Articles

ਸ਼ੁਕਰਾਨੇ ਦੀ ਜਾਂਚ

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

“ਸ਼ੁਕਰਾਨੇ” ਅਤੇ “ਸ਼ਿਕਵੇ” ਦੋ ਅਜਿਹੇ ਸ਼ਬਦ ਨੇ ਜੋ ਇੱਕੇ ਅੱਖਰ ਤੋਂ ਸ਼ੁਰੂ ਹੁੰਦੇ ਹਨ, ਪਰ ਅਰਥ ਦੋਨਾਂ ਦੇ ਇੱਕ ਦੂਸਰੇ ਤੋਂ ਉਲਟ, ਬਿਲਕੁਲ ਰਾਮ ਤੇ ਰਾਵਣ ਦੀ ਤਰ੍ਹਾਂ।

ਸ਼ਿਕਵੇ ਕਰਨੇ ਬਹੁਤ ਅਸਾਨ ਹਨ, ਭਾਵੇਂ ਰੱਬ ਨਾਲ ਹੋਣ ਜਾਂ ਇਨਸਾਨ ਨਾਲ। ਰਤਾ ਜਿੰਨੇ ਅਸੀਂ ਦੁਖੀ ਹੋਏ ਨਹੀਂ ਤੇ ਸ਼ਿਕਵੇ ਕੀਤੇ ਨਹੀਂ। ਸ਼ਿਕਵੇ ਹਮੇਸ਼ਾ ਨਿਰਾਸ਼ਾਵਾਦੀ ਲੋਕ ਕਰਦੇ ਹਨ। ਸ਼ੁਕਰਾਨੇ ਹਮੇਸ਼ਾ ਆਸ਼ਾਵਾਦੀ ਲੋਕ ਕਰਦੇ ਹਨ। ਕੋਈ ਵੀ ਇਨਸਾਨ ਪੂਰਾ ਕਦੇ ਨਹੀਂ ਹੋ ਸਕਦਾ। ਕਿਤੇ ਨਾ ਕਿਤੇ ਕੋਈ ਨਾ ਕੋਈ ਅਸੁੰਤਸ਼ਟੀ ਰਹਿ ਹੀ ਜਾਂਦੀ ਹੈ। ਵੱਧਦੀਆਂ ਇਛਾਵਾਂ, ਸ਼ਿਕਵਿਆਂ ਨੂੰ ਜਨਮ ਦਿੰਦੀਆਂ ਹਨ।ਸ਼ੁਕਰਾਨੇ ਸਿਰਫ਼ ਉਹੀ ਲੋਕ ਕਰ ਸਕਦੇ ਹਨ ਜਿੰਨਾ ਵਿੱਚ ਸਬਰ ਹੋਵੇ, ਜੋ ਆਪਣੇ ਹਲਾਤਾਂ ਤੋਂ ਸੰਤੁਸ਼ਟ ਹੋਣ।
ਜਿਸ ਦਿਨ ਆਪਣੇ ਹਾਲਾਤਾਂ ਵਿੱਚ ਖੁਸ਼ ਰਹਿਣਾ ਆ ਗਿਆ, ਉਸ ਦਿਨ ਅਸੀਂ ਇੱਕ ਸਕੂਨਮਈ ਜਿੰਦਗੀ ਜਿਊਣੀ ਸ਼ੁਰੂ ਕਰ ਦੇਵਾਂਗੇ। ਅਸੀਂ ਸਾਰੇ ਲੋਕ ਪਰਮਾਤਮਾ ਨਾਲ ਆਪਣਿਆਂ ਨਾਲ ਕਿਸੇ ਨਾ ਕਿਸੇ ਗੱਲੋਂ ਖਫਾ ਹੋ ਹੀ ਜਾਂਦੇ ਹਾਂ, ਚੰਗਿਆਂ ਪੱਖਾਂ ਨੂੰ ਅੱਖੋਂ ਪਰੋਖੇ ਕਰ ਮਾੜਿਆ ਨੂੰ ਵੇਖ ਵੇਖ ਝੂਰਦੇ  ਰਹਿੰਦੇ ਹਾਂ। ਮੈਂ ਅਕਸਰ ਸੋਚਦੀ ਹੁੰਦੀ ਕਿ ਜੇਕਰ ਸਾਡੇ ਕੋਲ ਇੱਕ ਵਧੀਆ ਪਰਿਵਾਰ, ਇੱਕ ਦੂਸਰੇ ਦੀ ਪ੍ਰਵਾਹ ਕਰਨ ਵਾਲੇ ਜੀਅ ਤੇ ਬੁਨਿਆਦੀ ਲੋੜਾਂ ਪੂਰੀਆਂ ਹੋਣ ਯੋਗ ਆਮਦਨ, ਚੰਗੀ ਸਿਹਤ ਹੈ ਤਾਂ ਸੱਚ ਮੰਨੋ ਪਰਮਾਤਮਾ ਦਾ ਹਰ ਵੇਲੇ ਸ਼ੁਕਰ ਕਰਿਆ ਕਰੋ। ਨਹੀਂ ਤਾਂ ਮੈਂ ਐਥੇ ਕਰੋੜਾਂ ਰੁਪਿਆ ਦੇ ਮਾਲਿਕ ਆਪਣੀ ਔਲਾਦ ਹੱਥੋਂ ਸਤਾਏ ਦੇਖੇ ਨੇ, ਪੈਸਿਆਂ ਨਾਲ ਬੈਕਾਂ ਦੇ ਖਾਤੇ ਭਰੇ ਹਨ, ਪਰ ਸਿਹਤ ਨਹੀਂ, ਤੰਦਰੁਸਤੀ ਨਹੀਂ। ਪੈਸਾ, ਨਾਮ ਹਰ ਤਰ੍ਹਾਂ ਦੇ ਐਸ਼ੋ ਅਰਾਮ ਹੋਣ ਦੇ ਬਾਵਜੂਦ ਵੀ ਸ਼ਿਕਵਿਆਂ ਦੀ ਕੜੀ ਨਹੀਂ ਟੁੱਟਦੀ।
ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਸਬਰ, ਸੰਤੋਖ ਤੋਂ ਬਿਨਾ ਅਸੀਂ ਕਦੇ ਸਕੂਨਮਈ ਜਿੰਦਗੀ ਨਹੀਂ ਜੀਅ ਸਕਦੇ। ਲੋੜਾਂ ਅਤੇ ਇਛਾਵਾਂ ਜਿੰਨੀਆਂ ਵਧਾਈ ਜਾਵਾਂਗੇ, ਉਨੇ ਹੀ ਬੇਸਬਰੇ ਅਤੇ ਨਾ ਸ਼ੁਕਰਾਨੇ ਹੁੰਦੇ ਜਾਵਾਂਗੇ। ਕਿਉਂਕਿ ਹਰ ਵਾਰ ਜਰੂਰੀ ਨਹੀਂ ਹੁੰਦਾ ਕਿ ਸਾਡੀ ਕਹੀ ਹਰ ਗੱਲ ਜਾਂ ਮੰਗ ਪੂਰੀ ਹੋਵੇ, ਅਕਸਰ ਹੀ ਜਦੋਂ ਮੰਗਾਂ ਜਾਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸ਼ਿਕਵੇ ਜਨਮ ਲੈਂਦੇ ਹਨ। ਜੋ ਮਾਨਸਿਕ ਤੌਰ ਤੇ ਵੀ ਇਨਸਾਨ ਨੂੰ ਨਿਰਾਸ਼ਾਵਾਦੀ ਬਣਾਉਂਦੇ ਹਨ। ਅਜਿਹੇ ਲੋਕ ਹਮੇਸ਼ਾ ਅਸੰਤੁਸ਼ਟ ਰਹਿੰਦੇ ਹਨ। ਹਰ ਗੱਲ ਜਾਂ ਹਰ ਕੰਮ ਵਿੱਚ ਕਮੀਆਂ ਵੇਖਣੀਆਂ ਜਾਂ ਘਾਟਾਂ ਮਹਿਸੂਸ ਕਰਨੀਆਂ ਅਜਿਹੇ ਲੋਕਾਂ ਦਾ ਸੁਭਾਅ ਬਣ ਜਾਂਦਾ ਹੈ।
ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਅਸੀਂ ਸ਼ਿਕਵੇ ਘੱਟ ਕਰੀਏ ਅਤੇ ਜੋ ਕੋਲ ਹੈ ਉਸ ਲਈ ਸ਼ੁਕਰਗੁਜ਼ਾਰ ਜਰੂਰ ਹੋਈਏ । ਜੇਕਰ ਸਿੱਖ ਸਿਧਾਤਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਤਾਂ ਅਰਦਾਸ ਦੀ ਬਹੁਤ ਵੱਡੀ ਤਾਕਤ ਹੈ। ਜੋ ਵੀ ਜਰੂਰਤ ਜਾਂ ਆਸ ਰੱਖਦੇ ਹੋ ਪਰਮਾਤਮਾ ਅੱਗੇ ਅਰਦਾਸ ਕਰੋ ਪਰ ਸ਼ਿਕਵੇ ਨਾ ਕਰੋ। ਕਿਉਂਕਿ ਸ਼ਿਕਵੇ ਸਾਨੂੰ ਆਪਣਿਆਂ ਤੋਂ ਪਰਮਾਤਮਾ ਤੋਂ ਵੀ ਦੂਰ ਕਰਦੇ ਹਨ। ਜਦੋਂ ਕਿ ਸ਼ੁਕਰਾਨੇ ਹਮੇਸ਼ਾ ਸਾਨੂੰ ਰਹਿਮਤ ਦੇ ਪਾਤਰ ਬਣਾਉਂਦੇ ਹਨ, ਇੱਕ ਸੰਤੁਸ਼ਟ ਵਿਅਕਤਿਤਵ ਵਾਲੇ ਇਨਸਾਨ ਬਣਾਉਂਦੇ ਹਨ ਤੇ ਆਸ਼ਾਵਾਦੀ ਲੋਕਾਂ ਦੀ ਕਤਾਰ ਵਿੱਚ ਖੜੇ ਕਰਦੇ ਹਨ। ਸੋ ਹਮੇਸ਼ਾ ਯਤਨ ਰਹੇ ਕਿ ਸ਼ੁਕਰਾਨੇ ਕੀਤੇ ਜਾਣ ਤੇ ਸ਼ਿਕਵਿਆਂ ਤੋਂ ਪਰਹੇਜ ਕੀਤਾ ਜਾਵੇ।

Related posts

$100 Million Boost for Bushfire Recovery Across Victoria

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin