿੰਦਾ ਹੈ “ਛੀਨ ਲਵੋ” ਭਾਵ ਮੱਖੀਆਂ ਤੋਂ ਉਨ੍ਹਾਂ ਦਾ ਭੋਜਨ ਛੀਨ ਲਵੋ, ਜੇਕਰ ਸਫਾਈ ਹੋਵੇਗੀ ਤਾਂ ਮੱਖੀਆਂ ਨੂੰ ਭੋਜਣ ਵੀ ਨਹੀਂ ਮਿਲੇਗਾ ਅਤੇ ਉਹ ਮਰ ਜਾਣਗੀਆਂ। ਇਸ “ਛ” ਰਾਹੀਂ ਲੇਖਿਕਾ ਨੇ ਦੇਸ਼ ਵਿੱਚ 100 ਪ੍ਰਤੀਸ਼ਤ ਸ਼ੋਚਾਲਿਆ ਦੇ ਟੀਚੇ ਦਾ ਉਲੇਖ ਵੀ ਕੀਤਾ ਹੈ। ਇਸ ਨਿਬੰਧ ਨਾਲ਼ ਸੰਬੰਧਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ (ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ) ਵੱਲੋਂ ਲੇਖਿਕਾ ਨੂੰ ਮਿਲੇ ਇੱਕ ਪ੍ਰਸ਼ੰਸ਼ਾ ਪੱਤਰ ਦੀ ਫੋਟੋ ਕਾਪੀ ਵੀ ਕਿਤਾਬ ਵਿੱਚ ਛਾਪੀ ਹੋਈ ਹੈ।

“ਮਹਾਂਵੀਰ ਜੈਨ ਅਤੇ ਮਹਾਤਮਾ ਬੁੱਧ” ਨਿਬੰਧ ਵਿੱਚ ਇੱਕ ਨਵਾਂ ਤੱਥ ਸਾਹਮਣੇ ਆਇਆ ਹੈ, ਲੇਖਿਕਾ ਆਪਣੀ ਦਲੀਲ ਨਾਲ਼ ਦੱਸਦੀ ਹੈ ਕਿ ਗਿਆਨ ਪ੍ਰਾਪਤੀ ਤੋਂ ਪਹਿਲਾਂ ਮਹਾਤਮਾ ਬੁੱਧ, ਮਹਾਂਵੀਰ ਸਵਾਮੀ ਦਾ ਸ਼ਿਸ਼ ਸੀ। ਗਿਆਨ ਪ੍ਰਾਪਤੀ ਇੱਕ ਅਜਿਹੀ ਲਕੀਰ ਸੀ,ਜਿਸਨੇ ਮਹਾਤਮਾਂ ਬੁੱਧ ਨੂੰ ਜੈਨ ਧਰਮ ਦੇ ਸਖ਼ਤ ਆਤਮ ਨੇਮਾਂ ਤੋਂ ਵੱਖ ਕਰ ਦਿੱਤਾ।

“ਭਾਰਤ ਦੇਸ਼ ਦਾ ਸਭ ਤੋਂ ਵੱਡਾ ਦੇਸ਼ ਭਗਤ ਕੌਣ ਹੋਇਆ ਹੈ? ” ਨਿਬੰਧ ਵਿੱਚ ਲੇਖਿਕਾ ਨਿੱਗਰ ਦਲੀਲ ਨਾਲ਼ ਕੁਰੂ ਰਾਜ ਕੁਮਾਰ ਦੁਰਯੋਧਨ ਨੂੰ ਸਭ ਤੋਂ ਵੱਡਾ ਦੇਸ਼ ਭਗਤ ਐਲਾਨਦੀ ਹੈ। ਜਿਸਨੇ ਇਹ ਸਿਧਾਂਤ ਦਿੱਤਾ ਸੀ, ਕਿ ਰਾਜ ਉਨ੍ਹਾਂ ਦੇ ਪੁਰਖਿਆਂ ਦੀ ਨਿੱਜੀ ਜਾਇਦਾਦ ਨਹੀਂ ਜਿਹੜੀ ਭਰਾਵਾਂ ਵਿੱਚ ਵੰਡੀ ਜਾ ਸਕੇ।

“ਡਾਰਵਿਨ ਅਤੇ ਏਂਜਲ” ਨਾਂ ਦੇ ਨਿਬੰਧ ਵਿੱਚ ਲੇਖਿਕਾ ਨੇ ਜਿੱਥੇ ਡਾਰਵਿਨ ਦੇ ਜੀਵ ਵਿਕਾਸਕ੍ਰਮ ਬਾਰੇ ਚਾਨਣਾ ਪਾਇਆ ਹੈ, ਉੱਥੇ ਹੀ ਇਸਨੇ ਏਂਜਲ ਦੇ ਸਿਧਾਂਤ “ਬਾਂਦਰ ਤੋਂ ਮਨੁੱਖ ਤੱਕ” ਕਿਰਤ ਦੀ ਭੂਮਿਕਾ ਨੂੰ ਡਾਰਵਿਨ ਦੇ ਸਿਧਾਂਤ ਵਾਂਗ ਇੱਕ ਵਿਗਿਆਨਕ ਤੱਥ ਦੱਸਿਆ ਹੈ। ਲੇਖਿਕਾ ਨੇ “ਕ੍ਰਾਂਤੀਕਾਰੀ ਅਧਿਆਪਕ ਅਤੇ ਗੁਰੂ, ਸੰਤ ਰਾਮਾਨੰਦ” ਨਿਬੰਧ ਵਿੱਚ ਵਿਲੱਖਣ ਜਾਣਕਾਰੀ ਦਿੱਤੀ ਹੈ। ਲੇਖਿਕਾ ਨੇ ਸੰਤ ਰਾਮਾਨੰਦ ਨੂੰ ਉੱਤਰ ਅਤੇ ਮੱਧ ਭਾਰਤ ਵਿੱਚ ਭਗਤੀ ਲਹਿਰ ਦਾ ਮੋਢੀ ਮੰਨਦੇ ਹੋਏ ਲਿਖਿਆ ਹੈ ਕਿ ਸੰਤ ਰਾਮਾਨੰਦ ਨੇ ਵਿੱਦਿਆ ਦੇ ਸੰਚਾਰ ਨਾਲ਼ ਪੱਛੜੀ ਸ਼੍ਰੇਣੀ ਨਾਲ਼ ਸੰਬੰਧਤ ਅਨੇਕ ਲੋਕ ਸੰਤ ਪੈਦਾ ਕੀਤੇ।

ਪ੍ਰਿੰਸੀਪਲ ਪ੍ਰੇਮਲਤਾ ਦੀ ਅਗਲੀ ਕਿਤਾਬ ਤੀਜੀ ਅੱਖ ਦਾ ਸਵੇਰਾ ਇੱਕ ਕਹਾਣੀ ਸੰਗ੍ਰਹਿ ਹੈ। ਇਹ ਕਿਤਾਬ ਇੱਕ ਨਿਵੇਕਲੀ ਕਿਤਾਬ ਹੈ, ਜਿਹੜੀ ਮੁੱਖ ਰੂਪ ਵਿੱਚ ਡੰਮੀ ਡੇਰਾਬਾਦ ਨੂੰ ਮੁੱਢੋਂ ਨਕਾਰਦੀ ਹੈ। ਆਪਣੀਆਂ ਕਹਾਣੀਆਂ ਰਾਹੀਂ ਲੇਖਿਕਾ ਡੰਮੀ ਡੇਰਾਬਾਦ ਨੂੰ ਲੋਕਾਂ ਦੀ ਮਾਨਸਿਕ, ਆਰਥਿਕ ਅਤੇ ਸਮਾਜਿਕ ਲੁੱਟ ਅਤੇ ਅੰਧਵਿਸਵਾਸ਼ ਦੇ ਅੱਡੇ ਸਾਬਿਤ ਕਰਦੀ ਹੈ।

ਦਮਯੰਤੀ ਜੋੜੀ ਵੱਲੋਂ ਸਾਂਝੇ ਤੌਰ ਤੇ ਲਿਖੀ ਕਿਤਾਬ ਪੰਜ ਕੁੱਜਿਆਂ ਚ ਈਸ਼ਵਰ ਇਤਿਹਾਸਿਕ ਜਾਣਕਾਰੀ ਭਰਪੂਰ ਅਤੇ ਉੱਤਮ ਜੀਵਨ ਸੇਧ ਦਿੰਦੀ ਨਿਬੰਧਾਂ ਦੀ ਕਿਤਾਬ ਹੈ। ਅਮਰ ਗਰਗ ਕਲਮਦਾਨ ਦਾ ਨਿਬੰਧ, “ਅੱਤਵਾਦ ਨੂੰ ਹਰਾਉਣ ਲਈ ਦੋ “ਜ” ਸਿਧਾਂਤ ਜੜ ਨਾਲ਼ ਜੁੜਤਾ” ਰਾਹੀਂ ਲੇਖਕ ਨੇ ਵਿਸ਼ਵ ਵਿੱਚ ਪਸਰੇ ਅੱਤਵਾਦ ਦੀ ਅਸਲੀ ਜੜ ਪਹਿਚਾਣੀ ਹੈ। ਲੇਖਕ ਨੇ ਦਲੀਲ ਸਹਿਤ ਨਿਰਾਕਾਰ ਰੱਬ ਦੀ ਨਿਰਪੇਖ ਫਿਲਾਸਫੀ ਨੂੰ ਅੱਤਵਾਦ ਦੀ ਜੜ ਦੱਸਿਆ ਹੈ। ਪ੍ਰਿੰਸੀਪਲ ਪ੍ਰੇਮ ਲਤਾ ਵੱਲੋਂ ਅਜਿਹਾ ਹੀ ਨਿਬੰਧ “ਅਦੁਨਿਸ” ਦੀ ਮੁਲਾਕਾਤ ਬਨਾਮ ਕਲਮਦਾਨ ਦਾ ਦੋ ਜ ਸਿਧਾਂਤ ਜੜ੍ਹ ਨਾਲ਼ ਜੁੜਤਾ” ਕਿਤਾਬ ਵਿੱਚ ਦਰਜ ਹੈ। ਮੈਂ ਇਸ ਨਿਬੰਧ ਵਿੱਚੋਂ ਅਲੀ ਅਹਿਮਦ ਸਈਦ (ਅਦੁਨਿਸ) ਜੋ ਕਿ ਸੀਰੀਆ ਦੇ ਸੰਸਾਰ ਪ੍ਰਸਿੱਧ ਸਾਹਿਤਕਾਰ ਹਨ, ਉਨ੍ਹਾਂ ਦੀ ਕਹੀ ਗੱਲ ਨੂੰ ਦਹੁਰਾਉਂਦਾ ਹੈ, “ਇਹ ਇੱਕ ਈਸ਼ਵਰਵਾਦ ਹੈ? ਕੀ ਇਹੋ ਨਾ ਕਿ ਮੇਰਾ ਪੈਗੰਬਰ ਹੀ ਆਖਰੀ ਪੈਗੰਬਰ ਹੈ। ਜਿੰਨ੍ਹੇ ਵੀ  ਇੱਕ ਈਸ਼ਵਰਵਾਦੀ ਧਰਮ ਹਨ, ਉਹ ਇਸੇ ਗੱਲ ਨੂੰ ਦਹੁਰਾਉਂਦੇ ਹਨ। ਦੂਸਰੀ ਗੱਲ ਉਹ ਕਹਿੰਦੇ ਹਨ ਕਿ ਇਸ ਪੈਗੰਬਰ ਨੇ ਜੋ ਕਹਿ ਦਿੱਤਾ ਹੈ, ਉਹ ਹੀ ਆਖਰੀ ਸੱਤ ਹੈ। ਤੀਸਰੀ ਗੱਲ ਉਹ ਕਹਿੰਦੇ ਹਨ ਕਿ ਮੇਰੇ ਪਿੱਛੋਂ ਹੁਣ ਦੂਸਰਾ ਕੋਈ ਪੈਗੰਬਰ ਨਹੀਂ ਹੋਵੇਗਾ। ਇਹ ਦਾ ਮਤਲਬ ਇਹ ਹੈ ਕਿ ਹੁਣ ਈਸ਼ਵਰ ਨੇ ਕੁਝ ਵੀ ਨਹੀਂ ਕਹਿਣਾ ਕਿਉਂਕੇ ਉਹਨੇ ਆਪਣੇ ਆਖਰੀ ਪੈਗੰਬਰ ਰਾਹੀਂ ਆਪਣੀ ਆਖਰੀ ਗੱਲ ਕਹਿ ਦਿੱਤੀ ਹੈ।

ਲੇਖਿਕਾ ਨੇ ਯੋਗ ਵਿੱਦਿਆ ਦੇ ਅਸਲ ਰਚਨਹਾਰ ਰਿਸ਼ੀ ਕਪਿਲ ਮੁਨੀ ਸਨ” ਨਿਬੰਧ ਵਿੱਚ ਖੋਜ਼ ਭਰਪੂਰ ਜਾਣਕਾਰੀ ਦਿੱਤੀ ਹੈ ਕਿ ਕਪਿਲ ਮੁਨੀ ਦਾ ਸਾਂਖਿਆ ਦਰਸ਼ਨ ਹੀ ਯੋਗ ਸੂਤਰ ਦੀ ਨੀਂਹ ਹੈ। ਇਸ ਕਿਤਾਬ ਦੇ ਸਾਰੇ ਹੀ ਨਿਬੰਧ ਗਿਆਨ ਅਤੇ ਸਮਾਜਿਕ ਸੇਧ ਪੱਖੋਂ ਬਹੁਤ ਹੀ ਕੀਮਤੀ ਹਨ।

ਕਲਮਦਾਨ ਵੱਲੋਂ ਲਿਖੀ ਕਿਤਾਬ “ਸੀਤੋ ਫੌਜਣ” ਇੱਕ ਕਹਾਣੀ ਸੰਗ੍ਰਿਹ ਹੈ। ਕਿਤਾਬ ਦੀ ਪਹਿਲੀ ਲੰਮੀ ਕਹਾਣੀ “ਸੀਤੋ ਫੌਜਣ” ਉੱਪਰ ਹੀ ਕਿਤਾਬ ਦਾ ਨਾਮ ਕਰਨ ਹੋਇਆ ਹੈ। ਡਾ. ਤੇਜਵੰਤ ਮਾਨ ਨੇ ਇਸ ਕਹਾਣੀ ਬਾਰੇ ਲਿਖਿਆ ਹੈ। ਸੀਤੋ ਫੌਜਣ ਇਸਤਰੀ ਸ਼ਕਤੀ ਦੀ ਮਹੱਤਤਾ ਅਤੇ ਪਹਿਚਾਣ ਨੂੰ ਬਲ ਦੇਣ ਵਾਲੀ ਕਹਾਣੀ ਹੈ। ਅਜਿਹੀ ਕਹਾਣੀ ਦੀ ਸਿਰਜਣਾ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਇੱਕ ਸਾਹਿਤਕ ਮੀਲ ਪੱਥਰ ਹੈ।” ਕਿਤਾਬ ਵਿੱਚ “ਸੁਨਹਿਰੀ ਕਿਰਨਾਂ” ਨਾਂ ਦੀ ਕਹਾਣੀ, ਸਦੀਆਂ ਤੋਂ ਚੱਲੀ ਆ ਰਹੀ ਰੱਬ ਦੇ ਨਿਰਗੁਣ ਜਾਂ ਸਰਗੁਣ ਹੋਣ ਦੀ ਬਹਿਸ ਨੂੰ ਬੜੇ ਹੀ ਰੋਚਕ ਅਤੇ ਤਰਕਸ਼ੀਲ ਢੰਗ ਨਾਲ਼ ਪੇਸ਼ ਕਰਦੀ ਹੈ। ਕਿਤਾਬ ਦੀਆਂ ਸਾਰੀਆਂ ਹੀ ਕਹਾਣੀਆਂ ਸੁਨਿਹਰੀ ਕਿਰਨਾਂ ਛੱਡਦੀਆਂ ਪ੍ਰਤੀਤ ਹੁੰਦੀਆਂ ਹਨ। ਮੈਂ ਸਾਹਿਤ ਜਗਤ ਵਿੱਚ ਦਮਯੰਤੀ ਜੋੜੀ ਦੀਆਂ ਚਾਰੇ ਕਿਤਾਬਾਂ ਦਾ ਸੁਆਗਤ ਕਰਦਾ ਹਾਂ। ਚਾਰੇ ਕਿਤਾਬਾਂ ਸਾਹਿਤ ਦੇ ਇਤਿਹਾਸ ਜਗਤ ਦਾ ਅਨਿੱਖੜਵਾਂ ਅੰਗ ਅਤੇ ਸਾਂਭਣ ਯੋਗ ਹਨ। ਇਸ ਦਮਯੰਤੀ ਲੇਖਕ ਜੋੜੀ ਦੀਆਂ ਕ੍ਰਿਤਾਂ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਦੇ ਦੇਸ਼ ਵਿਚਲੇ ਅਤੇ ਦੇਸ਼ ਤੋਂ ਬਾਹਰ ਪੰਜਾਬੀ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਪ੍ਰਿੰਸੀਪਲ ਪ੍ਰੇਮਲਤਾ ਦਾ ਛਪਿਆ ਲੇਖ “ਭਾਰਤ ਦੀਆਂ ਦੋਵੇਂ ਵੈਕਸੀਨਜ਼ ਅੰਮ੍ਰਿਤ ਦੀਆਂ ਬੂੰਦਾਂ” ਤੋਂ ਪਤਾ ਚੱਲਦਾ ਹੈ ਕਿ ਇਹ ਜੋੜੀ ਵਿਗਿਆਨਕ ਤੌਰ ਤੇ ਵੀ ਪੂਰੀ ਤਰਾਂ ਸੁਚੇਤ ਹੈ।

ਇੱਕ ਆਦਰਸ਼ ਦਮਯੰਤੀ ਜੋੜੀ ਹੋਣਾ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਆਪਣੀ ਆਤਮ ਕਥਾ, “ਮੇਰੀ ਜੀਵਨ ਕਹਾਣੀ” ਵਿੱਚ ਆਪਣੀ ਪਤਨੀ ਜੀਤਾਂ ਦੇ ਨਾਂ, ਇੱਕ ਪਾਠ ਦਰਜ ਕੀਤਾ ਹੈ। ਗੁਰਮੁੱਖ ਮੁਸਾਫਿਰ ਘਰ ਦੇ ਮਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਹਰ ਰੋਜ਼ ਸਵੇਰੇ ਉੱਠ ਕੇ ਕਹਿੰਦਾ ਸੀ, “ਜਿਉਂਦੀ ਰਹੇ ਮੇਰੇ ਬੱਚਿਆਂ ਦੀ ਮਾਂ, ਜਦ ਤੱਕ ਰਾਵੀ ਅਤੇ ਝਨਾਅ।”

ਗੁਰੂ ਗ੍ਰੰਥ ਸਾਹਿਬ ਵਿੱਚ ਦਮਯੰਤੀ ਜੋੜੀ ਲਈ ਕਿਹਾ ਗਿਆ ਹੈ, ਇੱਕ ਜੋਤ ਦੋਏ ਮੂਰਤੀ। ਅੰਗ੍ਰੇਜੀ ਵਿੱਚ ਪਤਨੀ ਨੂੰ ਬੈਟਰ ਹਾਫ ਦਾ ਦਰਜਾ ਦਿੱਤਾ ਗਿਆ ਹੈ। ਸੰਸਕ੍ਰਿਤ ਵਿੱਚ ਪਤੀ ਪਤਨੀ ਦੀ ਜੋੜੀ ਨੂੰ ਦਮਯੰਤੀ ਜੋੜੀ ਕਿਹਾ ਗਿਆ ਹੈ। ਹੀਰ-ਰਾਂਝਾ, ਸੱਸੀ-ਪੁੰਨੂੰ ਅਤੇ ਮਿਰਜਾ-ਸਾਹਿਬਾ ਭਾਵੇਂ ਅਮਲੀ ਤੌਰ ਤੇ ਪਤੀ-ਪਤਨੀ ਨਹੀਂ ਬਣ ਸਕੇ ਪਰ ਉਨ੍ਹਾਂ ਦੇ ਪਿਆਰ ਬੰਧਨ ਹੀ ਐਨੇ ਪਵਿੱਤਰ ਸਿੱਧ ਹੋਏ ਕਿ ਲੋਕਾਈ ਨੇ ਇਨ੍ਹਾਂ ਨੂੰ ਆਦਰਸ਼ ਜੋੜੀਆਂ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਅਤੇ ਅੱਜ ਉਨ੍ਹਾਂ ਦੇ ਜੀਵਨ ਉੱਪਰ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਸੰਭਵ ਹੋਈ ਹੈ।

ਆਉਣ ਵਾਲੇ ਸਮੇਂ ਵਿੱਚ ਪ੍ਰਿੰਸੀਪਲ ਪ੍ਰੇਮਲਤਾ ਅਤੇ ਅਮਰ ਗਰਗ ਕਲਮਦਾਨ ਦੀ ਦਮਯੰਤੀ ਜੋੜੀ ਸਾਹਿਤ ਜਗਤ ਵਿੱਚ ਆਪਣੀਆਂ ਦੁਰੇਡੀਆਂ ਪੈੜਾਂ ਪਾਵੇਗੀ। ਅੱਜ ਅਜਿਹੀਆਂ ਸੱਚੀਆਂ ਕਲਮਾਂ ਦੀ ਸਮਾਜ ਨੂੰ ਬਹੁਤ ਜ਼ਰੂਰਤ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin