ਸਭ ਕੌਮਾਂ ਜਿੱਥੇ ਵੀ ਖੜ੍ਹੀਆਂ ਹਨ ਕਈ ਪੀੜੀਆਂ ਦੇ ਵਿਚਾਰਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੁੰਦੀਆਂ ਹਨ। ਜੀਵਨ ਦੇ ਸਭ ਦਰਜ਼ਿਆਂ ਅਤੇ ਹਲਾਤਾਂ ਵਿੱਚ ਕੰਮ ਕਰਦਿਆਂ ਸਿਰੜੀ, ਧੀਰਜਵਾਨ ਕਾਮਿਆਂ – ਖੇਤੀ ਕਰਨ ਵਾਲਿਆਂ , ਉਦਯੋਗਪਤੀਆਂ, ਕਾਰੀਗਰਾਂ, ਵਿਗਿਆਨੀਆਂ, ਲੇਖਕਾਂ, ਕਵੀਆਂ ਤੇ ਕਈ ਚੰਗੇ ਨੇਤਾਵਾਂ ਨੇ ਇਹਨਾਂ ਨੂੰ ਸ਼ਾਨਦਾਰ ਬਣਾਉਣ ਵਿੱਚ ਆਪਣਾ ਹਿੱਸਾ ਪਾਇਆ ਹੁੰਦਾ ਹੈ। ਅੱਜ ਦੀ ਪੀੜ੍ਹੀ ਨੇ ਪਿਛਲੀ ਪੀੜ੍ਹੀ ਦੇ ਤਜਰਬਿਆਂ ਨੂੰ ਵਰਤ ਕੇ ਹਰ ਕੌਮ ਨੂੰ ਹੋਰ ਅਗਾਂਹ ਤੋਰਿਆ ਹੁੰਦਾ ਹੈ, ਉਚੇਰੀਆਂ ਮੰਜ਼ਿਲਾਂ ਉੱਤੇ ਅਪੜਾਉਣ ਲਈ ਯਤਨ ਕੀਤੇ ਹੁੰਦੇ ਹਨ। ਜਦੋਂ ਵੀ ਕੌਮਾਂ ਉੱਭਰਦੀਆਂ ਹਨ ਤਾਂ ਉਸਦਾ ਇੱਕੋ ਇੱਕ ਕਾਰਣ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਇਤਹਾਸ ਅਤੇ ਪਿਛੋਕੜ ਨੂੰ ਕਿੰਨਾ ਕੁ ਸੰਭਾਲ ਕੇ ਰੱਖਿਆ ਹੈ। ਕੌਮਾਂ ਦੀ ਉਸਾਰੀ ਲਈ ਸਭ ਤੋਂ ਵੱਧ ਜਰੂਰੀ ਹੁੰਦਾ ਹੈ ਪੁੰਗਰਦੀਆਂ ਪਨੀਰੀਆਂ ਨੂੰ ਪਿਛੋਕੜ ਨਾਲ ਜੋੜਣਾ। ਜਿਹੜੀਆਂ ਕੌਮਾਂ ਦੇ ਵਾਰਿਸ ਆਪਣੇ ਬਾਬਿਆਂ ਦੇ ਕੀਤੇ ਮਹਾਨ ਕਾਰਜਾਂ ਅਤੇ ਆਪਣੇ ਇਤਹਾਸ ਨੂੰ ਭੁੱਲ ਜਾਣ ਉਹ ਕੌਮਾਂ ਉੱਭਰਣ ਦੀ ਜਗ੍ਹਾ ਤੇ ਉਜੜਣ ਵੱਲ ਹੋ ਜਾਂਦੀਆਂ ਹਨ । ਕਿਸੇ ਵੀ ਕੌਮ ਦੇ ਅਮਰ ਹੋਣ ਲਈ ਜਰੂਰੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੂੰ ਇਤਹਾਸ ਨਾਲ ਜੋੜਿਆ ਜਾਵੇ। ਭਾਵੇਂ ਕੋਈ ਵੀ ਕੌਮ ਹੋਵੇ। ਮੈਂ ਇੱਥੇ ਕੇਵਲ ਸਿੱਖ ਕੌਮ ਦਾ ਹੀ ਜ਼ਿਕਰ ਨਹੀਂ ਕਰਨਾ ਚਾਹੁੰਦੀ ਬਲਕਿ ਇਹ ਸੱਚਾਈ ਹੈ ਕਿ ਦੁਨੀਆਂ ਉੱਪਰ ਉਹੀਓ ਕੌਮਾਂ ਅਮਰ ਹਨ ਜਿੰਨਾ ਦੀਆਂ ਪੁੰਗਰਦੀਆਂ ਪਨੀਰੀਆਂ ਉਹਨਾਂ ਦੇ ਪਿਛੋਕੜ ਨਾਲ ਜੁੜੀਆਂ ਹੋਈਆਂ ਹਨ । ਪਰ ਅੱਜ ਜੋ ਹਾਲਾਤ ਵੇਖਣ ਨੂੰ ਮਿਲ ਰਹੇ ਹਨ, ਉਹਨਾਂ ਵਿੱਚ ਬੱਚਿਆਂ ਤਾਂ ਕੀ ਮਾਪੇ ਵੀ ਇਤਹਾਸ ਤੋ ਵਾਂਝੇ ਹਨ। ਕੌਮਾਂ ਦੇ ਜਿਊਦੇ ਰਹਿਣ ਲਈ ਜਰੂਰੀ ਹੈ ਕਿ ਸਾਡੀ ਨਸਲ, ਸਾਡੇ ਵਾਰਿਸ ਜਾਣਦੇ ਹੋਣ ਕੇ ਕਿੰਨਾ ਕਿੰਨਾ ਔਕੜਾਂ ਨੂੰ ਸਹਿ ਕੇ ਸਾਡੇ ਕੌਮ ਦੇ ਹੀਰਿਆਂ ਨੇ ਇਤਹਾਸ ਸਿਰਜੇ ਹਨ।
ਕੌਮਾਂ ਦੀ ਉਸਾਰੀ ਕਿਵੇਂ ਹੋਇਆ ਕਰਦੀ ਹੈ?
ਕੌਮਾਂ ਦੀ ਉਸਾਰੀ ਕੇਵਲ ਇੱਕ ਖੇਤਰ ਵਿੱਚ ਕਾਮਯਾਬ ਹੋਣ ਨਾਲ ਨਹੀਂ ਹੋਇਆ ਕਰਦੀ, ਬਲਕਿ ਸਾਨੂੰ ਆਪਣੀ ਕੌਮ ਵਿੱਚ ਹਰ ਖੇਤਰ ਵਿੱਚ ਨਿਪੁੰਨ ਬੱਚੇ ਜਾਂ ਨੌਜਵਾਨ ਤਿਆਰ ਕਰਨੇ ਹਨ, ਉਹ ਚਾਹੇ ਖੇਡ, ਵਿਦਿਆ, ਇੰਜੀਨੀਅਰ, ਡਾਕਟਰ, ਪਾਈਲਟ ਆਦਿ ਕੋਈ ਵੀ ਖੇਤਰ ਹੋਵੇ।
ਸਮੇਂ ਨਾਲ ਤਬਦੀਲ ਹੋਣਾ ਜਰੂਰੀ ਹੈ ਪਰ ਸਾਡੇ ਵਿਚਾਰਾਂ ਵਿੱਚ ਸਾਡੀ ਸੋਚ ਵਿੱਚ ਸਾਡੇ ਬਾਬਿਆਂ ਦੀ ਸੋਚ ਦਾ ਜਿਉਂਦਾ ਹੋਣਾ ਬਹੁਤ ਜਰੂਰੀ ਹੈ। ਹਰ ਪੀੜ੍ਹੀ ਦੇ ਸਿਰ ਆਪਣੀ ਕੌਮ ਲਈ ਕੁਝ ਵੱਖਰਾ ਸਿਰਜਣ ਅਤੇ ਕੌਮ ਦਾ ਨਾਮ ਉੱਚਾ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਸਾਡੇ ਸਿਰ ਵੀ ਇਹੀ ਜਿੰਮੇਵਾਰੀ ਹੈ, ਸਾਡਾ ਫ਼ਰਜ ਹੈ ਕਿ ਅਸੀਂ ਜਿਸ ਵੀ ਕੌਮ ਨਾਲ ਜੁੜੇ ਹੋਏ ਹੋਈਏ, ਉਸਨੂੰ ਦਾ ਮਾਣ ਵਧਾ ਸਕੀਏ, ਅਜਿਹੇ ਕਾਰਜ਼ ਕਰੀਏ ਕਿ ਪੂਰੀ ਕੌਮ ਸਾਡਾ ਨਾਮ ਲੈਣ ਵੇਲੇ ਮਾਣ ਮਹਿਸੂਸ ਕਰੇ।