
ਪਿਛਲੇ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝਾਂ ਬਹੁਤ ਗੂੜ੍ਹੀਆਂ ਹੋਇਆ ਕਰਦੀਆਂ ਸਨ, ਇਹਨਾਂ ਭਾਈਚਾਰਕ ਸਾਂਝਾਂ ਦੇ ਪ੍ਰਤੀਕ ਸਨ ਸਾਡੇ ਰੀਤੀ ਰਿਵਾਜ, ਜਿਵੇਂ ਜਿਵੇਂ ਅਸੀਂ ਰੀਤੀ ਰਿਵਾਜਾਂ ਤੋਂ ਦੂਰ ਹੁੰਦੇ ਗਏ ਸਾਡੀਆਂ ਭਾਈਚਾਰਿਕ ਸਾਂਝਾ ਦੀਆਂ ਤੰਦਾਂ ਵੀ ਕਮਜ਼ੋਰ ਹੁੰਦੀਆਂ ਗਈਆਂ, ਭਾਈਚਾਰਕ ਸਾਂਝਾਂ ਟੁੱਟਣ ਨਾਲ ਬਹੁਤ ਕੁਝ ਬਦਲ ਗਿਆ, ਸਾਡੇ ਖੁੱਲੇ ਡੁੱਲੇ ਸੁਭਾਅ ਅੱਜ ਕੱਲ ਮੀਸਣੇ ਬਣ ਕੇ ਰਹਿ ਗਏ, ਅਸੀ ਮਾਨਸਿਕ ਤੌਰ ਤੇ ਬਿਮਾਰ ਹੋ ਗਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਬਹੁਤ ਬੁਰੇ ਪ੍ਰਭਾਵ ਦੇਖਣ ਨੂੰ ਮਿਲਣਗੇ, ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਰੀਤੀ ਰਿਵਾਜ ਬਹੁਤ ਸਾਰਥਕ ਸਿੱਧ ਹੋਇਆ ਕਰਦੇ ਸਨ। ਪੁਰਾਣੇ ਸਮਿਆਂ ਚੱਲਿਆ ਆ ਰਿਹਾ ਰਿਵਾਜ “ਚੁੱਲ੍ਹਾ ਨਿਉਦ” ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਨਾਲ ਭਾਈਚਾਰਕ ਸਾਂਝ ਵਿੱਚ ਪ੍ਰਪੱਕਤਾ ਆਉਂਦੀ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਪਿੰਡ ਵਿਚ ਘਰ ਘਰ ਜਾ ਕੇ ਨਿਉਂਦਾ ਨਿਉਂਦਅ ਦਿੱਤਾਂ ਜਾਂਦਾ ਸੀ, ਇਹ ਕੰਮ ਲਾਗੀ ਕਰਿਆਂ ਕਰਦੇ ਸਨ , ਜੋ ਘਰ ਜਾ ਕੇ ਵਿਆਹ ਵਾਲਾ ਦਿਨ ਦੱਸ ਕੇ ਘਰ ਵਾਲਿਆਂ ਵੱਲੋਂ ਵਿਆਹ ਤੇ ਆਉਣ ਦਾ ਸੱਦਾ ਦਿੱਤਾ ਜਾਦਾ, ਇਸ ਨੂੰ ਨਿਉਂਦਾ ਕਿਹਾ ਜਾਦਾ ਸੀ। ਇਸ ਤੋਂ ਇਲਾਵਾ ਆਪਣੇ ਭਾਈਚਾਰੇ ਵਿੱਚ “ਚੁੱਲ੍ਹੇ ਨਿਉਂਦਾ” ਦਿੱਤੇ ਜਾਂਦੇ ਸਨ। ਨਿਉਂਦੇ ਦਾ ਭਾਵ ਹਰ ਘਰ ਵਿਚੋਂ ਪਰਿਵਾਰ ਦੇ ਇਕ ਵਿਅਕਤੀ ਨੂੰ ਰੋਟੀ ਖਾਣ ਲਈ ਸੱਦਾ ਹੁੰਦਾ ਸੀ। ਆਪਣੇ ਭਾਈਚਾਰੇ ਨੂੰ ਚੁੱਲ੍ਹੇ ਨਿਉਂਦਾ ਹੁੰਦਾ ਸੀ। ਚੁੱਲ੍ਹੇ ਨਿਉਂਦੇ ਵਾਲੇ ਘਰ ਤੋਂ ਪਰਿਵਾਰ ਦੇ ਸਾਰੇ ਮੈਂਬਰ ਵਿਆਹ ਵਾਲੇ ਘਰ ਹੀ ਕੰਮ ਕਰਦੇ ਸਨ। “ਚੁੱਲ੍ਹੇ ਨਿਉਂਦ ਦਾ ਭਾਵ ਵਿਆਹ ਤੋਂ ਦੋ ਦਿਨ ਪਹਿਲਾਂ ਆ ਕੇ ਵਿਆਹ ਤੱਕ ਦਿਨ ਰਾਤ ਵਿਆਹ ਵਾਲੇ ਘਰ ਰਹਿ ਕੇ ਸਾਰਾ ਕੰਮ ਧੰਦਾ ਕਰਾਉਣਾ ਜਿਵੇਂ ਮੇਲ ਵਾਸਤੇ ਮੰਜੇ ਬਿਸਤਰੇ ਇਕੱਠੇ ਕਰਨੇ, ਲੱਡੂ ਵੱਟਣੇ, ਝੰਡੀਆਂ ਲਾਉਣੀਆਂ, ਰਿਸ਼ਤੇਦਾਰਾਂ ਨੂੰ ਰੋਟੀਆਂ ਖਵਾਉਣੀਆ, ਪੂਰਾ ਭਾਈਚਾਰਾ ਆਪਣੇ ਘਰ ਚੁੱਲ੍ਹਾ ਬਾਲਣ ਦੀ ਬਜਾਏ ਵਿਆਹ ਵਾਲੇ ਘਰ ਹੀ ਕੰਮ ਵਿਚ ਹੱਥ ਵਟਾਉਂਦੇ ਸਨ ਤੇ ਖਾਣਾ ਵੀ ਉਥੇ ਹੀ ਖਾਂਦੇ ਸਨ।
ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਵਾਲੇ ਦਿਨ ਵਿਆਹ ਵਾਲੇ ਘਰ ਸਾਰਾ ਸ਼ਰੀਕਾ-ਭਾਈਚਾਰਾ ਬਣਦੀ ਸਰਦੀ ਰਸਦ ਭਾਵ ਆਟਾ, ਗੁੜ, ਦਾਲ ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਢੁੱਕਦਾ ਸੀ। ਨਿਉਂਦੇ ਅਤੇ ਚੁੱਲ੍ਹੇ ਨਿਉਂਦੇ ਦਾ ਮੰਤਵ ਭਾਈਚਾਰਕ ਸਾਂਝ ਦੀ ਗੰਢ ਪੀਡੀ ਕਰਨਾ ਸੀ। ਇਸ ਨਾਲ ਪੂਰੇ ਭਾਈਚਾਰੇ ਦੇ ਬੱਚੇ ਇੱਕਠੇ ਖੇਡਦੇ , ਇੱਕਠੇ ਰੋਟੀ ਖਾਂਦੇ, ਇੱਕਠੇ ਸੋਂਦੇ, ਇਸ ਨਾਲ ਬੱਚਿਆਂ ਵਿੱਚ ਆਪਸੀ ਪਿਆਰ ਵੱਧਦਾ ਅਤੇ ਇਹ ਰਿਵਾਜ਼ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਰਹਿੰਦਾ, ਨਿਉਂਦਾ ਨਿਉਂਦਾ ਖਾਣ ਆਏ ਪਿੰਡ ਦੇ ਹਰ ਪਰਿਵਾਰ ਦੇ ਮੈਂਬਰ ਵਲੋਂ ਵਿਆਹੁੰਦੜ ਕੁੜੀ/ਮੁੰਡੇ ਲਈ ਸ਼ਗਨ ਵਜੋਂ ਪੈਸੇ ਜਾਂ ਕੱਪੜੇ-ਲੱਤੇ ਤੇ ਗਹਿਣੇ-ਗੱਟੇ ਦੇ ਰੂਪ ਵਿਚ ਤੋਹਫੇ ਵੀ ਦਿੱਤੇ ਜਾਂਦੇ ਸਨ। ਪਹਿਲਾਂ ਜੋ ਰਿਸ਼ਤੇਦਾਰ ਆਏ ਹੁੰਂਦੇ ਸਨ ਉਹਨਾ ਨੂੰ ਰੋਟੀ ਖਵਾਈ ਜਾਂਦੀ ਸੀ, ਉਸ ਤੋਂ ਬਾਅਦ ਸਾਰਾ ਭਾਈਚਾਰਾ ਰੋਟੀ ਖਾਂਦਾ ਸੀ। ਰੋਟੀ ਥੱਲੇ ਵਿਛਾਈ ਕਰਕੇ ਖਵਾਈ ਜਾਂਦੀ ਸੀ। ਵਿਆਹ ਵਿੱਚ ਨਾਨਕਾ ਮੇਲ ਦਾ ਪੂਰਾ ਟੌਹਰ ਹੋਇਆਂ ਕਰਦਾ ਸੀ, ਨਾਨਕਾ ਮੇਲ ਦੀ ਪੂਰੀ ਉਡੀਕ ਕੀਤੀ ਜਾਂਦੀ ਸੀ, ਜਦ ਨਾਨਕਾ ਮੇਲ ਆਉਦਾ ਬੂਹੇ ਵਿੱਚ ਤੇਲ ਚੋਇਆ ਜਾਦਾ ਸੀ, ਵਿਆਹ ਵਿਚ ਸ਼ਾਮਿਲ ਹੋਣ ਆਏ ਖਾਸ ਰਿਸ਼ਤੇਦਾਰ ਨਾਨਕੇ ਚਾਚੇ ਤਾਏ ਲਾਗੀਆਂ ਨੂੰ ਲਾਗ ਦਿੰਦੇ। ਰਾਤ ਨੂੰ ਸਾਰੇ ਪਿੰਡ ਵਿੱਚ ਜਾਗੋ ਕੱਢੀ ਜਾਦੀ, ਇਸ ਤਰਾਂ ਦੇ ਰੀਤੀ ਰਿਵਾਜਾਂ ਨੂੰ ਭਾਈਚਾਰਕ ਮੋਹ ਪਿਆਰ ਦੀਆ ਤੰਦਾਂ ਹੋਰ ਮਜ਼ਬੂਤ ਹੋਇਆਂ ਕਰਦੀਆਂ ਸਨ। ਬੇਸ਼ੱਕ ਅੱਜ ਵੀ ਇਹ ਇਹ ਰਿਵਾਜ਼ ਪਿੰਡਾਂ ਵਿਚ ਪ੍ਰਚਲਿਤ ਹੈ ਪਰ ਨਾ ਤਾ ਚੁੱਲ੍ਹੇ ਰਹਿ ਹਨ ਨਾ ਹੀ ਉਹ ਸਾਂਝਾ ਅਤੇ ਨਾ ਹੀ ਉਹ ਭਾਈਚਾਰੇ ਬਸ ਨਾਂ ਦੇ ਰਿਵਾਜ ਹੀ ਰਹਿ ਗਏ ਹਨ, ਭਾਈਚਾਰਕ ਸਾਂਝਾਂ ਵਧਾਉਣ ਲਈ ਲੋੜ ਹੈ ਇਸ ਤਰ੍ਹਾਂ ਦੇ ਰੀਤੀ ਰਿਵਾਜਾਂ ਨੂੰ ਮੋੜ ਕੇ ਲਿਉਣ ਦੀ, ਕਾਸ਼ ਕਿਤੇ ਪਹਿਲਾਂ ਵਾਲਾਂ ਸਮਾਂ ਦੁਬਾਰਾ ਆ ਜਾਵੇ।