
ਕਈ ਸਾਲਾਂ ਬਾਅਦ ਕਾਲਜ ਦੇ ਦੋ ਦੋਸਤ ਰਾਮ ਸਿੰਘ ਤੇ ਕਰਤਾਰ ਸਿੰਘ ਅਚਾਨਕ ਲੁਧਿਆਣੇ ਦੇ ਚੌੜੇ ਬਜ਼ਾਰ ਵਿੱਚ ਟੱਕਰ ਗਏ। ਦੋਵੇਂ ਧਾਅ ਕੇ ਜੱਫੀ ਪਾ ਕੇ ਮਿਲੇ ਤੇ ਇੱਕ ਦੁਕਾਨ ਵਿੱਚ ਚਾਹ ਪੀਣ ਲਈ ਵੜ ਗਏ। ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਤੋਂ ਬਾਅਦ ਗੱਲਬਾਤ ਬੱਚਿਆਂ ਵੱਲ ਮੁੜ ਗਈ। ਕਰਤਾਰ ਸਿੰਘ ਦੇ ਪੁੱਛਣ ‘ਤੇ ਰਾਮ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ। ਲੜਕੀ ਵੱਡੀ ਹੈ ਤੇ ਲੜਕਾ ਛੋਟਾ, ਦੋਵੇਂ ਵਿਆਹੇ ਹੋਏ ਹਨ। ਬੇਟੀ ਦਾ ਪਤੀ ਸਰਕਾਰੀ ਨੌਕਰੀ ਕਰਦਾ ਹੈ ਤੇ ਬੇਟਾ ਮੇਰੇ ਨਾਲ ਹੀ ਪਿੰਡ ਖੇਤੀਬਾੜੀ ਕਰਦਾ ਹੈ। ਦੋਵੇਂ ਆਪੋ ਆਪਣੀ ਥਾਂ ‘ਤੇ ਸੁਖੀ ਹਨ। ਮੇਰੀ ਨੂੰਹ ਪੁੱਤ ਮੇਰੇ ਕਹਿਣੇ ਵਿੱਚ ਹਨ ਤੇ ਸਾਡੀ ਪਤੀ ਪਤਨੀ ਦੀ ਵਧੀਆ ਦੇਖ ਭਾਲ ਕਰਦੇ ਹਨ। ਕਰਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ ਤੇ ਪਤਨੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਸਾਰੇ ਬੱਚੇ ਵਿਆਹੇ ਹੋਏ ਹਨ। ਵੱਡੀ ਲੜਕੀ ਨਿਊ ਯਾਰਕ ਰਹਿੰਦੀ ਹੈ, ਛੋਟੀ ਲੜਕੀ ਕੈਲੇਫੋਰਨੀਆਂ ਰਹਿੰਦੀ ਹੈ, ਵੱਡਾ ਲੜਕਾ ਟੋਰਾਂਟੋ ਰਹਿੰਦਾ ਹੈ ਤੇ ਸਭ ਤੋਂ ਛੋਟਾ ਕੈਲਗਰੀ ਰਹਿੰਦਾ ਹੈ। ਰਾਮ ਸਿੰਘ ਨੇ ਖੁਸ਼ ਹੁੰਦੇ ਹੋਏ ਕਿਹਾ, “ਤੂੰ ਤਾਂ ਭਰਾ ਬਹੁਤ ਕਿਸਮਤ ਵਾਲਾ ਹੈਂ। ਕਦੇ ਕਿਸੇ ਸ਼ਹਿਰ ਘੁੰਮਦਾ ਹੋਵੇਂਗਾ ਤੇ ਕਦੇ ਕਿਸੇ ਸ਼ਹਿਰ। ਅੱਜ ਕਲ੍ਹ ਕਿੱਥੇ ਰਹਿ ਰਿਹਾ ਹੈਂ?” ਕਰਤਾਰ ਸਿੰਘ ਨੇ ਹਾਉਕਾ ਭਰ ਕੇ ਕਿਹਾ, “ਬਿਰਧ ਆਸ਼ਰਮ ਵਿੱਚ, ਕਿਉਂਕਿ ਉਨ੍ਹਾਂ ਕੋਲ ਮੈਨੂੰ ਸੰਭਾਲਣ ਵਾਸਤੇ ਟਾਈਮ ਨਹੀਂ ਹੈ।”