Story

ਜ਼ਮੀਨ ਠੰਡੀ ਹੁੰਦੀ ਹੈ ਕਿ ਪਾਣੀ ਦੀ ਬਰਬਾਦੀ!

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਗਾਮਾ ਆਪਣੀਆਂ ਦੋਵੇਂ ਮੋਟਰਾਂ ਚਲਾ ਕੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ। ਲਾਗੋਂ ਲੰਘਦੇ ਹੋਏ ਮੁਖਤਾਰ ਮਾਸਟਰ ਨੇ ਹੈਰਾਨੀ ਨਾਲ ਪੁੱਛਿਆ, “ਉਏ ਗਾਮਿਆਂ, ਸਰਕਾਰ ਨੇ ਤਾਂ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਮਨਾਹੀ ਕੀਤੀ ਹੋਈ ਹੈ, ਤੂੰ 2 ਜੂਨ ਨੂੰ ਹੀ ਪਾਣੀ ਛੱਡੀ ਬੈਠਾ ਆਂ। ਜੇ ਕਿਤੇ ਖੇਤੀਬਾੜੀ ਵਿਭਾਗ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਫਿਰ ਵੇਖੇਂਗਾ ਹੱਥ ਲਾ ਲਾ ਕੇ ਜਦੋਂ ਦੋ ਚਾਰ ਹਜ਼ਾਰ ਦਾ ਨੁਕਸਾਨ ਹੋ ਗਿਆ।” “ਚਾਚਾ ਝੋਨਾ ਤਾਂ ਮੈਂ 15 ਜੂਨ ਤੋਂ ਬਾਅਦ ਹੀ ਲਾਉਣਾ ਆਂ, ਅਜੇ ਤਾਂ ਪਨੀਰੀ ਵੀ ਤਿਆਰ ਨਹੀਂ ਹੋਈ। ਇਹ ਤਾਂ ਮੈਂ ਪਾਣੀ ਲਗਾ ਕੇ ਜ਼ਮੀਨ ਠੰਡੀ ਕਰ ਰਿਹਾ ਆਂ। ਕਿਸੇ ਨੇ ਦੱਸਿਆ ਸੀ ਕਿ ਝੋਨਾ ਲਗਾਉਣ ਤੋਂ ਪਹਿਲਾਂ ਚਾਰ ਪੰਜ ਪਾਣੀ ਲਗਾ ਦਈਏ ਤਾਂ ਜ਼ਮੀਨ ਠੰਡੀ ਹੋ ਜਾਂਦੀ ਹੈ ਤੇ ਝੋਨਾ ਵਧੀਆ ਹੁੰਦਾ ਹੈ। ਨਾਲੇ ਮੈਂ ਸੋਚਿਆ ਮੋਟਰਾਂ ਵਿਹਲੀਆਂ ਖੜੀਆਂ ਕਿਹੜਾ ਦੁੱਧ ਦਿੰਦੀਆਂ ਨੇ,” ਗਾਮੇ ਨੇ ਸਿਆਣਪ ਘੋਟੀ। “ਉਏ ਮੂਰਖਾ ਸਰਕਾਰ ਨੇ ਝੋਨਾ ਲੇਟ ਲਾਉਣ ਦਾ ਕਾਨੂੰਨ ਇਸ ਲਈ ਬਣਾਇਆ ਸੀ ਕਿ ਉਦੋਂ ਤੱਕ ਸ਼ਾਇਦ ਮਾਨਸੂਨ ਆ ਜਾਵੇ ਤੇ ਧਰਤੀ ਹੇਠਲਾ ਕੀਮਤੀ ਪਾਣੀ ਥੋੜ੍ਹਾ ਬਹੁਤਾ ਬਚ ਜਾਵੇ। ਪਰ ਤੇਰੇ ਵਰਗੇ ਮੂਰਖ ਕਿੱਥੇ ਇਹ ਗੱਲ ਮੰਨਦੇ ਆ। ਤੁਸੀਂ ਲੋਕ ਤਾਂ ਪਾਣੀ ਬਰਬਾਦ ਕਰਨ ਦਾ ਕੋਈ ਨਾ ਕੋਈ ਤਰੀਕਾ ਲੱਭ ਈ ਲੈਂਦੇ ਉ। ਨਾਲੇ ਵਗ ਰਹੀ ਐਨੀ ਸੜੀ ਲੂ ਵਿੱਚ ਤੇਰੇ ਖੇਤ ਕਿਵੇਂ ਠੰਡੇ ਹੋ ਜਾਣਗੇ,” ਮੁਖਤਾਰ ਦਾ ਦਿਲ ਗਾਮੇ ਨੂੰ ਕੁੱਟਣ ਲਈ ਕਰ ਰਿਹਾ ਸੀ। ਗਾਮਾ ਮੁਖਤਾਰ ਦੀ ਗੱਲ ਅਣਸੁਣੀ ਕਰ ਕੇ ਅਗਲੇ ਖੇਤ ਨੂੰ ਪਾਣੀ ਲਗਾਉਣ ਲਈ ਤੁਰ ਗਿਆ।

Related posts

ਜਿੰਦਗੀ ਬਣੀ ਹਨ੍ਹੇਰਾ (ਕਹਾਣੀ)

admin

ਸਰਾਪ (ਕਹਾਣੀ)

admin

ਸਮਾਂ ਬਦਲ ਗਿਆ !

admin